ਅੰਬੇਡਕਰੀ ਅੰਦੋਲਨ ਦੇ ਕਾਰਵਾਂ ਨੂੰ ਕੁਰਾਹੇ ਕਿਹਨਾਂ ਪਾਇਆ?
ਅੰਬੇਡਕਰਵਾਦ ਦੇ ਨਾਮ ’ਤੇ ਮਨੂੰਵਾਦ ਕੌਣ ਫੈਲਾਅ ਰਹੇ?
ਐਸ ਐਲ ਵਿਰਦੀ ਐਡਵੋਕੇਟ
(ਸਮਾਜ ਵੀਕਲੀ)- ਅੰਬੇਡਕਰਵਾਦ ਜਾਂ ਅੰਬੇਡਕਰ ਦੇ ਫ਼ਲਸਫ਼ੇ ਨੂੰ ਆਗੂਆਂ ਨੇ ਸਮਝਿਆ ਨਹੀ। ਕੁੱਝ ਫ਼ਿਰਕਾਪ੍ਰੱਸਤ ਲੋਕ ਅੰਬੇਡਕਰ ਦਾ ਮਖੌਟਾ ਪਾ ਕੇ ਮਨੂੰਵਾਦ ਫੈਲਾਅ ਰਹੇ ਹਨ। ਮਨੂੰਵਾਦ ਕੀ ਹੈ? ਪੂੰਜੀਵਾਦ+ਪ੍ਰੋਹਿਤਵਾਦ=ਮਨੂੰਵਾਦ। ਮਨੂੰਵਾਦ ਮਨਮੱਤੀ ਮਨੁੱਖ ਦੇ ਮਨ ਦੀ ਉਹ ਹਉਮੇ ਭਾਵ ਸੋਚ ਹੈ ਜੋ ਦੂਜੇ ਮਨੁੱਖ ਦੀ ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ ਅਤੇ ਸੱਭਿਆਚਾਰਕ ਲੁੱਟ ਕਰਕੇ ਸਾਰੀਆਂ ਸ਼ਕਤੀਆਂ ਨੂੰ ਆਪਣੇ ਹੱਥਾਂ ਵਿੱਚ ਕੇਂਦਰਤ ਕਰਨ ਦੀ ਮਨੋਵਿਰਤੀ ਅਤੇ ਆਪਣੇ ਆਪ ਨੂੰ ਸਭ ਤੋਂ ਸਰੇਸ਼ਟ ਤੇ ਦੂਜਿਆਂ ਨੂੰ ਆਪਣੇ ਤੋਂ ਘਟੀਆ ਸਮਝਦੀ ਹੈ, ਉਹ ਮਨੂੰਵਾਦ ਹੈ। ਅਜਿਹੀ ਸੋਚ ਬੇਸ਼ੱਕ ਕਿਸੇ ਵੀ ਜਾਤ, ਵਰਗ, ਿਗ, ਧਰਮ ਨਾਲ ਸਬੰਧ ਰੱਖਣ ਵਾਲੇ ਵਿਅਕਤੀ ਦੀ ਹੋਵੇ, ਉਹ ਮਨੂੰਵਾਦੀ ਹੀ ਹੈ।
ਮਨੂੰਵਾਦ ਦੀਆਂ ਪੂੰਜੀਵਾਦ ਤੇ ਮਜੂਦਾ ਪੁਜਾਰੀਵਾਦ ਦੋ ਬਾਂਚਾ ਹਨ। ਮਜੂਦਾ ਪੁਜਾਰੀਵਾਦ ਮੇਹਨਤਕਸ਼ ਲੋਕਾਂ ਨੂੰ ਅੰਧ ਵਿਸ਼ਵਾਸ ’ਚ ਬੁੱਧੂ ਬਣਾ ਕੇ, ਆਤਮਾਂ-ਪ੍ਰਮਾਤਮਾ, ਕਰਮਕਾਂਡ-ਕਿਸਮਤ, ਨਰਕ-ਸਵਰਗ, ਛੂਆ-ਛਾਤ, ਜਾਤ-ਪਾਤ, ਮਜ਼ਹਬ-ਫਿਰਕਿਆਂ ’ਚ ਵੰਡ ਕੇ ਰੱਖਦਾ ਹੈ। ਦੂਜਾ ਪੂੰਜੀਵਾਦ-ਦਲਿਤ ਸ਼ੋਸ਼ਿਤ ਮਜ਼ਦੂਰ ਗਰੀਬ ਕਿਸਾਨ ਔਰਤਾਂ ਦੀ ਆਰਥਿਕ, ਸਮਾਜਿਕ, ਧਾਰਮਿਕ, ਸਭਿਆਚਾਰਕ, ਰਾਜਨੀਤਕ ਲੁੱਟ ਕਰਦਾ ਹੈ। ਵੈਸੇ ਪੂੰਜੀਵਾਦ ਅਤੇ ਮਜੂਦਾ ਪੁਜਾਰੀਵਾਦ ਇਕੋ ਹੀ ਥੈਲੀ ਦੇ ਚੱਟੇ ਵੱਟੇ ਹਨ। ਇਹਨਾਂ ਦੇ ਏਕੀਕਰਨ ਨੇ ਅੱਜ ਸਮੁੰੱਚੇ ਸੰਸਾਰ ਨੂੰ ਆਪਣੇ ਕਲਾਵੇ ’ਚ ਜਕੜਿਆ ਹੋਇਆ ਹੈ।
ਸਰਕਾਰਾਂ ਦਲਿਤ ਸ਼ੋਸ਼ਿਤ ਮਜ਼ਦੂਰ ਗਰੀਬ ਕਿਸਾਨ ਔਰਤਾਂ ਦੀਆਂ ਉਪਰੋਕਤ ਸਮੱਸਿਆਵਾਂ ਨੂੰ ਹਲ ਕਰਨ ਲਈ ਇਸ ਕਰਕੇ ਕੋਈ ਧਿਆਨ ਨਹੀ ਦਿੰਦੀਆਂ ਕਿਉਕਿ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਦੇ ਅਖੌਤੀ ਆਗੂਆਂ ਦਾ ਸੰਘਰਸ਼ ਇਹਨਾਂ ਨੂੰ ਅੱਤਿਆਚਾਰਾਂ ਤੇ ਸ਼ੋਸ਼ਣ ਨੂੰ ਬੰਦ ਕਰਵਾ ਕੇ ਇਹਨਾਂ ਨੂੰ ਸਮਾਨਤਾ ਜਾਂ ਸਨਮਾਨ ਦਵਾਉਣਾ ਨਹੀ, ਸਿਰਫ ਫੇਸਬੁੱਕ ਤੇ ਫੋਟੋ, ਮੀਡੀਆ, ਅਖ਼ਬਾਰਾਂ ’ਚ ਖ਼ਬਰ ਲਗਾਉਣਾ ਹੈ ਤਾਂ ਜੋ ਕਿ ਉਹਨਾਂ ਨੂੰ ਰਾਜਨੀਤਕ ਪਾਰਟੀਆਂ ਵਿਚ ਕੋਈ ਅਹੌਦਾ ਜਾਂ ਟਿਕਟ ਦਾ ਗੁਣਾ ਪੈ ਜਾਵੇ। ਜਿਹੜੇ ਗੁਣਾ ਪੁਆ ਕੇ ਮਨੂੰਵਾਦੀ ਪਾਰਟੀਆਂ ਦੇ ਔਹਦੇਦਾਰ, ਐਮ.ਪੀ., ਐਮ.ਐਲ.ਏ, ਮੰਤਰੀ ਬਣ ਵੀ ਜਾਂਦੇ ਹਨ, ਉਹਨਾਂ ਦਲਿਤ ਸ਼ੋਸ਼ਿਤ ਮਜ਼ਦੂਰ ਗਰੀਬ ਕਿਸਾਨ ਔਰਤਾਂ ਦੀਆਂ ਸਮੱਸਿਆਵਾਂ ਦੇ ਸਮਾਧਾਨ ਲਈ ਹੁਣ ਤਕ ਕੀ ਕੀਤਾ ਉਹ ਸਭ ਉਪਰੋਕਤ ਸਮੱਸਿਆਵਾਂ ਨੂੰ ਦੇਖ ਕੇ ਪਤਾ ਚਲ ਹੀ ਜਾਂਦਾ ਹੈ?
ਬਾਰ-ਬਾਰ ਇਹ ਰੱਟ ਲਵਾਉਣਾ ਕਿ ਆਪਣਾ ਪ੍ਧਾਨ ਮੰਤਰੀ, ਆਪਣਾ ਮੁੱਖ ਮੰਤਰੀ ਜਾਂ ਮੰਤਰੀ ਬਣਾਉਣਾ ਵੀ ਕੋਈ ਦਲਿਤ ਸ਼ੋਸ਼ਤ ਮਜ਼ਦੂਰ ਗਰੀਬ ਕਿਸਾਨ ਔਰਤਾਂ ਦੀਆਂ ਸਮੱਸਿਆਵਾਂ ਦਾ ਸਥਾਈ ਹੱਲ ਨਹੀ ਹੈ। ਅਜਿਹਾ ਪੱਤਾ 1977 ਵਿਚ ‘ਬਾਬੂ ਜਗਜੀਵਨ ਰਾਮ’ ਨੂੰ ਪ੍ਧਾਨ ਮੰਤਰੀ, ਸ. ਬੂਟਾ ਸਿੰਘ ਨੂੰ ਹੋਮ ਮਨਿਸਟਰ ਤੇ ਕਈਆਂ ਨੂੰ ਮੁੱਖ ਮੰਤਰੀ ਬਣਾਉਣ ਦੇ ਜ਼ੁਮਲੇ ਨਾਲ ਖੇਲਿਆ ਜਾ ਚੁੱਕਾ ਹੈ। ਇਹਨਾਂ ’ਚ ਅਣਖ ਇੰਨੀ ਕੋ ਹੈ ਫਿਰ ਇਹ ਮਨੂੰਵਾਦੀ ਪਾਰਟੀਆਂ ਦੀ ਰਜ਼ਾ ’ਚ ਰਮ ਜਾਂਦੇ ਹਨ। ਜੇ ਇਹਨਾਂ ਅੰਬੇਡਕਰਵਾਦ ਜਾਂ ਅੰਬੇਡਕਰਵਾਦੀ ਰਾਜਨੀਤੀ ਨੂੰ ਸਮਝਿਆ ਹੁੰਦਾ ਤਾਂ ਇਹ ਦਲਿਤ ਸ਼ੋਸ਼ਤ ਮਜ਼ਦੂਰ ਗਰੀਬ ਕਿਸਾਨ ਔਰਤਾਂ ਦੇ ਹੱਕਾਂ ਲਈ ਸੰਵਿਧਾਨ ਵਿਚ ਦਰਜ ਸਹੂਲਤਾਂ ਨੂੰ ਲਾਗੂ ਕਰਵਾਉਦੇ? ਜੇ ਮਨੂੰਵਾਦੀ ਪਾਰਟੀਆਂ ਦੇ ਪ੍ਰਧਾਨ ਨਾ ਮੰਨਦੇ ਤਾਂ ਇਹ ਡਾ. ਅੰਬੇਡਕਰ ਵਾਂਗ ਅਸਤੀਫ਼ਾ ਦੇ ਕੇ ਅਣਖ ਦਿਖਾਉਦੇ ਤੇ ਇਤਿਹਾਸ ਦੇ ਪਾਤਰ ਬਣਦੇ। ਫਿਰ ਨੀਚੇ ਗਿਰਕੇ ਅਜਿਹੇ ਲੋਕਾਂ ਨੇ ਡਿਪਟੀ ਪ੍ਧਾਨ ਮੰਤਰੀ, ਮੁੱਖ ਮੰਤਰੀ, ਜਾਂ ਮੰਤਰੀ ਬਣਕੇ ਵੀ ਦਲਿਤ ਸ਼ੋਸ਼ਤ ਮਜ਼ਦੂਰ ਗਰੀਬ ਕਿਸਾਨ ਔਰਤਾਂ ਲਈ ਕੀ ਕੀਤਾ ਹੈ? ਬੱਸ! ਖੁਦ ਤੇ ਪਰਿਵਾਰਾਂ ਲਈ ਕਰੋੜਾਂ ਅਰਬਾਂ ਦੀਆਂ ਜਾਇਦਾਦਾ ਬਣਾ ਲਈਆਂ, ਪ੍ੰਤੂ ਭੋਲੇ ਭਾਲੇ ਲੋਕ ਇਹਨਾਂ ਲਈ ਨਾਹਰੇ ਮਾਰਦੇ ਹੀ ਰਹਿ ਗਏ। ਉਹਨਾਂ ਨੂੰ ਦੁਖਮਈ ਲੋਟੂ ਵਿਵਸਥਾ ਤੋਂ ਛੁਟਕਾਰਾ ਨਹੀ ਮਿਲਿਆ। ਸਮਾਜ ਵਿੱਚ ਕੋਈ ਪ੍ੀਵਰਤਨ ਨਹੀ ਆਇਆ? ਬਲਕਿ ਇਹਨਾਂ ਮਜ਼ਬੂਰ ਗੁਲਾਮਾਂ ਦੀ ਸਹਿਮਤੀ ਨਾਲ ਹੀ ਦਲਿਤ, ਸ਼ੋਸ਼ਿਤ, ਮਜਦੂਰ, ਗਰੀਬ ਕਿਸਾਨ ਔਰਤਾਂ ਦੀਆਂ ਸਮੱਸਿਆਵਾਂ ਦਿਨੋ-ਦਿਨ ਹੋਰ ਵੱਧ ਗਈਆਂ ਹਨ।
ਡਾਕਟਰ ਅੰਬੇਡਕਰ ਨੇ ਦਲਿਤ ਸ਼ੋਸ਼ਤ ਮਜ਼ਦੂਰ ਗਰੀਬ ਕਿਸਾਨ ਔਰਤਾਂ ਦੇ ਅਜੰਡੇ ਨੂੰ ਸਮਾਜਿਕ-ਆਰਥਿਕ ਤਬਦੀਲੀ ਦਾ ਪ੍ਰਸ਼ਨ ਬਣਾਉਣ ’ਚ ਅਹਿਮ ਭੂਮਿਕਾ ਨਿਭਾਈ, ਪੰ੍ਰਤੂ ਅੱਜ ਦੇ ਲੋਕਲ ਲੈਵਲ ਦੇ ਆਗੂ ਅੱਤਿਆਚਾਰਾਂ ਦੀ ਹਰ ਘਟਨਾ ਨੂੰ ਜਾਤੀ ਪਾਤੀ ਨਫ਼ਰਤ ਭੜਕਾਉਣ ਲਈ ਵਰਤਦੇ ਹਨ। ਇਹਨਾਂ ਦੀ ਇਹ ਸੌੜੀ ਸਿਆਸਤ ਸਮਾਜ ਵਿੱਚ ਨਫ਼ਰਤ ਘਟਾਉਣ ਦੀ ਬਨਿਸਬਤ ਵਧਾਉਣ ਵਿੱਚ ਭੂਮਿਕਾ ਨਿਭਾ ਰਹੀ ਹੈ। ਇਹ ਮਨੂੰਵਾਦੀ ਪੰੂਜੀਪਤੀ ਆਗੂਆਂ ਦੀਆਂ ਕੁਝ ਬੁਰਕੀਆਂ ’ਤੇ ਆਪਣੀ ਜ਼ਮੀਰ ਵੇਚਣ ਲਈ ਤਿਆਰ ਰਹਿੰਦੇ ਹਨ। ਇਹਨਾਂ ਨੇ ਦਲਿਤ ਸ਼ੇਸ਼ਿਤ ਮਜ਼ਦੂਰ ਗਰੀਬ ਕਿਸਾਨਾਂ ਨੂੰ ਵੇਚੀ-ਖਰੀਦੀ ਜਾਣ ਵਾਲੀ ਇੱਕ ਵਿਕਾਊ ਵਸਤੂ ਬਣਾ ਦਿੱਤਾ ਹੈ। ਭੋਲੀ-ਭਾਲੀ ਜਨਤਾ ਨੂੰ ਮੂਰਖ ਬਣਾਉਣ ਲਈ ਇਹਨਾਂ ਨੇ ਕ੍ਰਾਂਤੀਕਾਰੀ ਮਹਾਂਪੁਰਸ਼ਾਂ ਦੇ ਨਾਮ ਨੂੰ ਕਮਾਈ ਦਾ ਸਾਧਨ ਬਣਾ ਲਿਆ ਹੈ। ਗੁਣਾ ਪੁਆਉਣ ’ਚ ਫੇਲ ਹੋਏ ਆਗੂਆਂ ਦੇ ਛੋਟੇ-ਛੋਟੇ ਅਣਗਿਣਤ ਗਰੁੱਪ, ਸਿਆਸੀ ਬਜ਼ਾਰ ਵਿੱਚ, ਦਲਿਤ ਸ਼ੋਸ਼ਤ ਮਜ਼ਦੂਰ ਗਰੀਬ ਕਿਸਾਨਾਂ ਦੇ ਸੌਦੇ ਕਰਨ ਵਾਲੀਆਂ ਦੁਕਾਨਾਂ ਵਜੋਂ ਕੰਮ ਕਰ ਰਹੇ ਹਨ।
ਰਾਜਨੀਤਕ ਆਗੂ ਤੇ ਅਫਸਰ ਡਾਕਟਰ ਅੰਬੇਡਕਰ ਦੇ ਸਿਧਾਂਤਾਂ ਨੂੰ ਅੱਗੇ ਨਹੀ ਵਧਾ ਰਹੇ, ਉਹਨਾਂ ਦੇ ਜੀਵਨ ਸੰਘਰਸ਼-ਚਰਿਤਰ ਤੋਂ ਸੇਧ ਨਹੀ ਲੈ ਰਹੇ? ਇਸੇ ਲਈ ਉਹਨਾਂ 18 ਮਾਰਚ 1956 ਨੂੰ ਆਗਰਾ ਦੇ ਲਾਲ ਕਿਲਾ ਮੈਦਾਨ ਵਿਚ ਲੱਖਾਂ ਦੀ ਗਿਣਤੀ ਵਿਚ ਇਕੱਠੇ ਹੋਏ ਦਲਿਤ ਸ਼ੋਸ਼ਿਤ ਮਜਦੂਰ ਗਰੀਬ ਕਿਸਾਨ ਔਰਤਾਂ ਦੇ ਆਗੂਆਂ ਨੂੰ ਸੰਬੋਧਨ ਕਰਦਿਆ ਕਿਹਾ ਸੀ-
‘‘ਮੇੈਂ ਤੁੁਹਾਡੇ ਲਈ ਜੋ ਕੁੁਝ ਕੀਤਾ ਹੈ, ਉਹ ਬੇਹੱਦ ਮੁਸੀਬਤਾਂ, ਅਤਿਅੰਤ ਦੁੱਖਾਂ ਅਤੇ ਧਾਕੜ ਵਿਰੋਧੀਆਂ ਦਾ ਮੁਕਾਬਲਾ ਕਰਕੇ ਮਨੁੱਖੀ ਅਧਿਕਾਰਾਂ ਦੇ ਕਾਰਵੇ ਨੂੰ ਮੈਂ ਏਥੇ ਤਕ ਬੜੀ ਮੁਸ਼ਕਲ ਨਾਲ ਲੈ ਕੇ ਆਇਆ ਹਾਂ। ਬੇਸ਼ੱਕ ਰਸਤੇ ਵਿਚ ਕਿੰਨੀਆਂ ਵੀ ਰੁਕਾਵਟਾਂ ਕਿਉਂ ਨਾ ਆਉਣ, ਇਹ ਕਾਰਵਾਂ ਅੱਗੇ ਤੋਂ ਅੱਗੇ ਵਧਦਾ ਜਾਣਾ ਚਾਹੀਦਾ ਹੈ, ਇਹ ਤੁੁਹਾਡਾ ਪਰਮ ਕਰਤੱਵ ਹੈ। ਜੇਕਰ ਤੁੁਸੀਂ ਇਸ ਕਾਰਵੇਂ ਨੂੰ ਅੱਗੇ ਨਾ ਵਧਾ ਸਕੇ ਤਾਂ ਇਸ ਨੂੰ ਇਥੇ ਹੀ ਛੱਡ ਦੇਣਾ, ਪਰ ਕਿਸੇ ਵੀ ਹਾਲਤ ਵਿਚ ਇਸ ਨੂੰ ਪਿੱਛੇ ਨਾ ਜਾਣ ਦੇਣਾ। ਆਪ ਸਭ ਲੋਕਾਂ ਨੂੰ ਮੇਰਾ ਇਹੀ ਸੰਦੇਸ਼ ਹੈ!’’
ਡਾਕਟਰ ਅੰਬੇਡਕਰ ਦੇ ਕਾਰਵਾਂ ਦੀ ਹਾਲਤ ਜੋ ਅੱਜ ਨਜ਼ਰ ਆਉਦੀ ਹੈ ਉਹ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ। ਲੀਡਰ ਲੋਕ ਲੱਖ ਕਹਿਣ, ਬੇਸ਼ੁਮਾਰ ਦਲੀਲਾਂ ਦਾਵਏ ਪੇਸ਼ ਕਰਨ, ਡਾ. ਅੰਬੇਡਕਰ ਦੀ ਜੈ ਜੈ ਕਾਰ ਕਰਨ, ਪ੍ਰੰਤੂ ਕਾਰਵਾਂ ਅੱਗੇ ਨਹੀ ਵੱਧ ਸਕਿਆ ਜਿੱਥੇ ਉਹ ਪਹੁੰਚਾਉਣਾ ਚਾਹੁੰਦੇ ਸਨ। ਦੁੱਖ ਦੀ ਗੱਲ ਤਾਂ ਇਹ ਹੈ ਕਿ ਕਾਰਵਾਂ ਨੂੰ ਅੱਗੇ ਲੈ ਕੇ ਜਾਣ ਦੀ ਜਿਹਨਾਂ ’ਤੇ ਜੁੰਮੇਵਾਰੀ ਹੈ, ਉਹ ਸਭ ਆਗੂ ਆਪਸ ਵਿੱਚ ਇਸ ਤਰ੍ਹਾਂ ਲੜ ਰਹੇ ਹਨ ਕਿ ਦੁਸ਼ਮਣ ਵੀ ਉੱਦਾ ਨਹੀਂ ਲੜਦੇ। ਦੁਸ਼ਮਣਾਂ ਦੇ ਵੀ ਲੜਾਈ ਪ੍ਰਤੀ ਕੁੱਝ ਨਿਯਮ ਹੁੰਦੇ ਹਨ। ਪਰ ਇਹਨਾਂ ਨੇ ਸਭ ਅਸੂਲ ਛਿੱਕੇ ਟੰਗੇ ਹੋਏ ਹਨ। ਲੋਕਹਿੱਤ ਲਈ, ਘੋਰ ਤੋਂ ਘੋਰ ਦੁਸ਼ਮਣ ਵੀ ਘੱਟ ਤੋਂ ਘੱਟ ਮੁੱਦਿਆਂ ਤੇ ਇਕੱਠੇ ਜਾਂਦੇ ਹਨ। ਦੋ ਦੋ ਦਰਜਨ ਪਾਰਟੀਆਂ ਦਾ ਮਿਲ ਗੋਭਾ ਯੂ.ਪੀ.ਏ, ਐਨ.ਡੀ.ਏ ਸਾਹਮਣੇ ਹਨ, ਫਿਰ ਵੀ ਆਗੂਆਂ ਤੇ ਇਹਨਾਂ ਦੇ ਦਰਜਨਾਂ ਸੰਗਠਨਾਂ ਨੂੰ ਮੱਤ ਨਹੀ ਆ ਰਹੀ। ਇਹਨਾਂ ਕੋਈ ਸਾਂਝਾ ਸੰਗਠਨ ਤਾਂ ਕੀ ਬਣਾਉਣਾ ਇਹਨਾਂ ਨੇ ਤਾਂ ਆਪਸੀ ਜਾਨੀ ਦੁਸ਼ਮਣੀ ਪਾਈ ਹੋਈ ਹੈ। ਕੋਈ ਵੀ ਨੇਤਾ-ਸੰਗਠਨ ਦੁੱਖੀ ਪੀੜਤ ਤੇ ਮੇਹਨਤਕਸ਼ ਲੋਕਾਂ ਲਈ ਕੁੱਝ ਨਹੀ ਕਰ ਰਿਹਾ? ਸਿਰਫ ਆਪਣੇ ਆਪ ਨੂੰ ਡਾਕਟਰ ਅੰਬੇਡਕਰ ਦਾ ਸੱਚਾ ਅਨੁਆਈ ਸਾਬਤ ਕਰਨ ਲਈ ਹੀ ਆਪਣੀ ਸਾਰੀ ਪੂੰਜੀ ਅਤੇ ਸ਼ਕਤੀ ਨਸ਼ਟ ਕਰੀ ਜਾ ਰਿਹਾ ਹੈ।
ਸਮੇਂ ਸਮੇਂ ’ਤੇ ਡਾਕਟਰ ਅੰਬੇਡਕਰ ਦੇ ਜਨਮ ਤੇ ਨਿਰਵਾਣ ਦਿਨ ਮਨਾਉਣ, ਉਹਨਾਂ ਦੇ ਬੁੱਤਾਂ ’ਤੇ ਜਾ ਕੇ ਫੁੱਲਮਾਲਾ ਪਾਕੇ, ਫੋਟੋ ਖਿਚਵਾਕੇ, ਫੇਸਬੁੱਕ ’ਤੇ ਪਾਉਣ, ਅਖਬਾਰਾਂ ਵਿਚ ਖਬਰ ਲਗਵਾਉਣ ਨੂੰ ਹੀ ਇਹਨਾਂ ਨੇ ‘ਅੰਬੇਡਕਰਵਾਦੀ ਇਨਕਲਾਬ’ ਸਮਝ ਲਿਆ ਹੈ। ਦੇਖੋ-ਦੇਖੀ ਹਾਕਮ ਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਵੀ ਡਾਕਟਰ ਅੰਬੇਡਕਰ ਦੇ ਜਨਮ ਤੇ ਨਿਰਵਾਣ ਦਿਨ ਮਨਾਉਣ ਨੂੰ ‘ਦਲਿਤਾਂ ਲਈ ਅਫ਼ੀਮ’ ਦੇ ਤੌਰ ’ਤੇ ਵਰਤਣਾ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਦਲਿਤ ਸ਼ੋਸ਼ਿਤ ਮਜ਼ਦੂਰ ਗਰੀਬ ਕਿਸਾਨ ਔਰਤਾਂ ਉਹਨਾਂ ਦੇ ਮਦਹੋਸ਼ ਵੋਟਰ ਬਣੇ ਰਹਿਣ। ਕਿਉਕਿ ਇਹਨਾਂ ਪੂੰਜੀਪਤੀ ਮਨੂੰਵਾਦੀ ਪਾਰਟੀਆਂ ਨੂੰ ਡਾ. ਅੰਬੇਡਕਰ ਦੇ ਸਮਾਜਵਾਦ ਜਾਂ ਦਲਿਤ, ਸ਼ੋਸ਼ਿਤ, ਮਜਦੂਰ, ਗਰੀਬ ਕਿਸਾਨ ਔਰਤਾਂ ਦੀਆਂ ਮਜ਼ੂਦਾ ਸਮੱਸਿਆਵਾਂ ਨੂੰ ਸਲਿਝਾਉਣ ਨਾਲ ਤਾਂ ਕੋਈ ਸਰੋਕਾਰ ਨਹੀ? ਸਿਰਫ਼ ਇਹਨਾਂ ਦੀਆਂ ਵੋਟਾਂ ਵਟੋਰਨ ਨਾਲ ਹੈ।
ਡਾਕਟਰ ਅੰਬੇਡਕਰ ਕਹਿੰਦੇ ਸਫਲਤਾ ਪ੍ਰਾਪਤ ਕਰਨ ਲਈ ਸੰਗਠਨ ਤੇ ਆਗੂਆਂ ਦੀ ਲੋੜ ਹੁੰਦੀ ਹੈ। ਆਗੂ ਜਿੰਨਾ ਨਿਰਸਵਾਰਥ, ਨਿਸ਼ਕਾਮ ਅਤੇ ਸਦਾਚਾਰੀ ਕਦਰਾਂ ਕੀਮਤਾਂ ਨਾਲ ਲੈਸ ਹੋਵੇਗਾ, ਸੰਗਠਨ ਉਨਾ ਹੀ ਸ਼ਕਤੀਸ਼ਾਲੀ ਅਤੇ ਡਿਸਿਪਲਿਨਡ ਹੋਵੇਗਾ। ਤਦ ਉਸ ਨੂੰ ਸਫਲਤਾ ਵੀ ਅਵੱਸ ਮਿਲੇਗੀ। ਦੁੱਖ ਦੀ ਗੱਲ ਤਾਂ ਇਹ ਹੈ ਕਿ ਇੱਕ ਵਾਰ ਜੋ ਸੰਗਠਨ ਦਾ ਆਗੂ ਬਣ ਗਿਆ, ਫਿਰ ਉਸ ਮਨੂੰਵਾਦੀਆਂ ਵਾਂਗ ‘ਅਵਤਾਰਵਾਦ’ ਦਾ ਰੂਪ ਧਾਰਨ ਕਰ ਲਿਆ। ਦੂਸਰੇ ਕਿਸੇ ਦੇ ਆਗੂ ਬਣਨ ਦੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ। ਨਿੱਜੀ ਸਵਾਰਥ, ਮੌਕਾਪ੍ਰਸਤੀ, ਬੇਈਮਾਨੀ, ਸ਼ਾਮ ਦਾਮ ਭੇਦ ਦੰਡ ਮਨੂੰਵਾਦੀ ਹਥਿਆਰ ਚਲਾਉਣੇ ਸ਼ੁਰੂ ਕਰ ਦਿੱਤੇ। ਛੋਟੇ ਆਗੂਆਂ ਨੇ ‘ਅਵਤਾਰਵਾਦੀ’ ਨੇਤਾਵਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਉਸ ਡਿਕਟੇਟਰ ਬਣਕੇ ਮਨ ਦੀਆ ਚਲਾਉਣੀਆ ਸ਼ੁਰੂ ਕਰ ਦਿੱਤੀਆ। ਮਨੂੰਵਾਦ ਤੇ ਪੂੰਜੀਵਾਦ! ਜਿਸ ਦੇ ਖਤਮੇ ਲਈ ਘਰੋਂ ਨਿਕਲੇ ਸੀ, ਆਪ ਵੀ ਮਨੂੰਵਾਦੀ ਪਾਰਟੀਆਂ ਦੇ ਆਗੂਆਂ ਦੇ ‘ਮਜ਼ਬੂਰ ਗੁਲਾਮ’ ਬਣਕੇ, ਉਹਨਾਂ ਦੇ ਪੱਦ ਚਿੰਨਾਂ ’ਤੇ ਚਲ ਪਏ, ਫਿਰ ਪਾਰਟੀ ਕੇਡਰ ਨੂੰ ਵੀ ਉਹਨਾਂ ਦੇ ‘ਮਜ਼ਬੂਰ ਗੁਲਾਮ’ ਬਣਾ ਦਿੱਤਾ। ਮਨੂੰਵਾਦੀ ਪਾਰਟੀਆਂ ਨੇ ਵੀ ਉੁਹਨਾਂ ’ਤੇ ਵੀ ਸ਼ਾਮ ਦਾਮ ਭੇਦ ਦੰਡ ਦੇ ਹਥਿਆਰ ਚਲਾਉਣੇ ਸ਼ੁਰੂ ਕਰ ਦਿੱਤੇ ਤਾਂ ਸਿੱਟੇ ਵਜੋਂ ਸੰਗਠਨ/ਪਾਰਟੀ ਅੱਗੇ ਤੋਂ ਅੱਗੇ ਟੁੱਟਦਾ ਗਿਆ ਤਾਂ ਅੰਬੇਡਕਰੀ ਅੰਦੋਲਨ ਕੁਰਾਹੇ ਪੈਂਦਾ ਗਿਆ।
ਐਸ ਐਲ ਵਿਰਦੀ ਐਡਵੋਕੇਟ
ਸਿਵਲ ਕੋਰਟਸ, ਫਗਵਾੜਾ (ਪੰਜਾਬ)
ਮੋ. 98145 17499