ਸੰਸਦ ਦਾ ਸਰਦ ਰੁੱਤ ਇਜਲਾਸ ਅੱਜ ਤੋਂ

ਨਵੀਂ ਦਿੱਲੀ (ਸਮਾਜ ਵੀਕਲੀ) : ਸੰਸਦ ਦੇ ਬੁੱਧਵਾਰ ਤੋਂ ਸ਼ੁਰੂ ਹੋ ਰਹੇ ਸਰਦ ਰੁੱਤ ਇਜਲਾਸ ਦੌਰਾਨ ਮਹਿੰਗਾਈ ਤੇ ਬੇਰੁਜ਼ਗਾਰੀ, ਸਰਕਾਰ ਤੇ ਨਿਆਂਪਾਲਿਕਾ ਦਰਮਿਆਨ ਜਾਰੀ ਟਕਰਾਅ, ਰੁਪਏ ਦੀ ਡਿੱਗਦੀ ਕੀਮਤ, ਜੀਡੀਪੀ ’ਚ ਨਿਘਾਰ, ਕਸ਼ਮੀਰੀ ਪੰਡਿਤਾਂ ’ਤੇ ਹਮਲੇ ਜਿਹੇ ਮੁੱਦੇ ਪ੍ਰਮੁੱਖਤਾ ਨਾਲ ਉੱਠਣ ਦੇ ਆਸਾਰ ਹਨ। ਇਜਲਾਸ ਦੀ ਸ਼ੁਰੂਆਤ ਵਿੱਚ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੇ ਚੋਣ ਨਤੀਜੇ, ਜੋ ਇਕ ਦਿਨ ਮਗਰੋਂ ਵੀਰਵਾਰ ਨੂੰ ਐਲਾਨੇ ਜਾਣੇ ਹਨ, ਉੱਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ। ਕੁੱਲ ਮਿਲਾ ਕੇ ਸੰਸਦ ਦਾ ਸਰਦ ਰੁੱਤ ਹੰਗਾਮਾਖੇਜ਼ ਰਹਿਣ ਦੀ ਸੰਭਾਵਨਾ ਹੈ। ਵਿਰੋਧੀ ਧਿਰਾਂ ਚੀਨ ਵੱਲੋਂ ਸਰਹੱਦ ’ਤੇ ਕੀਤੀ ‘ਚੜ੍ਹਾਈ’ ਅਤੇ ਜਾਂਚ ਤੇ ਸੰਘੀ ਏਜੰਸੀਆਂ ਦੀ ਕਥਿਤ ਦੁਰਵਰਤੋਂ ਦੇ ਮੁੱਦੇ ’ਤੇ ਵੀ ਸਰਕਾਰ ਨੂੰ ਘੇਰਨਗੀਆਂ। ਰਾਹੁਲ ਗਾਂਧੀ ਸਣੇ ‘ਭਾਰਤ ਜੋੜੋ’ ਯਾਤਰਾ ਵਿੱਚ ਸ਼ਾਮਲ ਕਈ ਸੀਨੀਅਰ ਕਾਂਗਰਸੀ ਆਗੂ ਸੰਸਦੀ ਇਜਲਾਸ ਵਿਚੋਂ ਗੈਰਹਾਜ਼ਰ ਰਹਿਣਗੇ। ਸੰਸਦੀ ਇਜਲਾਸ 29 ਦਸੰਬਰ ਤੱਕ ਚੱਲੇਗਾ ਤੇ 23 ਦਿਨਾਂ ਦੌਰਾਨ ਦੋਵਾਂ ਸਦਨਾਂ ਦੀਆਂ 17 ਤੋਂ ਵੱਧ ਬੈਠਕਾਂ ਹੋਣਗੀਆਂ।

ਭਲਕ ਤੋਂ ਸ਼ੁਰੂ ਹੋ ਰਹੇ ਸੰਸਦੀ ਇਜਲਾਸ ਤੋਂ ਪਹਿਲਾਂ ਅੱਜ 30 ਤੋਂ ਵੱਧ ਪਾਰਟੀਆਂ ਦੇ ਆਗੂਆਂ ਨੇ ਸਰਦ ਰੁੱਤ ਸੈਸ਼ਨ ਵਿੱਚ ਲਿਆਂਦੇ ਜਾਣ ਵਾਲੇ ਵਿਧਾਨਕ ਏਜੰਡੇ ਤੇ ਹੋਰ ਮਸਲਿਆਂ ’ਤੇ ਵਿਚਾਰ ਚਰਚਾ ਲਈ ਸੱਦੀ ਸਰਬ ਪਾਰਟੀ ਮੀਟਿੰਗ ’ਚ ਸ਼ਿਰਕਤ ਕੀਤੀ। ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਮੰਤਰੀ ਤੇ ਲੋਕ ਸਭਾ ਵਿੱਚ ਭਾਜਪਾ ਦੇ ਡਿਪਟੀ ਆਗੂ ਰਾਜਨਾਥ ਸਿੰਘ ਨੇ ਕੀਤੀ। ਸਿੰਘ ਨੇ ਸੈਸ਼ਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਾਰੀਆਂ ਪਾਰਟੀਆਂ ਤੋਂ ਸਹਿਯੋਗ ਮੰਗਿਆ। ਇਸ ਮੌਕੇ ਰਾਜ ਸਭਾ ਵਿੱਚ ਸਦਨ ਦੇ ਆਗੂ ਪਿਊਸ਼ ਗੋਇਲ ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਵੀ ਮੌਜੂਦ ਸਨ। ਮੀਟਿੰਗ ਦੌਰਾਨ ਜੋਸ਼ੀ ਨੇ ਸਰਕਾਰ ਦੇ ਵਿਧਾਨਕ ਏਜੰਡਾ ਪੜ੍ਹ ਕੇ ਸੁਣਾਇਆ ਤੇ ਵੱਖ ਵੱਖ ਬਿਲਾਂ ਨੂੰ ਲੈ ਕੇ ਵਿਰੋਧੀ ਧਿਰਾਂ ਦਾ ਸਹਿਯੋਗ ਮੰਗਿਆ। ਜੋਸ਼ੀ ਨੇ ਕਿਹਾ ਕਿ ਉਨ੍ਹਾਂ ਸਿਆਸੀ ਪਾਰਟੀਆਂ ਵੱਲੋਂ ਰੱਖੇ ਸਾਰੇ ਮੁੱਦਿਆਂ ਨੂੰ ਨੋਟ ਕਰ ਲਿਆ ਹੈ ਤੇ ਇਨ੍ਹਾਂ ਉੱਤੇ ਸੰਸਦੀ ਕਾਰਵਾਈ ਤੇ ਨੇਮਾਂ ਮੁਤਾਬਕ ਵਿਚਾਰ ਚਰਚਾ ਕਰਵਾਈ ਜਾਵੇਗੀ।

ਉਨ੍ਹਾਂ ਕਿਹਾ ਕਿ ਵਿਚਾਰ ਚਰਚਾ ਵਾਲੇ ਮੁੱਦਿਆਂ ਨੂੰ ਸੰਸਦ ਦੇ ਦੋਵਾਂ ਸਦਨਾਂ ਦੀ ਬਿਜ਼ਨਸ ਐਡਵਾਇਜ਼ਰੀ ਕਮੇਟੀ ਵਿੱਚ ਅੰਤਿਮ ਰੂਪ ਦਿੱਤਾ ਜਾਵੇਗਾ। ਸਰਬ ਪਾਰਟੀ ਮੀਟਿੰਗ ਦੌਰਾਨ ਕਾਂਗਰਸ ਤੇ ਤ੍ਰਿਣਮੂਲ ਕਾਂਗਰਸ ਨੇ ਜਾਂਚ ਏਜੰਸੀਆਂ ਦੀ ਕਥਿਤ ਦੁਰਵਰਤੋਂ ਦਾ ਮੁੱਦਾ ਚੁੱਕਿਆ, ਜਿਸ ਦੀ ਆਮ ਆਦਮੀ ਪਾਰਟੀ, ਰਾਸ਼ਟਰਵਾਦੀ ਕਾਂਗਰਸ ਪਾਰਟੀ ਤੇ ਹੋਰਨਾਂ ਕਈ ਪਾਰਟੀਆਂ ਨੇ ਹਮਾਇਤ ਕੀਤੀ। ਲੋਕ ਸਭਾ ਵਿੱਚ ਕਾਂਗਰਸ ਸੰਸਦੀ ਦਲ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਦੇਸ਼ ਨੂੰ ਅੱਜ ਬੇਰੁਜ਼ਗਾਰੀ ਤੇ ਮਹਿੰਗਾਈ ਸਣੇ ਕਈ ਮਸਲੇ ਦਰਪੇਸ਼ ਹਨ, ਅਤੇ ਸਰਕਾਰ ਇਸ ਲਈ ਲੋਕਾਂ ਪ੍ਰਤੀ ਜਵਾਬਦੇਹ ਹੈ।’’ ਉਨ੍ਹਾਂ ਕਿਹਾ ਕਿ ਸਰਕਾਰ ਨੇ ਵਿਰੋਧੀ ਧਿਰ ਨੂੰ ਭਾਰਤ-ਚੀਨ ਸਰਹੱਦ ’ਤੇ ਬਣੇ ਟਕਰਾਅ ਬਾਰੇ ਅਜੇ ਤੱਕ ‘ਸਹੀ’ ਤਰੀਕੇ ਨਾਲ ਜਾਣਕਾਰੀ ਨਹੀਂ ਦਿੱਤੀ।

ਉਨ੍ਹਾਂ ਕਿਹਾ, ‘‘ਅਸੀਂ ਸਦਨ ਵਿੱਚ ਇਸ ਮੁੱਦੇ ਅਤੇ ਕਸ਼ਮੀਰੀ ਪੰਡਤਾਂ ਦੀਆਂ ਹੱਤਿਆਵਾਂ ਬਾਰੇ ਚਰਚਾ ਦੀ ਮੰਗ ਕਰਾਂਗੇ।’’ ਕਾਂਗਰਸ ਨੇ ਮੀਟਿੰਗ ਦੌਰਾਨ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਕੁੱਲ 17 ਬਿਲਾਂ ਵਿੱਚੋਂ ਤਿੰਨ ਦਾ ਵਿਰੋਧ ਕੀਤਾ। ਰਾਜ ਸਭਾ ਵਿੱਚ ਕਾਂਗਰਸ ਦੇ ਚੀਫ਼ ਵ੍ਹਿਪ ਜੈਰਾਮ ਰਮੇਸ਼ ਦੀ ਗੈਰਹਾਜ਼ਰੀ ਵਿੱਚ ਮੀਟਿੰਗ ’ਚ ਸ਼ਾਮਲ ਹੋਏ ਕਾਂਗਰਸੀ ਆਗੂ ਨਾਸਿਰ ਹੁਸੈਨ ਨੇ ਚੋਣ ਕਮਿਸ਼ਨਰ ਦੀ ਇਕ ਦਿਨ ਵਿੱਚ ਕੀਤੀ ਨਿਯੁਕਤੀ ਅਤੇ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਨੂੰ ਰਾਖਵੇਂਕਰਨ ਦੇ ਮੁੱਦੇ ’ਤੇ ਚਰਚਾ ਦੀ ਮੰਗ ਕੀਤੀ। ਤ੍ਰਿਣਮੂਲ ਕਾਂਗਰਸ ਦੇ ਸੁਦੀਪ ਬੰਧੋਪਾਧਿਆਏ ਨੇ ਕਿਹਾ ਕਿ ਉਨ੍ਹਾਂ ਤੇ ਉਨ੍ਹਾਂ ਦੇ ਪਾਰਟੀ ਕੁਲੀਗ ਰਾਜ ਸਭਾ ਮੈਂਬਰ ਡੈਰੇਕ ਓ’ਬ੍ਰਾਇਨ ਨੇ ਮਹਿੰਗਾਈ, ਬੇਰੁਜ਼ਗਾਰੀ, ਏਜੰਸੀਆਂ ਦੀ ਕਥਿਤ ਦੁਰਵਰਤੋਂ ਆਦਿ ਮੁੱਦਿਆਂ ’ਤੇ ਵਿਚਾਰ ਚਰਚਾ ਦੀ ਮੰਗ ਰੱਖੀ ਹੈ।

ਬੀਜੂ ਜਨਤਾ ਦਲ ਨੇ ਮਹਿਲਾ ਰਾਖਵਾਂਕਰਨ ਬਿੱਲ, ਸ਼ਿਵ ਸੈਨਾ ਦੇ ਸ਼ਿੰਦੇ ਧੜੇ ਨੇ ਅਬਾਦੀ ਕੰਟਰੋਲ ਬਿੱਲ, ‘ਆਪ’ ਦੇ ਸੰਜੈ ਸਿੰਘ ਨੇ ਪੁਰਾਣੀ ਪੈਨਸ਼ਨ ਸਕੀਮ  ’ਤੇ ਚਰਚਾ ਤੇ ਖੇਤੀ ਜਿਣਸਾਂ ਦੀ ਐੱਮਐੱਸਪੀ ’ਤੇ ਖਰੀਦ ਲਈ ਕਾਨੂੰਨ ਯਕੀਨੀ ਬਣਾਉਣ ਦੀ ਮੰਗ ਕੀਤੀ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਹਿਰੂ ਯੁਵਾ ਕੇਂਦਰ ਵੱਲੋਂ ਵਲੰਟੀਅਰ ਦਿਵਸ਼ ਮਨਾਇਆ ਗਿਆ
Next articleਹਰ ਲੋੜਵੰਦ ਤੱਕ ਅਨਾਜ ਪਹੁੰਚਾਉਣਾ ਸਰਕਾਰ ਦੀ ਜ਼ਿੰਮੇਵਾਰੀ: ਸੁਪਰੀਮ ਕੋਰਟ