(ਸਮਾਜ ਵੀਕਲੀ)
ਇਹ ਬੀਬੀਆਂ ਕੌਣ ਨੇ!
ਕਿਥੋਂ ਆਈਆਂ ..ਕਿਹਦੇ ਲਈ ਆਈਆਂ !!
ਕੁੜੀਆਂ ਹਮੇਸ਼ਾਂ ਚਿੜੀਆਂ ਨਹੀਂ ਹੁੰਦੀਆਂ..ਜੇ ਹੁੰਦੀਆਂ ਵੀ ਨੇ ਤਾਂ ਇਹਦਾ ਅਰਥ ਇਹ ਨਹੀਂ ਕਿ ਜਦ ਜੀ ਚਾਹੇ ਬਾਜ਼ ਇਹਨਾਂ ਚਿੜੀਆਂ ਨੂੰ ਨੋਚ ਲੈਣ..ਇਹ ਬਾਜ਼ ਨੂੰ ਘੇਰਨਾ ਵੀ ਜਾਣਦੀਆਂ ਨੇ..ਅੱਜ ਕੁੜੀਆਂ ਘੇਰਾ ਪਾਇਆ..ਗਿਣਤੀ ਮਸਾਂ ਸੱਤ..ਫਿਰ ਗਿਣਤੀ ਵਧੀ..ਕੁੜੀਆਂ ਨਾਲ ਮੁੰਡੇ ਵੀ ਆ ਜੁੜੇ ..ਫਿਰ ਬਾਪੂ ਤਾਊ ਚਾਚੇ ਭਰਾ ਦੋਸਤ ਵੀ ਮੁੱਕਾ ਲਹਿਰਾ ਕੇ ਆ ਖੜ੍ਹੇ…ਪਰ ਖੂੰਖਾਰ ਬਾਜ਼ ਦੇ ਮੂੰਹ ਲਹੂ ਲਗਾ ਹੋਇਆ ..ਬੇਸ਼ਰਮੀ ‘ਚ ਲਲਕਾਰ ਰਿਹੈ..ਐਹੋ ਜਿਹੇ ਵਕਤ ਇਮਤਿਹਾਨ ਸੀ ਇਨਸਾਨੀਅਤ ਦਾ..ਸੰਘਰਸ਼ਸ਼ੀਲ ਲੋਕਾਂ ਦਾ..ਸੱਤਾ ਨੂੰ ਵੰਗਾਰਦੇ ਘੁਲਾਟੀਆਂ ਦਾ..!.ਤੇ ਇਮਤਿਹਾਨ ‘ਚ ਓਹੀ ਬਹਿੰਦਾ ਜਿਹਦੇ ਮਨ ‘ਚ ਫੇਲ ਹੋਣ ਦਾ ਭੈਅ ਨਹੀਂ ਹੁੰਦਾ !
ਇਹ ਜੋ ਪੀਲ਼ੀਆਂ ਚੁੰਨੀਆਂ ਵਾਲ਼ੀਆਂ ਦਿੱਲੀ ਦੇ ਬਾਰਡਰ ‘ਤੇ ਲਲਕਾਰੀਆਂ, ਇਹ ਕੌਣ ਨੇ!…ਇਹ ਕੀ ਲਗਦੀਆਂ ਸਾਕਸ਼ੀ ਸੰਗੀਤਾ ਵਿਨੇਸ਼ ਦੀਆਂ !…ਇਹਨਾਂ ਦਾ ਕੀ ਰਿਸ਼ਤਾ ਉਸ ਨਬਾਲਿਗ ਕੁੜੀ ਨਾਲ ,ਜਿਸਨੂੰ ਬ੍ਰਿਜ ਭੂਸ਼ਨ ਨਿਗਲ ਜਾਣਾ ਚਾਹੁੰਦੈ!..ਇਹ ਕਿਉਂ ਗਈਆਂ ..ਨਾ ਧਰਮ ਦੀ ਸਾਂਝ ..ਨਾ ਕੌਮ ਦੀ..ਨਾ ਜ਼ਾਤ ਦੀ..ਨਾ ਨਸਲ ਦੀ…ਅੱਜ ਕੁੱਲ ਸੰਸਾਰ ਦੇਖ ਰਿਹੈ ਕਿ ਬਾਬਾ ਨਾਨਕ ਦਾ ਨਾਮ ਲੈਣ ਵਾਲ਼ੀਆਂ ਇਹ ਸਰਬੱਤ ਦੇ ਭਲੇ ਦੀ ਅਰਦਾਸ ‘ਚ ਖੜ੍ਹੀਆਂ ਬੀਬੀਆਂ ਪੰਜਾਬ ਪੰਜਾਬੀ ਪੰਜਾਬੀਅਤ ਦੇ ਮੱਥੇ ‘ਤੇ ਸੁਨਹਿਰੀ ਕਲਗੀ ਜੜ ਕੇ ਆਈਆਂ ਨੇ..ਸ਼ਹੀਦ ਭਗਤ ਸਿੰਘ ਦੀਆਂ ਵਾਰਿਸ ਇਹ ਬੀਬੀਆਂ ਹੰਕਾਰੀ ਸੱਤਾ ਦੇ ਮਹਿਲ ਵਲ ਇਦਾਂ ਵਧੀਆਂ ਨੇ ਜਿਦਾਂ ਗੁਰੂ ਤੇਗ ਬਹਾਦਰ ਮਕਤਲ ਵਲ ਗਏ ਸੀ..ਇਹ ਨੇ ਬੀਬੀ ਭਾਗੋ ਦੀਆਂ ਵਾਰਿਸ ਸ਼ੀਹਣੀਆਂ..ਇਹ ਨੇ ਸਰਾਭੇ ਦੀਆਂ ਭੈਣਾਂ !
ਇਹ ਉਹ ਨੇ ਜਿਹਨਾਂ ਬਾਰੇ ਸਾਡੇ ਅਜੋਕੇ ਰਹਿਬਰ ਸਿਰ ਢਕਣ ਤੇ ਮੂੰਹ ਨਾ ਦਿਖਾਉਣ ਦਾ ਫਰਮਾਨ ਜਾਰੀ ਕਰਦੇ ਨੇ..ਪਰ ਇਹ ਬੀਬੀਆਂ ਵੰਗਾਰ ਕੇ ਆਈਆਂ ,”.ਦੇਖ ਲੈ ਸਾਡਾ ਚਿਹਰਾ..ਏਸ ਚਿਹਰੇ ‘ਤੇ ਭਰੋਸਾ ਲਿਖਿਆ ..ਸਵੈ ਵਿਸ਼ਵਾਸ ਉਕਰਿਆ..ਮੂੰਹ ਅਸੀਂ ਕਿਉਂ ਢਕੀਏ..ਤੇਰਾ ਚਿਹਰਾ ਨੰਗਾ ਕਰਨ ਆਈਆਂ ਜੋ ਢਕੇ ਚਿਹਰਿਆਂ ਨੂੰ ਨੋੰਚਣਾ ਚਾਹੁਨੈ!..ਇਹ ਸਿਰ ਢਕੇ ਨੇ ਜਾਂ ਨੰਗੇ,ਇਹ ਸਿਰ ਨੇ..ਜਾਗਦੇ ਸਿਰ..ਤੇਰਾ ਤਖਤ ਹਿਲਾਉਣ ਆਏ ਨੇ!”
ਬੀਬੀਆਂ ਦਾ ਮੋਰਚੇ ‘ਤੇ ਜਾਣੈ ਆਮ ਗੱਲ ਨਹੀਂ ..ਅੱਜ ਤਕ ਚੁੱਲੇ ਚੌੰਕੇ ਤੇ ਬਿਸਤਰ ਦਾ ਹੀ ਸ਼ਿੰਗਾਰ ਰਹੀਆਂ ..ਬੰਦਾ ਤਾਂ ਮੁਢਲੇ ਤੌਰ ‘ਤੇ ਬਾਹਰ ਹੀ ਐ..ਪਰ ਜਦ ਬੀਬੀ ਭਾਗੋ ਬਾਹਰ ਨਿਕਲੀ ਸੀ ਤਾਂ ਸਦੀਆਂ ਤੋਂ ਜੰਮੀਆਂ ਤਹਿਆਂ ਖੁਰੀਆਂ ਸੀ..ਜਦ ਬੀਬੀ ਗੁਲਾਬ ਕੌਰ ਨੇ ਪਤੀ ਨੂੰ ਵੰਗਾਰਿਆ ਸੀ ਤੇ ਗਦਰ ਦਾ ਹਿੱਸਾ ਬਣੀ ਸੀ ਤਾਂ ਲੀਹ ਸੁਰਖ ਹੋਈ ਸੀ..ਅੱਜ ਇਹ ਬੀਬੀਆਂ ਇਕ ਵਾਰ ਫੇਰ ਲਕੀਰ ਖਿਚ ਕੇ ਮੈਦਾਨ ‘ਚ ਆ ਪਹੁੰਚੀਆਂ ਨੇ..ਉਵੇਂ ਹੀ ਜਿਵੇਂ ਕਿਸਾਨ ਮੋਰਚੇ ‘ਚ ਪਹੁੰਚੀਆਂ ਸੀ..ਸਿੰਘੂ ਟਿਕਰੀ ਗਾਜ਼ੀਪੁਰ ਗਦਰ ਦਾ ਯੁਗਾਂਤਰ ਆਸ਼ਰਮ ਬਣ ਗਿਆ ਸੀ..ਜਦੋਂ ਇਹਨਾਂ ਪੀਲੀਆਂ ਚੁੰਨੀਆਂ ਨੇ ਪਕੌੜਾ ਚੌਕ ਨੂੰ ਗਦਰੀ ਗੁਲਾਬ ਕੌਰ ਨਗਰ ‘ਚ ਰੂਪਾਂਤਰਿਤ ਕੀਤਾ ਸੀ ਤਾਂ ਹਕੂਮਤ ਹਿੱਲੀ ਸੀ..ਅੱਜ ਫੇਰ ਹਿੱਲੇਗੀ!
ਇਹ ਬੀਬੀਆਂ ਗੁਰੂ ਗੋਬਿੰਦ ਸਿੰਘ ..ਬਾਬਾ ਬੰਦਾ ਸਿੰਘ ਬਹਾਦਰ ..ਊਧਮ ਸਿੰਘ ..ਭਗਤ ਸਿੰਘ ..ਕਰਤਾਰ ਸਿੰਘ ਸਰਾਭਾ..ਮਾਤਾ ਗੁਜਰੀ..ਬੇਬੇ ਨਾਨਕੀ…ਸਾਵਿਤਰੀ ਫੂਲੇ ਦੇ ਦੇਸ ਤੋਂ ਆਈਆਂ ਨੇ..ਤੇ ਇਹ ਆਪਣੀਆਂ ਧੀਆਂ ਦੀ ਇਜ਼ਤ ਬਹਾਲੀ ਲਈ ਯੁੱਧ ਲੜਨ ਆਈਆਂ ..ਕੋਈ ਰਾਖਸ਼ ਰੋਕ ਸਕਦੈ ਤਾਂ ਤਾਕਤ ਅਜ਼ਮਾ ਕੇ ਦੇਖ ਲਵੇ!..ਇਹ ਅਸਲ ਇਨਕਲਾਬ ਐ..ਬਾਬਾ ਨਾਨਕ ਤੇ ਸ਼ਹੀਦ ਭਗਤ ਸਿੰਘ ਦਾ ਸਾਂਝਾ ਇਨਕਲਾਬ !..ਇਤਿਹਾਸ ਦੇ ਸਫ਼ਿਆਂ ਤੋਂ ਗਰਦ ਝਾੜ ਲਓ, ਸੱਜਰੀ ਇਬਾਰਤ ਗਰਜਦੀ ਹੋਈ ਆ ਰਹੀ ਹੈ!
ਧੀਆਂ ਭੈਣਾਂ ਨੂੰ ਸਲਾਮ ਕਰਦਾ
ਸਾਹਿਬ ਸਿੰਘ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly