ਅੰਮ੍ਰਿਤਸਰ: ਸੈਂਕੜੇ ਟਰੈਕਟਰ ਟਰਾਲੀਆਂ ਨਾਲ ਕਿਸਾਨਾਂ ਦਾ ਕਾਫ਼ਲਾ ਦਿੱਲੀ ਰਵਾਨਾ

ਅੰਮ੍ਰਿਤਸਰ (ਸਮਾਜ ਵੀਕਲੀ): ਜੈ ਜਵਾਨ ਅਤੇ ਜੈ ਕਿਸਾਨ ਦੇ ਨਾਅਰਿਆਂ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਵੱਡਾ ਕਾਫਲਾ ਅੱਜ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣ ਲਈ ਇਥੋਂ ਦੇ ਗੋਲਡਨ ਗੇਟ ਤੋਂ ਰਵਾਨਾ ਹੋਇਆ। ਸੈਂਕੜੇ ਟਰੈਕਟਰ-ਟਰਾਲੀਆਂ ਦੇ ਕਾਫਲੇ ਨੂੰ ਦਿੱਲੀ ਵਾਸਤੇ ਰਵਾਨਾ ਕਰਨ ਸਮੇਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਆਖਿਆ ਕਿ ਜਿਨ੍ਹਾਂ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਉਥੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਭਾਜਪਾ ਉਮੀਦਵਾਰਾਂ ਦਾ ਬਾਈਕਾਟ ਕੀਤਾ ਜਾ ਸਕੇ।

ਉਨ੍ਹਾਂ ਆਖਿਆ ਕਿ ਜਦੋਂ ਤੱਕ ਇਹ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਕਿਸਾਨ ਸੰਘਰਸ਼ ਜਾਰੀ ਰਹੇਗਾ। ਜੇਲ੍ਹਾਂ ਵਿੱਚ ਬੰਦ ਕਿਸਾਨਾਂ ਬਾਰੇ ਉਨ੍ਹਾਂ ਆਖਿਆ ਕਿ ਸਾਰੇ ਕਿਸਾਨਾਂ ਦੀ ਰਿਹਾਈ ਕਰਵਾਈ ਜਾਵੇਗੀ ਅਤੇ ਦਰਜ ਕੀਤੇ ਝੂਠੇ ਕੇਸ ਰੱਦ ਕਰਵਾਏ ਜਾਣਗੇ। ਇਥੋਂ ਰਵਾਨਾ ਹੋਏ ਇਸ ਕਾਫ਼ਲੇ ਵਿਚ ਜੰਡਿਆਲਾ ਬਿਆਸ ਤੇ ਹੋਰ ਥਾਵਾਂ ਤੋਂ ਵੀ ਕਿਸਾਨ ਸ਼ਾਮਲ ਹੋਣਗੇ। ਇਸ ਮੌਕੇ ਸਾਬਕਾ ਫੌਜੀਆਂ ਵੱਲੋਂ ਕਿਸਾਨਾਂ ਨੂੰ ਪੱਖੇ ਵੀ ਦਿੱਤੇ ਗਏ ਹਨ ਤਾਂ ਜੋ ਗਰਮੀ ਕਿਸਾਨ ਆਪਣਾ ਬਚਾਅ ਕਰ ਸਕਣ ਅਤੇ ਸੰਘਰਸ਼ ਨੂੰ ਜਾਰੀ ਰੱਖਣ। ਕਿਸਾਨ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਗਈਆਂ ਟਰਾਲੀਆਂ ਨੂੰ ਵੀ ਵਿਸ਼ੇਸ਼ ਤੌਰ ’ਤੇ ਤਿਆਰ ਕਰਵਾਇਆ ਗਿਆ ਹੈ, ਜਿਨ੍ਹਾਂ ਦੇ ਆਲੇ ਦੁਆਲੇ ਜਾਲੀ ਲੱਗੀ ਹੈ ਤਾਂ ਜੋ ਮੱਖੀ-ਮੱਛਰ ਤੋਂ ਬਚਾਅ ਹੋ ਸਕੇ। ਇਨ੍ਹਾਂ ਅੰਦਰ ਪੱਖੇ ਲਾਏ ਗਏ ਹਨ, ਪਾਣੀ ਅਤੇ ਬਿਜਲੀ ਦੇ ਬੱਲਬਾਂ ਦਾ ਪ੍ਰਬੰਧ ਵੀ ਕੀਤਾ ਗਿਆ।

Previous articleਭਾਰਤ ਨੇਪਾਲ ਸਰਹੱਦ: ਨੇਪਾਲੀ ਪੁਲੀਸ ਦੀ ਗੋਲੀ ਨਾਲ ਭਾਰਤ ਦੇ ਨਾਗਰਿਕ ਦੀ ਮੌਤ
Next articleਵਿਜੀਲੈਂਸ ਨੂੰ ਥਾਣੇਦਾਰ ਦੇ ਘਰ ਦੀ ਤਲਾਸ਼ੀ ਦੌਰਾਨ ਸ਼ਰਾਬ ਦੀਆਂ ਪੇਟੀਆਂ ਤੇ ਡੋਡੇ ਮਿਲੇ