* ਮੇਰਾ ਕਸੂਰ ਕੀ ਸੀ *

ਮਨਜੀਤ ਸਿੰਘ ਜੀਤ
(ਸਮਾਜ ਵੀਕਲੀ) ਸਰਦੀਆਂ ਵਿੱਚ ਸਵੇਰੇ ਪੰਜ ਕੁ ਵਜੇ ਹਲੇ ਕਾਫ਼ੀ ਹਨ੍ਹੇਰਾ ਹੁੰਦਾ ਜਦੋਂ ਗੱਡੀ ਸਟੇਸ਼ਨ ਤੇ ਆ ਜਾਂਦੀ । ਬਠਿੰਡੇ ਤੱਕ ਜਾਂਦਿਆਂ ਪਹੁ ਫੁਟਾਲਾ ਹੋ ਜਾਂਦਾ ਤੇ ਮਾਨਸਾ ਤੱਕ ਪਹੁੰਚਦਿਆਂ ਡੱਬੇ ਵਿੱਚ ਸੂਰਜ ਦੀ ਛੋਖੀ ਧੁੱਪ ਅੰਦਰ ਆ ਜਾਂਦੀ। ਤਕਰੀਬਨ ਹਰ ਰੋਜ਼ ਵਾਂਗ ਜਾਂ ਇੱਕ ਦੋ ਦਿਨ ਛੱਡ ਕੇ ਓਹ ਗੱਡੀ ਦੇ ਡੱਬਿਆਂ ਵਿੱਚ ਏਧਰ ਓਧਰ ਫਿਰਦਾ ਰਹਿੰਦਾ । ਉਹ ਕਦੇ ਕਿਸੇ ਕੋਲ ਬੈਠ ਵੀ ਜਾਂਦਾ ਫਿਰ ਉੱਠ ਜਾਂਦਾ …..ਦੂਸਰੇ ਡੱਬੇ ਵਿੱਚ ਜਾ ਕਿਸੇ ਹੋਰ ਕੋਲ਼ ਬੈਠ ਕੇ ਉਸ ਵੱਲ ਦੇਖਦਾ ਤੇ ਫਿਰ ਉੱਠ ਕੇ ਇਧਰ ਓਧਰ ਗੇੜੇ ਕੱਢਦਾ ਡੱਬਿਆਂ ਵਿੱਚ ਫਿਰਦਾ ਰਹਿੰਦਾ । ਚੌਦਾਂ ਪੰਦਰਾਂ ਸਾਲ ਦਾ ਈ ਹੋਏਗਾ । ਉਸਦਾ ਰੰਗ ਗੋਰਾ ਪਰ ਰੁੱਖਾ ਤੇ ਮੈਲਾ ਜਿਹਾ……ਸਿਰ ਦੇ ਵਾਲ ਛੋਟੇ ਤੇ ਖ਼ੁਸ਼ਕ, ਓਹ ਮੈਲਾ ਜਿਹਾ ਕੁੜਤਾ ਪਜਾਮਾ ਪਾਈ ਰੱਖਦਾ । ਓਹ ਲੋਕਾਂ ਦੀਆਂ ਗੱਲਾਂ ਸੁਣਦਾ ਓਹਨਾਂ ਦੇ ਮੂੰਹਾਂ ਵੱਲ ਟਿਕਟਿਕੀ ਲਗਾ ਕੇ ਵੇਖਦਾ ਜਿਵੇਂ ਗੱਲ ਨੂੰ ਧਿਆਨ ਨਾਲ਼ ਸੁਣ ਰਿਹਾ ਹੋਵੇ । ਕਦੇ ਕਦੇ ਗੱਲ ਸੁਣਦਾ ਹੱਸ ਪੈਂਦਾ ਤੇ ਕਈ ਸੋਚਦੇ , … ਪਤਾ ਨਹੀਂ ਕਿਉਂ ਹੱਸ ਰਿਹਾ ਹੈ । ਡੱਬੇ ਵਿੱਚ ਬੈਠੇ ਯਾਤਰੀਆਂ ਦਾ ਮਨੋਰੰਜਨ ਹੁੰਦਾ ਰਹਿੰਦਾ । ਹਰ ਰੋਜ਼ ਸਫ਼ਰ ਕਰਨ ਵਾਲ਼ੇ ਉਸ ਨੂੰ ਨਫਰਤ ਨਹੀਂ ਸੀ ਕਰਦੇ ਤੇ ਓਹ ਹਰ ਰੋਜ਼ ਆਉਣ ਜਾਣ ਵਾਲਿਆਂ ਨੂੰ ਜਾਨਣ ਲੱਗ ਪਿਆ ਸੀ । ਟਿਕਟ ਚੈਕਰ ਉਸ ਨੂੰ ਟਿਕਟ ਨਹੀਂ ਸੀ ਪੁੱਛਦੇ ।
ਪਤਾ ਨਹੀਂ ਕਿਉਂ ਓਹ ਡੱਬੇ ਵਿੱਚ ਅਗਲੇ ਸਿਰੇ ਵੱਲ ਦੇਖਣ ਲੱਗਿਆ ਜਾਂ ਕਿਸੇ ਪਰ੍ਹਾਂ ਤੱਕ ਬੈਠੇ ਵੱਲ ਵੇਖਣ ਲੱਗਿਆ ਇੱਕ ਅੱਖ ਨੂੰ ਹੱਥ ਨਾਲ਼ ਢਕ ਲੈਂਦਾ ਤੇ ਦੂਸਰੀ ਮੀਚ ਕੇ ਵੇਖਦਾ ਓਹ ਉਸ ਪਾਸੇ ਦਾ ਬੁੱਲ੍ਹ ਤੇ ਨੱਕ ਦਾ ਮਾਸ ਉਤਾਂਹ ਨੂੰ ਚੁੱਕਦਾ ਤਾਂ ਗੱਲ੍ਹ ਦਾ ਮਾਸ ਕੁਝ ਉੱਚਾ ਹੋ ਕੇ ਅੱਖ ਮਿਚ ਜਾਂਦੀ ਸੀ । ਫਿਰ ਦੂਸਰੀ ਅੱਖ ਢੱਕ ਕੇ ਇੰਝ ਹੀ ਭੈਂਗਾ ਜਿਹਾ ਦੇਖਦਾ ।
ਓਹ ਕਿਸੇ ਕੋਲ ਬੈਠ ਕੁਛ ਨਾ ਕੁਛ ਬੋਲਦਾ ਵੀ ਤਾਂ ਉਸ ਦੀ ਗੱਲ ਸੁਣਨ ਵਿੱਚ ਕੋਈ ਧਿਆਨ ਨਾ ਦਿੰਦਾ ਪਰ ਅੱਗੋਂ ਓਹ ਕਹਿੰਦਾ ‘ ਠੀਕ ਐ …,ਨਾ ,” ਜਿਵੇਂ ਉਸਦੀ ਅਗਲਾ ਗੱਲ ਸੁਣ ਹੀ ਰਿਹਾ ਹੋਵੇ । ਫਿਰ ਇਹ ਕਹਿ ਕੇ ” ਮੇਰਾ ਕਸੂਰ ਈ ਨਹੀਂ ਸੀ ” ਉੱਠ ਕੇ ਤੁਰ ਜਾਂਦਾ ।
ਕੇਦਾਰ ਬਾਊ ਕੋਲੋਂ ਲੰਘਦਾ ਹੱਥ ਚੁੱਕ ਪੁੱਛਦਾ , ” ਹੋਰ ਜੀ , ਕੀ ਹਾਲ ਐ “
” ਹਾਂ ਬਈ , ਠੀਕ ਐ ”  ਕੇਦਾਰ ਬਾਊ ਦਾ ਦਿਲ ਹੱਸਣ ਨੂੰ ਕਰਦਾ ਪਰ ਐਨਾਂ ਕਹਿ ਕੇਦਾਰ ਆਪਣੀ ਕਿਤਾਬ ਪੜ੍ਹਨ ਲੱਗ ਜਾਂਦਾ ।
ਅੱਜ ਵੀ ਗੱਡੀ ਸਟੇਸ਼ਨ ਤੇ ਆ ਕੇ ਰੁਕੀ ਤਾਂ ਕੇਦਾਰ ਡੱਬੇ ਵਿੱਚ ਚੜ੍ਹ ਕੇ ਬਾਰੀ ਨਾਲ ਦੀ ਸਿੰਗਲ ਸੀਟ ਤੇ ਬੈਠ ਗਿਆ। ਅੱਜ ਸਵਾਰੀਆਂ ਬਹੁਤ ਘੱਟ ਸਨ ।ਉਸਦੀ ਸਾਹਮਣੀ ਸੀਟ ਤੇ ਇੱਕ ਮੁੰਡਾ ਪੈਰ ਸੀਟ ਤੇ ਰੱਖ ਠੰਢ ਨਾਲ ਕੂੰਗੜਿਆ,ਆਪਣੇ ਗੋਡਿਆਂ ਦੁਆਲ਼ੇ ਬਾਹਾਂ ਦੀ ਬਲਾਂਗੜੀ ਜਿਹੀ ਬਣਾ ਕੇ, ਵਿੱਚ ਸਿਰ ਘਸੋ ਕੇ ਬੈਠਾ ਸੀ । ਗੱਡੀ ਦੇ ਪਹੀਆਂ ਦਾ ਲਗਾਤਾਰ ਖੜਕਾ ਹੋ ਰਿਹਾ ਸੀ ਤੇ ਉਸਦਾ ਗੁੱਛਾ ਮੁੱਛਾਂ ਸ਼ਰੀਰ ਡੱਬੇ ਦੇ ਹਿਲਣ ਕਰਕੇ ਖੱਬੇ ਸੱਜੇ ਹਿੱਲ ਰਿਹਾ ਸੀ। ਗੱਡੀ ਦੀ ਚਾਲ ਤੇ ਖੜਕੇ ਵਿੱਚ ਮਸਤ ਕੇਦਾਰ ਕਿਤਾਬ ਪੜ੍ਹ ਰਿਹਾ ਸੀ । ਅਚਾਨਕ ਕੁਛ ਚਿਰ ਪਿੱਛੋਂ ਉਸ ਮੁੰਡੇ ਨੇ ਸਿਰ ਉਤਾਂਹ ਚੁੱਕਿਆ, ਕੇਦਾਰ ਨੇ ਵੇਖਿਆ ਇਹ ਉਹੀ ਸਿਧਰਾ ਮੁੰਡਾ ਸੀ। ਕੇਦਾਰ ਨੂੰ ਮਹਿਸੂਸ ਹੋਇਆ ਜਿਵੇਂ ਓਹ ਰੋ ਕੇ ਹਟਿਆ ਹੋਵੇ ।
” ਮੇਰਾ ਕਸੂਰ ਤਾਂ ਨਹੀਂ ਸੀ, …….” ਉਸਨੇ ਆਪਣੇ ਆਪ ਨੂੰ ਈ ਸੁਣਾ ਕੇ ਹੌਲ਼ੀ ਜਿਹੀ ਕਿਹਾ ਫਿਰ ਸਾਹਮਣੇ ਦੇਖਿਆ ਤੇ ” ਹੋਰ ਜੀ …. ਕੀ ਹਾਲ ਐ”  ਠੀਕ ਹੋ ਕੇ ਬੈਠਦੇ ਨੇ ਕੇਦਾਰ ਨੂੰ ਪੁੱਛਣ ਲੱਗ ਪਿਆ ਤੇ ਕੁੜਤੇ ਦੀ ਬਾਂਹ  ਅੱਖਾਂ ਤੇ ਫੇਰਨ ਲੱਗ ਪਿਆ ।
” ਹੂੰ ”  ਗੱਡੀ ਦੇ ਪਹੀਆਂ ਦੇ ਖੜਕੇ ਅਤੇ ਯਾਤਰੀਆਂ ਦੇ ਹਲਕੇ ਫੁਲਕੇ ਰੌਲੇ ਵਿੱਚ ਕੇਦਾਰ ਦੀ ਹੂੰ ਰਲ ਮਿਲ ਗਈ ।
” ਕੋਈ ਕੰਮ ਕਾਰ ਵੀ ਕਰਦੈਂ ਕਿ ਨਹੀਂ “
” ਕੰਮ ਆਪਾਂ ਨੇ ਕੀ ਕਰਨੈ ਬਾਊ ਜੀ  ” ਸਿਧਰੇ ਮੁੰਡੇ ਨੇ ਝੂਮਦੇ ਹੋਏ ਕਿਹਾ ਪਰ ਉਸਦੇ ਜਵਾਬ ਵਿੱਚ ਸਿਧਰਾਪਣ ਨਹੀਂ ਸੀ।
” ਤੇਰਾ ਨਾਮ ਕੀ ਐ “
” ਬਿੱਲੂ “
” ਅੱਛਾ …ਤੇ …ਤੇਰਾ ਬਾਪੂ ਕੀ ਕਰਦੈ ” ਕੇਦਾਰ ਉਸ ਬਾਰੇ ਜਾਨਣਾ ਚਾਹੁੰਦਾ ਸੀ।
” ਨਹੀਂ ਹੈਗਾ …. ਪੂਰਾ ਹੋ ਗਿਆ “
” ਓਹ….. ਹੋ….ਮਾੜਾ ਹੋਇਆ “…. ਤੇ ਮਾਂ ? “
” ਨਹੀਂ ….. ਬਿੱਲੂ ਨੇ ਨਾਂਹ ਵਿੱਚ ਸਿਰ ਹਿਲਾ ਕੇ ਆਪਣੇ ਹੱਥ ਨੂੰ ਡਮਰੂ ਵਾਂਗ ਘੁਮਾ ਦਿੱਤਾ। ਤੇ ਓਹ ਸੀਟ ਤੋਂ ਉੱਠ ਕੇ ਅੰਗੜਾਈ ਜਿਹੀ ਲੈਣ ਲਗ ਪਿਆ ਤੇ  ” ਨਹੀਂ .. ਨਹੀਂ  ” ਕਰਦਾ ਚਲਦੀ ਹੋਈ ਗੱਡੀ ਦੇ ਡੱਬੇ ਵਿੱਚ ਤੁਰ ਪਿਆ। ਗੱਡੀ ਦੇ ਪਹੀਆਂ ਦੇ ਖੜਕੇ ਨਾਲ਼ ਗੱਡੀ ਦੀ ਸਪੀਡ ਦਾ ਪਤਾ ਲੱਗ ਰਿਹਾ ਸੀ ਤੇ ਇਹ ਬਾਰੀ ਵਿੱਚੋਂ ਦੀ ਬਾਹਰ ਭੱਜੇ ਜਾਂਦੇ ਦਰੱਖਤਾਂ ਵੱਲ ਦੇਖਣ ਲੱਗ ਪਿਆ ਜਿਵੇਂ ਕੋਈ ਹੋਰ ਗੱਲ ਦੱਸਣ ਲਈ ਉਸ ਦਾ ਮਨ ਨਾ ਹੋਵੇ ।
ਗੱਡੀ ਹੁਣ ਮਾਨਸਾ ਦੇ ਸਟੇਸ਼ਨ ਤੇ ਆ ਕੇ ਰੁਕ ਗਈ । ਕੇਦਾਰ ਹੋਰ ਸਵਾਰੀਆਂ ਨਾਲ ਉੱਤਰ ਕੇ  ਸਟੇਸ਼ਨ ਦੇ ਬਾਹਰ ਵੱਲ ਜਾਣ ਲੱਗਾ ਤੇ ਬਿੱਲੂ ਨੂੰ ਏਧਰ ਓਧਰ ਦੇਖਿਆ , ਓਹ ਕਿਤੇ ਨਾ ਦਿਸਿਆ ਪਰ ਥੋੜ੍ਹੀ ਦੂਰ ਅਗ੍ਹਾਂ ਉਸਨੇ ਬਿੱਲੂ ਨੂੰ ਵੀ ਸ਼ਹਿਰ ਵੱਲ ਜਾਂਦੇ ਦੇਖ ਲਿਆ ਸੀ ।
ਸ਼ਾਮ ਨੂੰ ਵਾਪਸੀ ਵੇਲੇ ਗੱਡੀ ਧੁੰਦ ਕਰਕੇ ਦੋ ਘੰਟੇ ਲੇਟ ਹੋ ਗਈ ਸੀ। ਕੇਦਾਰ ਤੇ ਹੋਰ ਰੋਜ਼ ਵਾਲੀਆਂ ਸਵਾਰੀਆਂ ਗੱਡੀ ਦੀ ਉਡੀਕ ਵਿੱਚ ਪਲੇਟਫਾਰਮ ਦੇ ਬੈਂਚਾਂ ਤੇ ਬੈਠੇ ਸਮਾਂ ਲੰਘਾ ਰਹੇ ਸਨ । ਬੀਮੇ ਵਾਲ਼ਾ ਗੁਰਲਾਲ ਵੀ ਕੇਦਾਰ ਕੋਲ਼ ਬੈਠਾ ਸੀ ਤੇ ਓਹ ਸਿਧਰੇ ਬਿੱਲੂ ਬਾਰੇ ਗੱਲਾਂ ਕਰਨ ਲੱਗ ਪਏ ।
 ” ਬਾਰ ਬਾਰ ਇਹ ਕਿਉਂ ਕਹਿੰਦੈ ਬਈ,.. ਮੇਰਾ ਕਸੂਰ ਨਹੀਂ ਸੀ , … ਇਸ ਗੱਲ ਦੀ ਸਮਝ ਨਹੀਂ ਲੱਗੀ ” ਕੇਦਾਰ ਨੇ ਗੁਰਲਾਲ ਨੂੰ ਪੁੱਛਿਆ ਕਿਓਂਕਿ ਗੁਰਲਾਲ ਬਿੱਲੂ ਦੇ ਘਰ ਨੇੜੇ ਤੇੜੇ ਹੀ ਰਹਿੰਦਾ ਸੀ।
” ਮੈਨੂੰ ਚੰਗੀ ਤਰ੍ਹਾਂ ਤਾਂ ਨਹੀਂ ਪਤਾ ਪਰ ਇਸਦੇ ਮਾਂ ਬਾਪ ਦੀ ਆਪਸ ਵਿੱਚ ਬਣਦੀ ਨਹੀਂ ਸੀ”
” ਅੱਛਾ…ਅੱਛਾ ” – ਕੇਦਾਰ ਨੇ ਦਿਲਚਸਪੀ ਲਈ।
ਗੁਰਲਾਲ ਫੇਰ ਦੱਸਣ ਲੱਗਿਆ , – ” ਅਸਲ ਵਿੱਚ ਦੋਹਾਂ ਜੀਆਂ ਦੀ ਉਮਰ ਦਾ ਫ਼ਰਕ ਸੀ । ਇਸਦੀ ਮਾਂ ਜਵਾਨ ਸੀ ਤੇ ਪਿਉ ਦੁੱਗਣੀ ਉਮਰ ਦਾ ,…… ਉਤੋਂ ਸ਼ੱਕੀ ਸੁਭਾਅ ਦਾ ਬੰਦਾ …. ਹਰ ਵੇਲ਼ੇ ਕਲੇਸ਼ ,…. ਕਿੱਥੇ ਗਈ ਸੀ…… ਫਲਾਣੇ ਨਾਲ਼ ਕੀ ਗੱਲ ਕਰਦੀ ਸੀ …. ਅਖੇ ਮੈਂਨੂੰ ਪੰਡਤਾਂ ਦੀ ਬੁੱੜ੍ਹੀ ਨੇ ਦੱਸਿਆ ਐ, ਰਾਜ ਗੁਪਤਾ ਤੇਰੇ ਨਾਲ਼ ਕੀ ਗੱਲ ਕਰਦਾ ਸੀ …. ਬਸ , ਹਰ ਰੋਜ਼ ਦਾ ਰੰਡੀ ਰੋਣਾ …. ਕਦੇ ਕਦੇ ਕਿਰਪਾਨ ਕੱਢ ਕੇ ਵੱਢ ਦੇਣ ਦਾ ਡਰਾਵਾ ਦਿੰਦਾ ਪਰ ਕਲੇਸ਼ ਐਨਾਂ , ਲੋਕ ਬਾਹਰ ਨਿੱਕਲ ਕੇ ਲੜਾਈ ਸੁਣਦੇ । ਬਿੱਲੂ ਵਿਚਾਰਾ ਕੋਲ਼ ਖੜ੍ਹਾ ਸੁਣਦਾ ਤੇ ਰੋਂਦਾ ਰਹਿੰਦਾ ….. ਹੋਰ ਕੀ ਕਰਦਾ…. ਓਦੋਂ ਸ਼ਾਇਦ ਇਹ ਸੱਤ ਅੱਠ ਸਾਲ ਦਾ ਹੋਣਾ ਐ…….ਗੁਆਂਢ ਵਿੱਚੋਂ ਕੋਈ ਹੋਰ ਬੁੱੜ੍ਹੀ ਉਸਨੂੰ ਆਪਣੇ ਘਰ ਲੈ ਜਾਂਦੀ ਜਦੋਂ ਓਹ ਬੋਲਣੋਂ ਹਟ ਜਾਂਦੇ ਤਾਂ ਬਿੱਲੂ ਨੂੰ ਓਹਦੇ ਘਰ ਛੱਡ ਜਾਂਦੀ ।
” ਇਹ ਤਾਂ ਬੜੀ ਮਾੜੀ ਘਟਨਾ ਦੱਸੀ ” ਕੇਦਾਰ ਨੂੰ ਜਿਵੇਂ ਸੁਣ ਕੇ ਦੁੱਖ ਹੋਇਆ ਹੋਵੇ ।
” ਕੇਦਾਰ ਬਾਊ , …. ਤੀਵੀਂ ਬੰਦੇ ਦਾ ਕਲੇਸ਼ ਬਹੁਤ ਮਾੜਾ ਹੁੰਦੈ, ਇਹਦੀ ਮਾਂ ਪਤਾ ਨਹੀਂ ਪਾਗ਼ਲ ਈ ਹੋ ਗਈ ਜਾਂ ਕੀ…….. ਘੜੇ ਵਿੱਚ ਭਰਿਆ ਪਾਣੀ ਬੇ ਮਤਲਬ ਡੋਹਲ ਦਿੰਦੀ ਜਾਂ ਚੁੱਲ੍ਹੇ ਵਿੱਚ ਅੱਗ ਮਚਾਉਂਦੀ ਪਰ ਉੱਪਰ ਬਣਨ ਲਈ ਕੁਛ ਨਾ ਰੱਖਦੀ … ਆਖਰ ਕਾਰ ਓਹ ਪਤਾ ਨਹੀਂ ਕਦੋਂ ਘਰੋਂ ਨਿੱਕਲ ਗਈ, ਕਿਸੇ ਨੂੰ ਪਤਾ ਨਹੀਂ ਲੱਗਿਆ ਤੇ …. ਅੱਜ ਤੱਕ ਕੋਈ ਪਤਾ ਨਹੀਂ ਕਿੱਥੇ ਹੈ ਕਿੱਥੇ ਨਹੀਂ ……. ਇਹਦਾ ਬਾਪ ਬਜ਼ੁਰਗ ਸੀ ,…… ਬਿਮਾਰ ਹੋਇਆ ਤਾਂ ਇਲਾਜ ਬਿਨਾ ਈ ਤੁਰ ਗਿਆ ….. ਮਗਰੋਂ ਸ਼ਰੀਕਾਂ ਨੇ ਘਰ ਸੰਭਾਲ ਲਿਆ ….. ਕੁਛ ਸਾਲਾਂ ਤੱਕ ਇਹ ਓਹਨਾਂ ਕੋਲ ਰਿਹਾ , ……. ਹੁਣ ਬਹੁਤ ਚਿਰ ਤੋਂ ਐਵੇਂ ਈ ਤੁਰਿਆ ਫਿਰਦਾ ਰਹਿੰਦੈ, ….. ਕੋਈ ਇਸ ਦੀ ਪ੍ਰਵਾਹ ਨਹੀਂ ਕਰਦਾ …   , ਐਨੀ ਕੁ ਕਹਾਣੀ ਦਾ ਤਾਂ ਪਤਾ ਐ ” ਗੁਰਲਾਲ ਨੇ ਬਿੱਲੂ ਦੇ ਘਰ ਦੀ ਸੰਖੇਪ ਜਾਣਕਾਰੀ ਸਾਂਝੀ ਕਰ ਦਿੱਤੀ।
ਬਿੱਲੂ ਹੁਣ ਘਰ ਹੋਣ ਦੇ ਬਾਵਜ਼ੂਦ ਕਿੱਥੇ ਰਹਿੰਦਾ ਸੀ, ਕੀ ਖਾਂਦਾ ਤੇ ਕਿੱਥੇ ਸੌਂਦਾ ਸੀ, ਕਿਸੇ ਨੂੰ ਠੀਕ ਤਰ੍ਹਾਂ ਕੁਛ ਨਹੀਂ ਸੀ ਪਤਾ ।
ਗੱਡੀ ਦੀ ਉਡੀਕ ਕਰਦਿਆਂ ਇੱਕ ਘੰਟਾ ਬੀਤ ਗਿਆ । ਕੇਦਾਰ ਤੇ ਹੋਰ ਸੋਚ ਰਹੇ ਸਨ ਕਿ ਅੱਧਾ ਸਮਾਂ ਲੰਘ ਗਿਆ ਪਰ ਪਲੇਟਫਾਰਮ ਦੇ ਖੰਭੇ ਤੇ ਲੱਗੇ ਸਪੀਕਰ ਨੇ ਬੋਲ ਕੇ ਕਿਹਾ ਕਿ ਗੱਡੀ ਇੱਕ ਘੰਟਾ ਹੋਰ ਦੇਰੀ ਨਾਲ਼ ਚੱਲ ਰਹੀ ਐ। ਪਹਿਲਾਂ ਦੋ ਘੰਟੇ ਲੇਟ ਸੀ ਹੁਣ ਤਿੰਨ ਘੰਟੇ ਲੇਟ ਹੋ ਗਈ।
ਕੇਦਾਰ ਤੇ ਗੁਰਲਾਲ ਚਾਹ ਪੀਣ ਲਈ ਸਟੇਸ਼ਨ ਦੇ ਬਾਹਰ ਇੱਕ ਚਾਹ ਦੀ ਦੁਕਾਨ ਤੇ ਜਾ ਬੈਠੇ ਤੇ ਓਹਨਾਂ ਨੇ ਬਿੱਲੂ ਨੂੰ ਵੀ ਓਥੇ ਬੈਠਾ ਦੇਖ ਲਿਆ। ਓਹ ਓਵੇਂ ਈ ਭੈਂਗਾ ਜਿਹਾ ਓਹਨਾਂ ਵੱਲ ਦੇਖ ਕੇ ਬੋਲਿਆ ” ਹੋਰ ਜੀ “
” ਓਹ ਭਾਈ ਬਿੱਲੂ ਸਿਆਂ ਚਾਹ ਪੀਏਂਗਾ ? “
” ਹਾਂ ਜੀ, ਪਿਆਓ ਜੀ ਚਾਹ ਪਿਆਓ, ਮਾਹਰਾਜ!”
ਓਹ ਬੋਲਿਆ ਤੇ ਉਸਦੇ ਚਿਹਰੇ ਤੇ ਰਤਾ ਰੌਣਕ ਜਿਹੀ ਪਰਤ ਆਈ।
” ਹੋਰ ਕੋਈ ਗੱਲ ਬਾਤ ਸੁਣਾ  ” ਕੇਦਾਰ ਨੇ ਕਿਹਾ।
” ਪਹਿਲਾਂ ਚਾਹ ਤਾਂ ਪਿਆਉ ਜੀ “
ਕੇਦਾਰ ਤੇ ਗੁਰਲਾਲ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਨਾਲ ਦੀ ਨਾਲ ਓਹਨਾਂ ਨੂੰ ਮਹਿਸੂਸ ਹੋਇਆ ਜਿਵੇਂ ਬਿੱਲੂ ਕੋਈ ਸਿਧਰਾ ਜਾਂ ਨੀਮ ਪਾਗ਼ਲ ਨਹੀਂ ਸੀ ਜਿਵੇਂ ਕਿ ਪਹਿਲਾਂ ਓਹ ਬਿੱਲੂ ਬਾਰੇ ਸੋਚਦੇ ਸੀ।
ਚਾਹ ਪੀ ਕੇ ਉਹ ਬਿੱਲੂ ਨੂੰ ਨਾਲ਼ ਲੈਕੇ ਦੁਕਾਨ ਦੇ ਪਿੱਛੇ ਛੋਟੀ ਜਿਹੀ ਪਾਰਕ ਵਿੱਚ ਘਾਹ ਉੱਤੇ ਬੈਠ ਗਏ ਜਿੱਥੋਂ ਪਲੇਟਫਾਰਮ ਤੇ ਸਵਾਰੀਆਂ ਦਿਸ ਰਹੀਆਂ ਸਨ।
” ਤੂੰ ਹੋਰ ਸਵਾਰੀਆਂ ਨੂੰ ਗੱਲਾਂ ਬਾਤਾਂ ਸੁਣਾ ਦਿਨੈਂ ਕੋਈ ਸਾਨੂੰ ਵੀ ਸੁਣਾ ਦੇ ” ਚਾਹ ਪੀਂਦਿਆਂ ਬਿੱਲੂ ਦਾ ਮੂਡ ਦੇਖ ਕੇ ਕੇਦਾਰ ਨੇ ਪੁੱਛ ਲਿਆ ।
” ਸੁਣ ਕੇ ਕੀ ਕਰੋਗੇ ,…ਜੀ ” ਚਾਹ ਦੀ ਆਖਰੀ ਘੁੱਟ ਭਰਦਿਆਂ ਉਸਨੇ ਕਿਹਾ । ਉਸਦੀ ਗੱਲ ਕਰਨ ਦੇ ਲਹਿਜੇ ਵਿੱਚ ਨਾ ਸਿਆਣਪ ਸੀ ਤੇ ਨਾ ਹੀ ਬਚਪਨਾ ਪ੍ਰਤੀਤ ਹੋਇਆ ।
” ਮੇਰਾ ਕਸੂਰ ਨੀ ਸੀ ਪਰ,…..  ਮੇਰੇ ਥੱਪੜ ਕਿਉਂ ਮਾਰਿਆ  ” ਉਹ ਅਚਾਨਕ ਹੀ ਬੋਲ ਪਿਆ ।
” ਕਿਸ ਨੇ ਥੱਪੜ ਮਾਰਿਆ …ਤੇਰੇ “
” ਮੇਰੇ ਬਾਪੂ ਨੇ ……ਮੇਰੀ ਮਾਂ ਨੇ “
ਓਹ ਹੱਸੇ ਤਾਂ ਨਹੀਂ ਪਰ ਕੇਦਾਰ ਨੇ  ਫੇਰ ਕਿਹਾ ” ਮਾਂ ਨੇ ਮਾਰਿਆ ਜਾਂ ਪਿਓ ਨੇ ….. ਫੇਰ ਕੀ ਹੋਇਆ ! , ਪਰ ਫੇਰ ਵੀ ਕਿਓਂ ਮਾਰਿਆ ਤੇਰੇ ਥੱਪੜ…?”
ਗੁਰਲਾਲ ਸੁਣਨ ਵਿੱਚ ਹੀ ਦਿਲਚਸਪੀ ਲੈ ਰਿਹਾ ਸੀ ਪਰ ਕੇਦਾਰ ਬਿੱਲੂ ਵਰਗਾ ਬਣ ਕੇ ਹੀ ਪੁੱਛ ਰਿਹਾ ਸੀ।
” ਤੁਸੀਂ ਮੇਰੀ ਘਾਣੀ ਲਿਖੋਗੇ ? “
” ਕਹਾਣੀ ਕੀ ਹੁੰਦੀ ਐ, ਤੈਨੂੰ ਕਿਵੇਂ ਪਤਾ ਐ “
” ਬਾਊ ਜੀ ਮੈਨੂੰ ਸਭ ਪਤੈ , …… ਤੁਸੀਂ ਕਿਤਾਬਾਂ ਪੜ੍ਹਦੇ ਰਹਿੰਦੇ ਓ ਨਾ … ਗੱਡੀ ਵਿੱਚ , ਹੁਣ ਦੱਸੋ “
ਕੇਦਾਰ ਗੱਲ ਸੁਣ ਕੇ ਗੁਰਲਾਲ ਨੂੰ ਕਹਿਣ ਲੱਗਾ – ” ਬਹੁਤ ਸਮਝ ਐ ਇਸਨੂੰ ਤਾਂ “
” ਠੀਕ ਐ … ਨਾ , ਮੈਂਨੂੰ ਸਭ ਪਤੈ ਜੀ ,” ਬਿੱਲੂ ਦੋਹਾਂ ਦੇ ਮੂੰਹ ਵੱਲ ਵਾਰੀ ਵਾਰੀ ਦੇਖ ਕੇ ਬੋਲਿਆ ।
” ਬਿਲਕੁਲ ਠੀਕ ਐ ਤੇਰੀ ਗੱਲ, ਤੇਰੀ ਘਾਣੀ ਤਾਂ ਜਰੂਰ ਲਿਖਾਂਗੇ, …ਹੁਣ ਅੱਗੇ ਦੱਸ, ਕਿਉਂ ਮਾਰਿਆ ਥੱਪੜ “
” ਜਦੋਂ ਅਸੀਂ ਮੇਰੇ ਨਾਨਕੇ ਗਏ…. ਬਿੱਲੂ ਦੱਸਣ ਲੱਗ ਪਿਆ । ” ਉਥੋਂ ਮੁੜਦੇ ਅਸੀਂ ਕਿੱਕਰਾਂ ਵਾਲ਼ੇ ਅੱਡੇ ਤੇ ਖੜ੍ਹੇ ਸੀ … ਮੈਂ, ਮੇਰੀ ਮਾਂ ਤੇ ਮੇਰਾ ਬਾਪੂ ਕਿੰਨਾਂ ਚਿਰ ਬੱਸ ਉਡੀਕਦੇ ਰਹੇ …. ਜਦੋਂ ਕਿੰਨਾਂ ਚਿਰ ਬੱਸ ਨਾ ਆਈ ਤਾਂ ਮੇਰੀ ਮਾਂ ਨੇ ਕਿਹਾ, ….ਸੀਤੋ ਕੇ ਖੇਤ ਈ ਜਾ ਆਵਾਂ……. ਸੀਤੋ ਮੇਰੀ ਮਾਂ ਦੀ ਸਹੇਲੀ ਸਾਡੇ ਪਿੰਡ ਵਿਆਹੀ ਸੀ ਤੇ ਖੇਤ ਓਹਦਾ ਭਰਾ ਹੁੰਦਾ ਸੀ । ਓਹ ਕਹਿੰਦੀ ਕੋਈ ਸੁਨੇਹਾ ਈ ਲੈ ਆਵਾਂ “
” ਅੱਛਾ,” ਕੇਦਾਰ ਦੇ ਮੂੰਹੋਂ ਨਿਕਲਿਆ ਤੇ ਉਸਦੀਆਂ ਅੱਖਾਂ ਰਤਾ ਚੌੜੀਆਂ ਹੋ ਗਈਆਂ। ਪਲ ਦੀ ਪਲ ਉਸਨੂੰ ਲੱਗਿਆ ਕਿ ਇਹ ਕੋਈ ਸਿਧਰਾ ਤਾਂ ਨਹੀਂ ਹੋ ਸਕਦਾ …. ਓਹ ਆਪਣੇ ਦਿਲ ਦੇ ਧੁਰ ਅੰਦਰੋਂ ਕੋਈ ਦੱਬਿਆ ਹੋਇਆ ਗ਼ੁਬਾਰ ਕੱਢ ਰਿਹਾ ਹੋਵੇ। ” ਅੱਛਾ ਫੇਰ ” ਕੇਦਾਰ ਅਗਲੀ ਗੱਲ ਸੁਣਨ ਲਈ ਉਤਸੁਕ ਹੋ ਗਿਆ।
” ਫੇਰ ਮੇਰੇ ਬਾਪੂ ਨੇ ਕਿਹਾ ….ਜਾਂਦੀ ਰਹਿ..ਤੇਰੀ ਮਰਜੀ ਐ ਉਂ ਕੋਈ ਗੱਲ ਹੁੰਦੀ ਤਾਂ ਉਹ ਆਪ ਹੀ ਦੱਸ ਜਾਂਦਾ ।
ਬਿੱਲੂ ਗੱਲ ਕਰਦਾ ਕਰਦਾ ਗੰਭੀਰ ਜਿਹਾ ਹੋ ਜਾਂਦਾ ਕਦੇ ਮੱਥੇ ਤੇ ਤਿਊੜੀ ਜਿਹੀ ਪਾ ਕੇ ਗੱਲ ਕਰਦਾ । ਓਹ ਕਦੇ ਕੇਦਾਰ ਵੱਲ ਦੇਖਦਾ ਕਦੇ ਗੁਰਲਾਲ ਵੱਲ । ਇਹ ਘਟਨਾ ਕਦੋਂ ਵਾਪਰੀ , ਇਸ ਨੂੰ ਕਿਵੇਂ ਯਾਦ ਰਹਿ ਗਈ, ਉਸਦੀ ਮਾਂ ਸੀਤੋ ਦੇ ਭਰਾ ਨੂੰ ਕਿਉਂ ਮਿਲਣ ਜਾ ਰਹੀ ਸੀ… ਕੀ ਉਸਦੇ ਸਬੰਧ ਸੀਤੋ ਦੇ ਭਰਾ ਨਾਲ਼ ਸਨ ….. ਇਹ ਸਾਰੇ ਸਵਾਲ ਕੇਦਾਰ ਦੀ ਸਮਝ ਵਿੱਚ ਨਹੀਂ ਆ ਰਹੇ ਸਨ ਪਰ ਮੁੰਡੇ ਦੀ ਗੱਲ ਵਿੱਚ ਦਿਲਚਸਪੀ ਲੈਂਦੇ ਹੋਏ ਉਸਨੇ ਫਿਰ ਹੁੰਗਾਰਾ ਭਰਿਆ ” ਹੂੰ, ਫੇਰ “
” ਫੇਰ ਮੇਰੀ ਮਾਂ ਕਹਿੰਦੀ ਚਲੋ ਕੀ ਹਰਜ ਐ, ਮੈਂ ਪਤਾ ਕਰਕੇ ਹੁਣੇ ਆਈ” … ਓਹ ਜਾਣ ਲੱਗੀ ਤਾਂ ਮੈਂ ਕਿਹਾ ਮੈ ਵੀ ਜਾਊਂਗਾ , ਹੈਂ ” ਤੇ ਓਹ ਕੇਦਾਰ ਵੱਲ ਝਾਕਿਆ।
” ਹੂੰ ” ਕੇਦਾਰ ਨੇ  ਹੁੰਗਾਰਾ ਭਰਿਆ।
” ਫੇਰ ਮੇਰੀ ਮਾਂ ਨੇ ਕਿਹਾ, … ਤੂੰ ਕੀ ਕਰੇਂਗਾ – ਤੇ ਉਸਨੇ ਝਿੜਕ ਕੇ ਪਿੱਛੇ ਮੋੜ ਦਿੱਤਾ”
ਓਹ ਗੱਲ ਕਰਦਾ ਰਤਾ ਕੂ ਰੁਕ ਕੇ ਪਾਰਕ ਦੇ ਸਿਰੇ ਤੇ ਦਰੱਖਤਾਂ ਵੱਲ ਦੇਖਣ ਲੱਗ ਪਿਆ । ਉਹ ਚੌਕੜੀ ਮਾਰ ਕੇ ਬੈਠਾ ਆਪਣੇ ਦੋਹੇਂ ਹੱਥ ਚੌਕੜੀ ਦੇ ਵਿਚਕਾਰ ਕਰਕੇ ਇੰਝ ਅੱਗੇ ਪਿੱਛੇ ਹਿਲ ਰਿਹਾ ਸੀ ਜਿਵੇਂ ਕੋਈ ਗੁਰਦੁਆਰੇ ਵਿੱਚ ਬੈਠਾ ਕੀਰਤਨ ਸੁਣਦਾ ਹੋਵੇ । ਓਹ ਓਵੇਂ ਝੂਮਦਾ ਹੋਇਆ ਕਹਿਣ ਲਗਿਆ– ” ,ਮੇਰੇ ਬਾਪੂ ਨੇ ਮੇਰੀ ਮਾਂ ਦੇ ਮਗਰ ਈ ਭੇਜ ਦਿੱਤਾ , ਬਾਪੂ ਕਹਿੰਦਾ , ਮੈਂਨੂੰ ਦੱਸੀਂ ਆ ਕੇ ਮੇਰਾ ਪੁੱਤ ” –
ਹੈਂ”
ਕੇਦਾਰ ਵੱਲ ਦੇਖਦਾ ਹੋਇਆ ਓਹ ਫੇਰ ਕਹਿਣ ਲੱਗਾ -” ਨਿਆਈਂ ਕੋਲ਼ੋਂ ਦੀ ਇੱਕ ਛੱਪੜ ਦੇ ਉੱਤੋਂ ਦੀ ਮੇਰੀ ਮਾਂ ਤੁਰੀ ਜਾਂਦੀ ਸੀ … ਮੈਂ ਵੀ ਮਗਰ ਤੁਰੀ ਗਿਆ… ਤੇ ਮਾਂ ਦੇ ਨੇੜੇ ਪਹੁੰਚ ਗਿਆ”
ਓਹ ਕੇਦਾਰ  ਵੱਲ ਝਾਕਿਆ ਤਾਂ ਉਸਨੇ ਹੂੰਗਾਰਾ ਦਿੱਤਾ ” ਹੂੰ ਫੇਰ “
” ਖੇਤ ਵਿੱਚ ਪਾਏ ਹੋਏ ਕਾਨਿਆਂ ਦੇ ਛੱਪਰ ਹੇਠ ਮੇਰੀ ਮਾਂ ਇੱਕ ਬੰਦੇ ਨਾਲ਼ ਗੱਲ ਕਰੀ ਜਾਵੇ ਤੇ ਮੈਂਨੂੰ ਦੇਖ ਮੇਰੀ ਮਾਂ ਉਸ ਬੰਦੇ ਨੂੰ ਕਹਿਣ ਲੱਗ ਪਈ ” ਦੇਖਲਾ, ਮਗਰ ਈ ਭੇਜਤਾ ,” ਤੇ ਓਹ ਬੰਦਾ ਬੋਲਿਆ ” ਸਿਖਾ ਕੇ ਭੇਜਿਆ ਹੋਊ.. ਤੈਨੂੰ ਕਿਵੇਂ ਲਗਦੈ”-
ਹੈਂ”
ਬਿੱਲੂ ਦੀ ਗੱਲ ਸੁਣ ਕੇ ਕੇਦਾਰ ਨੂੰ ਹਮਦਰਦੀ ਜਿਹੀ ਹੋਈ । ਉਸਨੇ ਅੱਗੇ ਸੁਣਾਉਣ ਲਈ ਕਿਹਾ ।
” ਫੇਰ ਮੇਰੀ ਮਾਂ ਨੇ ਮੇਰੇ ਥੱਪੜ ਮਾਰਿਆ, ਕਹਿੰਦੀ ਏਥੇ ਕੀ ਦੇਖਣ ਆਇਐਂ ,? “ਮੈਂ ਜੀ ਚੁੱਪ ਕਰਕੇ ਪਿੱਛੇ ਤੁਰ ਪਿਆ …. ਤੁਰਿਆ ਆਇਆ ਤੇ ਮੈਂ ਪਿੱਛੇ ਦੇਖਿਆ ਮੇਰੀ ਮਾਂ ਵੀ ਮੇਰੇ ਮਗਰ ਤੁਰੀ ਆਉਂਦੀ ਸੀ “
” ਹੂੰ”
” ਅਸੀਂ ਕਿੱਕਰਾਂ ਵਾਲ਼ੇ ਅੱਡੇ ਤੇ ਬਾਪੂ ਕੋਲ਼ ਆ ਗਏ .. ਮੇਰੇ ਬਾਪੂ ਨੇ ਮਾਂ ਤੋਂ ਪੁੱਛਿਆ ਕਿਵੇਂ ਐ “
” ਬੱਸ, ਸੁੱਖਸਾਂਦ ਐ “- ਮੇਰਾ ਬਾਪੂ ਚੁੱਪ ਕਰ ਗਿਆ।
” ਹੁਣ ਚਲੀਏ ਜੀ “- ਬਿੱਲੂ ਹੋਰ ਅੱਗੇ ਸੁਣਾਉਣ ਤੇ ਜਿਵੇਂ ਰਾਜ਼ੀ ਨਹੀਂ ਸੀ । ਗੁਰਲਾਲ ਵੀ ਉੱਠ ਕੇ ਸਟੇਸ਼ਨ ਵੱਲ ਚਲਾ ਗਿਆ ਪਰ ਹੋਰ ਚਾਹ ਪੀਣ ਤੇ ਬਿੱਲੂ ਗੱਲ ਕਰਨ ਲਈ ਤਿਆਰ ਹੋ ਗਿਆ ।
” ਜਦੋਂ ਅਸੀਂ ਘਰੇ ਆ ਗਏ ਤਾਂ ਮੇਰਾ ਬਾਪੂ ਮੈਂਨੂੰ ਬਾਜ਼ਾਰ ਲੈ ਗਿਆ ……. ਤੇ ਮੈਨੂੰ ਪੁੱਛਣ ਲੱਗਿਆ ਤੂੰ ਕੀ ਸੁਣ ਕੇ ਆਇਆ ਸੀ ? … ਮੈ ਕਿਹਾ ਮੈਂ ਤਾਂ ਕੋਈ ਗੱਲ ਨਹੀਂ ਸੁਣੀ,…. ਤਾਂ ਮੇਰੇ ਬਾਪੂ ਨੇ ਕਿਹਾ ਤੇਰਾ ਕੀ ਸੁਖ ਹੋਇਆ , ਤੂੰ ਵੀ ਮਾਂ ਵੱਲ ਦੀ ਗੱਲ ਕਰਦੈਂ…. ਤੇ ਮੇਰੇ ਬਾਪੂ ਨੇ ਮੇਰੀ ਦੂਜੀ ਗੱਲ੍ਹ ਤੇ ਥੱਪੜ ਮਾਰ ਦਿੱਤਾ ” ਉਸਨੇ ਚਾਹ ਦਾ ਕੱਪ ਰੱਖਣ ਦੀ ਬਜਾਏ ਜੋਰ ਨਾਲ ਹੇਠਾਂ ਮਾਰਿਆ ।
” ਓਹ ਥੋਡਾ… ਗੱਡੀ ਆ ਗੀ ਓ ਏ ” ਕਹਿ ਕੇ ਉੱਠ ਖੜ੍ਹਾ ਹੋਇਆ ਪਤਾ ਨਹੀਂ ਕੀ ਯਾਦ ਆਇਆ , ਓਹ ਕਾਹਲੀ ਨਾਲ਼ ਪਾਰਕ ਚੋਂ ਬਾਹਰ ਨਿਕਲਿਆ ਤੇ ਸਟੇਸ਼ਨ ਵੱਲ ਭੱਜਣ ਵਾਂਗ ਤੇਜ ਤੇਜ ਸਿਰ ਅਤੇ ਕੱਪੜਿਆਂ ਤੇ ਇੰਝ ਦੋਨੋਂ ਬਾਹਾਂ ਘੁੰਮਾ ਕੇ ਹੱਥ ਮਾਰਦਾ ਜਾ ਰਿਹਾ ਸੀ ਜਿਵੇਂ ਮਖਿਆਲ ਦੀਆਂ ਮੱਖੀਆਂ ਮਗਰ ਪਈਆਂ ਹੋਣ ।
ਕੇਦਾਰ ਨੇ ਬੈਗ ਚੁੱਕਿਆ ਤੇ ਸਟੇਸ਼ਨ ਵੱਲ ਨੂੰ ਤੁਰ ਪਿਆ। ਗੱਡੀ ਆਈ ਤਾਂ ਨਹੀਂ ਸੀ ਪਰ ਆਉਣ ਵਾਲੀ ਸੀ । ਪਲੈਟਫਾਰਮ ਤੇ ਸਵਾਰੀਆਂ ਦੀ ਭੀੜ ਸੀ । ਕੇਦਾਰ ਦੀਆਂ ਨਜ਼ਰਾਂ ਬਿੱਲੂ ਨੂੰ ਲੱਭ ਰਹੀਆਂ ਸਨ ਪਰ ਬਿੱਲੂ ਸਵਾਰੀਆਂ ਦੀ ਭੀੜ ਵਿੱਚ ਕਿਧਰੇ ਗੁੰਮ ਹੋ ਗਿਆ ਸੀ ।
              ***************
ਮਨਜੀਤ ਸਿੰਘ ਜੀਤ 9501615511
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜ਼ੋਨ ਵਿੱਚ ਸ਼ਾਮਲ ਇਕਾਈਆਂ ਦੀ ਦੋ ਸਾਲਾਂ ਲਈ ਹੋਣ ਵਾਲੀ ਚੋਣ ਦੀਆਂ ਮਿਤੀਆਂ ਨਿਯਤ ਕੀਤੀਆਂ
Next articleਰਣਜੀਤ ਐਵੀਨਿਉ ਵੈਲਫੇਅਰ ਸੁਸਾਇਟੀ ਦੇ ਅਹੁੱਦੇਦਾਰਾਂ ਦੀ ਮੀਟਿੰਗ