ਮੈਂ ਕਿਉਂ ਰੋਵਾਂ?

ਪ੍ਰੋਫੈਸਰ ਸਾ਼ਮਲਾਲ ਕੌਸ਼ਲ

(ਸਮਾਜ ਵੀਕਲੀ)-ਨਾਂ ਤਾਂ ਉਸ ਦਾ ਸੁਭਾਗਵਤੀ ਸੀ ਲੇਕਿਨ ਉਸ ਦਾ ਵਿਆਹ ਦੇ ਬਾਅਦ ਦਾ ਜੀਵਨ ਬਦਕਿਸਮਤੀ ਨਾਲ ਭਰਿਆ ਹੋਇਆ ਸੀ। ਉਸਦਾ ਪਤੀ ਆਏ ਦਿਨ ਸ਼ਰਾਬ ਪੀ ਕੇ ਰਾਤ ਨੂੰ ਦੇਰ ਨਾਲ ਆਉਂਦਾ ਸੀ ਅਤੇ ਆਉਂਦੇ ਹੀ ਆਪਣੀ ਪਤਨੀ ਨੂੰ ਗਾਲਾਂ ਕੱਢਣ ਅਤੇ ਮਾਰਕੁੱਟ ਦਾ ਸਿਲਸਲਾ ਸ਼ੁਰੂ ਕਰ ਦਿੰਦਾ ਸੀ। ਇਹ ਇਨਾਮ ਸੁਭਾਗਵਤੀ ਨੂੰ ਲਗਭਗ ਹਰ ਰੋਜ਼ ਆਪਣੇ ਪਤੀ ਤੋਂ ਮਿਲਦਾ ਸੀ। ਕੰਮ-ਧੰਦਾ ਉਸਦਾ ਪਤੀ ਤਾਂ ਕੁਝ ਕਰਦਾ ਹੀ ਨਹੀਂ ਸੀ। ਸੁਭਾਗਵਤੀ ਗੁਆਂਢ ਦੇ ਘਰਾਂ ਵਿਚ ਸਫਾਈ ਅਤੇ ਭਾਂਡੇ ਮਾਂਜਣ ਦੇ ਕੰਮ ਨਾਲ ਜੋ ਕੁਝ ਕਮਾਉਂਦੀ ਸੀ ਉਸ ਨਾਲ ਉਹ ਆਪਣੇ ਬੱਚਿਆਂ ਅਤੇ ਨਿਖੱਟੂ ਪਤੀ ਦਾ ਪੇਟ ਭਰਦੀ ਸੀ। ਉਸ ਦਾ ਪਤੀ ਮਾਰਕੁੱਟ ਕਰਕੇ ਜੋ ਕੁਝ ਵੀ ਉਸਦੀ ਪਤਨੀ ਕੋਲ ਪੈਸੇ ਬੱਚੇ ਹੁੰਦੇ ਸਨ, ਖੋਹ ਕੇ ਸ਼ਰਾਬ ਪੀਣ ਵਾਸਤੇ ਲੈ ਜਾਂਦਾ ਸੀ। ਸੱਸ ਤਾਂ ਉਸਦੀ ਪਹਿਲਾਂ ਹੀ ਪਰਲੋਕ ਸਿਧਾਰ ਚੁੱਕੀ ਸੀ।  ਇਸ ਲਈ ਘਰ ਵਿੱਚ ਹੋਣ ਵਾਲੀ ਰੋਜ਼-ਰੋਜ਼ ਦੀ ਮਹਾ ਭਾਰਤ ਨੂੰ ਰੋਕਣ ਵਾਲਾ ਕੋਈ ਵੀ ਨਹੀਂ ਸੀ। ਉਹ ਵਿਚਾਰੀ ਬੁਰਾ ਭਲਾ ਕਹਿੰਦੀ ਸੀ ਉਸ ਵੇਲੇ ਨੂੰ ਜਦੋਂ ਉਸ ਦਾ ਵਿਆਹ ਅਜਿਹੇ ਸ਼ਰਾਬੀ ਅਤੇ ਕਬਾਬੀ ਨਿਖੱਟੂ ਨਾਲ ਹੋ ਗਿਆ ਸੀ।
ਇਕ ਦਿਨ ਲੱਗਭਗ ਅੱਧੀ ਰਾਤ ਦੇ ਆਸਪਾਸ ਉਸ ਦਾ ਪਤੀ ਡਿਗਦਾ ਢਹਿੰਦਾ ਅਤੇ ਲੜਖੜਾਉਂਦਾ ਹੋਇਆ ਆ ਰਿਹਾ ਸੀ ਕਿ ਕੋਈ ਤੇਜ ਸਪੀਡ ਵਾਲਾ ਟਰੱਕ ਉਸ ਨੂੰ ਕੁਚਲ ਕੇ ਚਲਾ ਗਿਆ ਅਤੇ ਉਸ ਦੇ ਪ੍ਰਾਣ ਪੰਖੇਰੂ ਹੋ ਗਏ। ਕੁਝ ਲੋਕ ਉਸ ਦੀ ਲਾਸ਼ ਨੂੰ ਉਸਦੇ ਘਰ ਲਿਆਏ। ਉੱਥੇ ਇਸ ਸ਼ਰਾਬੀ ਬੰਦੇ ਦੀ ਸ਼ਕਲ ਦੇਖਣ ਵਾਸਤੇ ਕੁਝ ਤਮਾਸ਼ਬੀਨ ਵੀ ਇਕੱਠੇ ਹੋ ਗਏ। ਸੁਭਾਗਵਤੀ ਉਸ ਲਾਸ਼ ਨੂੰ ਇਕ ਨਜ਼ਰ ਨਾਲ ਦੇਖਦੀ ਰਹਿ ਗਈ। ਅਤੇ ਕੁਝ ਵੀ ਨਹੀਂ ਬੋਲੀ। ਚੁੱਪ ਚਾਪ ਬੈਠੀ ਰਹੀ। ਭੀੜ ਵਿਚੋਂ ਕਿਸੇ ਔਰਤ ਨੇ ਕਿਹਾ,,, ਕਿਹੋ ਜਿਹੀ ਪਤਨੀ ਹੈ, ਪਤੀ ਦੇ ਮਰਨ ਤੇ ਰੋਂਦੀ ਵੀ ਨਹੀਂ। ਲੇਕਿਨ ਉਸਨੇ ਮਨ ਵਿੱਚ ਸੋਚਿਆ ਅਜਿਹੇ ਪਤੀ ਦੇ ਮਰਨ ਤੇ ਮੈਂ ਕਿਉਂ ਰੋਵਾਂ। ਉਸ ਨੇ ਮੇਰੇ ਲਈ ਇਹੋ ਜਿਹਾ ਕਿਹੜਾ ਕੰਮ ਕੀਤਾ ਹੈ ਜਿਸ ਨੂੰ ਯਾਦ ਕਰਕੇ ਮੈਂ ਰੋਵਾਂ। ਅਜਿਹੇ ਪਤੀ ਦੇ ਹੁੰਦੇ ਹੋਏ ਮੈਨੂੰ ਰੋਜ਼ ਮਾਰ-ਕੁੱਟ ਪੈਂਦੀ ਰਹੀ, ਭੁੱਖ ਮਰੀ ਦਾ ਸਾਹਮਣਾ ਕਰਨਾ ਪਿਆ, ਦੂਜਿਆਂ ਦੇ ਘਰਾਂ ਵਿੱਚ ਇਸ ਦਾ ਢਿੱਡ ਭਰਨ ਵਾਸਤੇ ਕੰਮ ਕਰਨਾ ਪਿਆ। ਇਹਨੇ ਮੈਨੂੰ ਕਦੇ ਸੁੱਖ ਦਾ ਸਾਹ ਵੀ ਨਹੀਂ ਲੈਣ ਦਿੱਤਾ। ਹੁਣ ਮੈਂ ਰੋਵਾਂ ਤਾਂ ਕਿਉਂ ਰੋਵਾਂ ਅਤੇ ਕਿਸ ਲਈ ਰੋਵਾਂ,,,, ਇਹ ਸੋਚ ਕੇ ਉਸ ਨੇ ਆਪਣਾ ਮੂੰਹ ਦੂਜੀ ਤਰਫ ਫੇਰ ਲਿਆ।

ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 359 045
ਰੋਹਤਕ -124001(ਹਰਿਆਣਾ) 

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਏਹੁ ਹਮਾਰਾ ਜੀਵਣਾ ਹੈ -329
Next articleਸਮਰ ਕੈਂਪ ਦੌਰਾਨ ਕੀਤੀਆਂ ਗਤੀਵਿਧੀਆਂ ਦੀ ਪ੍ਰਦਰਸ਼ਨੀ ਲਾਈ