ਰਾਜਾ ਵੜਿੰਗ ਨੇ ‘ਆਪ’ ਸਰਕਾਰ ਦੀ ਨਸ਼ਿਆਂ ਵਿਰੁੱਧ ਜੰਗ ਨੂੰ ਢੋਂਗ ਦੱਸਿਆ ਅਤੇ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ 2027 ਵਿੱਚ ਕਾਂਗਰਸ ਦੀ ਸਰਕਾਰ ਹੋਵੇਗੀ
ਰੈਲੀ ਵਿੱਚ ਬਾਵਾ ਨੇ ਕਿਹਾ ਕਿ ਸੰਧੂਰ ‘ਤੇ ਸਿਆਸਤ ਕਰਨ ਵਾਲੀ ਭਾਜਪਾ ਸੰਧੂਰ ਦਾ ਮੁੱਲ, ਮਰਿਆਦਾ ਅਤੇ ਭਾਰਤੀ ਸੰਸਕ੍ਰਿਤੀ (ਸੱਭਿਆਚਾਰ) ਬਾਰੇ ਜਾਣੇ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਕਾਂਗਰਸ ਪਾਰਟੀ ਦੇ ਦਾਖਾ ਹਲਕੇ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਵੱਲੋਂ ਆਯੋਜਿਤ ‘ਸੰਵਿਧਾਨ ਬਚਾਓ ਰੈਲੀ’ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਨੇ ਨਸ਼ਾ ਮੁਕਤੀ ਦੇ ਕੂੜ ਪ੍ਰਚਾਰ ‘ਤੇ ਆਪ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲੀ। ਉਹਨਾਂ ਕਿਹਾ ਕਿ ਜਾਨਲੇਵਾ ਨਸ਼ਿਆਂ ਤੋਂ ਪੰਜਾਬ ਨੂੰ ਬਚਾਉਣ ਲਈ ਪੰਜਾਬ ਲੋਕਾਂ ਦਾ ਦਰਦ ਜਾਨਣ, ਪਹਿਚਾਨਣ ਅਤੇ ਇਲਾਜ ਕਰਨ ਦੀ ਲੋੜ ਹੈ। ਇਸ ਸਮੇਂ ਸੀਨੀਅਰ ਨੇਤਾ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਇੰਚਾਰਜ ਰਾਜਸਥਾਨ ਨੇ ਕਿਹਾ ਕਿ ਕਾਂਗਰਸੀ ਵਰਕਰ ਪਾਰਟੀ ਦੀ ਰੀੜ ਦੀ ਹੱਡੀ ਹਨ। ਇਹ ਜਿੰਨੀ ਮਜ਼ਬੂਤ ਹੋਵੇਗੀ, ਉਨੀ ਹੀ ਪਾਰਟੀ ਮਜ਼ਬੂਤ ਹੋਵੇਗੀ। ਉਹਨਾਂ ਸਟੇਜ ‘ਤੇ ਬੈਠੇ ਸੀਨੀਅਰ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਵੱਲ ਇਸ਼ਾਰਾ ਕਰਕੇ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਖਾਤਰ ਸਰੀਰ ‘ਤੇ ਗੋਲੀਆਂ ਖਾਣ ਵਾਲੇ ਅਤੇ ਹਮੇਸ਼ਾਂ ਕਾਂਗਰਸ ਪਾਰਟੀ ਦਾ ਝੰਡਾ ਮਜ਼ਬੂਤ ਹੱਥਾਂ ਨਾਲ ਫੜ ਕੇ ਪਾਰਟੀ ਦੀ ਮਜ਼ਬੂਤੀ ਲਈ ਪਹਿਰਾ ਦੇਣ ਵਾਲਿਆਂ ਦਾ ਅਸੀਂ ਕਦੋਂ ਮੁੱਲ ਮੋੜਾਂਗੇ। ਇਸ ਸਮੇਂ ਗੁਰਕੀਰਤ ਕੋਟਲੀ ਨੇ ਉਪਰੋਕਤ ਸ਼ਬਦਾਂ ਦੀ ਪ੍ਰੋੜਤਾ ਕੀਤੀ ਅਤੇ ਕਿਹਾ ਕਿ ਵਰਕਰਾਂ ਦੇ ਸਹਿਯੋਗ ਨਾਲ 2027 ਦੀ ਸਰਕਾਰ ਕਾਂਗਰਸ ਦੀ ਹੋਵੇਗੀ। ਇਸ ਸਮੇਂ ਬਾਵਾ ਨੇ ਰੰਧਾਵਾ ਵੱਲੋਂ ਉਹਨਾਂ ਲਈ ਵਰਤੇ ਸ਼ਬਦਾਂ ਲਈ ਹਾਰਦਿਕ ਧੰਨਵਾਦ ਕੀਤਾ ਅਤੇ ਬੋਲਦਿਆਂ ਕਿਹਾ ਕਿ ਸੰਵਿਧਾਨ ਦੀ ਰਾਖੀ ਅਤੇ ਪਾਲਣਾ ਕਰਨਾ ਸਭ ਦਾ ਫ਼ਰਜ਼ ਹੈ। ਉਹਨਾਂ ਕਿਹਾ ਕਿ ਭਾਜਪਾ ਦੀ ਸੰਧੂਰ ‘ਤੇ ਸਿਆਸਤ ਰਿਐਕਸ਼ਨ ਕਰ ਗਈ ਹੈ। ਭਾਰਤ ਦੀਆਂ ਮਹਿਲਾਵਾਂ ਵੱਲੋਂ ਸੰਧੂਰ ਵੰਡਣ ਦਾ ਵਿਰੋਧ ਭਾਜਪਾ ਨੂੰ ਮਹਿੰਗਾ ਪੈ ਰਿਹਾ ਹੈ। ਇਸ ਸਮੇਂ ਉਹਨਾਂ ਕਿਹਾ ਕਿ ਭਾਜਪਾ ਨੂੰ ਜਾਨਣਾ ਚਾਹੀਦਾ ਹੈ ਕਿ ਸੰਧੂਰ ਵੰਡਣ ਦੀ ਚੀਜ਼ ਨਹੀਂ। ਸੰਧੂਰ ਦੀ ਮਰਿਆਦਾ, ਭਾਰਤੀ ਸੰਸਕ੍ਰਿਤੀ (ਸੱਭਿਅਤਾ) ਅਤੇ ਸੰਧੂਰ ਦੇ ਮੁੱਲ ਨੂੰ ਜਾਣੇ ਭਾਜਪਾ। ਉਹਨਾਂ ਕਿਹਾ ਕਿ 700 ਕਿਸਾਨ ਬਾਰਡਰ ‘ਤੇ ਹੱਕਾਂ ਲਈ ਲੜਦੇ ਸ਼ਹੀਦ ਹੋਏ। ਉਹਨਾਂ ਲਈ ਦੋ ਸ਼ਬਦ ਜੋ ਪਾਰਟੀ ਅਫ਼ਸੋਸ ਦੇ ਵੀ ਨਹੀਂ ਕਹਿ ਸਕੀ ਉਸ ਤੋਂ ਹੋਰ ਕੀ ਆਸ ਕਰੋਗੇ। ਉਹਨਾਂ ਕਿਹਾ ਕਿ ਭੈਣਾਂ, ਬੇਟੀਆਂ, ਮਾਤਾਵਾਂ ਦੀ ਮਾਂਗ ਵਿੱਚੋਂ ਸੰਧੂਰ ਮਿਟਾਉਣ ਵਾਲਿਆਂ ਖ਼ਿਲਾਫ਼ ਹਰ ਭਾਰਤੀ ਹਮੇਸ਼ਾਂ ਜੰਗ ਲੜਦਾ ਰਹੇਗਾ। ਇਹ ਸਾਡੇ ਭਾਰਤ ਦੀ ਆਨ, ਸ਼ਾਨ, ਗੌਰਵ ਦੀ ਲੜਾਈ ਹੈ। ਇਸ ਸਮੇਂ ਮਲਕੀਤ ਸਿੰਘ ਦਾਖਾ ਨੇ ਵਿਚਾਰ ਪੇਸ਼ ਕਰਦੇ ਹੋਏ ਭਾਜਪਾ ਅਤੇ ਆਪ ਨੂੰ ਖੂਬ ਰਗੜੇ ਲਗਾਏ।



