(ਸਮਾਜ ਵੀਕਲੀ)
ਮਜ਼ਦੂਰ ਦਿਵਸ ਤੇ ਵਿਸ਼ੇਸ਼
ਇਕ ਮਈ ਨੂੰ ਕਈ ਦੇਸ਼ਾਂ ਵਿੱਚ ਅੰਤਰਰਾਸ਼ਟਰੀ ਤੋਰ ਤੇ ਮਜ਼ਦੂਰ ਦਿਵਸ ਜਾਨੀ ਮਈ ਦਿਵਸ ਮਨਾਇਆ ਜਾਂਦਾ ਹੈ।ਇਸ ਨੂੰ ਲੈਬਰ ਡੇ, ਮਜ਼ਦੂਰ ਦਿਵਸ, ਮਈ- ਡੇ, ਆਦਿ ਅਲੱਗ ਅਲੱਗ ਨਾਮ ਹੇਠ ਮਨਾਇਆ ਜਾਂਦਾਂ ਹੈ। ਇਸ ਦਿਨ ਭਾਰਤ ਸਮੇਤ ਸਾਰੇ ਦੇਸ਼ਾਂ ਵਿਚ ਮਿਹਨਤਕਸ਼ ਲੋਕਾਂ ਭਾਵ ਅਲੱਗ ਅਲੱਗ ਕਿਤਿਆਂ, ਕੰਪਨੀਆਂ, ਫੈਕਟਰੀਆਂ, ਭੱਠਿਆਂ ਸਮੇਤ ਹਰ ਜਗ੍ਹਾ ਕੰਮ ਕਰ ਰਹੇ ਮਜ਼ਦੂਰਾਂ ਦੀਆਂ ਮੁਸਕਲਾਂ ਅਤੇ ਉਪਲੱਬਧੀਆਂ ਬਾਰੇ ਮਜ਼ਦੂਰ ਯੂਨੀਅਨ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਅਲੱਗ ਅਲੱਗ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਤਰੱਕੀ ਲਈ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਜਾਂਦਾ ਹੈ। ਅਤੇ ਉਨ੍ਹਾਂ ਦਾ ਯੋਗਦਾਨ ਲਈ ਵਿਸ਼ੇਸ਼ ਧੰਨਵਾਦ ਕੀਤਾ ਜਾਦਾ ਹੈ। ਮਜ਼ਦੂਰ ਵਰਗ ਇਸ ਨੂੰ ਏਕਤਾ, ਬਰਾਬਰਤਾ, ਅਤੇ ਹੱਕਾਂ ਦੇ ਸਮਰਥਨ ਲਈ ਮਨਾਉਂਦੇ ਹਨ।ਇਸ ਦਿਨ ਦੁਨੀਆਂ ਦੇ ਅਲੱਗ ਅਲੱਗ ਦੇਸ਼ਾਂ ਵਿਚ ਛੁੱਟੀ ਵੀ ਕੀਤੀ ਜਾਂਦੀ ਹੈ।ਇਸ ਦਿਨ ਅਲੱਗ ਅਲੱਗ ਸੰਗਠਨਾਂ ਨਾਲ ਜੁੜੇ ਮਜ਼ਦੂਰ ਲੋਕਾਂ ਵੱਲੋਂ ਆਪੋ ਆਪਣੀ ਯੂਨੀਅਨ ਹੇਠ ਹੱਕਾਂ ਲਈ ਰੈਲੀਆਂ ਅਤੇ ਮੀਟਿੰਗਾਂ ਵੀ ਕੀਤੀਆਂ ਜਾਂਦੀਆਂ ਹਨ।
ਅਤੇ ਉਨ੍ਹਾਂ ਵੱਲੋਂ ਆਪਣੇ ਅਧਿਕਾਰਾਂ ਲਈ ਅਵਾਜ਼ ਬੁਲੰਦ ਕੀਤੀ ਜਾਂਦੀ ਹੈ। ਭਾਵੇਂ ਕਿ ਲੋਕ ਡਾਊਨ ਦੇ ਦਿਨਾਂ ਵਿਚ ਮਜ਼ਦੂਰ ਵਰਗ ਵੀ ਕਾਫੀ ਪ੍ਰਭਾਵਿਤ ਹੋਇਆ ਸੀ। ਭਾਰਤ ਦੇ ਮਜ਼ਦੂਰ ਲੋਕ ਪੂਰੇ ਭਾਰਤ ਸਮੇਤ ਵਿਦੇਸ਼ਾਂ ਵਿਚ ਵੀ ਵਸੇ ਹੋਏ ਹਨ। ਇਨ੍ਹਾਂ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਅਲੱਗ ਅਲੱਗ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ। ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਮਜ਼ਦੂਰ ਦਿਵਸ ਦੀ ਹੋਂਦ ਲਈ ਮਜ਼ਦੂਰਾਂ ਨੂੰ ਅਨੇਕਾਂ ਕਠਨਾਈਆਂ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤ ਵਿਚ ਮਜ਼ਦੂਰ ਦਿਵਸ ਦੀ ਸ਼ੁਰੂਆਤ 1 ਮਈ 1923 ਵਿਚ ਹੋਈ ਅਤੇ ਇਸ ਨੂੰ ਲੇਬਰ ਡੇਅ,ਮਈ ਦਿਵਸ, ਸਮਿਕ ਦਿਵਸ, ਮਜ਼ਦੂਰ ਦਿਵਸ ਆਦਿ ਨਾਮ ਜਥੇਬੰਦੀਆਂ ਵੱਲੋਂ ਦਿੱਤੇ ਗਏ। ਇਸ ਦਿਨ ਸਾਰੀਆਂ ਕੰਪਨੀਆਂ ਵਿਚ ਕੰਮ ਕਰਨ ਵਾਲੀ ਲੇਬਰ ਨੂੰ ਛੁੱਟੀ ਕੀਤੀ ਜਾਂਦੀ ਹੈ। ਅਤੇ ਇਸ ਦਿਨ ਦੁਨੀਆਂ ਦੇ ਕਰੀਬਨ 80 ਦੇਸ਼ ਰਾਸ਼ਟਰੀ ਤੌਰ ਤੇ ਕਾਮਿਆਂ ਲਈ ਛੁੱਟੀ ਕਰਦੇ ਹਨ।
ਮਜ਼ਦੂਰ ਦਿਵਸ ਮਨਾਉਣ ਦੀ ਸ਼ੁਰੂਆਤ 1 ਮਈ 1886 ਵਿਚ ਅਮਰੀਕਾ ਦੇ ਸੰਗਠਨ ਵੱਲੋਂ ਹੋਈ ਸੀ। ਇਸ ਦਿਨ ਅਮਰੀਕਾ ਦੀ ਲੇਬਰ ਵੱਲੋਂ ਫ਼ੈਸਲਾ ਕੀਤਾ ਗਿਆ ਸੀ ਕਿ ਉਹ 8 ਘਿੰਟੇ ਤੋਂ ਜ਼ਿਆਦਾ ਕੰਮ ਨਹੀਂ ਕਰਨਗੇ।ਇਸ ਦਿਨ ਅਮਰੀਕਾ ਵਿਚ ਤਿੰਨ ਲੱਖ ਮਜ਼ਦੂਰ ਇਕੱਠੇ ਹੋਏ ਸਨ। ਅਤੇ ਉਨ੍ਹਾਂ ਵੱਲੋਂ ਆਪਣੇ ਅਧਿਕਾਰਾਂ ਲਈ ਹੜਤਾਲ ਕਰ ਦਿੱਤੀ ਗਈ। ਇਸੇ ਤਰ੍ਹਾਂ ਸ਼ਿਕਾਗੋ ਵਿੱਚ ਵੀ ਮਜ਼ਦੂਰਾਂ ਵੱਲੋਂ 4 ਮਈ 1886 ਨੂੰ ਅੱਠ ਘਿੰਟੇ ਕੰਮ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਦੋਰਾਨ ਸ਼ਿਕਾਗੋ ਦੀ ਹੇਅ ਮਾਰਕੀਟ ਵਿਚ ਬੰਬ ਧਮਾਕਾ ਹੋ ਗਿਆ। ਤੇ ਸ਼ਿਕਾਗੋ ਦੀ ਪੁਲਿਸ ਵੱਲੋਂ ਪ੍ਰਦਰਸ਼ਨ ਕਰ ਰਹੇ ਮਜ਼ਦੂਰਾਂ ਤੇ ਗੋਲੀ ਚਲਾ ਦਿੱਤੀ ਗਈ।
ਇਸ ਨਾਲ ਕਈ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਕਰੀਬਨ 100 ਤੋਂ ਜ਼ਿਆਦਾ ਮਜ਼ਦੂਰ ਜ਼ਖ਼ਮੀ ਕਰ ਦਿੱਤੇ ਗਏ। ਸ਼ਿਕਾਗੋ ਦੇ ਮਜ਼ਦੂਰ ਸੰਗਠਨਾਂ ਵੱਲੋਂ ਪਹਿਲੀ ਵਾਰ ਆਪਣੇ ਸ਼ਹੀਦ ਹੋਏ ਸਾਥੀਆਂ ਦੀ ਯਾਦ ਵਿਚ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਘਟਨਾ ਤੋਂ ਬਾਅਦ 1889 ਨੂੰ ਪੈਰਿਸ ਦੇ ਅੰਤਰਰਾਸ਼ਟਰੀ ਸਮਾਜਵਾਦੀ ਸਮੇਲਨ ਵਿਚ ਸ਼ਿਕਾਗੋ ਵਿਚ ਮਾਰੇ ਮਜ਼ਦੂਰਾਂ ਨੂੰ ਸ਼ਰਧਾਂਜਲੀ ਦਿੰਦਿਆਂ ਐਲਾਨ ਕੀਤਾ ਗਿਆ 1 ਮਈ ਨੂੰ ਇਸ ਦਿਨ ਨੂੰ ਮਜ਼ਦੂਰ ਦਿਵਸ ਦੇ ਰੂਪ ਵਿਚ ਮਨਾਇਆ ਜਾਇਆਂ ਕਰੇਗਾ। ਅਤੇ ਇਸ ਦਿਨ ਸਾਰੇ ਮਜ਼ਦੂਰ ਆਪਣੇ ਕੰਮਾਂ ਤੋਂ ਛੁੱਟੀ ਕਰਨਗੇ।
ਮਜ਼ਦੂਰਾਂ ਦੇ ਸੰਗਠਨ ਅੱਗੇ ਝੁੱਕਦਿਆਂ ਸਰਕਾਰ ਵੱਲੋਂ ਬੰਬ ਧਮਾਕੇ ਦੀ ਜਾਂਚ ਕੀਤੀ ਗਈ ਅਤੇ ਦੋਸ਼ੀ ਪਾਏ ਅਪਰਾਧੀਆਂ ਨੂੰ ਸ਼ਰੇਆਮ ਫਾਸੀ ਦੇ ਦਿੱਤੀ ਗਈ। ਇਸੇ ਤਰ੍ਹਾਂ ਭਾਰਤ ਵਿਚ ਮਜ਼ਦੂਰ ਦਿਵਸ ਦੀ ਸ਼ੁਰੂਆਤ ਮਦਰਾਸ ਵਿਚ ਹੋਈ । ਲੇਬਰ ਕਿਸਾਨ ਪਾਰਟੀ ਵੱਲੋਂ 1923 ਵਿਚ ਪਹਿਲੀ ਵਾਰ ਇਸ ਦਿਨ ਅਜ਼ਾਦੀ ਤੋਂ ਪਹਿਲਾਂ ਭਾਰਤ ਵਿਚ ਲਾਲ ਝੰਡੇ ਨੂੰ ਉਠਾਇਆ ਤੇ ਲਹਿਰਾਇਆ ਗਿਆ। ਇਸ ਪਾਰਟੀ ਦੇ ਆਗੂ ਸ਼ਿੰਗਾਰਾ ਵੈਲੂ ਚੇਤਿਅਰ ਨੇ ਇਕ ਦਿਨ ਵਿਚ ਦੋ ਜਗ੍ਹਾ ਪ੍ਰੋਗਰਾਮ ਰੱਖਿਆ ਸੀ। ਪਹਿਲਾਂ ਪ੍ਰੋਗਰਾਮ ਟ੍ਰਿਪਲੀ ਕੇਨ ਵਿਚ ਅਤੇ ਦੂਸਰਾ ਪ੍ਰੋਗਰਾਮ ਮਦਰਾਸ ਦੇ ਹਾਈਕੋਰਟ ਦੇ ਸਾਮਣੇ ਰੱਖਿਆ ਗਿਆ ਸੀ। ਇਸੇ ਦਿਨ ਪਾਰਟੀ ਆਗੂ ਵੱਲੋਂ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ 1 ਮਈ ਨੂੰ ਮਜ਼ਦੂਰ ਦਿਵਸ ਘੋਸ਼ਿਤ ਕੀਤਾ ਜਾਵੇ। ਅਤੇ ਇਸ ਦਿਨ ਸਾਰੇ ਮਜ਼ਦੂਰਾਂ ਨੂੰ ਕੰਮ ਤੋਂ ਛੁੱਟੀ ਦਿੱਤੀ ਜਾਵੇ।
ਇਸ ਦਿਨ ਤੋਂ ਮਜ਼ਦੂਰਾਂ ਨਾਲ ਹੁੰਦੀ ਹਿੰਸਾਂ ਖਿਲਾਫ ਵੀ ਅਵਾਜ਼ ਬੁਲੰਦ ਕੀਤੀ ਗਈ। ਇਸ ਤੋਂ ਬਾਅਦ ਪੂਰੇ ਭਾਰਤ ਵਿਚ ਮਜ਼ਦੂਰ ਨੇਤਾ ਮਜ਼ਦੂਰਾਂ ਦੇ ਪੱਖ ਵਿਚ ਨਿਤਰੇ ਇਸ ਵਿਚ ਮੁੱਖ ਭੂਮਿਕਾ ਨਰਾਇਣ ਸਾਮੰਤ ਡਾਕਟਰ ਦੀ ਰਹੀ। ਇਨ੍ਹਾਂ ਦੀ ਅਗਵਾਈ ਹੇਠ ਬੰਬੇ ਹੜਤਾਲ ਕੀਤੀ ਗਈ। ਜਿਸ ਨੇ ਪੂਰੀ ਬੰਬਈ ਹਿਲਾ ਕੇ ਰੱਖ ਦਿੱਤੀ।ਇਸ ਹੜਤਾਲ ਤੋਂ ਬਾਅਦ 1947 ਵਿਚ ਮਜ਼ਦੂਰਾਂ ਦੇ ਹੱਕਾਂ ਲਈ ਕਨੂੰਨ ਬਣਾਇਆ ਗਿਆ। ਇਸੇ ਤਰਾਂ ਜਾਰਜ਼ ਫਰਨਾਂਡਿਸ ਵੀ ਮਜ਼ਦੂਰਾਂ ਦੇ ਮੁੱਖ ਨੇਤਾ ਵੱਲੋਂ ਉਭਰੇ ਉਨ੍ਹਾਂ ਵੱਲੋਂ ਰੇਲ ਹੜਤਾਲ ਵੀ ਕੀਤੀ ਗਈ ਸੀ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਅੱਜ ਵੀ ਮਜ਼ਦੂਰ ਸੰਗਠਨਾਂ ਵੱਲੋਂ ਭਾਰਤ ਅਤੇ ਦੁਨੀਆ ਭਰ ਦੇ ਦੇਸ਼ਾਂ ਵਿਚ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ।
ਲੇਖਕ ਹਰਜਿੰਦਰ ਸਿੰਘ ਚੰਦੀ
ਰਸੂਲਪੁਰ, ਮਹਿਤਪੁਰ ਤਹਿਸੀਲ ਨਕੋਦਰ ਜਿਲਾ ਜਲੰਧਰ 9814601638
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly