ਜਸਵਿੰਦਰ ਭਟੋਆ
(ਸਮਾਜ ਵੀਕਲੀ) ਹਿਮਾਚਲ ਪ੍ਰਦੇਸ਼ ਰਾਜ ਦੀਆਂ ਖ਼ੂਬਸੂਰਤ ਹਿਮਾਲਿਆ ਦੀਆਂ ਪਹਾੜੀਆਂ ਚ ਵੱਸਿਆ ਮੈਕਲੋਡ ਗੰਜ ਬਹੁਤ ਹੀ ਪ੍ਰਸਿੱਧ ਹਿੱਲ ਸਟੇਸ਼ਨ ਹੈ, ਖ਼ੈਰ ਮੈ ਤੁਹਾਡੇ ਨਾਲ ਅਪਣਾ ਸਫ਼ਰਨਾਮਾ ਸਾਂਝਾ ਕਰਨ ਨਹੀਂ ਆਇਆ, ਸਗੋਂ ਇੱਕ ਕਿੱਸਾ ਲੈ ਕੇ ਪੇਸ਼ ਹੋਇਆ ਹਾਂ, ਅਸੀ ਉਥੋਂ ਦੇ ਪ੍ਰਸਿੱਧ ਝਰਨੇ ਦੇ ਨਾਲ ਲਗਦੇ ਪਹਾੜਾਂ ਦੇ ਪੱਥਰਾਂ ਵਿਚਾਲੇ ਉੱਗੇ ਘਾਹ ਦੀਆਂ ਦੁਲਾਵਾਂ ਫੜਦੇ ਫੜਦੇ ਇਸ ਦਿਲ ਖਿੱਚ ਕੁਦਰਤ ਦਾ ਅਨੰਦ ਮਾਣ ਰਹੇ ਸੀ, ਮੇਰੇ ਨਾਲ਼ ਮੇਰਾ ਦੋਸਤ ਮੰਗਰਾਂ ਵੀ ਸੀ, ਅਸੀ ਇੱਕ ਸਾਫ ਜਿਹਾ ਧਰਾਤਲ ਲੱਭ ਕੇ ਲੰਮੇ ਪੈ ਗਏ, ਤੇ ਇਹਨਾਂ ਅੱਖਾਂ ਨਾਲ ਵੇਖ ਰਹੇ ਸੀ, ਨੀਲੇ ਚਿੱਟੇ ਅਸਮਾਨ ਨੂੰ, ਜਿਵੇਂ ਕਾੜ੍ਹਨੀ ਚ ਕੜੇ ਹੋਏ ਦੁੱਧ ਨੂੰ ਕਿਸੇ ਨੇ ਦਹੀਂ ਦਾ ਜੰਮਣ ਲਾਇਆ ਹੋਵੇ, ਇਹ ਹਰਿਆਲੀ, ਝਰਨੇ ਦੀ ਮੱਠੀ ਮੱਠੀ ਆਵਾਜ਼, ਸਿਰ ਦੇ ਵਾਲਾਂ ਦਾ ਰੋਮ ਰੋਮ ਛੇੜਦੀ ਸੰਦਲੀ ਹਵਾ, ਤੇ ਰੀੜ੍ਹ ਦੀ ਹੱਡੀ ਨੂੰ ਅਰਾਮ ਦਿੰਦਾ ਰੂ ਨੁਮਾ ਘਾਹ, ਜੇ ਸਿਫ਼ਤ ਬਿਆਨ ਕਰਨ ਬੈਠਾ ਤਾਂ ਸ਼ਾਇਦ ਪੰਨਾ ਭਰਦਿਆਂ ਚਿਰ ਨਹੀਂ ਲੱਗਣਾ, ਇੰਨੇ ਨੂੰ ਇੱਕ ਗੋਰਾ ਸਾਡੇ ਮੂਹਰੇ ਤੋ ਲੰਘਿਆ, ਪਤਲਾ ਸਰੀਰ , ਲੰਮਾ ਕੱਦ ,ਚਿਹਰੇ ਤੇ ਮੁਸਕਾਨ, ਜ਼ਰਾ ਕੁ ਅੱਗੇ ਜਾ ਕੇ ਇੱਕ ਪੱਥਰ ਤੋ ਲੱਤਾਂ ਲਮਕਾ ਕੇ ਇਉ ਬਹਿ ਗਿਆ ਜਿਵੇਂ ਇਹ ਉਸਦੀ ਜੱਦੀ ਪੁਸ਼ਤੀ ਜਾਇਦਾਦ ਹੋਵੇ,ਮੇਰੇ ਮੰਨ ਚ ਚਿਣਗ ਉੱਠੀ ਕੇ ਬਹਿ ਕੇ ਇਹਦੇ ਨਾਲ ਦੋ ਗੱਲਾਂ ਬਾਤਾਂ ਕਰੀਆਂ ਜਾਣ, ਮੈ ਮਚਲਾ ਜਿਹਾ ਹੋ ਕੇ ਕੋਲ ਜਾ ਕੇ ਖੜਾ ਹੋ ਗਿਆ, ਤੇ ਉਸਦੇ ਕੋਲੋਂ ਉਸਦੇ ਕੋਲ ਬੈਠਣ ਦੀ ਆਗਿਆ ਮੰਗੀ, ਤੇ ਸੁਭਾਵਿਕ ਹੀ ਉਸਨੇ ਹਾਂ ਦਾ ਨਾਰਾ ਮਾਰ ਦਿੱਤਾ, ਤੇ ਮੈ ਮੌਕਾ ਸਾਂਭਦਿਆਂ ਮੱਲੋ ਮੱਲੀ ਉਸਦੀ ਜਾਇਦਾਦ ਦਾ ਕਿਰਾਏਦਾਰ ਬਣ ਬਹਿ ਗਿਆ, ਨਾਂ ਪਤਾ ਪੁੱਛਣ ਤੇ ਪਤਾ ਲੱਗਿਆ ਉਸਦਾ ਨਾਮ ਜੋਰਗ (Jooreg) ਸੀ, ਤੇ ਜਰਮਨ ਦੇਸ਼ ਦਾ ਵਸਨੀਕ ਸੀ, ਓਹ ਦੱਸਦਾ ਹੈ ਕਿ ਵੀਜੇ ਦੀ ਛੋਟ ਹੋਣ ਕਾਰਨ ਉਸਨੇ ਯੂਰਪ ਦੇ ਸਾਰੇ ਦੇਸ਼ ਘੁੰਮੇ ਹਨ,ਤੇ ਭਾਰਤ ਵਿਚ ਵੀ ਕਈ ਬਾਰ ਆ ਚੁੱਕਾ ਹੈ, ਮੈ ਉਸਨੂੰ ਆਪਣੇ ਪੰਜਾਬ ਬਾਰੇ ਦੱਸਣ ਦੀ ਕੋਸ਼ਿਸ਼ ਕਰੀ ਤਾਂ ਓਹ ਪਹਿਲਾ ਹੀ ਜਾਣੂ ਸੀ, ਕਿਉਕਿ ਪਹਿਲਾ ਓਹ ਪੰਜਾਬ ਘੁੰਮ ਚੁੱਕਾ ਸੀ,ਓਹ ਆਖਦਾ ਹੈ ਕਿ ਪੰਜਾਬ ਦਾ ਇਲਾਕਾ ਪੱਧਰਾ ਹੈ ਤੇ ਕਾਫੀ ਸ਼ਾਂਤਮਈ ਹੈ। ਜਦ ਮੈ ਉਸ ਨੂੰ ਉਸਦੇ ਪਰਿਵਾਰ ਬਾਰੇ ਪੁੱਛਿਆ ਤਾਂ ਉਸਦਾ ਕਹਿਣਾ ਸੀ ਕਿ ਉਸਨੇ ਵਿਆਹ ਨਹੀਂ ਕਰਵਾਇਆ ਪਰ ਉਸਦੀ ਇੱਕ ਸਹੇਲੀ (Girl Friend) ਹੈ ਜੋ ਕਿ ਜਰਮਨ ਦੀ ਹੀ ਵਸਨੀਕ ਹੈ, ਜੋਗਰ ਨੇ ਆਪਣੀ ਉਮਰ 52 ਸਾਲ ਦੱਸੀ, ਸਾਡੇ ਇੱਧਰ 52 ਸਾਲ ਦਾ ਆਦਮੀ ਸਿੱਧੀ ਸੜਕ ਤੇ ਤੁਰਨ ਲੱਗਾ ਵੀ ਕਈ ਖੇਕਣ ਕਰਦਾ ਹੁੰਦਾ, ਕਿ ਹੁਣ ਤਾਂ ਉਮਰ ਹੋ ਗਈ, ਤੇ ਇੱਕ ਇਹਨੂੰ ਵੇਖੋ ਐਨ ਪਹਾੜੀਆਂ ਤੇ ਚੜ੍ਹਦਾ ਜਾਂਦਾ ਜਿਵੇਂ ਹੁਣੇ ਹੁਣੇ ਗੋਡਿਆਂ ਨੂੰ ਕਿਸੇ ਨੇ ਗਰੀਸ ਦਿੱਤੀ ਹੋਵੇ ਮੇਰੇ ਮੰਨ ਚ ਖਿਆਲ ਆਇਆ, ਮੈ ਉਸਨੂੰ ਪੁੱਛਿਆ ਕਿ ਓਹ ਕੰਮ ਕੀ ਕਰਦਾ ਹੈ, ਤਾਂ ਉਹਨੇ ਦਸਿਆ ਕਿ ਓਹ ਇੱਕ ਸਮਾਜ ਸੇਵੀ ਹੈ, ਐਵੇਂ ਹੀ ਵਿਚਾਰ ਵਟਾਂਦਰਾ ਕਰਦਿਆ ਮੈ ਕਾਫ਼ੀ ਗੱਲਾਂ ਉਸਦੇ ਨਾਲ ਸਾਂਝੀਆਂ ਕੀਤੀਆਂ, ਟਾਂਚ ਟਾਂਚ ਵਿੱਚ ਖ਼ੂਬ ਹੱਸੇ, ਕੁਝ ਸਮਾਂ ਚੁੱਪ ਰਹਿਣ ਤੋ ਬਾਅਦ ਓਹ ਕਹਿੰਦਾ ਹੈ ਕਿ ਤੁਹਾਡੇ ਭਾਰਤੀ ਲੋਕ ਤੁਰ ਕੇ ਖ਼ੁਸ਼ ਨਹੀਂ, ਸਾਡੇ ਉਧਰ ਤਾਂ ਜਦੋਂ ਵੀ ਛੁੱਟੀ ਵਾਲਾ ਦਿਨ ਹੁੰਦਾ ਲੋਕ ਕਿੰਨੀ ਕਿੰਨੀ ਵਾਟ ਤੁਰ ਕੇ ਪੂਰੀ ਕਰਦੇ ਨੇ, ਕੋਈ ਮੰਜ਼ਿਲ ਨਹੀਂ ਸਿਰਫ ਇਕ ਮਕਸਦ ਕਿ ਤੁਰਿਆ ਜਾਵੇ,ਦੇਖਿਆ ਜਾਵੇ ਇਸ ਕਾਇਨਾਤ ਦੀ ਕੁਦਰਤ ਨੂੰ, ਤੇ ਜੋਰਗ ਵੀ ਲੱਤਾਂ ਲਮਕਾਈ ਪਹਾੜੀ ਤੋ ਕੁਦਰਤ ਹੀ ਨਿਹਾਰ ਰਿਹਾ ਸੀ, ਸੂਰਜ ਢਲਦਾ ਵੇਖ ਅਸੀ ਤੁਰ ਪਏ, ਇੰਨੇ ਨੂੰ ਇੱਕ ਹੋਰ ਵਿਦੇਸ਼ੀ ਕੁੜੀ ਸਾਡੇ ਨਾਲ ਆ ਰਲੀ,ਓਹ ਆਪਣੇ ਨਾਲ ਦੇ ਸਾਥੀਆਂ ਦੀ ਭਾਲ ਵਿੱਚ ਸੀ,ਥੋੜ੍ਹਾ ਜਿਹਾ ਪਹਾੜੀ ਤੋ ਉੱਤਰੇ ਤੇ ਜੋਰਗ ਦੂਸਰੇ ਰਸਤੇ ਹੋ ਤੁਰਿਆ ਤੇ ਅਸੀ ਹੋਰ ਰਸਤੇ, ਕਿਉਕਿ ਓਹਨੇ ਆਪਣਾ ਰਹਿਣ ਬਸੇਰਾ ਧਰਮਕੋਟ ਕਰਨਾ ਸੀ ਤੇ ਅਸੀ ਮੈਕਲੋਡ ਗੰਜ ਵਿਚ, ਉਥੋਂ ਅਸੀ ਜੋਗਰ ਨੂੰ ਸਲਾਮ ਕੀਤੀ ਤੇ ਤੁਰ ਪਏ, ਜੋਗਰ ਨਾਲ ਹੁਣ ਮੁਲਾਕਤ ਸ਼ਾਇਦ ਹੀ ਹੋਏ ਕਿਉਕਿ ਨਾ ਤਾਂ ਓਹ ਕੋਈ ਸੋਸ਼ਲ ਮੀਡੀਆ ਚਲਾਉਂਦਾ ਸੀ ਤੇ ਇਹੋ ਜਹੇ ਘੁਮੱਕੜਾ ਦਾ ਇਸ ਧਰਤੀ ਤੇ ਕੋਈ ਪੱਕਾ ਟਿਕਾਣਾ ਨਹੀਂ ਹੁੰਦਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly