HOME ਜਦੋਂ ਕਾਗਜ਼ਾਂ ਵਿੱਚੋਂ ਰੂਹਾਂ ਦਾ ਦਰਦ ਮਹਿਸੂਸ ਹੋਇਆ…

ਜਦੋਂ ਕਾਗਜ਼ਾਂ ਵਿੱਚੋਂ ਰੂਹਾਂ ਦਾ ਦਰਦ ਮਹਿਸੂਸ ਹੋਇਆ…

1

 

ਜਤਿੰਦਰ ਭੁੱਚੋ

   (ਸਮਾਜ ਵੀਕਲੀ)   ਬਤੌਰ ਬੀ.ਐਲ.ਓ. ਦੀ ਡਿਊਟੀ ਨੂੰ ਅਕਸਰ ਸਮਾਜ ਅਤੇ ਪ੍ਰਸ਼ਾਸਨ ਵੱਲੋਂ ਸਿਰਫ਼ ਵੋਟਰ ਸੂਚੀਆਂ ਦੀ ਸੁਧਾਈ, ਫਾਰਮ ਭਰਨ, ਜਾਂ ਨਾਮ ਕੱਟਣ-ਜੋੜਨ ਦਾ ਇੱਕ ਬੇਜਾਨ, ਖੁਸ਼ਕ ਅਤੇ ਨੀਰਸ ਦਫ਼ਤਰੀ ਕੰਮ ਹੀ ਸਮਝਿਆ ਜਾਂਦਾ ਹੈ। ਆਮ ਲੋਕਾਂ ਜਾਂ ਵਿਭਾਗ ਲਈ ਇਹ ਮਹਿਜ਼ ਇੱਕ ਕਾਗਜ਼ੀ ਪ੍ਰਕਿਰਿਆ ਅਤੇ ਅੰਕੜਿਆਂ ਦਾ ਹਿਸਾਬ-ਕਿਤਾਬ ਹੋ ਸਕਦੀ ਹੈ, ਪਰ ਇਸ ਵਾਰ ਜਦੋਂ ਮੈਂ ਐਸ.ਆਈ.ਆਰ. ਤਹਿਤ ਆਪਣੇ ਹੱਥ ਵਿੱਚ ਸਰਕਾਰੀ ਰਜਿਸਟਰ, ਗਣਨਾ ਫਾਰਮ ਅਤੇ ਕਲਮ ਫੜ ਕੇ ਨਗਰ ਦੇ ਹਰ ਇੱਕ ਘਰ ਦੀ ਦਹਿਲੀਜ਼ ਤੇ ਗਿਆ , ਤਾਂ ਇਹ ਡਿਊਟੀ ਮਹਿਜ਼ ਕਾਗਜ਼ੀ ਅੰਕੜਾ ਨਹੀਂ ਰਹੀ। ਇਹ ਮਨੁੱਖੀ ਜ਼ਿੰਦਗੀ ਦੇ ਸਭ ਤੋਂ ਸੰਵੇਦਨਸ਼ੀਲ, ਪਰਮ ਸੱਚ ਅਤੇ ਕੌੜੀ ਹਕੀਕਤ ਨਾਲ ਸਿੱਧਾ ਰੂ-ਬ-ਰੂ ਕਰਵਾ ਰਹੀ ਸੀ। ਇੱਕ ਬੀ.ਐਲ.ਓ. ਦੇ ਤੌਰ ‘ਤੇ ਇਸ ਦੌਰਾਨ ਮੇਰਾ ਇਹ ਅਨੁਭਵ ਸਿਰਫ਼ ਸਰਕਾਰੀ ਨੌਕਰੀ ਨਿਭਾਉਣ ਤੱਕ ਸੀਮਤ ਨਹੀਂ ਰਿਹਾ, ਸਗੋਂ ਇਸ ਨੇ ਮੇਰੀ ਰੂਹ ਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਅਤੇ ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਹੀ ਬਦਲ ਦਿੱਤਾ।

ਜਦੋਂ ਮੈਂ ਨਗਰ ਦੇ ਘਰਾਂ ਬੂਹੇ ਖੜਕਾਏ, ਤਾਂ ਮੈਨੂੰ ਅਹਿਸਾਸ ਹੋਇਆ ਕਿ ਹਰ ਲੱਕੜ ਜਾਂ ਲੋਹੇ ਦੇ ਦਰਵਾਜ਼ੇ ਦੇ ਪਿੱਛੇ ਸਿਰਫ਼ ਵੋਟਰਾਂ ਦੇ ਨਾਮ ਨਹੀਂ, ਬਲਕਿ ਜਜ਼ਬਾਤਾਂ, ਹੌਕਿਆਂ, ਉਮੀਦਾਂ ਅਤੇ ਕਹਾਣੀਆਂ ਦਾ ਇੱਕ ਅਥਾਹ ਸਮੁੰਦਰ ਵਹਿ ਰਿਹਾ ਹੈ। ਕਈ ਵਾਰ ਅਜਿਹੇ ਭਾਵੁਕ ਅਤੇ ਦਿਲ-ਕੰਬਾਊ ਪਲ ਸਾਹਮਣੇ ਆਏ ਕਿ ਖੜ੍ਹੇ-ਪੈਰ ਅੱਖਾਂ ਨਮ ਹੋ ਗਈਆਂ ਅਤੇ ਬੋਲ ਹਲਕ ਵਿੱਚ ਹੀ ਅਟਕ ਗਏ। ਜਦੋਂ ਮੈਂ ਕਿਸੇ ਵਿਹੜੇ ਵਿੱਚ ਜਾ ਕੇ ਪਰਿਵਾਰ ਦੇ ਮੁਖੀ ਸਾਹਮਣੇ ਪੁਰਾਣੀ ਸੂਚੀ ਵਿੱਚੋਂ ਜੀਆਂ ਦੇ ਨਾਮ ਪੜ੍ਹ ਕੇ ਸੁਣਾਏ ਅਤੇ ਸਿਰਫ਼ ਇਹ ਪੁੱਛਿਆ ਕਿ “ਕੀ ਇਹ ਸਾਰੇ ਜੀਅ ਘਰ ਹੀ ਹਨ?”, ਤਾਂ ਅੱਗੋਂ ਮਿਲੇ ਹੁੰਗਾਰਿਆਂ ਨੇ ਕਲੇਜਾ ਧੂਹ ਲਿਆ। ਕਦੇ ਕਿਸੇ ਮਾਂ ਨੇ ਭਰੇ ਮਨ, ਕੰਬਦੀ ਆਵਾਜ਼ ਅਤੇ ਹੰਝੂਆਂ ਭਰੀਆਂ ਅੱਖਾਂ ਨਾਲ ਕਿਹਾ—”ਪੁੱਤ, ਸਾਡੀ ਗੁੜੀਆ ਤਾਂ ਹੁਣ ਚਲੀ ਗਈ, ਇਸ ਘਰ ਦੀ ਰੌਣਕ ਸੀ ਉਹ, ਹੁਣ ਉਹ ਇਸ ਨਾਸ਼ਮਾਨ ਸੰਸਾਰ ‘ਚ ਨਹੀਂ ਰਹੀ…”, ਕਿਸੇ ਸੁੰਨੇ ਪਏ ਵਿਹੜੇ ਦੇ ਕੋਨੇ ਵਿੱਚੋਂ ਇੱਕ ਲਾਚਾਰ ਬਜ਼ੁਰਗ ਦੀ ਸਿਸਕੀ ਭਰੀ ਆਵਾਜ਼ ਆਈ..”ਪੁੱਤ, ਮਾਤਾ ਜੀ ਪੂਰੇ ਹੋ ਗਏ ਨੇ, ਹੁਣ ਉਹਨਾਂ ਦਾ ਨਾਮ ਇਸ ਸੂਚੀ ਵਿੱਚੋਂ ਕੱਟ ਦਿਓ…” ਜਾਂ ਕਿਸੇ ਮਾਸੂਮ ਬੱਚੇ ਵੱਲੋਂ ਇਹ ਕਹਿਣਾ ਕਿ “ਬਾਪੂ ਤੇ ਵੀਰੇ ਦਾ ਸਾਥ ਛੁੱਟ ਗਿਆ ਹੈ, ਉਹ ਹੁਣ ਸਾਨੂੰ ਇਕੱਲਿਆਂ ਛੱਡ ਕੇ ਰੱਬ ਕੋਲ ਚਲੇ ਗਏ ਨੇ।” ਇਹ ਉਹ ਬੋਲ ਸਨ ਜੋ ਕਿਸੇ ਵੀ ਸੰਵੇਦਨਸ਼ੀਲ ਇਨਸਾਨ ਦਾ ਦਿਲ ਵਲੂੰਧਰਨ ਲਈ ਕਾਫ਼ੀ ਸਨ।

ਇੱਕ ਬੀ.ਐਲ.ਓ. ਲਈ ਸਰਕਾਰੀ ਰਜਿਸਟਰ ਵਿੱਚ ਕਿਸੇ ਹੱਸਦੇ-ਵਸਦੇ ਇਨਸਾਨ ਦੇ ਨਾਮ ਦੇ ਅੱਗੇ ਲਾਲ ਸਿਆਹੀ ਨਾਲ ‘ਮੌਤ’ ਲਿਖਣਾ ਜਾਂ ਉਸ ਦੇ ਨਾਮ ਉੱਪਰ ਲਾਲ ਲਕੀਰ ਮਾਰਨਾ ਸ਼ਾਇਦ ਪ੍ਰਸ਼ਾਸਨਿਕ ਕੰਮ ਦੇ ਪੱਖੋਂ ਸਿਰਫ਼ ਇੱਕ ਖਾਨਾ-ਪੂਰਤੀ ਹੋ ਸਕਦੀ ਹੈ, ਪਰ ਇੱਕ ਇਨਸਾਨ ਅਤੇ ਲੇਖਕ ਵਜੋਂ ਮੈਂ ਇਹ ਬਹੁਤ ਡੂੰਘਾਈ ਨਾਲ ਮਹਿਸੂਸ ਕੀਤਾ ਕਿ ਉਹ ਲਾਲ ਲਕੀਰ ਕੋਈ ਆਮ ਲਕੀਰ ਨਹੀਂ ਹੈ। ਉਹ ਲਾਲ ਲਕੀਰ ਦਰਅਸਲ ਇੱਕ ਹੱਸਦੇ-ਖੇਡਦੇ ਪਰਿਵਾਰ ਦੇ ਉੱਜੜੇ ਹੋਏ ਚਾਵਾਂ ਦੀ ਅਧੂਰੀ ਦਾਸਤਾਨ ਹੈ, ਸੱਖਣੇ ਹੋਏ ਵਿਹੜਿਆਂ ਦਾ ਸਦੀਵੀ ਚੁੱਪ-ਪਸਾਰਾ ਹੈ, ਕਿਸੇ ਦੇ ਬੁਢਾਪੇ ਦੀ ਟੁੱਟੀ ਹੋਈ ਡੰਗੋਰੀ ਹੈ ਅਤੇ ਇੱਕ ਅਜਿਹਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ ਜਿਸ ਨੂੰ ਦੁਨੀਆ ਦਾ ਕੋਈ ਵੀ ਕਾਗਜ਼, ਕਾਨੂੰਨ ਜਾਂ ਲਫ਼ਜ਼ ਕਦੇ ਬਿਆਨ ਨਹੀਂ ਕਰ ਸਕਦਾ। ਉਹ ਪਲ ਸੱਚਮੁੱਚ ਬਹੁਤ ਭਾਰੀ, ਨਿਰਦਈ ਅਤੇ ਦਰਦਨਾਕ ਹੋਣਗੇ ਜਦੋਂ ਹੱਥ ਵਿਚਲੀ ਕਲਮ ਲਾਲ ਸਿਆਹੀ ਨਾਲ ਕਾਗਜ਼ ‘ਤੇ ਚੱਲ ਰਹੀ ਹੁੰਦੀ ਹੈ, ਪਰ ਦਿਲ ਅੰਦਰੋਂ ਕਿਸੇ ਅਣਜਾਣੇ ਦਰਦ ਨਾਲ ਕੁਰਲਾ ਰਿਹਾ ਹੁੰਦਾ ਹੈ। ਉਸ ਸਮੇਂ ਮਨ ਆਪਣੇ-ਆਪ ਉਨ੍ਹਾਂ ਵਿਛੜੀਆਂ ਰੂਹਾਂ ਦੇ ਸਤਿਕਾਰ ਵਿੱਚ ਅਫ਼ਸੋਸ ਅਤੇ ਡੂੰਘੇ ਸੋਗ ਨਾਲ ਝੁਕ ਜਾਂਦਾ ਹੈ।

ਐਸ.ਆਈ.ਆਰ. ਦੀ ਇਸ ਵਿਸ਼ੇਸ਼ ਮੁਹਿੰਮ ਨੇ ਜਿੱਥੇ ਮੈਨੂੰ ਸਰਕਾਰੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਇਆ, ਉੱਥੇ ਹੀ ਜ਼ਿੰਦਗੀ ਦਾ ਸਭ ਤੋਂ ਵੱਡਾ, ਗੰਭੀਰ ਅਤੇ ਅਟੱਲ ਸਬਕ ਵੀ ਸਿਖਾਇਆ ਕਿ ਇਹ ਮਨੁੱਖੀ ਜ਼ਿੰਦਗੀ ਬੇਹੱਦ ਨਾਸ਼ਮਾਨ,  ਅਤੇ ਅਸਥਾਈ ਹੈ। ਅੱਜ ਜੋ ਨਾਮ ਵੋਟਰ ਸੂਚੀ ਦੀ ਸ਼ਾਨ ਹਨ, ਜਿਨ੍ਹਾਂ ਦੀਆਂ ਵੋਟਾਂ ਲਈ ਵੱਡੇ-ਵੱਡੇ ਦਾਅਵੇ ਹੁੰਦੇ ਹਨ ਅਤੇ ਜਿਨ੍ਹਾਂ ਦੇ ਦਸਤਖਤਾਂ ਦੀ ਬਹੁਤ ਅਹਿਮੀਅਤ ਹੈ, ਕੱਲ੍ਹ ਉਹ ਸਿਰਫ਼ ਇੱਕ ਫੋਟੋ ‘ਤੇ ਟੰਗੇ ਹਾਰ ਅਤੇ ਯਾਦ ਬਣ ਕੇ ਰਹਿ ਜਾਂਦੇ ਹਨ। ਮੈਂ ਆਪਣੀ ਇਸ ਡਿਊਟੀ ਨੂੰ ਸਿਰਫ਼ ਨੌਕਰੀ ਦਾ ਹਿੱਸਾ ਨਹੀਂ, ਸਗੋਂ ਲੋਕਾਂ ਦੇ ਇਸ ਅਤਿ-ਨਿੱਜੀ, ਗੁਪਤ ਅਤੇ ਡੂੰਘੇ ਦੁੱਖ-ਸੁੱਖ ਦਾ ਹਿੱਸਾ ਬਣਨ ਦਾ ਇੱਕ ਰੱਬੀ ਜ਼ਰੀਆ ਮੰਨਦਾ ਹਾਂ।

ਅਖੀਰ ਵਿੱਚ, ਮੇਰੀ ਅਕਾਲ ਪੁਰਖ ਵਾਹਿਗੁਰੂ ਅੱਗੇ ਇਹੋ ਸੱਚੇ ਮਨੋਂ ਅਰਦਾਸ ਹੈ ਕਿ ਪਰਮਾਤਮਾ ਇਨ੍ਹਾਂ ਸਭ ਵਿਛੜੀਆਂ ਨੇਕ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਪਿੱਛੇ ਰਹਿ ਗਏ ਸਾਰੇ ਪਰਿਵਾਰਾਂ ਨੂੰ ਇਸ ਅਸਹਿ ਅਤੇ ਅਕਹਿ ਭਾਣੇ ਨੂੰ ਮੰਨਣ ਦਾ ਬਲ, ਹੌਸਲਾ ਅਤੇ ਸਬਰ-ਸੰਤੋਖ ਦੇਣ, ਅਤੇ ਸਾਡੇ ਪੂਰੇ ਨਗਰ-ਖੇੜੇ ਤੇ ਹਰ ਇੱਕ ਘਰ-ਪਰਿਵਾਰ ‘ਤੇ ਹਮੇਸ਼ਾ ਆਪਣੀ ਮਿਹਰ ਭਰਿਆ ਹੱਥ ਰੱਖ ਕੇ ਸੁੱਖ-ਸ਼ਾਂਤੀ, ਆਪਸੀ ਪਿਆਰ ਅਤੇ ਤੰਦਰੁਸਤੀ ਬਖਸ਼ਣ। ਕਾਗਜ਼ਾਂ ਦੇ ਇਹ ਪੰਨੇ ਭਾਵੇਂ ਅੱਜ ਬਦਲ ਜਾਣਗੇ, ਪਰ ਇਹਨਾਂ ਵਿੱਚ ਦਰਜ ਹੋਈਆਂ ਰੂਹਾਂ ਦੀਆਂ ਦਾਸਤਾਨਾਂ ਮੇਰੇ ਦਿਲ ਦੇ ਰਜਿਸਟਰ ਵਿੱਚ ਹਮੇਸ਼ਾ ਲਈ ਉੱਕਰੀਆਂ ਰਹਿਣਗੀਆਂ।

ਜਤਿੰਦਰ ਭੁੱਚੋ, ਪਿੰਡ ਭੁੱਚੋ ਖੁਰਦ ,ਜ਼ਿਲ੍ਹਾ ਬਠਿੰਡਾ 

Previous article“ਜ਼ਿੰਦਗੀ ਦੇ ਅਨੁਭਵ ‘ ਚੋਂ ਨਿਕਲੀ ਕਵਿਤਾ- ਸੁਰਖ਼ – ਆਬ”
Next articleਡਾਕਟਰ ਗੁਰਪ੍ਰੀਤ ਕੌਰ ਥਿਆੜਾ ਨੇ ਪਿੰਡ ਕਾਹਮਾ ਵਿਖੇ ਪਰਿਵਾਰਾਂ ਨਾਲ ਬਿਤਾਇਆ ਅਹਿਮ ਸਮਾਂ; ‘ਸਤਲੁਜ’ ਫ਼ਿਲਮ ਦੀ ਸਕ੍ਰੀਨਿੰਗ ਦੌਰਾਨ ਇਕੱਠੇ ਦੇਖਿਆ ਸਿਨੇਮਾ