ਪੇਂਡੂ ਆਵਾਮ ਸਿਹਤ ਸਹੂਲਤਾਂ ਤੋਂ ਬੰਚਿਤ ਕਿਉਂ

ਜਗਦੀਸ਼ ਸਿੰਘ ਚੋਹਕਾ

(ਸਮਾਜ ਵੀਕਲੀ)

ਦੇਸ਼ ਅੰਦਰ ਫਿਰਕੂ ਰਾਜਨੀਤਕ ਪ੍ਰਭਾਵ ਅਧੀਨ ਕਾਰਪੋਰੇਟੀ ਪੂੰਜੀਵਾਦੀ ਉਦਾਰੀਵਾਦੀ ਨੀਤੀਆਂ ਵਾਲੀ ਬੀ.ਜੇ.ਪੀ. ਦੀ ਮੋਦੀ ਸਰਕਾਰ ਅੰਦਰ ਚਿੰਤਾਜਨਕ ਬੇਰੁਜ਼ਗਾਰੀ ‘ਚ ਵਾਧੇ, ਵੱਧ ਰਾਹੀ ਗਰੀਬੀ ਅਤੇ ਆਰਥਿਕ ਅਸਮਾਨਤਾਵਾਂ ਦਾ ਦੁਰ-ਪ੍ਰਭਾਵ ਅੱਜ ਜੀਵਨ ਦੇ ਹਰ ਖੇਤਰ ‘ਚ ਵੇਖਣ ਨੂੰ ਮਿਲ ਰਿਹਾ ਹੈ। ਖਾਸ ਕਰਕੇ ਵੱਧ ਰਹੀ ਗਰੀਬੀ ਅਤੇ ਗੁਰਬਤ ਕਾਰਲ ਪਿਛਲੇ ਇਕ ਦਹਾਕੇ ਦੌਰਾਨ ਭਾਰਤ ਦੇ ਸਿਹਤ ਸਿਸਟਮ ਰੀਵਿਊ (ਆਈ.ਐਚ.ਐਸ.ਆਰ) ਦੀ ਰਿਪੋਰਟ-2022 ਦੇ ਹਵਾਲਿਆ ਅਨੁਸਾਰ/ਭਾਵੇਂ ਪੇਂਡੂ ਸਿਹਤ ਸੇਵਾਵਾਂ ਦੀ ਬਿਹਤਰੀ ਲਈ ਸਿਹਤ ਢਾਂਚਾਗਤ ਅਤੇ ਪੇਂਡੂ ਸਿਹਤ ਸਹੂਲਤਾਂ ਲਈ 75 ਫੀ ਸਦ ਉਪਰਾਲੇ ਹੋਏ ਸਨ। ਜਨਮ ਉਮਰ ਰੇਟ ਜੋ 1947 ‘ਚ 47.7-ਫੀ ਸਦ ਸੀ ਉਹ ਵੱਧ ਕੇ 2020 ਤੱਕ 69.6 ਫੀ ਸਦ ਪੁੱਜ ਗਿਆ ਹੈ। ਪਰ ਸਿਹਤ ਸਬੰਧੀ ਇਕਸਾਰਤਾ ਨਹੀਂ ਦਿਸ ਰਹੀ ਹੈ, ਜਨ-ਅੰਕੜੇ ਅਤੇ ਮਹਾਂਮਾਰੀ ਵਬਾਅ ਦਾ ਫੈਲਣਾ ਜਿਸ ਕਾਰਨ ਬਿਮਾਰੀਆਂ ਦੀ ਭਰਮਾਰ ਵਿੱਚ ਵਾਧਾ ਹੋਣਾ ਵੀ ਇਕ ਗੰਭੀਰ ਚਿੰਤਾ ਹੈ। ਬੱਚੇ ਤੋਂ ਬਜ਼ੁਰਗ ਤਕ ਮਰਦਾਂ ‘ਤੇ ਇਸਤਰੀਆਂ ਅੰਦਰ ਸ਼ੂਗਰ, ਦਿਲ ਦੀਆਂ ਬਿਮਾਰੀਆਂ, ਕੈਂਸਰ ਅਤੇ ਏਡਜ਼ ਜਿਹੀਆਂ ਭਿਆਨਕ ਤੇ ਲਾ-ਇਲਾਜ, ਬਿਮਾਰੀਆਂ ਦਾ ਲਗਾਤਾਰ ਫੈਲਣਾ ਇੱਕ ਵੱਡੀ ਚਣੌਤੀ ਦਰਪੇਸ਼ ਹੈ। (ਸੰਸਾਰ ਸਿਹਤ ਸੰਸਥਾ)।

ਲੋਕਾਂ ਦੀ ਸਿਹਤ ਲਈ ਸੰਵਿਧਾਨਕ ਫਰਜ ਕੇਂਦਰ ਅਤੇ ਰਾਜਾਂ ਦੀ ਡਿਊਟੀ ਹੈ। ਇਸ ਵੇਲੇ ਦੇਸ਼ ਅੰਦਰ ਪੇਂਡੂ ਲੋਕਾਂ ਦੀ ਸਿਹਤ ਅਤੇ ਸਹੂਲਤਾਂ ਦੀ ਤਸਵੀਰ ਬਹਤੁ ਦਰਦਨਾਕ ਦਿਸ ਰਹੀ ਹੈ। ਅੰਕੜੇ ਦੱਸਦੇ ਹਨ ਕਿ ਪਿੰਡਾਂ ‘ਚ ਲੋਕ ਬੇਇਲਾਜੇ ਹੀ ਦਮ ਤੋੜ ਰਹੇ ਹਨ। ਸਰਕਾਰਾਂ ਭਾਵੇਂ ਸਿਹਤ ਸਹੂਲਤਾਂ ਦੇਣ ਸਬੰਧੀ ਟਾਹਰਾ ਮਾਰੀ ਜਾਣ, ਅੱਜ ਵੀ ਪਿੰਡਾਂ ਅੰਦਰ ਐਲੋਪੈਥੀ ਤੋਂ ਇਲਾਵਾ ਹੋਮੋਪੈਥੀ ਅਤੇ ਅਯੁਰਵੈਦਿਕ ਡਾਕਟਰਾਂ ਦੀ ਪੂਰੀ ਤਰ੍ਹਾਂ ਘਾਟ ਪਾਈ ਜਾ ਰਹੀ ਹੈ। ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਉਪਲੱਬਧ ਕਰਾਉਣ ਦੇ ਕੀਤੇ ਜਾਂਦੇ ਦਾਅਵੇ, ਕਿਤੇ ਵੀ ਨਜ਼ਰ ਨਹੀਂ ਆਉਂਦੇ ਹਨ।ਭਾਵੇਂ ਪਿਛਲੇ ਕੁਝ ਸਮੇਂ ਤੋਂ ਸਿਹਤ ਸਬੰਧੀ ਥੋੜੀ ਜਿਹੀ ਬਿਹਤਰੀ ਤਾਂ ਨਜ਼ਰ ਆਈ ਹੈ ਪਰ ਸਿਹਤ ਸਹੂਲਤਾਂ ਦੀ ਹਾਲਤ ਜਿਉਂ ਦੀ ਤਿਉਂ ਹੀ ਨਜ਼ਰ ਆ ਰਹੀ ਹੈ। ਪੇਂਡੂ ਆਵਾਮ ਅੱਜ ਵੀ ਛੂਤ ਦੀਆਂ ਬਿਮਾਰੀਆਂ, ਟੱਟੀਆਂ, ਆਮੀਬੀਆ, ਸਿਸ, ਟਾਈਫਾਈਡ, ਜਿਗਰ, ਵਾਰਮ, ਮਲ੍ਹੱਪ, ਮੀਜ਼ਲ, ਮਲੇਰੀਆ, ਟੀ.ਬੀ., ਏਡ, ਸਾਹ ਦੀਆਂ ਬਿਮਾਰੀਆਂ, ਨਿਮੂਨੀਆ, ਜਨਨ-ਕਿਰਿਆ ਦੀਆਂ ਬਿਮਾਰੀਆਂ ਤੋਂ ਪੀੜਤ ਨਜ਼ਰ ਆ ਰਿਹਾ ਹੈ। ‘ਪੇਂਡੂ ਸਿਹਤ ਕੇਅਰ ਸਰਵਿਸ` ਜੋ ਮੁੱਢਲੀਆਂ ਸਿਹਤ ਸੇਵਾਵਾਂ ਦੀ ਬੁਨਿਆਦ ਸਨ, ਜਿਸ ਰਾਹੀਂ ਪੇਂਡੂ ਲੋਕਾਂ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਸੀ, ਹਾਕਮਾਂ ਦੀਆਂ ਉਦਾਸਹੀਣਤਾਂ ਵਾਲੀਆਂ ਨੀਤੀਆਂ ਕਾਰਨ ਦਮ ਤੋੜ ਗਈਆਂ ਹਨ।

ਪੇਂਡੂ ਖੇਤਰਾਂ ਲਈ ਸਥਾਪਤ ਸਿਹਤ ਕੇਅਰ ਸੇਵਾਵਾਂ ਜਿਸ ਅਧੀਨ ਪੇਂਡੂ ਜਨ-ਸਮੂਹ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨੀਆਂ ਸਨ ਹਾਕਮ ਉਹਨਾਂ ਨੂੰ ਢੁੱਕਵਾਂ ਤੇ ਲੋੜੀਂਦਾ ਢਾਂਚਾ 75-ਸਾਲਾਂ ਦੀ ਆਜ਼ਾਦੀ ਦੇ ਬਾਅਦ ਵੀ ਦੇ ਨਹੀਂ ਸਕੇ ਹਨ। ਸਰਕਾਰੀ ਸਿਹਤ ਅਦਾਰਿਆ ਅੰਦਰ ਨਾ ਪੂਰੇ ਡਾਕਟਰ, ਨਾ ਪੂਰਾ ਪੈਰਾ-ਮੈਡੀਕਲ ਸਟਾਫ ਅਤੇ ਨਾ ਹੀ ਦਵਾਈਆਂ ਦਾ ਪ੍ਰਬੰਧ ਹੈ। ਸਭ ਤੋਂ ਵੱਡੀ ਮੁਸ਼ਕਲ ਅਤੇ ਮਜ਼ਬੂਰੀ ਹੈ ਫੰਡਾਂ ਦੀ ਘਾਟ, ਜਿਸ ਕਾਰਨ ਸਿਹਤ ਵਿਭਾਗ ਦੇ ਅਦਾਰੇ ਹਰ ਰੋਜ਼ ਦਮ ਤੋੜ ਰਹੇ ਹਨ। 70-ਫੀ ਸਦ ਦੇਸ਼ ਦੇ ਲੋਕ ਪਿੰਡਾਂ ਨਾਲ ਸਬੰਧਤ ਹਨ। ਪਰ ਮੁੱਢਲੇ ਪ੍ਰਾਇਮਰੀ ਸਿਹਤ ਕੇਂਦਰਾਂ ‘ਚ 8-ਫੀ ਸਦ ਡਾਕਟਰ ਹੀ ਨਹੀਂ ਹਨ ਅਤੇ 39-ਫੀ ਸਦ ਪਾਸ ਕੋਈ ਲੈਬ ਦਾ ਪ੍ਰਬੰਧ ਨਹੀਂ ਹੈ ਤੇ 18-ਫੀ ਸਦ ਫਾਰਮਾਸਿਸਟ ਹੀ ਨਹੀਂ ਹਨ। ਐਫ.ਏ.ਓ. ਦੀ ਸਾਲ 2020 ਦੀ ਰਿਪੋਰਟ ਮੁਤਾਬਿਕ ਭਾਰਤ ਅੰਦਰ 19-ਕਰੋੜ ਲੋਕ ਕੁਪੋਸ਼ਨ ਦਾ ਸ਼ਿਕਾਰ ਹਨ। ਸਾਲ 2019-2020 ਦੀ ਕੌਮੀ ਪ੍ਰਵਾਰ ਅਤੇ ਸਿਹਤ ਸਰਵੇਖਣ-5 ਦੀ ਰਿਪੋਰਟ ਅਨੁਸਾਰ 5-ਸਾਲ ਤੋਂ ਹੇਠਾਂ ਉਮਰ ਦੇ 35.5-ਫੀ ਸਦ ਬੱਚਿਆਂ ਦੇ ਸਰੀਰਕ ਵਿਕਾਸ ‘ਚ ਵਾਧਾ ਰੁਕ ਜਾਂਦਾ ਹੈ। 19-ਫੀ ਸਦ ਬੱਚੇ ਕਮਜ਼ੋਰੀ ਦਾ ਸ਼ਿਕਾਰਅਤੇ 32-ਫੀ ਸਦ ਘੱਟ ਵਜਨ ਵਾਲੇ ਪੈਦਾ ਹੋ ਰਹੇ ਹਨ। 15 ਤੋਂ 49 ਸਾਲ ਤਕ ਜਨਨੀ ਬਣਨ ਵਾਲੀਆਂ ਮਾਵਾਂ ਖੂਨ ਦੀ ਕਮਜ਼ੋਰੀ ਦੀਆਂ ਸ਼ਿਕਾਰ ਹਨ। ਇਹ ਸਭ ਹਾਕਮਾਂ ਦੀਆਂ ਨੀਤੀਆਂ ਦੇ ਨਤੀਜੇ ਹਨ।

ਸਰਕਾਰੀ ਸਿਹਤ ਕੇਂਦਰਾਂ ਅੰਦਰ ਉਪਰੋਕਤ ਘਾਟਾ ਕਰਕੇ ਉਪਰਲੇ ਤਬਕਿਆਂ ਦੇ ਲੋਕ ਤਾਂ ਪ੍ਰਾਈਵੇਟ ਅਦਾਰਿਆਂ ਅੰਦਰ ਇਲਾਜ ਕਰਾ ਸਕਦੇ ਹਨ। ਪਰ ਗਰੀਬ ਤੇ ਵੇਬੱਸ ਅਵਾਮ ਬਿਮਾਰੀਆਂ ਨਾਲ ਜੂਝਦਾ ਹੀ ਦਮ ਤੋੜ ਦਿੰਦਾ ਹੈ। ਇਸ ਵੇਲੇ ਨਿਜੀ ਸਿਹਤ ਕੇਂਦਰਾਂ ਅੰਦਰ 92-ਫੀ ਸਦ ਅਦਾਰੇ ਜੋ 70-ਫੀ ਸਦ ਸ਼ਹਿਰੀ ਲੋਕਾਂ ਲਈ ਕੰਮ ਕਰ ਰਹੇ ਹਨ, ਖਰਚੀਲੇ ਹੋਣ ਕਾਰਨ ਗਰੀਬ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਦੇਸ਼ ਦੇ 7-ਲੱਖ ਪਿੰਡਾਂ ‘ਚ ਸਿਹਤ ਸਹੂਲਤਾਂ ਦੀ ਬਹੁਤ ਭਾਰੀ ਕਮੀ ਹੈ। ਸਾਰੇ ਦੇਸ਼ ਅੰਦਰ ਤਾਮਿਲਨਾਡੂ ਅਤੇ ਕੇਰਲਾ ਤੋਂ ਬਿਨਾਂ ਕਿਸੇ ਵੀ ਰਾਜ ਅੰਦਰ ਪੇਂਡੂ ਖੇਤਰਾਂ ਲਈ ਸਿਹਤ-ਸਹੂਲਤਾਂ ਲਈ ਸੇਵਾਵਾਂ ਸੰਤੋਖ ਜਨਕ ਨਹੀਂ ਕਿਹੀਆਂ ਜਾ ਸਕਦੀਆਂ ਹਨ। ਇਨ੍ਹਾਂ ਰਾਜਾਂ ਅੰਦਰ ਰਾਜ ਕਰ ਰਹੀਆਂ ਹਾਕਮ ਪਾਰਟੀਆਂ ਦੀਆਂ ਸਰਕਾਰਾਂ ਨੇ ਕੁਝ ਚਿਰ ਪਹਿਲਾ ਹੀ ਪਿੰਡਾਂ ਅੰਦਰ ਹਸਪਤਾਲਾਂ ਅਤੇ ਡਿਸਪੈਨਸਰੀਆਂ ਅੰਦਰ ਖਾਲੀ ਪਈਆਂ ਡਾਕਟਰਾਂ ਅਤੇ ਹੋਰ ਅਮਲੇ ਦੀਆਂ ਆਸਾਮੀਆਂ ਭਰਨ ਲਈ ਕਦਮ ਉਠਾਏ ਹਨ। ਇਹ ਵੀ ਵਿਡੰਬਨਾ ਹੈ ਕਿ ਆਮ ਤੌਰ ‘ਤੇ ਡਾਕਟਰ ਪੇਂਡੂ ਖੇਤਰਾਂ ‘ਚ ਨੌਕਰੀ ਕਰਨ ਤੋਂ ਹਿਚ-ਹਚਾਉਂਦੇ ਹਨ, ਭਾਵੇਂ ਉਨ੍ਹਾਂ ਨੇ ਡਿਗਰੀ ਕਰਨ ਵੇਲੇ ਪੇਂਡੂ ਖੇਤਰਾਂ ‘ਚ ਨੌਕਰੀ ਕਰਨ ਦੇ ਬਾਂਡ ਭਰੇ ਹੋਏ ਹੁੰਦੇ ਹਨ। ਉਹ ਖੁਦ ਤਾਂ ਮੁਆਵਜ਼ਾ ਭਰਕੇ ਪੇਂਡੂ ਸਿਹਤ ਸਹੂਲਤਾਂ ਸੇਵਾਵਾਂ ‘ਚ ਜਾਣ ਤੋਂ ਨਾਂਹ ਕਰ ਜਾਂਦੇ ਹਨ। ਪਰ ਲੋਕ ਇਲਾਜ ਖੁਣੋਂ ਰਹਿ ਜਾਂਦੇ ਹਨ।

ਇਸ ਵੇਲੇ ਦੇਸ਼ ਦੇ 20-ਫੀ ਸਦ ਡਾਕਟਰ ਹੀ ਪੇਂਡੂ ਖੇਤਰਾਂ ‘ਚ ਕੰਮ ਕਰਨ ਲਈ ਰਜ਼ਾਮੰਦ ਹਨ। ਜਿਸ ਕਰਕੇ ਪੇਂਡੂ ਖੇਤਰਾਂ ‘ਚ ਲੋਕਾਂ ਲਈ ਸਰਕਾਰੀ ਖੇਤਰ ਅੰਦਰ ਸਿਹਤ ਸਹੂਲਤਾਂ ਨਾਂਹ ਦੇ ਬਰਾਰਬ ਪ੍ਰਾਪਤ ਹਨ। ਮੈਡੀਕਲ ਕੌਂਸਲ ਆਫ ਇਡੀਆ ਦੀ ਰਿਪੋਰਟ ਮੁਤਾਬਿਕ ਪੇਂਡੂ ਖੇਤਰਾਂ ‘ਚ ਨੌਕਰੀ ਕਰਾਉਣ ਲਈ ਕੋਈ ਪੱਕਾ ਕਨੂੰਨ ਨਹੀਂ ਹੈ। ਦੂਸਰੇ ਪਾਸੇ ਇਡੀਅਨ ਮੈਡੀਕਲ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਪੇਂਡੂ ਖੇਤਰਾਂ ‘ਚ ਕਾਇਮ ਪ੍ਰਾਇਮਰੀ ਸਿਹਤ ਕੇਂਦਰ ਤੇ ਸੀ.ਐਚ.ਸੀ. ਕੇਂਦਰਾਂ ਅੰਦਰ ਜਿਥੇ ਉਨ੍ਹਾਂ ਦੀ ਤਾਇਨਾਤੀ ਹੁੰਦੀ ਹੈ ਉਥੇ ਕੋਈ ਸਹੂਲਤ ਨਹੀਂ ਹੈ। ਹਾਕਮਾਂ ਵਲੋਂ ਪੇਂਡੂ ਖੇਤਰਾਂ ਅੰਦਰ ਅਪਰੇਸ਼ਨ ਥਿਏਟਰ, ਐਨਸਥੀਜ਼ੀਆ ਦੇ ਡਾਕਟਰ ਅਤੇ ਪੈਥੋਲਾਜਿਸਟ ਅਤੇ ਟੈਕਨੀਸ਼ੀਅਨਾਂ ਦਾ ਕੋਈ ਪ੍ਰਬੰਧ ਵੀ ਨਹੀਂ ਕੀਤਾ ਹੋਇਆ ਹੈ। ਡਾਕਟਰਾਂ ਲਈ ਰਿਹਾਇਸ਼, ਪ੍ਰਵਾਰ ਤੇ ਬੱਚਿਆਂ ਲਈ ਰਹਿਣ ਤੇ ਯੋਗ ਵਾਤਾਵਰਨ ਦੀ ਘਾਟ ਹੈ। ਡਾਕਟਰਾਂ ਦੀ ਐਸੋਸੀਏਸ਼ਨ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਵੱਲ ਸਰਕਾਰਾਂ ਨੇ ਕਦੀ ਵੀ ਧਿਆਨ ਨਹੀਂ ਦਿੱਤਾ ਹੈ। ਪਰ ਉਹੀ ਡਾਕਟਰ ਪੇਂਡੂ ਖੇਤਰਾਂ ‘ਚ ਨਿਜੀ ਸੰਸਥਾਵਾਂ ਖੋਲ੍ਹ ਕੇ ਪ੍ਰੈਕਟਿਸ ਵੀ ਕਰ ਰਹੇ ਹਨ। ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਦੀਆਂ ਸੇਵਾਵਾਂ ਦੀ ਪੇਂਡੂ ਖੇਤਰ ‘ਚ ਕਮੀ ਲਈ ਉਹ ਨਹੀਂ ਬਲਕਿ ਹਾਕਮਾਂ ਦੀਆ ਨੀਤੀਆਂ ਜਿੰਮੇਵਾਰ ਹਨ।

ਦੂਸਰੇ ਪਾਸੇ ਜਿਥੇ ਪੇਂਡੂ ਖੇਤਰਾਂ ਅੰਦਰ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਨਹੀਂ ਮਿਲ ਰਹੀਆਂ ਹਨ। ਸਰਕਾਰੀ ਸਿਹਤ ਸੇਵਾਵਾਂ ਅੰਦਰ ਕੰਮ ਕਰਦੇ ਡਾਕਟਰ, ਪੈਰਾ ਮੈਡੀਕਲ ਅਮਲਾ ਅਤੇ ਮੁਲਾਜ਼ਮ ਆਪਣੀਆਂ ਮੰਗਾਂ ਲਈ ਹਾਕਮਾਂ ਦੀਆਂ ਨੀਤੀਆਂ ਵਿਰੁਧ ਨਿਤ ਦਿਨ ਸੜਕਾਂ ‘ਤੇ ਮੁਜ਼ਾਹਰੇ ਕਰਨ ਲਈ ਮਜਬੂਰ ਹਨ ਪਰ ਹਾਕਮ ਕੋਈ ਫੈਸਲਾ ਨਹੀਂ ਕਰਦੇ। ਜਦ ਕਿ ਇਕ ਪਾਸੇ ਪਾਸੇ ਪੇਂਡੂ ਖੇਤਰਾਂ ਦੇ ਹਸਪਤਾਲਾਂ ਲਈ ਡਾਕਟਰ ਦੀ ਭਾਰੀ ਕਮੀ ਹੈ। ਉਸ ਨੂੰ ਦੂਰ ਕਰਨ ਲਈ ਕੋਈ ਉਸਾਰੂ ਕਦਮ ਵੀ ਨਹੀਂ ਚੁਕਿਆ ਜਾ ਰਿਹਾ ਹੈ। ਭਾਰਤ ਨੇ 1947 ਨੂੰ ਅਤੇ ਲੋਕ ਚੀਨ ਨੇ 1949 ਆਜ਼ਾਦੀਆਂ ਪ੍ਰਾਪਤ ਕੀਤੀਆਂ ਸਨ। ਇਸ ਵੇਲੇ ਪੇਂਡੂ ਖੇਤਰਾਂ ‘ਚ ਚੀਨ ਅੰਦਰ 3100 ਮਰੀਜ਼ਾਂ ਲਈ ਇਕ ਬੈੱਡ ਉਪਲੱਬਧ ਹੈ। ਪਰ ਭਾਰਤ ਅੰਦਰ ਬਿਹਾਰ ਰਾਜ ਅੰਦਰ 18,000 ਮਰੀਜ਼ਾਂ ਲਈ ਇਕ ਬੈਂਡ ਹੈ ਤੇ ਯੂ.ਪੀ. ‘ਚ 39000 ਲਈ ਇਕ ਬੈੱਡ ਦੀ ਵਿਵਸਥਾ ਹੈ। ਪੇਂਡੂ ਖੇਤਰਾਂ ‘ਚ ਭਾਰਤ ਅੰਦਰ 26,000 ਆਬਾਦੀ ਪਿਛੇ ਇਕ ਐਲੋਪੈਥਿਕ ਡਾਕਟਰ ਹੈ। ਸੰਸਾਰ ਸਿਹਤ ਸੰਸਥਾ ਦਾ ਕਹਿਣਾ ਹੈ ਕਿ ਹਰ ਇਕ ਹਜ਼ਾਰ ਦੀ ਆਬਾਦੀ ਲਈ ਇਕ ਡਾਕਟਰ ਹੋਣਾ ਚਾਹੀਦਾ ਹੈ। ਪਰ ਭਾਰਤ ਅੰਦਰ 10-ਹਜ਼ਾਰ ਦੀ ਆਬਾਦੀ ਪਿਛੇ ਕੇਵਲ 7-ਡਾਕਟਰ ਹੀ ਉਪਲੱਬਧ ਹਨ। ਮੈਡੀਕਲ ਕੌਂਸਲ ਆਫ ਇੰਡੀਆ ਅਨੁਸਾਰ ਭਾਰਤ ਅੰਦਰ ਰਜਿਸਟਰ ਡਾਕਟਰਾਂ ਦੀ ਸੰਖਿਆ ਲਗਪਗ 1-ਕਰੋੜ ਦੱਸੀ ਹੈ। ਕੋਵਿਡ-19 ਵੇਲੇ ਪੇਂਡੂ ਆਵਾਮ ਖੁਦ ਦੇ ਆਸਰੇ ਹੀ ਜਿਊਂਦਾ ਰਿਹਾ ਸੀ।

ਕੌਮੀ ਸਿਹਤ ਪ੍ਰੋਫਾਈਲ ਮੁਤਾਬਿਕ ਪੇਂਡੂ ਸਿਹਤ ਸੇਵਾਵਾਂ ਦੀ ਬੁਨਿਆਦੀ ਮੁੱਢਲੀ ਸਿਹਤ ਸੇਵਾਵਾਂ ਕੇਂਦਰ ‘ਤੇ ਟਿਕੀ ਹੁੰਦੀ ਹੈ। ਪਰ ਭਾਰਤ ਅੰਦਰ ਇਹ ਬੁਨਿਆਦੀ ਬਹੁਤ ਕਮਜ਼ੋਰ ਹੈ। ਡਾਕਟਰਾਂ ਦੀਆਂ ਸੇਵਾਵਾਂ ਲਈ ਬਹੁਤ ਘਾਟ ਹੈ। ਭਾਵੇਂ ਕੇਂਦਰ ਸਰਕਾਰ ਨੇ ਈ.ਸੰਜੀਵਨੀ ਮੈਡੀਕਲ ਸੇਵਾ ਲਈ 3-ਕਰੋੜ ਟੈਲੀ ਗਿਣਤੀ ਨੂੰ ਪਾਰ ਕਰ ਲਿਆ ਹੈ। ਆਯੂਸ਼ਮਾਨ ਭਾਰਤ ਯੋਜਨਾ ਅਧੀਨ ਅਤਿ ਗਰੀਬ ਲੋਕਾਂ ਦੀ ਮਾੜੀ ਮੋਟੀ ਸੁਣਵਾਈ ਹੋਈ ਹੈ। ਪਰ ਸਵਾਲ ! ਅੱਜੇ ਇਹ ਖੜਾ ਹੈ ਕਿ ਦੇਸ਼ ਅੰਦਰ ਡਾਕਟਰਾਂ ਦੀ ਘਾਟ ਅਤੇ ਢਾਂਚਾਗਤ ਸਹੂਲਤਾਂ ਨਾ ਮਿਲਣ ਕਾਰਨ ਸਿਹਤ ਸਹੂਲਤਾਂ ਅੰਦਰ ਜੋ ਆਵਾਮ ਨੂੰ ਪ੍ਰੇਸ਼ਾਨੀਆਂ ਦਰਪੇਸ਼ ਹਨ ਉਨ੍ਹਾਂ ਕਿਵੇਂ ਦੂਰ ਕੀਤਾ ਜਾ ਸੱਕੇਗਾ ? ਡਾਕਟਰਾਂ ਦੀ ਘਾਟ ਕਾਰਨ ਪੇਂਡੂ ਲੋਕਾਂ ਨੂੰ ਮਜਬੂਰ ਹੋ ਕੇ ਝੋਲਾ ਸ਼ਾਪ ਡਾਕਟਰਾਂ ਪਾਸ ਇਲਾਜ ਲਈ ਜਾਣਾ ਪੈਂਦਾ ਹੈ। ਇਸ ਕਰਕੇ ਗਰੀਬ ਲੋਕ ਰੋਜ਼ਾਨਾਂ ਲੋੜੀਦੀਆਂ ਤੇ ਫੌਰੀ ਸਿਹਤ ਸਹੂਲਾਂ ਨਾ ਮਿਲਣ ਕਰਕੇ ਦਮ ਤੋੜ ਰਹੇ ਹਨ। ਅੰਕੜੇ ਦੱਸਦੇ ਹਨ ਕਿ ਪਿੰਡਾਂ ਅੰਦਰ ਐਲੋਪੈਥੀ ਡਾਕਟਰਾਂ ਦੀਆਂ ਸਹੂਲਤਾਂ ਤੋਂ ਬਿਨਾਂ ਹੋਮੋਪੈਥੀ ਅਤੇ ਅਯੁਰਵੈਦਿਕ ਸਿਹਤ ਸਹੂਲਤਾਂ ਦੀ ਕਮੀ ਹੈ। ਸਾਡਾ ਮੁੱਖ ਨਿਸ਼ਾਨਾ ਤੇ ਟੀਚਾ ਲੋਕਾਂ ਨੂੰ ਯੋਗ ਸਿਹਤ ਸਹੂਲਤਾਂ ਦੇਣ ਲਈ ਪੇਂਡੂ ਪੱਧਰ ‘ਤੇ ਐਲੋਪੈਥੀ ਦੇ ਨਾਲ-ਨਾਲ ਹੋਮੋਪੈਥੀ ਅਤੇ ਅਯੂਰਵੈਦਿਕ ਸਿਹਤ ਕੇਂਦਰਾਂ ਦੀ ਕਮੀ ਦੂਰ ਕਰਨ ਲਈ ਫੌਰੀ ਕਦਮ ਉਠਾਉਣੇ ਚਾਹੀਦੇ ਹਨ।

ਦੇਸ਼ ਅੰਦਰ ਐਮ.ਬੀ.ਬੀ.ਐਸ. ਡਾਕਟਰਾਂ ਦੀ ਕਮੀ ਦੂਰ ਕਰਨ ਲਈ ਕਮਿਸ਼ਨ ਵਲੋ ਜੋ ਰਿਪੋਰਟਾਂ ਜਾਰੀ ਕੀਤੀਆਂ ਅਤੇ ਸੁਝਾਓ ਦਿਤੇ ਸਨ ਉਸ ਮੁਤਾਬਿਕ ਫੈਮਿਲੀ ਮੈਡੀਸਨ ਡਿਪਲੋਮਾ ਇੰਨ ਜਨਰਲ ਮੈਡੀਸਨ ਅਤੇ ਪੇਂਡੂ ਸਿਹਤ ਸੇਵਾ ਲਈ ਡਿਗਰੀ ਕਰਾਉਣ ਲਈ ਪ੍ਰਬੰਧ ਕਰਨੇ ਚਾਹੀਦੇ ਸਨ। ਪਰ ਪ੍ਰਨਾਲਾ ਉਥੇ ਦਾ ਉਥੇ ਹੀ ਰਿਹਾ ਹੈ। ਜੇਕਰ ਬਿਹਤਰ ਪੈਮਾਨੇ ‘ਤੇ ਡਾਕਟਰਾਂ ਨੂੰ ਤਨਖਾਹ ਅਤੇ ਸਹੂਲਤਾਂ ਦਿੱਤੀਆਂ ਜਾਣ ਤਾਂ ਪੜ੍ਹਾਈ ਬਾਅਦ ਵਿਦੇਸ਼ ਜਾਣ ਵਾਲੇ ਡਾਕਟਰਾਂ ਨੂੰ ਪ੍ਰਵਾਸ ਕਰਨ ਤੋਂ ਰੋਕਿਆ ਜਾ ਸਕਦਾ ਹੈ। ਕੇਂਦਰੀ ਸਿਹਤ ਮੰਤਰਾਲਾ ਪਿਛਲੇ ਕਈ ਸਾਲਾਂ ਤੋਂ ਪੇਂਡੂ ਖੇਤਰਾਂ ‘ਚ ਸਿਹਤ ਸਹੂਲਤਾਂ ਦੇਣ ਦੀਆਂ ਗਲਾਂ ਅਤੇ ਬਿਆਨਬਾਜ਼ੀਆਂ ਤਾਂ ਕਰਦਾ ਆ ਰਿਹਾ ਹੈ, ਪਰ ਅੱਜੇ ਤਕ ਅਮਲ ਵਿੱਚ ਕੋਈ ਉਸਾਰੂ ਕਦਮ ਨਹੀਂ ਚੁੱਕਿਆ ਗਿਆ ਹੈ। ਜਦ ਕਿ ਇਹ ਵੀ ਫਾਰਮੂਲਾ ਹੈ ਕਿ 4-ਸਾਲਾਂ ਦੀ ਐਮ.ਬੀ.ਬੀ.ਐਸ. ਦੀ ਪੜ੍ਹਾਈ ਪੂਰੀ ਕਰਨ ਬਾਦ ਇਕ ਸਾਲ ਦੀ ਪੇਂਡੂ ਖੇਤਰ ‘ਚ ਪ੍ਰੈਕਟਿਸ ਕਰਨੀ ਜਰੂਰੀ ਹੋਏ ਤਾਂ ਉਸ ਦੀ ਤੈਨਾਤੀ ਕਿਉਂ ਨਹੀਂ ਪੇਂਡੂ ਖੇਤਰ ਦੇ ਹਸਪਤਾਲ ਵਿੱਚ ਕੀਤੀ ਜਾਵੇ। ਜਿਥੇ ਉਹ ਆਪਣੀਆਂ ਸੇਵਾਵਾਂ ਦੇ ਸਕੇ ਤੇ ਜਾਰੀ ਰੱਖ ਸਕੇ। ਪਰ ਇਹ ਅਮਲ ਵਿੱਚ ਨਹੀਂ ਆਇਆ ਕਿਉਂਕਿ ਦੇਸ਼ ਦੀ ਹਾਕਮ ਜਮਾਤ ਨੇ ਡਾਕਟਰੀ ਸਿਖਿਆ ਦਾ ਨਿਜੀਕਰਨ ਕਰਕੇ ਇਸ ਕਿਤੇ ਨੂੰ ਕਾਰਪੋਰੇਟੀ ਹੱਬ ਬਣਾ ਕੇ ਸੇਵਾ ਤੇ ਲੋਕ ਭਲਾਈ ਦੀ ਥਾਂ ਮੁਨਾਫ਼ਾ ਕਮਾਊ ਧੰਦਾ ਬਣਾ ਦਿਤਾ ਹੈ।

1991 ਤੋਂ ਦੇਸ਼ ਦੀ ਰਾਜਸਤਾ ‘ਤੇ ਕਾਬਜ਼ ਹਾਕਮ ਜਦੋਂ ਦੇ ਨਵ-ਉਦਾਰੀਵਾਦ ਨੀਤੀਆਂ ਰਾਹੀਂ ਦੇਸ਼ ਨੂੰ ਚਲਾ ਰਹੇ ਹਨ ਤਾਂ ਸਿਹਤ ਸੇਵਾਵਾਂ ਹੁਣ ਲੋਕ ਭਲਾਈ ਦੇ ਖਾਤੇ ਵਿੱਚ ਨਹੀਂ ਆਉਦੀਆਂ ਹਨ। ਨਿਜੀ ਉਸਾਰੇ ਗਏ ਮੈਡੀਕਲ ਕਾਲਜ ਅਤੇ ਸੰਸਥਾਵਾਂ ਹੁਣ ਮੁਨਾਫੇ ਦਾ ਇਕ ਵੱਡਾ ਸੋਮਾ ਬਣ ਗਏ ਹਨ। ਇਨ੍ਹਾਂ ਅਦਾਰਿਆਂ ਤੋਂ ਪਾਸ ਅਤੇ ਕੰਮ ਕਰਦੇ ਡਾਕਟਰ ਵੀ ਆਪਣੀ ਪੂੰਜੀ ਦੀ ਉਸਾਰੀ ਲਈ ਹੀ ਹਰ ਕੰਮ ਕਰਨਗੇ ? ਉਹ ਫਿਰ ਪੇਂਡੂ ਖੇਤਰਾਂ ਅੰਦਰ ਕਿਉਂ ਨੌਕਰੀ ਕਰਨਗੇ ? ਸ਼ੇਖ-ਚਿਲੀ ਵਾਲੇ ਫਾਰਮੂਲੇ ਜੋ ਕੇਂਦਰ ਸਰਕਾਰ ਦੁਆਰਾ ਕਦੀ ਕੋਈ ਅਤੇ ਕਦੀ ਕੋਈ ਬਣਾ ਕੇ ਦੇਸ਼ ਦੀ ਭੋਲੀ-ਭਾਲੀ ਜਨਤਾ ਨੂੰ ਠੱਗਿਆ ਜਾ ਰਿਹਾ ਹੈ, ਬੰਦ ਕਰਕੇ ਲੋਕਾਂ ਦੀ ਭਲਾਈ ਲਈ ਉਸਾਰੂ ਕਦਮ ਪੁੱਟਣੇ ਚਾਹੀਦੇ ਹਨ। ਜਦ ਕਿ ਸੰਵਿਧਾਨ ਅੰਦਰ ਸਿਹਤ ਸਹੂਲਤਾਂ ਤੇ ਹਰ ਭਾਰਤੀ ਦਾ ਹੱਕ ਹੈ ਤਾਂ ਉਸ ਲਈ ਇਲਾਜ, ਦਵਾਈਆਂ ਅਤੇ ਤਾਮੀਰੀ ਲਈ ਵੀ ਸਰਕਾਰ ਜ਼ਿੰਮੇਵਾਰ ਬਣੇ ? ਹਾਕਮਾਂ ਨੇ ਆਜ਼ਾਦੀ ਬਾਦ 75-ਸਾਲਾਂ ਤੋਂ ਵੱਧ ਸਮੇਂ ਤੱਕ ਲੋਕਾਂ ਨੂੰ ਲੁਭਾਉਣੇ ਨਾਹਰੇ ਅਤੇ ਫਾਰਮੂਲੇ ਦੇ ਕੇ ਆਪਣੀ ਤਾਂ ਉਮਰ ਵਧਾ ਲਈ ਹੈ ਪਰ ਆਵਾਮ ਵਿਚਾਰਾ ਬਦ ਤੋਂ ਬਦਤਰ ਅਵੱਸਥਾ ‘ਤੇ ਪੁਚਾ ਦਿੱਤਾ ਗਿਆ ਹੈ।

ਅੱਜ ਲੋਕਾਂ ਨੂੰ ਵੀ ਆਪਣੇ ਹੱਕਾਂ ਪ੍ਰਤੀ ਸੁਚੇਤ ਹੁੰਦੇ ਹੋਏ ਸੰਘਰਸ਼ ਕਰਨੇ ਚਾਹੀਦੇ ਹਨ। ਸਮਾਜਕ ਵਿਵਸਥਾ ਦੀ ਅਜਿਹੀ ਰੂਪਰੇਖਾ ਲਈ ਉਸਾਰੀ ਕਰਨ ਲਈ ਸਮਾਜਕ ਪ੍ਰੀਵਰਤਨ ਵਲ ਵੱਧਣਾ ਪਏਗਾ। ਜਦ ਸੰਵਿਧਾਨ ਮੁਤਾਬਿਕ ਹਰ ਭਾਰਤੀ ਨੂੰ ਸਿਹਤ, ਸਿਖਿਆ ਅਤੇ ਬਰਾਬਰਤਾ ਦਾ ਹੱਕ ਮਿਲਿਆ ਹੋਇਆ ਹੈ ਤਾਂ ਉਸ ਦੀ ਪੂਰਤੀ ਲਈ ਵਿਤਕਰਾ ਕਿਉਂ ਜਾਰੀ ਹੈ ? ਹਾਕਮਾਂ ਨੂੰ ਲਾਜ਼ਮੀ ਸਿਹਤ ਸਹੂਲਤਾਂ ਦੇਦ ਲਈ ਲਾਜ਼ਮੀ ਹੀ ਕਦਮ ਪੁੱਟਣ ਲਈ ਦੁਖਿਆਰੇ ਆਵਾਮ ਨੂੰ ਮਿਲ ਕੇ ਅੱਗੇ ਆਉਣਾ ਹੀ ਪਏਗਾ। ਸਮਾਜਕ ਨਿਆਂ, ਸਹੂਲਤਾਂ ਅਤੇ ਹੱਕ ਲਈ ਸਾਰਿਆਂ ਨੂੰ ਮਿਲ ਕੇ ਇਨ੍ਹਾਂ ਬੇਇਨਸਾਫ਼ੀਆਂ ਵਿਰੁਧ ਸੰਘਰਸ਼ ਦੇ ਝੰਡੇ ਨੂੰ ਬੁਲੰਦ ਕਰਨਾ ਚਾਹੀਦਾ ਹੈ ਇਹ ਹੀ ਮੁਕਤੀ ਵੱਲ ਇਕ ਰਾਹ ਹੋਵੇਗਾ।

ਸਭ ਲਈ ਸਿਹਤ, ਸਿਖਿਆ ਤੇ ਰੁਜ਼ਗਾਰ ਸਾਡਾ ਜਮਹੂਰੀ ਹੱਕ ਹੈ।

91-9217997445 ਜਗਦੀਸ਼ ਸਿੰਘ ਚੋਹਕਾ

001-403-285-4208 ਕੈਲਗਰੀ (ਕੈਨੇਡਾ)

Email-jagdishchohka@gmail.com

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਵਿਰੋਧੀਆਂ ਤੋਂ ਜ਼ਰਿਆ ਨਾ ਜਾਵੇ ‘
Next articleਜਾਅਲੀ ਜਾਤੀ ਸਰਟੀਫਿਕੇਟ ਬਣਾ ਕੇ ਨੌਕਰੀ ਕਰਨ ਵਾਲਿਆਂ ਵਿਰੁੱਧ ਹੋਵੇ ਸਖ਼ਤ ਕਾਰਵਾਈ