*ਅਮੀਰ ਕੌਣ ?*

(ਸਮਾਜ ਵੀਕਲੀ)

“ਹੈਲੋ ਭਾਜੀ” ਪਬਲਿਕ ਕਾਰ ਬਜ਼ਾਰ ਤੋਂ ਬੋਲਦੇ ਹੋ।

“ਹਾਂ ਜੀ” ਪਰ ਤੁਸੀਂ ਕੌਣ ਬੋਲਦੇ ਹੋ ਜੀ।

ਭਾਜੀ, ਮੈਂ ਈਲਵਾਲ ਤੋਂ ਲੱਖੀ ਬੋਲਦਾ ਹਾਂ।

“ਪਛਾਣਿਆ ਨਹੀਂ” ਮੈਂ ਅੱਗਿਓਂ ਕਿਹਾ।

ਭਾਜੀ, ਮੈਂ ਪਿਛਲੇ ਮਹੀਨੇ ਤੁਹਾਡੇ ਕੋਲੋਂ ਟੌਪ ਮਾਡਲ ਵਰਨਾ ਕਾਰ ਲੈਕੇ ਗਿਆ ਸੀ।

” ਹਾਂ ਹਾਂ ” ਯਾਦ ਆਇਆ, ਹੋਰ ਸੁਣਾਓ ਕੀ ਹਾਲ ਚਾਲ ਜੇ।

ਬਸ ਚੜ੍ਹਦੀ ਕਲਾ ਜੀ।

ਦੱਸੋ ਫ਼ੇਰ, ਕਾਰ ਵਿੱਚ ਕੋਈ ਕਮੀ ਪੇਸ਼ੀ ਹੈ ਜੀ ਜੋ ਯਾਦ ਕੀਤਾ ਜੇ।

ਨਹੀਂ ਜੀ ਨਹੀਂ, ਕਾਰ ਬਹੁਤ ਵਧੀਆ ਚਲਦੀ ਹੈ ਕੋਈ ਕਮੀ ਨਹੀਂ, ਮੈਂ ਤਾਂ ਐਂ ਯਾਦ ਕੀਤਾ ਸੀ ਕਿ ਮੇਰੇ ਭਤੀਜੇ ਨੇ ਵੀ ਗੱਡੀ ਲੈਣੀ ਹੈ, ਕਲ੍ਹ ਨੂੰ ਅਸੀਂ ਆਵਾਂਗੇ, ਮੇਰਾ ਕੋਈ ਚਾਹ ਪਾਣੀ ਵਿੱਚ ਰੱਖ ਲਿਓ ?

ਹਾਲੇ ਲੱਖੀ ਦੀ ਪੂਰੀ ਗੱਲ ਖਤਮ ਨਹੀਂ ਸੀ ਹੋਈ ਕਿ ਵਿੱਚ ਦੂਸਰੇ ਫੋਨ ਦੀ ਟੀਂ ਟੀਂ ਹੋਣ ਲੱਗ ਗਈ, ” ਮੈਂ ਚੰਗਾ ਜੀ” ਕਹਿਕੇ ਫੋਨ ਕੱਟ ਦਿੱਤਾ।

ਅਤੇ ਦੂਸਰਾ ਫੋਨ ਰਿਸੀਵ ਕਰ ਲਿਆ।

ਹਾਂ ਜੀ ਭਾਜੀ, ਸਤਿ ਸ੍ਰੀ ਅਕਾਲ ਜੀ, ਅੱਗਿਓਂ ਆਵਾਜ਼ ਆਈ।

ਸਤਿ ਸ੍ਰੀ ਅਕਾਲ ਜੀ, ਹੋਰ ਸੁਣਾ ਭੋਲਿਆ ਕੀਹ ਹਾਲ ਚਾਲ ਜੇ। ਦਿਹਾੜੀ ਦੱਪਾ ਵਧੀਆ ਲੱਗੀ ਜਾਂਦਾ।

ਹਾਂ ਭਾਜੀ, ਵਾਹਿਗੁਰੂ ਜੀ ਦੀ ਕਿਰਪਾ ਨਾਲ ਵਧੀਆ ਤੋਰੀ ਫੁਲਕਾ ਚੱਲੀ ਜਾਂਦਾ ਹੈ।

ਫ਼ੇਰ ਭੋਲਿਆ, ਕਿਵੇਂ ਫੋਨ ਕੀਤਾ, ਮੈਂ ਅੱਗਿਓਂ ਪੁੱਛਿਆ।

ਭਾਜੀ, ਮੇਰੇ ਇੱਕ ਪਛਾਣ ਵਾਲੇ ਨੇ ਸਸਤਾ ਜਿਹਾ ਮੋਟਰਸਾਇਕਲ ਲੈਣਾ ਹੈ, ਕਲ੍ਹ ਨੂੰ ਅਸੀਂ ਆਵਾਂਗੇ, ਭਾਜੀ, ਬੰਦਾ ਬੜੇ ਰੱਬ ਦੇ ਨਾਂ ਵਾਲਾ ਹੈ, ਬਿਲਕੁਲ ਵਾਜ਼ਿਬ ਕੀਮਤ ਵਿੱਚ ਦੇ ਦਿਓ, ਭੋਲੇ ਨੇ ਮਿੰਨਤ ਭਰੇ ਲਹਿਜੇ ਨਾਲ ਕਿਹਾ।

ਮੈਂ ਅੱਗਿਓਂ ਕਿਹਾ, ਕੋਈ ਗੱਲ ਨਹੀਂ ਭੋਲਿਆ, ਆ ਜਾਇਓ ਬੇ ਫ਼ਿਕਰ ਹੋ ਕੇ, ਜਿੰਨੇ ਦਾ ਖਰੀਦਿਆ ਹੈ ਓਨੇਂ ਦਾ ਹੀ ਦੇ ਦੇਵਾਂਗੇ, ਜੇ ਇੱਕ ਤੋਂ ਨਾ ਕਮਾਵਾਂਗੇ, ਕਿਹੜਾ ਪਹਾੜ ਢਹਿਜੂ ।

ਤੇ ਭੋਲੇ ਨੇ ਖੁਸ਼ੀ ਵਿੱਚ ਬਾਗ਼ੋ ਬਾਗ਼ ਹੁੰਦਿਆਂ, ਚੰਗਾ ਫ਼ਿਰ ਜਿਉਂਦੇ ਰਹੋ ਕਹਿਕੇ ਫੋਨ ਕੱਟ ਦਿੱਤਾ।

ਹੁਣ ਮੈਂ ਇਹ ਸੋਚ ਰਿਹਾ ਸੀ ਕਿ ਭਤੀਜੇ ਦੇ ਸੌਦੇ ਵਿੱਚੋਂ ਦਲਾਲੀ ਮੰਗਣ ਵਾਲਾ ਲੱਖੀ ਅਮੀਰ ਹੈ ? ਜਾਂ ਫ਼ਿਰ ਕਿਸੇ ਬੇਗਾਨੇ ਲਈ ਮਿੰਨਤ ਦਾਰੀ ਕਰਨ ਵਾਲਾ ਭੋਲਾ …….?

ਭੁਪਿੰਦਰ ਸਿੰਘ ਬੋਪਾਰਾਏ, ਸੰਗਰੂਰ।
ਸੰਪਰਕ : 97797-91442

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੇਰੇ ਸਾਹਾਂ ਵਿੱਚ
Next articleਸੋਚਾਂ ਸੋਚਾ ਮੈਂ