*50 ਖੇਤਾਂ ਦਾ ਨਾੜ ਵੀ ਸੜਿਆ*ਦੋਵਾਂ ਪਿੰਡਾਂ ਦੇ ਵਾਸੀਆਂ ਦੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਅੱਗ ‘ਤੇ ਪਾਇਆ ਕਾਬੂ*ਦੋ ਫਾਇਰ ਬਿ੍ਗੇਡ ਦੀਆਂ ਗੱਡੀਆਂ ਪਹੁੰਚਣ ਤੱਕ ਅੱਗ ‘ਤੇ ਪਾ ਲਿਆ ਗਿਆ ਸੀ ਲਗਭਗ ਕਾਬੂ
ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਅੱਜ ਦੁਪਿਹਰ ਲਗਭਗ ਦੋ ਵਜੇ ਕਰੀਬੀ ਪਿੰਡ ਭਾਰਸਿੰਘਪੁਰਾ ਵਿਖੇ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਕਾਰਣ ਲਗਭਗ 25 ਖੇਤ ਖੜੀ ਹੋਈ ਕਣਕ ਤੇ 50 ਖੇਤਾਂ ਦਾ ਨਾੜ ਸੜਕੇ ਰਾਖ ਹੋ ਗਏ | ਦੋਵਾਂ ਪਿੰਡਾਂ ਦੇ ਵਾਸੀਆਂ ਨੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਲਗਭਗ 2 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ | ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਸੰਦੀਪ ਸਿੰਘ ਪੁੱਤਰ ਦਿਲਬਾਗ ਸਿੰਘ ਤੇ ਸਤਿੰਦਰ ਸਿੰਘ ਪੁੱਤਰ ਅਜੀਤ ਸਿੰਘ ਦੋਵੇਂ ਵਾਸੀ ਪਿੰਡ ਭਾਰਸਿੰਘਪੁਰਾ ਨੇ ਦੱਸਿਆ ਕਿ ਅੱਜ ਕੰਬਾਈਨ ਦੁਆਰਾ ਕਣਕ ਦੀ ਫਸਲ ਦੀ ਕਟਾਈ ਕੀਤੀ ਜਾ ਰਹੀ ਸੀ | ਇਸ ਦੌਰਾਨ ਕੰਬਾਈਨ ਦਾ ਡਰਾਇਵਰ ਜਦੋਂ ਕੰਬਾਈਨ ਨੂੰ ਪਿੱਛੇ ਮੋੜ ਰਿਹਾ ਸੀ ਤਾਂ ਕੰਬਾਈਨ ਬਿਜਲੀ ਦੇ ਖੰਬੇ ਨਾਲ ਟਕਰਾ ਗਈ | ਜਿਸ ਕਾਰਣ ਬਿਜਲੀ ਦੀਆਂ ਤਾਰਾਂ ‘ਚ ਨਿਕਲੀ ਚਿੰਗਾਰੀ ਦੇ ਕਾਰਣ ਅੱਗ ਦੇਖਦੇ ਹੀ ਦੇਖਦੇ ਵਿਕਰਾਲ ਰੂਪ ਧਾਰਨ ਕਰ ਗਈ ਤੇ ਕਈ ਖੇਤਾਂ ਨੂੰ ਆਪਣੀ ਚਪੇਟ ‘ਚ ਲੈ ਲਿਆ | ਅੱਗ ਲੱਗਣ ਕਾਰਣ ਕਿਸਾਨ ਸਿੰਘ ਦੇ 8 ਖੇਤ ਤੇ ਕਿਸਾਨ ਸਤਿੰਦਰ ਸਿੰਘ ਦੇ 7 ਖੇਤ ਪੱਕੀ ਹੋਈ ਕਣਕ ਦੀ ਫ਼ਸਲ ਦੇ ਸੜਕੇ ਸੁਆਹ ਹੋ ਗਏ | ਅੱਜ ਦੁਪਿਹਰ ਤੋਂ ਚੱਲ ਰਹੀ ਹਵਾ ਨੇ ਬਲਦੀ ‘ਤੇ ਤੇਲ ਪਾਉਣ ਦਾ ਕੰਮ ਕੀਤਾ ਤੇ ਦੇਖਦੇ ਹੀ ਦੇਖਦੇ ਅੱਗ ਨਾਲ ਦੇ ਪਿੰਡ ਸੁਲਤਾਨਪੁਰ ਜਾ ਪਹੁੰਚੀ | ਇੱਥੇ ਵੀ ਅੱਗੇ ਦੇ ਕਾਰਣ ਕਿਸਾਨ ਰਛਪਾਲ ਸਿੰਘ ਦੇ ਦੋ ਖੇਤ, ਕਿਸਾਨ ਸ਼ਿੰਦਰ ਦੇ ਦੋ ਖੇਤ ਕਿਸਾਨ ਜਗਤਾਰ ਸਿੰਘ ਦੇ ਤਿੰਨ ਖੇਤ ਤੇ ਦੋ ਹੋ ਕਿਸਾਨਾਂ ਦੀ ਕਣਕ ਦੇ ਖੇਤ ਅੱਗ ਦੀ ਭੇਟ ਚੜ ਗਏ | ਕਿਸਾਨ ਵੀਰਾਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਣ ਕਈ ਕਿਸਾਨਾਂ ਦਾ ਲਗਭਗ 50 ਖੇਤਾਂ ਦਾ ਨਾੜ ਵੀ ਸੜ ਗਿਆ | ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਦੋਵਾਂ ਪਿੰਡਾਂ ਤੋਂ ਇਲਾਵਾ ਇਲਾਕਾ ਵਾਸੀਆਂ ਨੇ ਇਕੱਤਰ ਹੋ ਕੇ ਟਰੈਕਟਰਾਂ ਦੇ ਨਾਲ ਕਣਕ ਦੀ ਪੱਕੀ ਹੋਈ ਫਸਲ ਨੂੰ ਅੱਗੇ ਤੋਂ ਵਾਹ ਕੇ ਲਗਭਗ 2 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ | ਇਕੱਤਰ ਲੋਕਾਂ ਨੇ ਦੱਸਿਆ ਕਿ ਜੇਕਰ ਸਮੇਂ ਸਿਰ ਅੱਗ ‘ਤੇ ਕਾਬੂ ਨਾ ਪਾਇਆ ਹੁੰਦਾ ਤਾਂ ਅੱਗ ਨੇੜਲੇ ਪਿੰਡ ਰਾਏਪੁਰ ਅਰਾਈਆਂ ਪਹੁੰਚ ਜਾਣੀ ਸੀ ਤੇ ਹੋਰ ਵੱਡਾ ਮਾਲੀ ਨੁਕਸਾਨ ਹੋਣਾ ਸੀ | ਕਿਸਾਨ ਬਿੰਦਰ ਸਿੰਘ ਤੇ ਸਤਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਤੱਕ ਫਗਵਾੜਾ ਤੋਂ ਦੋ ਫਾਇਰ ਬਿ੍ਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਤਾਂ ਅੱਗ ‘ਤੇ ਲਗਭਗ ਕਾਬੂ ਪਾ ਲਿਆ ਗਿਆ ਸੀ | ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਚੌਂਕੀ ਲਸਾੜਾ ਤੇ ਅੱਪਰਾ ਤੋਂ ਪੁਲਿਸ ਮੁਲਾਜ਼ਮ ਵੀ ਮੌਕੇ ‘ਤੇ ਪਹੁੰਚ ਗਏ | ਪੀੜਿਤ ਕਿਸਾਨ ਵੀਰਾਂ ਨੇ ਸਰਕਾਰ ਪਾਸੋਂ ਕੀਤੀ ਮੁਆਵਜ਼ੇ ਦੀ ਮੰਗ-ਇਸ ਮੌਕੇ ਪੀੜਿਤ ਕਿਸਾਨ ਬਿੰਦਰ ਸਿੰਘ, ਸਤਿੰਦਰ ਸਿੰਘ ਤੇ ਪਿੰਡ ਸੁਲਤਾਨਪੁਰ ਦੇ ਕਿਸਾਨਾਂ ਨੇ ਕਿਹਾ ਕਿ ਵਧੀ ਹੋਈ ਮਹਿੰਗਾਈ ਦੇ ਕਾਰਣ ਉਹ ਤਾਂ ਪਹਿਲਾਂ ਹੀ ਕਰਜੇ ਦੀ ਮਾਰ ਹੇਠ ਹਨ ਤੇ ਆਰਥਿਕ ਬੋਝ ਝੱਲ ਰਹੇ ਹਨ | ਇਸ ਲਈ ਉਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਨਾਂ ਨੂੰ ਯੋਗ ਮੁਆਵਜ਼ਾ ਦੇ ਕੇ ਉਨਾਂ ਦੀ ਆਰਥਿਕ ਸਹਾਇਤਾ ਕੀਤੀ ਜਾਵੇ |



