ਤਰਕਸ਼ੀਲਤਾ ਦੀ ਲੋੜ ਕਿਉਂ –ਮਾਸਟਰ ਪਰਮ ਵੇਦ

ਮਾਸਟਰ ਪਰਮ ਵੇਦ

(ਸਮਾਜਵੀਕਲੀ)-ਤਰਕਸ਼ੀਲਤਾ ਵਿਗਿਆਨ ਆਧਾਰਿਤ ਪ੍ਰਾਪਤ ਗਿਆਨ ਭਾਵ ਵਿਗਿਆਨਕ ਵਿਚਾਰਾਂ ਦੀ ਵਰਤੋਂ, ਕੁਦਰਤੀ ਤੇ ਸਮਾਜਿਕ ਵਰਤਾਰਿਆਂ ਨੂੰ ਜਾਨਣ ਦੀ ਵਿਧੀ, ਵਾਪਰਦੀਆਂ ਘਟਨਾਵਾਂ ਬਾਰੇ ਅਕਲ ਅਤੇ ਬੁੱਧੀ ਦੀ ਵਰਤੋਂ ਹੈ। ਇਹ ਵਿਅਕਤੀ ਨੂੰ ਲਾਈਲੱਗ ਬਣਨ ਤੋਂ ਰੋਕਦੀ ਹੈ, ਕਿਉਂਕਿ ਇਸ ਵਿੱਚ ਕੀ, ਕਿਉਂ, ਕਿਵੇਂ, ਆਦਿ ਜ਼ਰੂਰੀ ਗੁਣ ਹਨ, ਜੋ ਵਿਅਕਤੀ ਨੂੰ ਸੋਚਣ ਲਾਉਂਦੇ ਹਨ ਇਹ ਗੁਣ ਜਾਨਵਰਾਂ ਵਿੱਚ ਨਹੀਂ ਕਿਉਂਕਿ ਉਨ੍ਹਾਂ ਦੇ ਦਿਮਾਗ ਵਿੱਚ ਅਕਲ ਦੀ ਘਾਟ ਹੁੰਦੀ ਹੈ। ਜਿਸ ਕਰਕੇ ਉਹ ਇਹ ਗੁਣ ਪ੍ਰਾਪਤ ਨਹੀਂ ਸਕਦੇ।

ਭਾਰਤੀਆਂ ਦੇ ਦਿਮਾਗ ਵਿੱਚ ਪਈ ਬੁੱਧੀ ਦੀ ਔਸਤ ਵਰਤੋਂ 1 ਪ੍ਰਤੀਸ਼ਤ ਹੈ, ਜਦਕਿ ਦੁਨੀਆਂ ਦੇ ਵਿਅਕਤੀਆਂ ਵਿੱਚ ਅਕਲ ਦੀ ਵਰਤੋਂ 8 ਪ੍ਰਤੀਸ਼ਤ ਹੈ। ਕਹਿਣ ਦਾ ਭਾਵ ਕਿ ਅਸੀਂ ਬਹੁਤੇ ਭਾਰਤੀ ਆਪਣੇ ਦਿਮਾਗ ਦੀ ਵਰਤੋਂ ਬਹੁਤ ਘੱਟ ਕਰਦੇ ਹਾਂ।

ਤਰਕਸ਼ੀਲਤਾ ਵਿਗਿਆਨਕ ਦ੍ਰਿਸ਼ਟੀਕੋਣ ਅਪਣਾਉਣ, ਭਾਵ ਵਿਗਿਆਨਕ ਸੋਚ ਦੇ ਧਾਰਨੀ ਬਣਨਾ ਹੈ। ਇਸ ਲਈ ਤਰਕਸ਼ੀਲ ਭਾਵ ਵਿਗਿਆਨਕ ਸੋਚ ਦਾ ਮਾਲਕ ਵਿਅਕਤੀ ਕਿਸੇ ਸਮੱਸਿਆ ਸਮੇਂ ਕਿਸਮਤ ਤੇ ਨਹੀਂ ਰਹਿੰਦਾ। ਉਸਦੇ ਹੱਲ ਲਈ ਅਕਲ ਦੀ ਵਰਤੋਂ ਕਰੇਗਾ। ਜਿਵੇਂ ਬੀਮਾਰੀ ਸਮੇਂ ਜੇ ਕਿਸੇ ਵਿਅਕਤੀ ਨੂੰ ਬੁਖਾਰ ਹੋ ਜਾਂਦਾ ਹੈ, ਗਲਾ ਦੁਖਦਾ ਹੈ ਜਾਂ ਪੇਟ ਦਰਦ ਹੈ ਤਾਂ ਡਾਕਟਰ ਉਸਦਾ ਕਾਰਨ ਲੱਭੋਗਾ। ਮਾਹਿਰ ਡਾਕਟਰ ਬੁਖਾਰ, ਗਲਾ ਜਾਂ ਦਰਦ ਨੂੰ ਹੀ ਨਹੀਂ, ਸਗੋਂ ਮੁੱਢਲੇ ਕਾਰਨਾਂ ਨੂੰ ਲੱਭ ਕੇ ਉਸਨੂੰ ਦੂਰ ਕਰੇਗਾ। ਇਸੇ ਤਰ੍ਹਾਂ ਤਰਕਸ਼ੀਲ ਵਿਅਕਤੀ ਬੀਮਾਰੀ, ਮੁਸੀਬਤ, ਔਖ ਜਾਂ ਕਿਸੇ ਕਿਸਮ ਦੀ ਸਮੱਸਿਆ ਸਮੇਂ ਉਸਦੇ ਕਾਰਨ ਵੱਲ ਜਾਵੇਗਾ, ਦਿਲ ਨਹੀਂ ਛੱਡੇਗਾ, ਹੌਂਸਲਾ ਨਹੀਂ ਹਾਰੇਗਾ। ਔਖੇ ਵੇਲੇ ਨੂੰ ਵਿਹੁ ਮਾਤਾ ਵੱਲੋਂ ਜਾਂ ਉੱਪਰੋਂ ਲਿਖੀ ਤਕਦੀਰ ਨਹੀਂ ਸਮਝੇਗਾ। ਤਰਕਸ਼ੀਲਤਾ ਦੀ ਵਰਤੋਂ ਕਰਕੇ ਇਸਦੇ ਕਾਰਨ ਲੱਭੇਗਾ ਅਤੇ ਉਸਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇਗਾ।

ਸਫ਼ਲਤਾ ਜਾਂ ਅਸਫ਼ਲਤਾ ਦੇ ਕਾਰਨ ਤਲਾਸ਼ੇਗਾ ਭਾਵ ਹਰ ਪ੍ਰਾਪਤੀ, ਨਾ-ਪ੍ਰਾਪਤੀ ਸਮੇਂ ਹੌਂਸਲਾ, ਦ੍ਰਿੜਤਾ ਰੱਖਦੇ ਹੋਏ ਪ੍ਰਾਪਤੀ ਸਮੇਂ ਹੋਰ ਪ੍ਰਾਪਤ ਕਰਨ ਲਈ ਯਤਨ ਜੁਟਾਵੇਗਾ,
ਤਾਂਘ ਕਰੇਗਾ ਤੇ ਨਾ-ਪ੍ਰਾਪਤੀ ਸਮੇਂ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਦੂਰ ਕਰਦਾ ਹੋਇਆ ਪ੍ਰਾਪਤੀ ਵਲ ਵਧੇਗ।

ਤਰਕਸ਼ੀਲ ਵਿਅਕਤੀ ਅਖੌਤੀ ਸਿਆਣਿਆਂ, ਢੋਂਗੀਆਂ, ਜੋਤਸ਼ੀਆਂ, ਵਾਸਤੂ-ਸ਼ਾਸਤਰੀਆਂ ਆਦਿ ਦੀਆਂ ਭਰਮਾਊਂ ਗੱਲਾਂ ਦੀ ਅਸਲੀਅਤ ਲੋਕਾਂ ਸਾਹਮਣੇ ਲਿਆਉਂਦਾ ਹੈ ਅਤੇ ਆਰਥਿਕ, ਮਾਨਸਿਕ ਤੇ ਸਰੀਰਕ ਲੁੱਟ ਕਰਨ ਵਾਲੀਆਂ ਉਨ੍ਹਾਂ ਦੀਆਂ ਚਾਲਾਂ ਤੋਂ ਲੋਕਾਂ ਨੂੰ ਸੁਚੇਤ ਕਰਦਾ ਹੈ।ਉਹ ਵਿਗਿਆਨਕ ਨਿਯਮਾਂ , ਖੋਜਾਂ , ਕਾਢਾਂ ਬਾਰੇ ਜਾਣਨ ਲਈ ਤਤਪਰ ਰਹਿੰਦਾ ਹੈ ।

ਤਰਕਸ਼ੀਲਤਾ ਇੱਕ ਜੀਵਨ ਜਾਂਚ ਹੈ, ਜਿਸ ਨਾਲ ਸਮੱਸਿਆਵਾਂ ਦੇ ਕਾਰਨਾਂ ਨੂੰ ਜਾਣਨ ਅਤੇ ਕਾਬੂ ਕਰਨ ਦੀ ਬੁੱਧੀ ਵਿਕਸਿਤ ਹੁੰਦੀ ਹੈ। ਇਸ ਲਈ ਸਾਨੂੰ ਤਰਕਸ਼ੀਲਤਾ ਦੀ ਬਹੁਤ ਲੋੜ ਹੈ। ਤਰਕਸ਼ੀਲਤਾ ਹਰ ਘਟਨਾ ਦੀ ਵਿਗਿਆਨਕ ਵਿਆਖਿਆ ਕਰਦੀ ਹੈ। ਜੇ ਲੋਕਾਂ ਵਿੱਚ ਸਮੁੰਦਰ ਦੇ ਪਾਣੀ ਦੇ ਮਿੱਠਾ ਹੋਣ ਦੀ ਗੱਲ ਤੁਰਦੀ ਹੈ,ਨਲਕਾ ਕਰਾਮਾਤੀ ਪਾਣੀ ਦਿੰਦਾ ਹੈ,ਨਿੰਮ ਵਿੱਚੋਂ ਨਿਕਲਦਾ ਦੁੱਧ, ਸਾਰੀਆਂ ਬੀਮਾਰੀਆਂ ਦੂਰ ਕਰਦਾ ਹੈ। ਬੱਦਲਾਂ ਤੋਂ ਬਿਨਾਂ ਦਰੱਖਤਾਂ ‘ ਤੇ ਕਰਾਮਾਤੀ ਪਾਣੀ ਵਰਸਦਾ ਹੈ,ਮੂਰਤੀਆਂ ਦੁੱਧ ਪੀਂਦੀਆਂ ਹਨ,ਫੋਨ’ ਤੇ ਭੂਤਾਂ ਗੱਲਾਂ ਕਰਦੀਆਂ ਹਨ, ਕਿਸੇ ਨੂੰ ਚੁੜੇਲਾਂ ਦਿਖਾਈ ਦਿੰਦੀਆਂ ਹਨ ਤਾਂ ਤਰਕਸ਼ੀਲ ਵਿਚਾਰਾਂ ਦਾ ਮਾਲਕ ਵਿਅਕਤੀ ਇਨ੍ਹਾਂ ਦੇ ਕਾਰਨ ਜਾਣਨ ਲਈ ਯਤਨ ਕਰਦਾ ਹੈ।

ਤਰਕਸ਼ੀਲ ਵਿਅਕਤੀ ਕਹੀ-ਸੁਣੀ ਗੱਲ ‘ ਤੇ ਵਿਸ਼ਵਾਸ ਨਹੀਂ ਕਰਦਾ ਕਿਉਂਕਿ ਉਸਨੂੰ ਵਿਗਿਆਨ ਆਧਾਰਿਤ ਗਿਆਨ ਹੁੰਦਾ ਹੈ ਕਿ ਇਸ ਬ੍ਰਹਿਮੰਡ, ਇਸ ਦੁਨੀਆਂ ਵਿੱਚ ਘਟਨਾਵਾਂ ਵਾਪਰਦੀਆਂ ਹਨ, ਚਮਤਕਾਰ ਨਹੀਂ ਵਾਪਰਦੇ। ਤਰਕਸ਼ੀਲ ਵਿਅਕਤੀ ਲਾਈਲੱਗ ਨਹੀਂ ਹੁੰਦਾ। ਜੋ ਅਖੌਤੀ ਸਿਆਣੇ ਕਿਸੇ ਦੀ ਜਾਦੂ-ਟੂਣੇ, ਧਾਗੇ-ਤਵੀਤਾਂ ਰਾਹੀਂ ਆਰਥਿਕ, ਮਾਨਸਿਕ, ਸਰੀਰਕ ਲੁੱਟ ਕਰਦੇ ਨੇ, ਤਰਕਸ਼ੀਲਤਾ ਉਨ੍ਹਾਂ ਨੂੰ ਅਜਿਹੇ ਅਖੌਤੀ ਸਿਆਣਿਆਂ ਦੇ ਮੱਕੜ ਜਾਲ ਤੋਂ ਸੁਚੇਤ ਕਰਦੀ ਹੈ।

ਤਰਕਸ਼ੀਲ ਵਿਅਕਤੀ ਨੂੰ ਗਿਆਨ ਹੁੰਦਾ ਹੈ ਕਿ ਇਹ ਸਭ ਢੋਂਗੀ ਨੇ, ਜੋ ਸਿਰਫ਼ ਲੁੱਟ ਤੋਂ ਬਿਨਾਂ ਕਿਸੇ ਦਾ ਕੁੱਝ ਨਹੀਂ ਸੰਵਾਰ ਸਕਦੇ। ਤਰਕਸ਼ੀਲ ਵਿਅਕਤੀ ਨੂੰ ਇਨ੍ਹਾਂ ਦੇ ਲੁੱਟ ਦੇ ਧੰਦੇ ਜੋਤਿਸ਼, ਵਾਸਤੂ – ਸ਼ਾਸ਼ਤਰ ਦੀ ਅਸਲੀਅਤ ਦਾ ਗਿਆਨ ਹੁੰਦਾ ਹੈ। ਉਹ ਕਿਸੇ ਵੀ ਭਵਿੱਖ ਦੱਸਣ ਵਾਲਿਆਂ ਦੀਆਂ ਮਿੱਠੀਆਂ, ਭਰਮਾਊ ਗੱਲਾਂ ਤੋਂ ਸੁਚੇਤ ਹੁੰਦਾ ਹੈ। ਉਸਨੂੰ ਪਤਾ ਹੈ ਕਿ ਜੋਤਸ਼ ਗੈਰਵਿਗਿਆਨਕ ਹੈ । ਜੋਤਸ਼ੀ ਤੱਥ ਰਹਿਤ ਸਾਰਿਆਂ ‘ ਤੇ ਢੁੱਕਦੀਆਂ,ਭਰਮਾਊ ਗੱਲਾਂ ਹੀ ਕਰਦਾ ਹੈ, ਜਿਵੇਂ ਤੁਹਾਡੇ ਕੋਲ ਪੈਸੇ ਬਹੁਤ ਆਉਂਦੇ ਨੇ, ਪਰ ਖੜ੍ਹਦੇ ਨਹੀਂ। ਤੁਸੀਂ ਸਭ ਦਾ ਭਲਾ ਸੋਚਦੇ ਹੋ, ਪਰ ਦੂਜੇ ਤੁਹਾਡੇ ਬਾਰੇ ਮਾੜਾ ਸੋਚਦੇ ਨੇ ਤੁਸੀਂ ਤਿੰਨ ਜਾਂ ਚਾਰ ਵਾਰ ਮਰਦੇ-ਮਰਦੇ ਬਚੇ।

ਤਰਕਸ਼ੀਲ ਵਿਅਕਤੀ ਲੋਕਾਂ ਨੂੰ ਅੰਧ-ਵਿਸ਼ਵਾਸ, ਵਹਿਮਾਂ-ਭਰਮਾਂ, ਰੂੜੀਵਾਦੀ ਵਿਚਾਰਾਂ ਦੇ ਹਨ੍ਹੇਰੇ ਵਿੱਚੋਂ ਕੱਢ ਕੇ ਵਿਗਿਆਨਕ ਵਿਚਾਰਾਂ ਦੀ ਰੌਸ਼ਨੀ ਵਿੱਚ ਲਿਆਉਂਦੇ ਨੇ। ਉਹ ਕਣ-ਕਣ ਵਿੱਚ ਵਿਗਿਆਨ ਨੂੰ ਸਮਝਦੇ ਹਨ। ਮੱਥੇ ਅਤੇ ਹੱਥ ਦੀਆਂ ਲਕੀਰਾਂ ਦੇ ਕਾਰਨ ਸਮਝਦੇ ਹਨ। ਉਹ ਇਹ ਵੀ ਸਮਝਦੇ ਹਨ ਕਿ ਉਸਦੀ ਕਿਸਮਤ ਉੱਪਰੋਂ ਵਿਹੁ ਮਾਤਾ ਨਹੀਂ ਲਿਖਦੀ। ਇੱਥੋਂ ਦੀਆਂ ਜਿਉਣ ਹਾਲਤਾਂ ਇੱਥੋਂ ਦਾ ਰਾਜ ਪ੍ਰਬੰਧ ਦਿੰਦਾ ਹੈ। ਤਰਕਸ਼ੀਲਤਾ ਰਾਹੀਂ ਲੋਕ ਸਮਝਦੇ ਹਨ ਕਿ ਬੰਦਾ ਆਪਣੀ ਕਿਸਮਤ ਆਪ ਬਣਾਉਂਦਾ ਹੈ। ਗਰੀਬੀ, ਅਣਪੜ੍ਹਤਾ, ਬੇਰੁਜ਼ਗਾਰੀ, ਅਗਿਆਨਤਾ ਸਭ ਰਾਜ ਪ੍ਰਬੰਧ ਦੀ ਦੇਣ ਹੁੰਦੀ ਹੈ। ਵਧੀਆ ਸਮਾਜਿਕ ਪ੍ਰਬੰਧ ਘਰਾਂ, ਮਨਾਂ ਵਿੱਚ ਖ਼ੁਸ਼ਹਾਲੀ ਸਿਰਜਦਾ ਹੈ, ਘਟੀਆ ਪ੍ਰਬੰਧ ਮੰਦਹਾਲੀ ਤੇ ਦੁਸ਼ਵਾਰੀਆਂ। ਇਸ ਲਈ ਤਰਕਸ਼ੀਲ ਵਿਅਕਤੀ ਵਿਗਿਆਨਕ ਚੇਤਨਾ ਦਾ ਮਾਲਕ ਹੁੰਦਾ ਹੈ ਤੇ ਆਪਣੀ ਕਿਸਮਤ ਆਪ ਬਣਾਉਣ ਲਈ ਯਤਨ ਕਰਦਾ ਹੈ।

ਵਿਗਿਆਨਕ ਸੋਚ ਦਾ ਮਾਲਕ ਵਿਅਕਤੀ ਸਮਝਦਾ ਹੈ ਕਿ ਅੱਜ ਦਾ ਦਿਨ ਸਿਰਫ਼ ਅੱਜ ਲਈ ਹੈ। ਵਿਗਿਆਨ ਬਹੁਤ ਸਾਰੇ ਕੁਦਰਤੀ ਵਰਤਾਰਿਆਂ ਨੂੰ ਸਪੱਸ਼ਟ ਕਰ ਚੁੱਕੀ ਹੈ। ਤਰਕਸ਼ੀਲ ਵਿਅਕਤੀ ਇਨ੍ਹਾਂ ਸਾਰਿਆਂ ਦਾ ਗਿਆਨ ਰੱਖਦਾ ਹੈ ਤੇ ਹੋਰ ਜਾਣਨ ਦੀ ਕੋਸ਼ਿਸ਼ ਵਿੱਚ ਹੁੰਦਾ ਹੈ। ਉਸਨੂੰ ਪਤਾ ਹੈ ਕਿ ਗਲ ਵਿੱਚ ਜਾਂ ਹੱਥ ਦੀਆਂ ਉਂਗਲਾਂ ਵਿੱਚ ਪੱਥਰ ਪਾਉਣ ਨਾਲ ਕੁੱਝ ਪ੍ਰਾਪਤ ਨਹੀਂ ਹੁੰਦਾ। ਰਹੱਸਮਈ ਜਾਪਦੀਆਂ ਘਟਨਾਵਾਂ, ਇੱਟਾਂ-ਵੱਟੇ ਤੇ ਰੋੜੇ ਡਿੱਗਣਾ, ਬੰਦ ਪੇਟੀ ਵਿੱਚ ਪਏ ਕੱਪੜਿਆਂ ਨੂੰ ਅੱਗ ਲੱਗਣੀ, ਖ਼ੂਨ ਦੇ ਛਿੱਟੇ ਆਉਣੇ, ਪਾਏ ਕੱਪੜਿਆਂ ਵਿੱਚ ਸੁਰਾਖ਼ ਹੋਣਾ ਜਾਂ ਕੱਟੇ ਜਾਣ ਪਿੱਛੇ ਕਿਸੇ ਅਖੌਤੀ ਭੂਤ – ਪ੍ਰੇਤ ਦਾ ਹੱਥ ਨਹੀਂ ਹੁੰਦਾ। ਉਸਨੂੰ ਗਿਆਨ ਹੈ ਕਿ ਭੂਤ – ਪ੍ਰੇਤਾਂ ਸਭ ਕਲਪਿਤ ਹਨ। ਇਸ ਪਿੱਛੇ ਕਿਸੇ ਮਨੁੱਖ ਦਾ ਹੱਥ ਹੁੰਦਾ ਹੈ। ਜਿਹੜਾ ਆਪਣੀ ਸਮੱਸਿਆ, ਅਧੂਰੀ ਇੱਛਾ ਕਾਰਨ ਸੁਚੇਤ, ਅਚੇਤ, ਅਰਧ ਚੇਤਨ ਦਿਮਾਗ ਨਾਲ ਕਰ ਰਿਹਾ ਹੁੰਦਾ ਹੈ। ਇਸਨੂੰ ਮਨੋਵਿਗਿਆਨਕ ਤੇ ਵਿਗਿਆਨਕ ਨਜ਼ਰੀਏ ਨਾਲ ਹੀ ਕਾਬੂ ਕੀਤਾ ਜਾ ਸਕਦਾ ਹੈ।

ਅਖੌਤੀ ਸਿਆਣੇ ਤਾਂ ਪਰਿਵਾਰਕ ਮਾਹੌਲ ਨੂੰ ਬਹੁਤ ਹੀ ਡਰਾਉਣਾ, ਭੈਅ ਮਈ ਬਣਾ ਕੇ ਖ਼ੂਬ ਲੁੱਟ ਕਰਦੇ ਨੇ। ਕਈ ਵਾਰੀ ਤਾਂ ਉਹ ਪਖੰਡੀ ਵਿਅਕਤੀ ਨੂੰ ਮਾਰ ਵੀ ਦਿੰਦੇ ਹਨ। ਉਹ ਤਾਂ ਮਨੁੱਖੀ ਬਲੀ ਦੇਣ ਤੱਕ ਕਈ ਲੋਕਾਂ ਨੂੰ ਭਰਮਾ ਲੈਂਦੇ ਹਨ। ਦੱਬੇ ਖਜ਼ਾਨੇ ਨੂੰ ਪ੍ਰਾਪਤ ਕਰਨ ਦੇ ਭਰਮ ਜਾਲ ਵਿੱਚ ਬੱਚਿਆਂ ਤੱਕ ਦੀ ਬਲੀ ਦੇਣ ਦੇ ਕੇਸ ਸੁਣੇ ਜਾਂਦੇ ਨੇ।

ਪਰ ਤਰਕਸ਼ੀਲ ਸੋਚ ਦਾ ਮਲਕ ਵਿਅਕਤੀ ਅਖੌਤੀ ਸਿਆਣਿਆਂ ਦੀਆਂ ਚਾਲਾਂ ਤੋਂ ਸੁਚੇਤ ਅਤੇ ਜਾਗਰੂਕ ਹੁੰਦਾ ਹੈ। ਉਹ ਆਪਣੇ ਨਜ਼ਦੀਕੀਆਂ ਨੂੰ ਉਨ੍ਹਾਂ ਦੇ ਗੰਵਾਰਪੁਣੇ ਤੇ ਭੈੜੀਆਂ ਆਦਤਾਂ ਬਾਰੇ ਜਾਗਰੂਕ ਕਰਦਾ ਹੈ। ਤਰਕਸ਼ੀਲ ਨਜ਼ਰੀਆ ਲੋਕਾਂ ਨੂੰ ਪੈਰ – ਪੈਰ ‘ਤੇ ਲੁੱਟ ਅਤੇ ਭਰਮ ਤੋਂ ਬਚਾਉਂਦਾ ਹੈ। ਉਸਨੂ ਪਤਾ ਹੈ ਕਿ ਕੋਈ ਵੀ ਦਿਨ ਜਾਂ ਮਹੀਨਾ, ਤਰੀਕ ਜਾਂ ਅੰਕ ਚੰਗਾ – ਮਾੜਾ ਨਹੀਂ। ਇਹ ਸਭ ਸਮੇਂ ਦੀ ਵੰਡ ਹੈ। ਜਿਸ ਸਮੇਂ ਮਾੜੀ ਘਟਨਾ ਵਾਪਰ ਗਈ, ਉਹ ਦਿਨ ਘੜੀ, ਤਰੀਕ ਮਾੜੀ। ਜਿਸ ਸਮੇਂ ਚੰਗੀ ਘਟਨਾ ਜਾਂ ਵਧੀਆ ਪ੍ਰਾਪਤੀ ਹੋ ਗਈ, ਉਹ ਵਧੀਆ, ਚੰਗੀ, ਸ਼ੁਭ ਸ਼ਗਨ। ਭਾਵ ਤਰਕਸ਼ੀਲਤਾ ਹਰ ਘਟਨਾ ਦੀ ਵਿਗਿਆਨਕ ਵਿਆਖਿਆ ਕਰਦੀ ਹੈ। ਇਸ ਲਈ ਇਸ ਦੀ ਵਰਤੋਂ ਨਾਲ ਅਸੀਂ ਆਪਣੇ ਸਮੇਂ ਅਤੇ ਪੈਸੇ ਦੀ ਬੱਚਤ ਕਰਦੇ ਹਾਂ ਅਤੇ ਆਰਥਿਕ , ਮਾਨਸਿਕ ਤੇ ਸਰੀਰਕ ਲੁੱਟ ਤੋਂ ਬਚੇ ਰਹਿੰਦੇ ਹਾਂ। ਸੋ, ਇਹ ਸਾਨੂੰ ਵਿਗਿਆਨਕ ਵਿਚਾਰਾਂ ਦੀ ਰੌਸ਼ਨੀ ਵਿੱਚ ਲਿਆਉਂਦੀ ਹੈ। ਇਸ ਲਈ ਸਾਨੂੰ ਵੱਧ ਤੋਂ ਵੱਧ ਤਰਕਸ਼ੀਲਤਾ ਭਾਵ ਵਿਗਿਆਨਕ ਵਿਚਾਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੇ ਜੀਵਨ ਨੂੰ ਚੰਗੇਰਾ ਬਣਾ ਸਕੀਏ। ਜੈ ਤਰਕਸ਼ੀਲਤਾ

ਮਾਸਟਰ ਪਰਮ ਵੇਦ
ਜ਼ੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
9417422349
ਅਫਸਰ ਕਲੋਨੀ ਸੰਗਰੂਰਰ

 

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleGive Bharat Ratna to Bhagat Singh, Rajguru, Sukhdev: Cong MP
Next articleਵਿਦਿਅਕ ਅਦਾਰੇ ਬੰਦ; 15 ਤੱਕ ਰਾਤ ਦਾ ਕਰਫਿਊ