ਜਦੋਂ ਸਿਰਾਂ ਤੇ ਝੱਖੜ ਝੁੱਲੇ

ਡਾ ਮੇਹਰ ਮਾਣਕ

(ਸਮਾਜ ਵੀਕਲੀ)

ਜਦੋਂ ਸਿਰਾਂ ਤੇ ਝੱਖੜ ਝੁੱਲੇ
ਇਕੱਲਾ ਰਹਿ ਗਿਆ ਸਭ ਸੀ ਭੁੱਲੇ।

ਬੇਰਹਿਮੀ ਨਾਲ ਛੱਡ ਕੇ ਤੁਰ ਗਏ
ਜੀਭਾਂ ਸੁੰਨ ਜਿਉਂ ਦੰਦ ਸੀ ਜੁੜ ਗਏ।

ਜਿਸ ਵੀ ਦਰ ਤੇ ਜਾਣ ਖਲੋਇਆ
ਹਰ ਕਿਸੇ ਨੇ ਬੂਹਾ ਢੋਹਿਆ।

ਸਿਖਰ ਦੁਪਹਿਰੇ ਰਾਤ ਮੈਂ ਦੇਖੀ
ਅੱਗ ਅੰਦਰ ਦੀ ਖੁੱਦ ਹੀ ਸੇਕੀ।

ਗੁੱਝੀਆਂ ਪੀੜਾਂ ਦਰਦ ਬੜੇ ਨੇ
ਕਿਵੇਂ ਦੱਸੀਏ ਹਰਜ ਬੜੇ ਨੇ।

ਆਪਣਿਆਂ ਨੇ ਹੀ ਪੀੜਾਂ ਦਿੱਤੀਆ
ਲੱਖ ਮੇਟੀਏ ਇਹ ਨਾ ‌ਮਿੱਟੀਆਂ।

ਕਿਸ ਕਿਸ ਦਾ ਜ਼ਿਕਰ ਦੱਸ ਕਰੀਏ
ਕਿਸ ਕਿਸ ਤੇ ਜਾ ਉਂਗਲ ਧਰੀਏ।

ਕੌਣ ਕਿਸੇ ਨੂੰ ਬਖ਼ਸ਼ੇ ਇੱਥੇ
ਮੋਹ ਮੁਹੱਬਤ ਜਿਉਂਦਾ ਕਿੱਥੇ?

ਮਤਲਬ ਨਾਲ ਵਿਹਾਰ ਹੈ ਚੱਲੇ
ਤਮਾ ਲਾਲਸਾ ਸਭ ਦਰ ਨੇ ਮੱਲੇ।

ਲੋਕੀ ਆਖਣ ਇਹ ਹੈ ਝੱਲਾ
ਵਿੱਚ ਭੀੜ ਦੇ ਰਹਿ ਗਿਆ ਕੱਲਾ।

ਧੱਕੇ ਧੌਲ਼ੇ ਨਾਲ ਜਦ ਵੀ ਡਿੱਗਿਆ
ਬੜੇ ਲੋਕਾਂ ਨੇ ਜਾਣ ਕੇ ਮਿੱਧਿਆ।

ਉਹ ਵੀ ਨੇ ਇਸ ਜੱਗ ਦੇ ਉੱਤੇ
ਜਿੰਨਾਂ ਉਠਾਇਆ ਫੜ੍ਹ ਕੇ ਗੁੱਟੇ।

ਮਿੱਤਰ ਬੇਲੀ ਉਹ ਟਾਂਵੇਂ ਟਾਂਵੇਂ
ਜਿੰਨਾ ਲਿੱਖੇ ਜਿੰਦਗੀ ਦੇ ਸਿਰਨਾਵੇਂ।

ਉਨ੍ਹਾਂ ਸਹਾਰੇ ਹੀ ਜ਼ਿੰਦਗੀ ਚੱਲੇ
ਨਾਲ ਸੁਨੇਹ ਦੇ ਜੋ ਭਰ ਗਏ ਪੱਲੇ।

ਆਪਣੇ ਉਹੀ ਜੋ ਨਾਲ ਖੜ੍ਹੇ ਨੇ
ਬਣਦੇ ਉਂਝ ਦਿਲਦਾਰ ਬੜੇ ਨੇ।

ਮੇਰੇ ਚੇਤਿਆਂ ਦੇ ਉਹ ਨੇ ਚੇਤਰ
ਤਮਾਮ ਜੱਗ ਤੋਂ ਜੋ ਨੇ ਬਿਹਤਰ।

ਮਨ ਚੋਂ ਨਿਕਲਣ ਇਹੀ ਦੁਆਵਾਂ
ਜਿਊਂਦੀਆਂ ਰਹਿਣ ਜੱਗ ਤੇ ਮਾਵਾਂ।

ਜਿਨ੍ਹਾਂ ਅਜਿਹੇ ਪੁੱਤਰ ਨੇ ਜੰਮੇ
ਜਿਨ੍ਹਾਂ ਡਿੱਗਦਿਆਂ ਦੇ ਹੱਥ ਆ ਥੰਮੇਂ।

ਜਿਨ੍ਹਾ ਦੇ ਖੁੱਲ੍ਹੇ ਦਰ ਤੇ ਮਘਦੇ ਚੁੱਲ੍ਹੇ
ਸ਼ਾਲਾ ਵਸਦੇ ਰਹਿਣ ਉਹ ਦੁੱਲੇ।

ਡਾ ਮੇਹਰ ਮਾਣਕ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੇਕਦਰ ਲੋਕ
Next articleਜਗਤ ਤਮਾਸ਼ਾ