ਕਿੱਧਰ ਗਏ ਆੜ੍ਹਤੀ , ਵਾਗੀ ਅਤੇ ਗੱਦੀ ?

(ਸਮਾਜ ਵੀਕਲੀ)

ਸਮੇਂ ਦੀ ਤੋਰ ਨਾਲ ਮਨੁੱਖ ਦੇ ਕੰਮ – ਧੰਦੇ ਆਦਿ ਵਿੱਚ ਤਬਦੀਲੀ ਆਉਣਾ ਸੁਭਾਵਿਕ ਹੀ ਹੈ। ਲਗਭਗ ਤਿੰਨ – ਚਾਰ ਦਹਾਕੇ ਪਹਿਲਾਂ ਪਿੰਡਾਂ ਵਿੱਚ ਭੇਡਾਂ , ਬੱਕਰੀਆਂ , ਗਾਵਾਂ , ਮੱਝਾਂ ਆਦਿ ਘਰ – ਘਰ ਪਾਲੀਆਂ ਜਾਂਦੀਆਂ ਸਨ। ਲੋਕ ਇਨ੍ਹਾਂ ਪਸ਼ੂਆਂ ਤੋਂ ਦੁੱਧ , ਘਿਉ , ਉੱਨ ਆਦਿ ਪ੍ਰਾਪਤ ਕਰ ਲੈਂਦੇ ਸੀ। ਉਸ ਸਮੇਂ ਲੋਕ ਦੇਸੀ ਗਾਵਾਂ ਵੀ ਪਾਲਦੇ ਸਨ। ਬਹੁਤੇਰੇ ਲੋਕ ਇਨ੍ਹਾਂ ਪਸ਼ੂਆਂ ਨੂੰ ਪਾਲ ਕੇ ਆਪਣਾ ਗੁਜ਼ਾਰਾ ਕਰ ਲੈਂਦੇ ਸਨ। ਉਦੋਂ ਲੋਕ ਇਨ੍ਹਾਂ ਪਸ਼ੂਆਂ ਨੂੰ ਚਰਾਂਦਾਂ ਆਦਿ ਵਿੱਚ ਚਰਾਉਣ ਦਾ ਪ੍ਰਬੰਧ ਵੀ ਕਰਦੇ ਸਨ।

ਉਸ ਸਮੇਂ ਖੁੱਲ੍ਹੀਆਂ – ਡੁੱਲ੍ਹੀਆਂ ਗੈਰ – ਆਬਾਦ ਜ਼ਮੀਨਾਂ ਅਤੇ ਜੰਗਲ – ਬੇਲੇ ਕਾਫ਼ੀ ਹੁੰਦੇ ਸਨ ਤੇ ਖੇਤੀ ਯੋਗ ਭੂਮੀ ਕਾਫੀ ਘੱਟ ਹੁੰਦੀ ਸੀ। ਇਸ ਲਈ ਪਸ਼ੂਆਂ ਆਦਿ ਨੂੰ ਚਰਾਉਣ ਲਈ ਖੁੱਲ੍ਹੀਆਂ ਚਰਾਂਦਾਂ ਹੁੰਦੀਆਂ ਸਨ। ਭੇਡਾਂ , ਬੱਕਰੀਆਂ ਦੇ ਇਕੱਠ ਨੂੰ ਆਮ ਤੌਰ ‘ਤੇ ਇੱਜੜ ਕਿਹਾ ਜਾਂਦਾ ਹੈ ਅਤੇ ਇਸ ਇੱਜੜ ਨੂੰ ਚਰਵਾਉਣ ਵਾਲਾ ‘ਆਜੜੀ’ ਅਖਵਾਉਂਦਾ ਸੀ। ਗਊਆਂ ਦੇ ਇਕੱਠ ਨੂੰ ਵਗ ਕਿਹਾ ਜਾਂਦੈ ਅਤੇ ‘ਵਗ’ ਨੂੰ ਚਰਾਂਦਾਂ ਆਦਿ ਵਿੱਚ ਚਰਾਉਣ ਵਾਲੇ ਨੂੰ ‘ਵਾਗੀ’ ਕਿਹਾ ਜਾਂਦਾ ਰਿਹਾ। ਸਾਰੇ ਪਿੰਡ ਦੀਆਂ ਗਊਆਂ ਨੂੰ ਚਰਵਾਉਣ ਲਈ ਵਾਗੀ ਰੱਖੇ ਹੁੰਦੇ ਸਨ ਅਤੇ ਕਈ ਵਾਰ ਉਨ੍ਹਾਂ ਵੱਲੋਂ ਆਪਣੀ ਸਹਾਇਤਾ ਲਈ ਸਹਾਇਕ ਦੇ ਤੌਰ ‘ਤੇ ਛੋਟੀ ਉਮਰ ਦੇ ਲੜਕੇ ਵੀ ਰੱਖੇ ਹੁੰਦੇ ਸਨ। ਪਸ਼ੂਆਂ ਨੂੰ ਚਰਵਾਉਣ ਲਈ ਲੈ ਕੇ ਜਾਣ ਸਮੇਂ ਇੱਕ ਥਾਂ ਇਕੱਠਾ ਕਰ ਲਿਆ ਜਾਂਦਾ।

ਵਾਗੀ ਅਤੇ ਆਜੜੀ ਆਪਣੇ ਕੋਲ ਇੱਕ ਡੰਡਾ , ਢਾਂਗੀ ਅਤੇ ਪਾਣੀ ਵਾਲਾ ਬਰਤਨ ਜ਼ਰੂਰ ਰੱਖਦੇ ਸਨ। ਢਾਂਗੀ ਭੇਡਾਂ ਅਤੇ ਬੱਕਰੀਆਂ ਲਈ ਰੁੱਖਾਂ ਤੋਂ ਪੱਤੇ ਆਦਿ ਝਾੜਨ ਲਈ ਆਜੜੀਆਂ ਦੇ ਕੰਮ ਆਉਂਦੀ ਹੁੰਦੀ ਸੀ। ਇਹ ਲੋਕ ਦੁਪਹਿਰ ਦੀ ਰੋਟੀ ਆਦਿ ਵੀ ਆਪਣੇ ਨਾਲ ਰੱਖ ਲੈਂਦੇ। ਇਨ੍ਹਾਂ ਆਜੜੀਆਂ ਅਤੇ ਬਾਗੀਆਂ ਦੀ ਪ੍ਰਕ੍ਰਿਤੀ ਬਹੁਤ ਸ਼ਾਂਤ ਸੁਭਾਅ ਦੀ ਅਤੇ ਜੀਵਨ ਬਹੁਤ ਹੀ ਸਾਦਾ ਅਤੇ ਸਿੱਧਾ ਜਿਹਾ ਹੁੰਦਾ ਸੀ। ਮੌਸਮ ਦਾ ਹਰ ਰੰਗ ਆਜੜੀ , ਵਾਗੀ ਤੇ ਗੱਦੀ ਆਪਣੇ ਪਿੰਡੇ ‘ਤੇ ਸਹਿੰਦੇ ਸਨ। ਗੱਦੀ ,ਵਾਗੀ ਤੇ ਆਜੜੀ ਲਈ ਸਰਦੀਆਂ ਦੀ ਠੰਢ , ਗਰਮੀਆਂ ਦੀ ਧੁੱਪ ਤੇ ਲੂ ਸਮੱਸਿਆ ਖਡ਼੍ਹੀ ਕਰਦੇ ਸਨ।

ਇਨ੍ਹਾਂ ਦਾ ਕੰਮ ਕਾਫੀ ਔਖਾ ਅਤੇ ਜੋਖਮ ਭਰਿਆ ਹੁੰਦਾ ਸੀ। ਇਹ ਲੋਕ ਪਸ਼ੂਆਂ ਨੂੰ ਚਰਵਾਉਂਦੇ ਹੋਏ ਰਸਤੇ ਵਿੱਚ ਚਾਹ – ਪਾਣੀ ਦੀ ਤਿਆਰੀ ਆਪ ਕਰਕੇ ਉਸ ਦਾ ਪ੍ਰਬੰਧ ਵੀ ਖੁਦ ਹੀ ਕਰ ਲੈਂਦੇ। ਪਹਿਲਾਂ – ਪਹਿਲ ਆਬਾਦ ਜ਼ਮੀਨਾਂ ਵੀ ਕੇਵਲ ਮੀਂਹ ਆਦਿ ‘ਤੇ ਹੀ ਨਿਰਭਰ ਸਨ। ਹਿਮਾਚਲ ਪ੍ਰਦੇਸ਼ , ਜੰਮੂ – ਕਸ਼ਮੀਰ ਆਦਿ ਖੇਤਰਾਂ ਵਿੱਚ ਗੱਦੀ ਲੋਕ ਵੀ ਰਹਿੰਦੇ ਹੁੰਦੇ ਸਨ , ਜੋ ਕਿ ਆਪਣੇ ਘਰ ਤੋਂ ਚਰਵਾਉਣ ਲਈ ਜਾਨਵਰਾਂ ਨੂੰ ਲੈ ਕੇ ਜਾਂਦੇ ਅਤੇ ਸਾਲ ਜਾਂ ਛੇ ਮਹੀਨੇ ਘਰ ਤੋਂ ਦੂਰ ਹੀ ਰਹਿੰਦੇ ਸਨ। ਇਹ ਲੋਕ ਭੇਡਾਂ , ਬੱਕਰੀਆਂ ਆਦਿ ਦੇ ਬੱਚਿਆਂ ਨੂੰ ਆਪਣੀ ਪਿੱਠ ‘ਤੇ ਚੁੱਕ ਕੇ ਵੀ ਸਫ਼ਰ ਕਰਦੇ ਸਨ। ਇਨ੍ਹਾਂ ਦਾ ਜੀਵਨ ਆਜੜੀ ਅਤੇ ਵਾਗੀਆਂ ਨਾਲੋਂ ਬਹੁਤ ਜ਼ਿਆਦਾ ਕਠਿਨ ਹੁੰਦਾ ਸੀ। ਕਈ ਵਾਰ ਕਿਸੇ ਕਾਰਨ ਵੱਸ ਇਹਨਾਂ ਦੀ ਮ੍ਰਿਤੂ ਹੋ ਜਾਣ ਦਾ ਸਮਾਚਾਰ ਵੀ ਇਨ੍ਹਾਂ ਦੇ ਘਰ ਤੱਕ ਛੇ ਮਹੀਨੇ ਜਾਂ ਸਾਲ ਬਾਅਦ ਹੀ ਪੁੱਜਦਾ ਹੁੰਦਾ ਸੀ। ਇਨ੍ਹਾਂ ਦਾ ਇਹ ਕਿੱਤਾ ਬਹੁਤ ਹੀ ਔਕੜਾਂ ਭਰਿਆ ਹੁੰਦਾ ਸੀ।

ਪਹਿਲਾਂ – ਪਹਿਲ ਆਬਾਦ ਜ਼ਮੀਨਾਂ ਵੀ ਕੇਵਲ ਮੀਂਹ ‘ਤੇ ਹੀ ਨਿਰਭਰ ਸਨ। ਫਿਰ ਹੌਲੀ – ਹੌਲੀ ਸਮਾਂ ਬਦਲਿਆ ਅਤੇ ਨਹਿਰਾਂ , ਖੂਹਾਂ ਅਤੇ ਮੋਟਰਾਂ ਦੀ ਆਮਦ ਵਧੀ। ਮਸ਼ੀਨੀ ਯੁੱਗ ਦੇ ਆਉਣ ਨਾਲ ਗ਼ੈਰ – ਆਬਾਦ ਜ਼ਮੀਨਾਂ ਘਟ ਗਈਆਂ। ਹੁਣ ਪਿੰਡਾਂ ਵਿੱਚ ਕੋਈ ਵੀ ਸਾਂਝੀ ਥਾਂ ਜਾਂ ਨਿੱਜੀ ਥਾਂ ਗੈਰ – ਆਬਾਦ ਨਹੀਂ ਰਹੀ। ਪਹਿਲਾਂ – ਪਹਿਲ ਵਾਗੀ ਅਤੇ ਆਜੜੀ ਨੂੰ ਸਾਉਣੀ ਜਾਂ ਹਾੜ੍ਹੀ ਦੀ ਫਸਲ ਤਨਖ਼ਾਹ ਦੇ ਰੂਪ ਵਿੱਚ ਦਿੱਤੀ ਜਾਂਦੀ ਸੀ। ਫਿਰ ਹੌਲੀ – ਹੌਲੀ ਇਹ ਪ੍ਰਥਾ ਘਟਦੀ ਗਈ ਤੇ ਪੈਸੇ ਦਿੱਤੇ ਜਾਣ ਲੱਗੇ।ਆਜੜੀ , ਵਾਗੀ ਜਾਂ ਗੱਦੀ ਇਨ੍ਹਾਂ ਦਾ ਕਿੱਤਾ , ਇਨ੍ਹਾਂ ਦਾ ਜੀਵਨ , ਇਨ੍ਹਾਂ ਦਾ ਰਹਿਣ – ਸਹਿਣ ਬਹੁਤ ਹੀ ਸਾਦਾ , ਪਰੰਤੂ ਸਿਦਕ , ਸਿਰੜ ਤੇ ਸਹਿਣਸ਼ੀਲਤਾ ਵਾਲਾ ਹੁੰਦਾ ਸੀ। ਅੱਜ ਵੀ ਹਿਮਾਚਲ – ਪ੍ਰਦੇਸ਼ , ਜੰਮੂ – ਕਸ਼ਮੀਰ , ਲੱਦਾਖ , ਰਾਜਸਥਾਨ ਆਦਿ ਖੇਤਰਾਂ ਵਿੱਚ ਕਿੱਧਰੇ – ਕਿੱਧਰੇ ਵਿਰਲੇ ਦੂਰ – ਦੁਰਾਡੇ ਦੇ ਇਲਾਕਿਆਂ ਵਿੱਚ ਜਾਂ ਵੀਰਾਨ – ਬੀਆਬਾਨਾਂ ਵਿੱਚ ਆਜੜੀ ਤੇ ਵਾਗੀ ਨਜ਼ਰੀਂ ਆਉਂਦੇ ਹਨ।

ਹੁਣ ਇਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਇਸ ਕਿੱਤੇ ਤੋਂ ਪਾਸਾ ਵੱਟ ਗਈਆਂ ਹਨ ; ਕਿਉਂਕਿ ਗ਼ੈਰ – ਆਬਾਦ ਜ਼ਮੀਨਾਂ ਘਟ ਗਈਆਂ ਹਨ , ਪਸ਼ੂ ਪਾਲਣ ਪ੍ਰਤੀ ਲੋਕਾਂ ਦੀ ਰੁਚੀ ਵੀ ਘਟਦੀ ਜਾ ਰਹੀ ਹੈ , ਇਨ੍ਹਾਂ ਲੋਕਾਂ ਦਾ ਰੁਝਾਨ ਵੀ ਹੋਰ ਕੰਮ – ਧੰਦਿਆਂ ਅਤੇ ਨੌਕਰੀਆਂ ਵੱਲ ਵਧਦਾ ਜਾ ਰਿਹਾ ਹੈ , ਇਸ ਕਿੱਤੇ ਵਿੱਚ ਕਾਫ਼ੀ ਖ਼ਤਰਾ ਹੁੰਦਾ ਹੈ , ਆਮਦਨ ਵੀ ਬਹੁਤੀ ਜ਼ਿਆਦਾ ਨਹੀਂ ਹੁੰਦੀ ਤੇ ਪਸ਼ੂਆਂ – ਜਾਨਵਰਾਂ ਦੇ ਬੱਚਿਆਂ ਜਾਂ ਬੀਮਾਰ ਪਸ਼ੂਆਂ ਨੂੰ ਚੁੱਕ ਕੇ ਲੰਬਾ ਸਮਾਂ ਸਫ਼ਰ ਕਰਨਾ ਪੈਂਦਾ ਹੈ।

ਹੁਣ ਪੰਜਾਬ ਦੀ ਧਰਤੀ ਪਹਿਲਾਂ ਨਾਲੋਂ ਆਬਾਦ ਹੋ ਗਈ ਹੈ ਅਤੇ ਜੰਗਲ – ਬੇਲੇ ਵੀ ਪਹਿਲਾਂ ਨਾਲੋਂ ਕੁਝ ਘਟ ਗਏ ਹਨ। ਇਸ ਤੋਂ ਇਲਾਵਾ ਬੱਕਰੀਆਂ , ਭੇਡਾਂ ਆਦਿ ਦੇ ਪਾਲਣ ਦਾ ਰੁਝਾਨ ਵੀ ਲੋਕਾਂ ਵਿੱਚੋਂ ਘਟਦਾ ਜਾ ਰਿਹਾ ਹੈ। ਹੁਣ ਆਜੜੀ , ਵਾਗੀ ਤੇ ਗੱਦੀ ਦਾ ਕਿੱਤਾ ਲਗਭਗ ਖ਼ਤਮ ਹੀ ਹੋ ਗਿਆ ਹੈ।ਅੱਜ ਜਦੋਂ ਕਦੇ ਵੀ ਆਜੜੀ , ਵਾਗ਼ੀ ਜਾਂ ਗੱਦੀ ਅਚਾਨਕ ਕਿੱਧਰੇ ਨਜ਼ਰ ਆ ਜਾਣ ਤਾਂ ਬੀਤੇ ਸਮੇਂ ਦੀ ਯਾਦ ਮਨ – ਮਸਤਕ ਵਿੱਚ ਸੁਭਾਵਿਕ ਹੀ ਆ ਜਾਂਦੀ ਹੈ ਅਤੇ ਮਨ ਇੱਕ ਪ੍ਰਸ਼ਨ ਕਰਦਾ ਹੈ , ” ਅੱਜ ਕਿੱਧਰ ਗਏ ਆਜੜੀ , ਵਾਗੀ ਅਤੇ ਗੱਦੀ ? ” ਸ਼ਾਇਦ ਨਵੀਂ ਪੀੜ੍ਹੀ ਇਨ੍ਹਾਂ ਸ਼ਬਦਾਂ ਤੋਂ ਹੀ ਅਣਜਾਣ ਹੋਵੇ।

 

 

ਮਾਸਟਰ ਸੰਜੀਵ ਧਰਮਾਣੀ

ਸ੍ਰੀ ਅਨੰਦਪੁਰ ਸਾਹਿਬ .
9478561356

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleProtest is not terror activity, HC grants bail to 3 in Delhi riots
Next articleਬ੍ਰਹਮਲੀਨ ਸ੍ਰੀਮਾਨ 108 ਸੰਤ ਸੁਰਿੰਦਰ ਦਾਸ ਕਠਾਰ ਵਾਲਿਆਂ ਦੇ ਅੰਗੀਠਾ ਸਾਹਿਬ ਦਾ ਮਹਾਂਪੁਰਸ਼ਾਂ ਰੱਖਿਆ ਨੀਂਹ ਪੱਥਰ