(ਬੁੱਕਲ ਦੇ ਸੱਪ)
(ਸਮਾਜ ਵੀਕਲੀ) ਰਾਜਨੀਤਿਕ ਪਾਰਟੀਆਂ ਵਿੱਚ ਟੁੱਟ ਭੱਜ ਦਲ ਬਦਲੀ ਆਮ ਸੁਭਾਵਿਕ ਜਿਹੀ ਗੱਲ ਹੁੰਦੀ ਹੈ, ਪਰ ਦੁੱਖ ਉਸ ਵੇਲੇ ਲੱਗਦਾ ਜਦੋਂ ਕੋਈ ਰਾਜਨੀਤਿਕ ਲੀਡਰ ਜਿਹੜਾ ਪੜਿਆ-ਲਿਖਿਆ, ਸਮਝਦਾਰ ਅਤੇ ਮਨੂਵਾਦੀ ਰਾਜਨੀਤਿਕ ਪਾਰਟੀਆਂ ਦੇ ਲੀਡਰਾਂ ਦੇ ਖਿਲਾਫ ਉੱਚੀ ਸੁਰ ਵਿੱਚ ਬੋਲਣ ਵਾਲਾ ਹੁੰਦਾ ਹੈ, ਉਹ ਪਾਰਟੀ ਨੂੰ ਚੁੱਪ ਚੁਪੀਤੇ ਹਨੇਰੇ ਵਿੱਚ ਰੱਖਦੇ ਹੋਏ ਆਪਣੇ ਰਾਜਨੀਤਿਕ ਲਾਲਚ ਲਈ ਪਾਰਟੀ ਛੱਡ ਕੇ ਉਸੇ ਹੀ ਮਨੂਵਾਦੀ ਪਾਰਟੀ ਵਿੱਚ ਸ਼ਾਮਿਲ ਹੋ ਜਾਂਦਾ ਹੈ ਜਿਸ ਬਾਰੇ ਉਹ ਬਹੁਜਨ ਸਮਾਜ ਦੇ ਆਮ ਸਧਾਰਨ ਲੋਕਾਂ ਨੂੰ ਚੀਕਾਂ ਮਾਰ ਮਾਰ ਕੇ ਸਮਝਾ ਰਿਹਾ ਹੁੰਦਾ ਹੈ ਕਿ ਇਹ ਸਾਡੀ ਵਿਰੋਧੀ ਪਾਰਟੀ ਹੈ, ਇਸ ਦੇ ਲੀਡਰ ਸਾਡੀ ਲੁੱਟ ਕਰ ਰਹੇ ਹਨ ਅਤੇ ਅਸੀਂ ਇਸ ਤੋਂ ਛੁਟਕਾਰਾ ਪਾ ਕਿ ਆਪਣੀ ਰਾਜ ਸੱਤਾ ਸਥਾਪਿਤ ਕਰਨੀ ਹੈ l
ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਤੋਂ ਬਾਅਦ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਬਹੁਜਨ ਸਮਾਜ ਦੀ ਸੋਚ ਵਿੱਚ ਇਹ ਵਿਚਾਰ ਪੈਦਾ ਕੀਤਾ ਸੀ ਕਿ ਅਸੀਂ ਮਨੂਵਾਦੀਆਂ ਦੀ ਰਾਜ ਸੱਤਾ ਖਤਮ ਕਰਕੇ ਆਪਣੀ ਰਾਜ ਸੱਤਾ ਸਥਾਪਿਤ ਕਰਨੀ ਹੈ l ਇਸ ਕੰਮ ਲਈ ਉਸਨੇ ਬਾਮਸੇਫ ਦਾ ਗਠਨ ਕਰਦੇ ਹੋਏ ਦਲਿਤ ਸਮਾਜ ਦੇ ਪੜੇ ਲਿਖੇ ਵਰਗ ਨੂੰ ਰਾਜਨੀਤਿਕ ਤੌਰ ਤੇ ਤਿਆਰ ਕੀਤਾ ਅਤੇ ਬਹੁਜਨ ਸਮਾਜ ਪਾਰਟੀ ਵਿੱਚ ਅਹਿਮ ਸਥਾਨ ਦਿੰਦੇ ਹੋਏ ਉਹਨਾਂ ਨੂੰ ਰਾਜਨੀਤਿਕ ਲੀਡਰ
ਬਣਾਇਆ l
ਪਰ ਉਹਨਾਂ ਦੇ ਨਿਰਵਾਣ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਵਿੱਚ ਟੁੱਟ ਭੱਜ ਦਾ ਦੌਰ ਸ਼ੁਰੂ ਹੋ ਗਿਆ ਅਤੇ ਹੁਣ ਇਹ ਲਾਲਚ ਦੀ ਹੱਦ ਤੱਕ ਪਹੁੰਚ ਗਿਆ ਹੈ l ਵਿਰੋਧੀ ਰਾਜਨੀਤਿਕ ਪਾਰਟੀਆਂ ਬਹੁਜਨ ਸਮਾਜ ਪਾਰਟੀ ਦੇ ਹਰ ਉਸ ਲੀਡਰ ਨੂੰ ਉਂਗਲ ਦਿਖਾਉਂਦੀਆਂ ਹਨ ਤੇ ਰਾਜਨੀਤਿਕ ਲੀਡਰ ਆਪਣੇ ਲਾਲਚ ਲਈ ਉਹਨਾਂ ਦਾ ਬਾਂਹ ਫੜ ਲੈਂਦੇ ਹਨ l ਇਸ ਦੀ ਨਵੀਂ ਉਦਾਹਰਨ ਹੁਸ਼ਿਆਰਪੁਰ ਤੋਂ ਬਹੁਜਨ ਸਮਾਜ ਪਾਰਟੀ ਦੇ ਲੀਡਰ ਅਤੇ ਜਨਰਲ ਸਕੱਤਰ ਰਹਿ ਚੁੱਕੇ ਐਡਵੋਕੇਟ ਰਣਜੀਤ ਕੁਮਾਰ ਬਣੇ ਹਨ l
ਰਣਜੀਤ ਚੁੱਪ ਚਪੀਤੇ ਹਨੇਰੇ ਵਿੱਚ ਇੱਕ ਭਰਿਸ਼ਟ ਸਾਬਕਾ ਮੰਤਰੀ ਦੇ ਸਹਾਰੇ ਕਾਂਗਰਸ ਵਿੱਚ ਸ਼ਾਮਿਲ ਹੋ ਗਿਆ ਤੇ ਕਾਂਗਰਸ ਵੱਲੋਂ ਉਹਨੂੰ ਚੱਬੇਵਾਲ ਜਿਮਨੀ ਚੋਣ ਲਈ ਟਿਕਟ ਐਲਾਨ ਕਰ ਦਿੱਤੀ ਗਈ l ਉਹ ਕਿਸ ਪਾਰਟੀ ਵਿੱਚ ਸ਼ਾਮਿਲ ਹੁੰਦਾ ਹੈ ਇਹ ਉਸ ਦਾ ਨਿੱਜੀ ਮਸਲਾ ਹੈ ਪਰ ਦੁੱਖ ਇਸ ਗੱਲ ਦਾ ਹੈ ਕਿ ਜਦੋਂ ਉਹ ਆਪ ਬਹੁਜਨ ਸਮਾਜ ਦੇ ਲੋਕਾਂ ਨੂੰ ਸਮਝਾਉਂਦਾ ਸੀ ਕਿ ਵਿਰੋਧੀ ਪਾਰਟੀਆਂ ਉਹਨਾਂ ਦੀ ਲੁੱਟ ਕਰ ਰਹੀਆਂ ਹਨ, ਦਲਤਾਂ ਤੇ ਹੋਣ ਵਾਲੇ ਤਸ਼ੱਦਦ ਦਾ ਕਾਰਨ ਇਹਨਾਂ ਦੇ ਲੀਡਰ ਹਨ ਤਾਂ ਅੱਜ ਉਹ ਕਿਸ ਮੂੰਹ ਨਾਲ ਉਸੇ ਹੀ ਪਾਰਟੀ ਵਿੱਚ ਸ਼ਾਮਿਲ ਹੋ ਗਿਆ ਹੈ l ਇਹ ਕੋਈ ਪਹਿਲੀ ਉਦਾਹਰਨ ਨਹੀਂ ਹੈ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਵੀ ਕਾਂਗਰਸ ਦੀ ਮਨਿਸਟਰੀ ਵਿੱਚ ਸ਼ਾਮਿਲ ਹੋਏ ਸਨ ਪਰ ਜਦੋਂ ਉਹਨਾਂ ਨੂੰ ਉੱਥੇ ਸਤਿਕਾਰ ਨਾ ਮਿਲਿਆ ਤਾਂ ਉਹਨਾਂ ਨੇ ਆਪਣੀ (ਲਾ) ਕਾਨੂੰਨ ਦੀ ਮਿਨਿਸਟਰੀ ਨੂੰ ਵਗਾਹ ਮਾਰਿਆ ਸੀ l ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੂੰ ਵੀ ਰਾਸ਼ਟਰਪਤੀ ਬਣਨ ਲਈ ਆਫਰ ਆਈ ਸੀ, ਪਰ ਜੇਕਰ ਇਹ ਲੋਕ ਵੀ ਅਜਿਹਾ ਹੀ ਕਰਦੇ ਤਾਂ ਸ਼ਾਇਦ ਅੱਜ ਨਾ ਤਾਂ ਬਹੁਜਨ ਸਮਾਜ ਪਾਰਟੀ ਹੁੰਦੀ ਅਤੇ ਨਾ ਹੀ ਦਲਤਾਂ ਦੇ ਮਨ ਵਿੱਚ ਇਹ ਆਉਣਾ ਸੀ ਕਿ ਕਦੀ ਉਹਨਾਂ ਆਪਣਾ ਰਾਜ ਪਾਠ ਸਥਾਪਿਤ ਕਰਨਾ ਹੈ ਤੇ ਨਾ ਹੀ ਸ਼ਾਇਦ ਕਦੀ ਭੈਣ ਜੀ ਮੁੱਖ ਮੰਤਰੀ ਬਣਦੀ ਤੇ ਦਲਿਤ ਮਹਾਂਪੁਰਸ਼ਾਂ ਨੂੰ ਮਾਣ ਸਤਿਕਾਰ ਦਿੰਦੀ l
ਰਣਜੀਤ ਇਕੱਲੀ ਉਦਾਹਰਣ ਨਹੀਂ ਹਨ,ਇਸ ਤੋਂ ਪਹਿਲੇ ਸਤਨਾਮ ਸਿੰਘ ਕੈਥ ਨੇ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ ਸੀ ਅੱਜ ਉਸ ਦਾ ਕੋਈ ਨਾਂ ਲੈਣ ਵਾਲਾ ਵੀ ਨਹੀਂ ਹੈ।
ਪਵਨ ਕੁਮਾਰ ਟੀਨੂ ਪਾਰਟੀ ਤੋਂ ਭਗੋੜਾ ਹੋ ਗਿਆ ਸੀ ਅੱਜ ਉਹ ਕਿੱਥੇ ਘਾ – ਖੋਤ ਰਿਹਾ ਪਤਾ
ਨਹੀਂ l ਹਾਲ ਸੁਖਵਿੰਦਰ ਕੋਟਲੀ ਦਾ ਵੀ ਅਜਿਹਾ ਹੀ ਹੋਣਾ ਹੈ, ਰਣਜੀਤ ਸਿੰਘ ਨੂੰ ਵੀ ਇਹ ਤਾੜਨਾ ਹੈ ਕਿ ਉਹ ਇਸ ਤੋਂ ਅਛੂਤਾ ਨਹੀਂ ਹੈ l ਅਜਿਹੇ ਲੀਡਰ ਲਾਲਚ ਵੱਸ ਆਪਣਾ ਤਾਂ ਕੁਝ ਸਵਾਰ ਪਾਉਂਦੇ ਜਾਂ ਨਹੀਂ ਪਰ ਪਾਰਟੀ ਨੂੰ ਵੱਡਾ ਖੋਰਾ ਲਾਉਂਦੇ ਹਨ l
20 ਸਾਲ ਤੋਂ ਜਿਆਦਾ ਸਮਾਂ ਲੱਗਦਾ ਹੈ ਇੱਕ ਚੰਗਾ ਲੀਡਰ ਬਣਾਉਣ ਲਈ ਪਰ ਜਦੋਂ ਅਜਿਹੇ ਲੋਕ ਪਾਸਾ ਪਰਤ ਜਾਂਦੇ ਹਨ ਤਾਂ ਇੱਕ ਵੱਡਾ ਖਲਾਆ ਪੈਦਾ ਹੋ
ਜਾਂਦਾ l ਬਹੁਜਨ ਸਮਾਜ ਦੇ ਆਮ ਸਧਾਰਨ ਲੋਕ ਅਜਿਹੇ ਲੀਡਰਾਂ ਦੇ ਕਈ ਵਾਰੀ ਬਹਿਕਾਵੇ ਵਿੱਚ ਵੀ ਆ ਜਾਂਦੇ ਹਨ ਤੇ ਉਹ ਵੀ ਉਸ ਦਾ ਸਮਰਥਨ ਕਰਨ ਲੱਗ ਪੈਂਦੇ ਹਨ l ਕਿਸੇ ਵੀ ਰਾਜਨੀਤਿਕ ਪਾਰਟੀ ਲਈ ਅਗਾਂਹ ਵਧਣ ਲਈ ਇਹ ਜਰੂਰੀ ਹੁੰਦਾ ਹੈ ਕਿ ਉਸ ਦੇ ਲੀਡਰ ਥੰਮ ਬਣ ਕੇ ਉਥੇ ਖੜੇ ਰਹਿਣ l ਜੇਕਰ ਰਾਜਨੀਤਿਕ ਲੀਡਰ ਅਜਿਹਾ ਹੀ ਕਰਦੇ ਰਹੇ ਤਾਂ ਇਹ ਜਰੂਰ ਹੈ ਕਿ ਉਹ ਬਹੁਜਨ ਸਮਾਜ ਪਾਰਟੀ ਨੂੰ ਪਿਛਾਹ ਧੱਕ ਦੇਣਗੇ l ਇਸ ਦੇ ਨਾਲ ਹੀ ਬਹੁਜਨ ਸਮਾਜ ਦੇ ਲੋਕਾਂ ਦੇ ਉਹ ਸੁਪਨੇ ਕੀ ਉਹਨਾਂ ਨੇ ਆਪਣਾ ਰਾਜ ਪਾਠ ਸਥਾਪਿਤ ਕਰਨਾ ਹੈ ਉਸ ਨੂੰ ਵੀ ਖੋਰਾ ਲਾਉਣਗੇ l
ਰਣਜੀਤ ਕੁਮਾਰ ਵਰਗੇ ਬੁੱਕਲ ਦੇ ਸੱਪ ਜਿਨਾਂ ਨੂੰ ਬਹੁਜਨ ਸਮਾਜ ਪਾਰਟੀ ਦੇ ਆਮ ਸਧਾਰਨ ਲੋਕਾਂ ਨੇ ਦੁੱਧ ਪਿਆ-ਪਿਆ ਕੇ ਤਗੜੇ ਕੀਤਾ,ਪਾਲਿਆ ਪੋਸਿਆ ਅੱਜ ਉਹ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰ ਕੇ ਕਾਂਗਰਸ ਦਾ ਸ਼ਿੰਗਾਰ ਬਣ ਗਏ ਹਨ l
ਜਿਹੜੇ ਲੋਕੀ ਸਾਹਿਬ ਸ੍ਰੀ ਕਾਂਸ਼ੀ ਰਾਮ ਦੀ ਕਿਤਾਬ ਪੜ੍ਹ ਕੇ ਦੂਸਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਚਮਚੇ ਕਹਿੰਦੇ ਸਨ,ਅੱਜ ਆਪ ਹੀ ਚਮਚੇ ਬਣ ਗਏ ਹਨ l ਅਜਿਹੇ ਬੁੱਕਲ ਦੇ ਸੱਪ ਅਜੇ ਹੋਰ ਵੀ ਪਾਰਟੀ ਵਿੱਚ ਹੋਣਗੇ,ਪਾਰਟੀ ਨੂੰ ਇਸ ਉੱਤੇ ਉੱਤੇ ਨਜ਼ਰਸਾਨੀ ਕਰਨ ਦੀ ਜਰੂਰਤ ਹੈ ਤਾਂ ਜੋ ਜਿਹੜੇ ਸਾਨੂੰ ਅਕਲਾਂ ਦਿੰਦੇ ਸਨ ਕਿਤੇ ਉਹ ਹੋਰ ਬੇਅਕਲੇ ਪਾਰਟੀ ਵਿੱਚ ਹੋਰ ਨਾ ਹੋਣ l
ਜੈ ਭੀਮ
ਜੈ ਭਾਰਤ
ਜੈ ਸ਼੍ਰੀ ਕਾਂਸ਼ੀ ਰਾਮ
ਰਾਜੇਸ਼ ਕੁਮਾਰ ਥਾਣੇਵਾਲ
(ਸਹਾਇਕ ਪ੍ਰੋਫੈਸਰ)
09872494996
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly