ਕੀ ਗੁਰੂ ਗੋਬਿੰਦ ਸਿੰਘ ਜੀ ਨੇ ਦੁਰਗਾ ਦੇਵੀ ਦੀ ਪੂਜਾ ਕੀਤੀ ਸੀ ?

ਗੁਰੂ ਗੋਬਿੰਦ ਸਿੰਘ ਜੀ
ਸੁਖਦੇਵ ਸਿੰਘ ਭੁੱਲੜ
ਸੁਖਦੇਵ ਸਿੰਘ ਭੁੱਲੜ

(ਸਮਾਜ ਵੀਕਲੀ) ਕਾਫ਼ੀ ਸਮੇਂ ਤੋਂ ਭਾਰਤ ਵਿੱਚ ਇੱਕ ਸਿੱਖ ਵਿਰੋਧੀ ਲਾਬੀ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਲਈ ਦਿਨ-ਰਾਤ ਨਵੀਆਂ-ਨਵੀਆਂ ਸਕੀਮਾਂ ਘੜਦੀ ਆ ਰਹੀ ਏ।ਹਰ ਰੋਜ਼ ਨਵੇਂ-ਨਵੇਂ ਸ਼ੋਸ਼ੇ ਛੱਡ ਕੇ, ਸਿੱਖ ਮਨਾਂ ਵਿੱਚ ਗੁਰਮਤਿ ਪ੍ਰਤੀ ਭੁਲੇਖੇ ਪਾਉਣ ਦਾ ਯਤਨ ਕਰਦੀ ਆ ਰਹੀ ਹੈ।ਕਦੇ ਬੰਦਾ ਸਿੰਘ ਬਹਾਦਰ ਨੂੰ ‘ਵੀਰ ਵੈਰਾਗੀ’ ਤੇ ਕਦੇ ਭਾਈ ਮਤੀ ਦਾਸ ਜੀ ਨੂੰ ‘ਸ੍ਰੀ ਗੁਰੂ ਮਤੀ ਦਾਸ ਸ਼ਰਮਾ’ ਲਿਖ ਕੇ ਸਾਬਤ ਕਰਦੀ ਏ ਕਿ ਇਹ ਸ਼ਹੀਦ ਸਿੱਖ ਨਹੀਂ ਹਿੰਦੂ ਸਨ।ਇਸ ਸ਼੍ਰੇਣੀ ਵਲੋਂ ਪਿਛਲੇ ਸਮੇਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਪੂਜਕ ਸਿੱਧ ਕਰਨ ਲਈ ਇੱਕ ਪੱਤਰਕਾ ਛਾਪ ਕੇ ਵੰਡੀ ਗਈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਇੱਕ ਪੰਡਿਤ ਦੇਵੀ ਦਿੱਤਾ ਹਰ ਰੋਜ਼ ਕਥਾ ਕਰਦਾ ਹੁੰਦਾ ਸੀ।ਇੱਕ ਦਿਨ ਮਹਾਂਭਾਰਤ ਦੀ ਕਥਾ ਵਿੱਚ ਭੀਮ ਸੈਨ ਦੇ ਯੁੱਧ ਕਰਨ ਦਾ ਪ੍ਰਸੰਗ ਆਇਆ ਕਿ ਜਦ ਭੀਮ ਸੈਨ ਨੂੰ ਗੁੱਸਾ ਆਇਆ ਤਾਂ ਉਸ ਕੌਰਵ ਸੈਨਾਂ ਦੇ ਹਾਥੀ ਫੜ-ਫੜ ਕੇ ਜ਼ੋਰ ਨਾਲ ਅਕਾਸ਼ ਵੱਲ ਸੁੱਟੇ, ਜੋ ਅਜੇ ਤੱਕ ਅਕਾਸ਼ ਵਿੱਚ ਗੇੜੇ ਖਾਂਦੇ ਫਿਰਦੇ ਹਨ।ਇਹਦਾ ਜ਼ਿਕਰ ਸ੍ਰੀ ਦਸਮ ਗ੍ਰੰਥ ਵਿੱਚ ਇਉਂ ਦਰਜ਼ ਹੈ-

 ਸਤਰੁ ਕੇ ਹਸਤੀ ਭੀਮ ਚਲਾਏ॥
 ਫਿਰੇ ਮੱਧ ਗੈਣੰ, ਅਜਉ ਲਉ ਨਾ ਲਾਏ॥
    ਇਹ ਸੁਣ ਕੇ ਗੁਰੂ ਜੀ ਨੇ ਪੰਡਿਤ ਨੂੰ ਪੁੱਛਿਆ ਕਿ ਭੀਮ ਸੈਨ ਵਿੱਚ ਏਨਾ ਬਲ ਕਿੱਥੋਂ ਆਇਆ? ਤਾਂ ਪੰਡਿਤ ਨੇ ਦੱਸਿਆ ਕਿ ਭੀਮ ਸੈਨ ਨੇ ਦੇਵੀ ਪ੍ਰਗਟ ਕੀਤੀ ਸੀ ਤੇ ਦੇਵੀ ਨੇ ਉਸ ਨੂੰ ਵਰ ਦਿੱਤਾ ਸੀ।ਇਸ ਕਰਕੇ ਭੀਮ ਸੈਨ ਬਹੁਤ ਸ਼ਕਤੀਵਾਨ ਹੋ ਗਿਆ ਸੀ।ਇਹ ਸੁਣ ਕੇ ਗੁਰੂ ਜੀ ਨੂੰ ਚਾਅ ਚੜ੍ਹ ਗਿਆ ਤੇ ਉਹਨਾਂ ਦੇਵੀ ਪ੍ਰਗਟ ਕਰਨ ਲਈ ਪੰਡਿਤ ਜੀ ਨੂੰ ਬੇਨਤੀ ਕੀਤੀ।ਇਸ ਤਰ੍ਹਾਂ ਗੁਰੂ ਜੀ ਨੇ ਦੇਵੀ ਪ੍ਰਗਟ ਕਰਕੇ ਵਰ ਪ੍ਰਾਪਤ ਕੀਤਾ ਤੇ ਖਾਲਸਾ ਪੰਥ ਦੀ ਸਾਜਨਾ ਕੀਤੀ।ਅਜਿਹੀ ਲਿਖਤ ਆਰ ਐਸ ਐਸ ਨੇ ਛਾਪ ਕੇ ਖਾਲਸਾ ਪੰਥ ਦੀ ਤੀਜੀ ਸ਼ਤਾਬਦੀ ‘ਤੇ ਵੀ ਵੰਡੀ।ਕਈ ਗੁਰਦੁਆਰਿਆਂ ਵਿੱਚ ਅਜਿਹੀ ਲਿਖਤ ਵਾਲੇ ਬੋਰਡ ਵੀ ਲਾਏ।
     ਸੋ ਆਓ ਵਿਚਾਰ ਕਰੀਏ ਕਿ ਇਸ ਤੱਥ ਵਿੱਚ ਕਿੰਨੀ ਕੁ ਸਚਾਈ ਏ ? ਗੁਰੂ ਜੀ ਦੇ ਦੇਵੀ ਪ੍ਰਗਟ ਕਰਨ ਦਾ ਜ਼ਿਕਰ ਕਈ ਇਤਿਹਾਸਕਾਰਾਂ ਨੇ ਕੀਤਾ ਏ।ਸੰਨ 1900 ਵਿੱਚ ਭਾਈ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਵਿੱਚ ਕਾਫ਼ੀ ਲੰਮਾ-ਚੌੜਾ ਪ੍ਰਸੰਗ ਲਿਖਿਆ ਸੀ।ਫਿਰ ਸਰੂਪ ਦਾਸ ਭੱਲੇ ਨੇ ਮਹਿਮਾ ਪ੍ਰਕਾਸ਼ ਵਿੱਚ 1933 ਵਿੱਚ ਲਿਖਿਆ।ਸਰੂਪ ਦਾਸ ਦੇ ਪਦ-ਚਿੰਨ੍ਹਾਂ ‘ਤੇ ਚਲਦਾ ਹੋਇਆ, ਭਾਈ ਸੁੱਖਾ ਸਿੰਘ ਨੇ ਵੀ 1948 ਵਿੱਚ ਦੇਵੀ ਦਾ ਜੱਸ ਗਾਇਆ।ਸੰਨ 1937 ਵਿੱਚ ਸੁਮੇਰ ਸਿੰਘ ਨੇ ਸਨਾਤਨੀ ਰੰਗ ਵਿੱਚ ਰੰਗੀ ਹੋਈ ਕਹਾਣੀ ਪੇਸ਼ ਕੀਤੀ।ਜਿਸ ਨੂੰ ਆਰ ਐੱਸ ਐੱਸ ਨੇ ਛਾਪ ਕੇ ਵੰਡਿਆ।ਇਨ੍ਹਾਂ ਸਾਰਿਆਂ ਲੇਖਕਾਂ ਦੀ ਰਾਇ ਨਾਲ ਸਹਿਮਤ ਹੁੰਦਾ ਹੋਇਆ, ਗਿਆਨੀ ਗਿਆਨ ਸਿੰਘ ਵੀ ਦੇਵੀ ਦਾ ਪ੍ਰਸੰਗ ਲਿਖ ਗਿਆ।
    ਇਨ੍ਹਾਂ ਲੇਖਕਾਂ ਨੇ ਦੇਵੀ ਪ੍ਰਗਟ ਕਰਨ ਵਾਲੇ ਮਿਸ਼ਰ (ਪੰਡਿਤ) ਦਾ ਨਾਮ ਵੀ ਵੱਖ-ਵੱਖ ਲਿਖਿਆ ਏ।ਭਾਈ ਸੁੱਖਾ ਸਿੰਘ ਅਨੁਸਾਰ: ਉਜੈਨ ਵਾਲਾ ਦੱਤਾ ਨੰਦ, ਭਾਈ ਸੰਤੋਖ ਸਿੰਘ ਅਨੁਸਾਰ: ਕੇਸੋਦਾਸ ਪੰਡਿਤ, ਪਰ ਕੇਸੋਦਾਸ ਦੇਵੀ ਪ੍ਰਗਟ ਕਰਨ ਵਾਲੀ ਘਟਨਾ ਤੋਂ ਤਕਰੀਬਨ 60-70 ਸਾਲ ਪਹਿਲਾਂ ਹੀ ਸੁਰਗਵਾਸ ਹੋ ਚੁੱਕਾ ਸੀ।ਭਾਈ ਸੁਮੇਰ ਸਿੰਘ ਅਨੁਸਾਰ: ਕਾਲੀ ਦਾਸ ਗੁਜਰਾਤੀਆ ਸੀ।ਗਿਆਨੀ ਗਿਆਨ ਸਿੰਘ ਅਨੁਸਾਰ: ਬਿਸ਼ਨ ਪਾਲ, ਸ਼ਿਵ ਬੱਕਰ ਤੇ ਕੇਸੋਦਾਸ ਤਿੰਨਾਂ ਜਣਿਆਂ ਨੇ ਰਲ ਕੇ ਦੇਵੀ ਪ੍ਰਗਟ ਕੀਤੀ।
    ਜਿੱਥੇ ਹਵਨ ਕਰਨ ਵਾਲੇ ਪੰਡਿਤ ਦਾ ਨਾਮ ਨਹੀਂ ਰਲਦਾ, ਉੱਥੇ ਹਵਨ ਕਰਨ ਦਾ ਸਮਾਂ ਵੀ ਵੱਖ-ਵੱਖ ਏ।ਭਾਈ ਸੁੱਖਾ ਸਿੰਘ ਲਿਖਦਾ ਏ: ਹਵਨ ਪੂਰੇ ਢਾਈ ਸਾਲ ਹੋਇਆ।ਭਾਈ ਸੰਤੋਖ ਸਿੰਘ ਅਨੁਸਾਰ: ਦੋ ਸਾਲ ਦਾ ਸਮਾਂ ਲੱਗਾ।ਭਾਈ ਸੁਮੇਰ ਸਿੰਘ ਇਸ ਤੋਂ ਵੀ ਵੱਧ ਸਮਾਂ ਲੱਗਾ ਦੱਸਦਾ ਏ, ਪਰ ਗਿਆਨੀ ਗਿਆਨ ਸਿੰਘ ਅਨੁਸਾਰ: ਇਹ ਕਲੇਸ਼ ਇੱਕ ਸਾਲ ਵਿੱਚ ਈ ਮੁੱਕ ਗਿਆ।
    ਇਨ੍ਹਾਂ ਲੇਖਕਾਂ ਦਾ ਜਿੱਥੇ ਨਾਮ ਵੱਖ-ਵੱਖ ਏ ਤੇ ਸਮਾਂ ਵੱਖ-ਵੱਖ ਏ, ਉੱਥੇ ਦੇਵੀ ਪ੍ਰਗਟ ਹੋਣ ਉਪਰੰਤ ਰੂਪ ਵੀ ਵੱਖ-ਵੱਖ ਏ।ਭਾਈ ਸੁੱਖਾ ਸਿੰਘ ਅਨੁਸਾਰ: ਦੇਵੀ ਪ੍ਰਗਟ ਹੋਣ ਵਕਤ ਦੇਵੀ ਦਾ ਸਰੂਪ ਕੁੱਝ ਇਸ ਤਰ੍ਹਾਂ ਦਾ ਸੀ- ਗਲ ਵਿੱਚ ਰੁੰਡ ਮਾਲਾ,ਮੂੰਹੋਂ ਅੱਗ ਨਿਕਲਦੀ, ਵਾਲ ਖੁੱਲ੍ਹੇ ਤੇ ਰੰਗ ਕਾਲਾ ਸੀ।ਭਾਈ ਸੰਤੋਖ ਸਿੰਘ ਅਨੁਸਾਰ: ਜਦ ਦੇਵੀ ਪ੍ਰਗਟ ਹੋਈ ਤਾਂ ਉਹਦਾ ਰੂਪ ਭਿਆਨਕ ਅਤੇ ਸ਼ੇਰ ‘ਤੇ ਅਸਵਾਰ  ਸੀ।ਪਹਿਲਾਂ ਰੰਗ ਕਾਲਾ ਤੇ ਫਿਰ ਸੁਨਹਿਰੀ ਹੋ ਗਿਆ।ਭਾਈ ਸੁਮੇਰ ਸਿੰਘ ਕਹਿੰਦਾ ਏ: ਹਵਨ ਕੁੰਡ ਵਿੱਚੋਂ ਦੇਵੀ ਪ੍ਰਗਟ ਹੋਈ।ਗਿਆਨੀ ਗਿਆਨ ਸਿੰਘ ਅਨੁਸਾਰ: ਹਵਨ ਵਿੱਚੋਂ ਨੂਰ ਹੀ ਨੂਰ ਵਰਸਿਆ।ਇਸ ਤਰ੍ਹਾਂ ਕੋਈ ਵੀ ਗੱਲ ਆਪਸ ਵਿੱਚ ਨਹੀਂ ਮਿਲਦੀ।
    ਜਦ ਹਵਨ ਹੋਇਆ ਤਾਂ ਉਸ ਵਕਤ ਗੁਰੂ ਜੀ ਨੇ ਬ੍ਰਹਮਚਾਰਯ ਧਾਰਨ ਕੀਤਾ ਹੋਇਆ ਸੀ।ਇਹ ਕਹਿਣਾ ਉਪਰੋਕਤ ਇਤਿਹਾਸਕਾਰਾਂ ਦਾ ਏ, ਸਾਡਾ ਨਹੀਂ ਕਿਉਂਕਿ ਜਿਨ੍ਹਾਂ ਦਿਨਾਂ ਵਿੱਚ ਹਵਨ ਕਰਨ ਲਈ ਗੁਰੂ ਜੀ ਨੇ ਗ੍ਰਹਿਸਤ ਧਰਮ ਦਾ ਤਿਆਗ ਕੀਤਾ ਹੋਇਆ ਦੱਸਿਆ ਏ।ਉਨ੍ਹਾਂ ਦਿਨਾਂ ਵਿੱਚ ਈ ਗੁਰੂ ਜੀ ਦੇ ਦੋ ਸਾਹਿਬਜ਼ਾਦਿਆਂ ਦਾ ਜਨਮ ਹੋਇਆ ਏ।ਸੋ ਗ੍ਰਹਿਸਤ ਧਰਮ ਦੇ ਤਿਆਗ ਕਰਨ ਦਾ ਮਸਲਾ ਈ ਖਤਮ ਹੋ ਗਿਆ ਏ।
     ਫਿਰ ਦੇਵੀ ਪ੍ਰਗਟ ਕਰਨ ਵਾਲਾ ਕਲੇਸ ਕਦੋਂ ਸ਼ੁਰੂ ਹੋਇਆ ? ਸਾਡੀ ਸਮਝ ਮੁਤਾਬਿਕ, ਜਦੋਂ ਗੁਰੂ ਜੀ ਨੈਣਾਂ ਦੇਵੀ ਦੇ ਪਹਾੜ ਕੋਲ ਇੱਕ ਗੁਫ਼ਾ ਵਿੱਚ  ਲਗਾਤਾਰ ਕਈ ਮਹੀਨੇ ਇਕਾਂਤ ਵਿੱਚ ਬੈਠ ਕੇ ਤਪ (ਜਾਂ ਇਉਂ ਕਹਿ ਲਵੋ ਕਿ ਪੰਥ ਸਾਜਨ ਲਈ ਸੋਚ ਵਿਚਾਰ ਕਰਦੇ ਰਹੇ) ਕਰਦੇ ਰਹੇ।ਇਸ ਸਮੇਂ ਵਿੱਚ ਲੋਕਾਂ ਨੂੰ ਵਹਿਮ ਹੋ ਗਿਆ ਕਿ ਗੁਰੂ ਜੀ ਨੇ ਘਰ-ਬਾਰ ਦਾ ਤਿਆਗ ਕਰਕੇ,  ਨੈਣਾਂ ਦੇਵੀ ਦੇ ਪਹਾੜ ‘ਤੇ ਦੇਵੀ ਪ੍ਰਗਟ ਕਰਨ ਲਈ ਹਵਨ ਜਾਂ ਪੂਜਾ ਕਰ ਰਹੇ ਹਨ।ਇਸ ਗੱਲ ਨੂੰ ਆਧਾਰ ਬਣਾ ਕੇ ਖੁਦਗਰਜ਼ ਪੰਡਿਤਾਂ ਨੇ ਦੇਸ਼ ਵਿੱਚ ਗਲਤ ਪ੍ਰਚਾਰ ਸ਼ੁਰੂ ਕਰ ਦਿੱਤਾ।
    ਜਿਨ੍ਹਾਂ ਦਿਨਾਂ ਵਿੱਚ ਲਿਖਾਰੀ ਗੁਰੂ ਜੀ ਦੇ ਦੇਵੀ ਪ੍ਰਗਟ ਕਰਨ ਲਈ ਹਵਨ ਕਰਨ ਦਾ ਸਮਾਂ ਦੱਸਦੇ ਹਨ।ਦਸਮ ਪਿਤਾ ਜੀ ਕਥਨ ਕਰਦੇ ਹਨ ਕਿ ਉਨ੍ਹਾਂ ਦਿਨਾਂ ਵਿੱਚ ਅਸੀਂ ਤਰੀਆ ਚਰਿੱਤਰ ਲਿਖ ਰਹੇ ਸੀ।ਉਪਰੋਕਤ ਲੇਖਕਾਂ ਵਲੋਂ ਸੰਮਤ 1753 ਵਿੱਚ ਹਵਨ ਸ਼ੁਰੂ ਲਿਖਿਆ ਏ, ਪਰ ਗੁਰੂ ਜੀ  ਚਰਿੱਤਰਾਂ ਦੇ ਅੰਤ ਵਿੱਚ ਲਿਖਦੇ ਹਨ-
  ਸੰਬਤ ਸੱਤਰਹ ਸਹਸ ਭਣਿੱਜੈ॥
  ਅਰਧ ਸਹਸ ਫੁਨਿ ਤੀਨਿ ਕਹਿਜੈ॥
  ਭਾਦਰਵ ਸੁਦੀ ਅਸਟਮੀ ਰਵਿ ਵਾਰਾ॥
  ਤੀਰ ਸਤਦਰਵ ਗ੍ਰੰਥ ਸੁਧਾਰਾ॥
            (ਦਸਮ ਗ੍ਰੰਥ-1388)
   ਭਾਵ ਅਰਥ-ਬਿਕਰਮੀ ਸੰਮਤ 1700 ਸੌ ਜਾਣ ਲਵੋ।ਅਰਧ ਸਹਸ ਭਾਵ ਪੰਜਾਹ (50), ਫੁਨਿ ਤੀਨਿ- ਉੱਤੇ ਤਿੰਨ ਹੋਰ ਗਿਣ ਲਵੋ।ਮਤਲਬ-1753 ਬਿਕਰਮੀ।ਭਾਦੋਂ ਸੁਦੀ ਅੱਠਵੀਂ, ਐਤਵਾਰ ਵਾਲਾ ਦਿਨ।ਸਤਲੁੱਜ ਦਰਿਆ ਦੇ ਕਿਨਾਰੇ ਇਸ ਗ੍ਰੰਥ ਦੀ ਸੰਪੂਰਨਤਾ ਤੇ ਸੋਧ ਕੀਤੀ ਗਈ।ਗੁਰੂ ਜੀ ਨੇ ਸਾਫ਼ ਸਪੱਸ਼ਟ ਦੱਸ ਦਿੱਤਾ ਏ ਕਿ ਸੰਮਤ 1753 ਵਿੱਚ ਭਾਦਰੋਂ ਦੇ ਮਹੀਨੇ ਸਤਲੁੱਜ ਦੇ ਕਿਨਾਰੇ ਗ੍ਰੰਥ ਸੰਪੂਰਨ ਕੀਤਾ।ਪ੍ਰੰਤੂ ਇਤਿਹਾਸਕਾਰ ਲਿਖਦੇ ਹਨ ਕਿ ਇਨ੍ਹਾਂ ਦਿਨਾਂ ਵਿੱਚ ਹਵਨ ਹੋ ਰਿਹਾ ਏ।ਫਿਰ ਸੰਮਤ 1755 ਵਿੱਚ ਦੇਵੀ ਪ੍ਰਗਟ ਹੋਈ ਲਿਖਦੇ ਹਨ, ਮਗਰ ਗੁਰੂ ਜੀ ਕਹਿ ਹਨ ਕਿ ਅਸੀਂ ਰਾਮਾਇਣ ਦੀ ਕਥਾ ਲਿਖ ਰਹੇ ਸੀ-
  ਸੰਮਤ ਸਤਰਹ ਸਹਸ ਪਚਾਵਨ॥
  ਹਾੜ ਵਦੀ ਪਿਰਥਮ ਸੁਖ ਦਾਵਨ॥
  ਤਵ ਪ੍ਰਸਾਦਿ ਕਰਿ ਗ੍ਰੰਥ ਸੁਧਾਰਾ॥
  ਭੂਲ ਪਰੀ ਲਹੁ ਲੇਹੁ ਸੁਧਾਰਾ॥
              (ਦਸਮ ਗ੍ਰੰਥ-254)
   ਭਾਵ ਅਰਥ-ਬਿਕਰਮੀ ਸੰਮਤ 1755 ਹਾੜ ਵਦੀ, ਪਹਿਲੀ ਥਿਤੀ, ਜੋ ਸੁੱਖ ਦੇਣ ਵਾਲੀ ਹੈ।ਹੇ ਅਕਾਲ ਪੁਰਖ! ਤੇਰੀ ਕਿਰਪਾ ਸਦਕਾ ਗ੍ਰੰਥ ਦੀ ਸੋਧ ਕੀਤੀ ਏ।ਜੇ ਕੋਈ ਮੈਥੋਂ ਭੁੱਲ ਹੋ ਗਈ ਤਾਂ ਪਾਠਕ ਜਨੋ ! ਤੁਸੀਂ ਸੁਧਾਰ ਕੇ ਪੜ੍ਹ ਲੈਣਾ।( ਇਹ ਕਵੀ ਗੁਰੂ ਜੀ ਦੀ ਨਿਮਰਤਾ ਏ।) ਏਥੇ ਗੁਰੂ ਜੀ ਨੇ ਸੰਮਤ, ਮਹੀਨਾ, ਦਿਨ, ਸਮਾਂ-ਸਥਾਨ ਦੇ ਕੇ ਗ੍ਰੰਥ ਦੀ ਸਮਾਪਤੀ ਦੀ ਮੋਹਰ ਲਾ ਦਿੱਤੀ ਏ।ਹੁਣ ਏਥੇ ਕਿਸੇ ਹੋਰ ਸਾਬੂਤ ਦੀ ਲੋੜ ਈ ਨਹੀਂ ਮਹਿਸੂਸ ਹੁੰਦੀ ਕਿ ਇਹ ਰਚਨਾ ਕਿਸੇ ਕਵੀ ਦੀ ਨਹੀਂ, ਸਗੋਂ ਗੁਰੂ ਜੀ ਦੀ ਆਪਦੀ ਲਿਖਤ ਏ।ਇਸ ਅਕੱਟ ਪ੍ਰਮਾਨ ਤੋਂ ਸਪੱਸ਼ਟ ਹੋ ਜਾਂਦਾ ਏ ਕਿ ਗੁਰੂ ਜੀ ਨੇ ਆਪਣਾ ਕੀਮਤੀ ਵਕਤ ਦੇਵੀ ਪ੍ਰਗਟ ਕਰਨ ਵਾਲੇ ਹਵਨ ਲਈ ਜ਼ਾਇਆ ਨਹੀਂ ਕੀਤਾ, ਸਗੋਂ ਸਿੱਖਿਆਦਾਇਕ ਕਾਵਿ ਰਚਨਾ ਕਰਦੇ ਰਹੇ ਅਤੇ ਪੰਥ ਸਾਜਨ ਲਈ ਸੋਚ ਵਿਚਾਰ ਕਰਦੇ ਰਹੇ ।ਇਸ ਸਾਰੇ ਕਲੇਸ ਨੂੰ ਝੂਠਾ ਸਾਬਤ ਕਰਨ ਲਈ ਸਾਡੇ ਕੋਲ ਗੁਰੂ ਜੀ ਦੀ ਸ੍ਵੈ-ਲਿਖਤ ‘ਬਚਿੱਤਰ ਨਾਟਕ’ ਮੌਜੂਦ ਹੈ।ਇਤਿਹਾਸਕਾਰਾਂ ਅਨੁਸਾਰ: ਸੰਮਤ 1753 ਵਿੱਚ ਹਵਨ ਸ਼ੁਰੂ ਹੋਇਆ।ਸੰਮਤ 1754 ਵਿੱਚ ਬਚਿੱਤਰ ਨਾਟਕ ਦੀ ਰਚਨਾ ਹੋਈ।ਜਿਸ ਵਿੱਚ ਹਵਨ ਜਾਂ ਦੇਵੀ ਪ੍ਰਗਟ ਕਰਨ ਦਾ ਕੋਈ ਜ਼ਿਕਰ ਤੱਕ ਨਹੀਂ।ਸੋ ਸਪੱਸ਼ਟ ਹੈ ਕਿ ਗੁਰੂ ਜੀ ਨੇ ਇਹ ਹਵਨ ਪੂਜਾ ਨਹੀਂ ਕੀਤੀ।ਇਸ ਤੋਂ ਇਲਾਵਾ ਸਾਡੇ ਕੋਲ ਦੋ ਗਵਾਹ ਹੋਰ ਹਨ।ਜੋ ਗੁਰੂ ਜੀ ਦੇ ਸਮਕਾਲੀ ਹੋਣ ਦੇ ਨਾਲ-ਨਾਲ ਹਜ਼ੂਰੀ  ਸਿੱਖ ਵੀ ਸਨ।ਜਿਨ੍ਹਾਂ ਦਾ ਨਾਮ ਭਾਈ ਮਨੀ ਸਿੰਘ ਤੇ ਕਵੀ ਸੈਨਾਪਤੀ ਜੀ ਸੀ।ਸ਼ਹੀਦ ਭਾਈ ਮਨੀ ਸਿੰਘ ਜੀ ‘ਗਯਾਨ ਰਚਨਾਵਲੀ’ ਦੇ ਸ਼ੁਰੂ ਵਿੱਚ ਲਿਖਦੇ ਹਨ-“ਕੋਈ ਦੇਵੀ ਨੂੰ ਮਨਾਵੰਦਾ ਹੈ, ਕੋਈ ਸ਼ਿਵਾ ਨੂੰ, ਕੋਈ ਗਣੇਸ਼ ਨੂੰ ਤੇ ਕੋਈ ਹੋਰ ਦੇਵੀ-ਦੇਉਤਯਾਂ ਨੂੰ,  ਪਰ ਗੁਰੂ ਕੇ ਸਿੱਖ ਸਤਿਨਾਮ ਦੀ ਹੀ ਆਰਾਧਨਾ ਕਰਦੇ ਹਨ।”
   ਕਵੀ ਸੈਨਾਪਤੀ ਜੀ ਨੇ ‘ਸ੍ਰੀ ਗੁਰੂ ਸੋਭਾ’ ਗ੍ਰੰਥ ਦੀ ਰਚਨਾ ਕੀਤੀ।ਉਹ ਗੁਰੂ ਜੀ ਦਾ ਹਜ਼ੂਰੀ ਕਵੀ ਸੀ।ਉਸਨੇ ਆਪਣੇ ਗ੍ਰੰਥ ਵਿੱਚ ਦੇਵੀ ਦਾ ਜ਼ਿਕਰ ਤੱਕ ਨਹੀਂ ਕੀਤਾ।ਏਥੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਛੁੱਟ, ਦਸਮ ਪਿਤਾ ਜੀ ਦੀ ਆਪਣੀ ਰਚਨਾ ‘ਸ੍ਰੀ ਦਸਮ ਗ੍ਰੰਥ ਸਾਹਿਬ’ ਵਿੱਚੋਂ ਪ੍ਰਮਾਨ ਪੇਸ਼ ਕਰਦੇ ਹਾਂ, ਜਿਸ ਤੋਂ ਗੁਰੂ ਜੀ ਦੇ ਸਿਧਾਂਤ ਤੇ ਮਿਸ਼ਨ ਦਾ ਪਤਾ ਲੱਗ ਸਕੇ।
 ਤੁਮਹਿ ਛਾਡਿ ਕੋਈ ਅਵਰ ਨ ਧਯਾਊਂ॥
 ਜੋ ਬਰ ਚਾਹੌ ਸੁ ਤੁਮ ਤੇ ਪਾਊਂ॥
    ਭਾਵ- ਹੇ ਅਕਾਲ ਪੁਰਖ ! ਤੈਨੂੰ ਛੱਡ ਕੇ ਮੈਂ ਕਿਸੇ ਹੋਰ ਦਾ ਧਿਆਨ ਨਹੀਂ ਕਰੂੰਗਾ।ਮੈਂ ਆਪਣੀਆਂ ਲੋੜਾਂ ਸਿਰਫ ਤੇਰੇ ਤੋਂ ਹੀ ਪੂਰੀਆਂ ਕਰਾਂਗਾ।
  ਸਗਲ ਦੁਆਰ ਕਉ ਛਾਡਿ ਕੈ
  ਗਹਯੋ ਤੁਹਾਰੋ ਦੁਆਰ॥
  ਬਾਂਹਿ ਗਹੇ ਕੀ ਲਾਜ ਅਸ
  ਗੋਬਿੰਦ ਦਾਸ ਤੁਹਾਰ॥
          (ਦਸਮ ਗ੍ਰੰਥ-254)
  ਬਿਨ ਕਰਤਾਰ, ਨ ਕਿਰਤਮ ਮਾਨੋ॥
  ਆਦਿ ਅਜੋਨ ਅਜੈ ਅਬਿਨਾਸੀ,
  ਤਿਹ ਪਰਮੇਸਰ ਜਾਨੋ॥
           (ਦਸਮ ਗ੍ਰੰਥ- 710)
 ਅਵਰਨ ਕੀ ਆਸ ਕਿਛ ਨਾਹੀ॥
 ਏਕੈ ਆਸ ਧਰੋ ਮਨ ਮਾਹੀਂ॥
          (ਦਸਮ ਗ੍ਰੰਥ- 58)
   ਇਸ ਭਾਵ ਦੇ ਹੋਰ ਵੀ ਅਨੇਕਾਂ ਪ੍ਰਮਾਨ ਮੌਜੂਦ ਹਨ, ਸੋ ਸਪੱਸ਼ਟ ਹੋ ਚੁੱਕਾ ਹੈ ਕਿ ਗੁਰੂ ਜੀ ਦਾ ਦੇਵੀ-ਦੇਵਤਿਆਂ ਵਿੱਚ ਕੋਈ ਵਿਸ਼ਵਾਸ ਨਹੀਂ ਸੀ।ਦਸਮ ਪਿਤਾ ਜੀ ਸਿਰਫ ਤੇ ਸਿਰਫ ਇੱਕ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ  ਨੂੰ ਵੀ ਨਹੀਂ ਸੀ ਮੰਨਦੇ।ਫਿਰ ਸੁਆਲ ਪੈਦਾ ਹੁੰਦਾ ਏ ਕਿ ਦੇਵੀ ਪੂਜਣ ਦਾ ਰੌਲਾ ਕਿੱਥੋਂ ਪਿਆ ? ਜਵਾਬ ਸਾਫ਼ ਏ ਕਿ ਦਸਮ ਪਿਤਾ ਜੀ ਦੀ ਰਚਨਾ ‘ਚੰਡੀ ਚਰਿੱਤਰ’ ਤੇ ‘ਵਾਰ ਸ੍ਰੀ ਭਗਉਤੀ ਜੀ ਕੀ’ ਭਾਵ ਚੰਡੀ ਦੀ ਵਾਰ ਨੂੰ ਲੈ ਕੇ ਪਿਆ ਏ।ਆਓ, ਆਪਾਂ ਵਿਚਾਰ ਕਰੀਏ ਕਿ ਇਸ ਸੁਆਲ ਵਿੱਚ ਕਿੰਨੀ ਕੁ ਅਸਲੀਅਤ ਏ ਤੇ ਕਿੰਨਾ ਕੁ ਝੂਠ ?
    ਦਸਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸ਼ਾਹਕਾਰ ਰਚਨਾ ‘ਸ੍ਰੀ ਦਸਮ ਗ੍ਰੰਥ ਸਾਹਿਬ ਜੀ’, ਜਿਸ ਵਿੱਚ ਦੁਰਗਾ ਦੇਵੀ ਤੇ ਰਾਖਸ਼ਾਂ ਦੀ ਜੰਗ ਦਾ ਬਹੁਤ ਜਿਆਦਾ ਵਿਸ਼ਾਲ ਵਰਨਣ ਏ।ਉਸ ਕਾਵਿਕ ਰਚਨਾ ਦੀ ਬੋਲੀ ਦੇ ਵੇਗ ਵਿੱਚ ਸਮੁੰਦਰ ਦਾ ਠਾਠਾਂ ਮਾਰਦਾ ਤੂਫਾਨ ਏ।ਪਿੰਗਲ ਦੀ ਚਾਲ ਐਸੀ ਏ ਕਿ ਉਸ ਵਿੱਚੋਂ ਸਰਪੱਟ ਦੌੜਦੇ ਘੋੜਿਆਂ ਦੀਆਂ ਟਾਪਾਂ ਦੀ ਅਵਾਜ਼ ਆਉਂਦੀ ਏ।ਅਲੰਕਾਰਾਂ ਦੀ ਭਰਮਾਰ ਐਸੀ ਏ ਕਿ ਆਪ-ਮੁਹਾਰੇ ਮਰਨ ਲਈ ਚਾਅ ਪੈਦਾ ਹੁੰਦਾ ਏ।ਜੋਸ਼ ਐਸਾ ਕਿ ਸਰਦ ਰੁੱਤ ਵਿੱਚ ਪੜ੍ਹ ਕੇ ਵੀ ਮੁੜਕਾ ਆਣ ਲੱਗਦਾ ਏ।ਇਹ ਦਸਮ ਗ੍ਰੰਥ ਦਾ ਉਹ ਭਾਗ ਏ, ਜਿਸ ਵਿੱਚ ਦੁਰਗਾ ਦੇਵੀ ਨੂੰ ਰਾਖਸ਼ਾਂ ਦੇ ਮੁਕਾਬਲੇ ਹੀਰੋ ਵਜੋਂ ਪੇਸ਼ ਕੀਤਾ ਗਿਆ ਏ।ਦੇਵੀ ਨੂੰ ਦੁਵੱਲੀ ਜੰਗ ਵਿੱਚ ਜਿੱਤ ਪ੍ਰਾਪਤੀ ਦਾ ਸਿਰਫ ਹੀਰੋ ਤੇ ਸਾਧਨ ਹੀ ਕਲਪਿਆ ਗਿਆ ਏ।ਵਿਰੋਧੀ ਤਾਕਤ ਦੇ ਮੁਕਾਬਲੇ ਦੇਵੀ ਦੀ ਤਾਰੀਫ਼ ਕਰਨੀ; ਮੁਰਦਾ ਹੋ ਚੁੱਕੀ ਜੰਗੀ ਸਪਿਰਟ ਨੂੰ ਸੁਰਜੀਤ ਕਰਨ ਲਈ ਅਤਿ ਜ਼ਰੂਰੀ ਸੀ।ਇਸ ਤਾਰੀਫ਼ ਪੂਰਵਕ ਘਟਨਾ ਤੋਂ ਅਨੇਕਾਂ ਇਤਿਹਾਸਕਾਰ ਟਪਲਾ ਖਾ ਗਏ ਕਿ ਗੁਰੂ ਜੀ ਦੇਵੀ ਪੂਜਕ ਸਨ।ਇਹ ਨਿਰੀ ਕਲਪਨਾ ਤੋਂ ਸਿਵਾਇ ਹੋਰ ਕੁੱਝ ਵੀ ਨਹੀਂ।ਦਸਮ ਗੁਰੂ ਜੀ ਸਿਰਫ ਇੱਕ  ਨਿਰੰਕਾਰ, ਅਕਾਲ ਪੁਰਖ ਵਾਹਿਗੁਰੂ ਦੇ ਪੁਜਾਰੀ ਸਨ।ਇੱਕ ਰੱਬ ਤੋਂ ਬਿਨਾਂ ਕਿਸੇ ਦੇਵੀ-ਦੇਵਤੇ ਨੂੰ ਨਾ ਮੰਨਦੇ ਸਨ ਤੇ ਆਪਣੇ ਸਿੱਖਾਂ ਨੂੰ ਮੰਨਣ ਦਾ ਉਪਦੇਸ਼ ਹੀ ਦਿੰਦੇ ਸਨ।ਸਗੋਂ ਹਮੇਸ਼ਾਂ ਕਰਮ-ਕਾਂਡਾਂ ਦੇ ਵਿਰੁੱਧ ਸੰਗਰਾਮ ਹੀ ਕਰਦੇ ਸਨ।ਆਪਣੀਆਂ ਰਚਨਾਵਾਂ ਵਿੱਚ ਦੇਵੀ ਨੂੰ ਹੀਰੋ ਬਣਾ ਕੇ ਪੇਸ਼ ਕਰਨ ਵਿੱਚ ਜਾਂ ਦੇਵੀ ਨੂੰ ਸਰਬ ਗੁਣ ਉੱਤਮ ਦਰਸਾ ਕੇ ਤਾਰੀਫ਼ ਕਰਨ ਵਿੱਚ ਕੋਈ ਵੀ ਐਸੀ ਭਾਵਨਾ ਨਹੀਂ ਸੀ, ਜਿਸ ਤੋਂ ਅਨੁਮਾਨ ਲਾਇਆ ਜਾ ਸਕੇ ਕਿ ਗੁਰੂ ਜੀ ਦੇਵੀ ਭਗਤ ਸਨ।ਦੇਵੀ ਦੀ ਪੂਜਾ ਕਰਨੀ ਜਾਂ ਪ੍ਰਚਾਰ ਕਰਨਾ- ਉਨ੍ਹਾਂ ਦਾ ਕੋਈ ਵੀ ਨਿਸ਼ਚਾ ਨਹੀਂ ਸੀ।ਇੱਕ ਅਕਾਲ ਪੁਰਖ ਦੇ ਸਿਮਰਨ ਤੋਂ ਸਿਵਾਇ, ਕਿਸੇ ਦੇਵੀ-ਦੇਵਤੇ ਦੀ ਪੂਜਾ ਕਰਨੀ ਜਾਂ ਭਗਤੀ ਕਰਨੀ ਤੇ ਉਸ ਉੱਤੇ ਵਿਸ਼ਵਾਸ ਕਰਨਾ-ਬਹੁਤ ਵੱਡਾ ਗੁਨਾਹ ਸਮਝਦੇ ਸਨ।
    ਦੇਵੀ ਜਾਂ ਕਿਸੇ ਹੋਰ ਸੂਰਵੀਰ ਦੀ ਵਾਰਤਾ ਲਿਖਣ ਪਿੱਛੇ ਗੁਰੂ ਜੀ ਦਾ ਮੰਤਵ ਸਿਰਫ ਏਹੀ ਸੀ ਕਿ ਸਿੱਖਾਂ ਵਿੱਚ ਲੋੜੀਂਦਾ ਜੋਸ਼ ਪੈਦਾ ਕੀਤਾ ਜਾਏ।(ਏਹੀ ਢੰਗ-ਤਰੀਕਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਪੰਚਮ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦਾ ਜੋਸ਼ ਉਭਾਰਨ ਲਈ  ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਢਾਡੀਆਂ ਤੋਂ ਜੋਸ਼ੀਲੀਆਂ ਵਾਰਾਂ ਦਾ ਗਾਇਨ ਕਰਵਾ ਕੇ ਵਰਤਿਆ ਸੀ।) ਮੁਰਦਾ ਹੋ ਚੁੱਕੇ ਭਾਰਤ ਦੇ ਮਰਜੀਵੜਿਆਂ ਦੇ ਜੋਸ਼ ਨੂੰ ਉਭਾਰਿਆ ਜਾਵੇ ਤਾਂ ਜੁ ਉਨ੍ਹਾਂ ਨੂੰ ਆਉਣ ਵਾਲੇ ਯੁੱਧਾਂ-ਜੰਗਾਂ ਲਈ ਤਿਆਰ ਕੀਤਾ ਜਾਏ।ਇਹ ਵੀ ਗੁਰੂ ਸਾਹਿਬ ਜੀ ਦੀ ਸਿਆਣਪ ਭਰੀ ਤੇ ਦੂਰ-ਅੰਦੇਸ਼ੀ ਸੋਚ ਸੀ ਕਿ ਸਮੇਂ ਦੇ ਮੁਤਾਬਿਕ ਆਪਣੀ ਜੋਸ਼ ਪੈਦਾ ਕਰਨ ਵਾਲੀ ਕਾਵਿਕ ਰਚਨਾ ਦਾ ਹੀਰੋ ਦੇਵੀ ਨੂੰ ਹੀ ਬਣਾਇਆ।ਹੋ ਸਕਦਾ ਹੈ: ਉਸ  ਵਕਤ ਦੇਵੀ ਨੂੰ ਮੰਨਣ ਵਾਲਿਆਂ ਦੀ ਗਿਣਤੀ ਜ਼ਿਆਦਾਤਰ ਹੋਵੇ ਤੇ ਗੁਰੂ ਜੀ ਉਨ੍ਹਾਂ ਨੂੰ ਉਤੇਜਿਤ ਕਰਕੇ, ਉਨ੍ਹਾਂ ਵਿੱਚੋਂ ਬਹਾਦਰ ਸਿੰਘ ਪੈਦਾ ਕਰਨੇ ਚਾਹੁੰਦੇ ਹੋਣ।ਬੇਸ਼ੱਕ ਗੁਰੂ ਜੀ ਦੇ ਕਈ ਸਿੱਖ ਪਹਿਲਾਂ ਦੇਵੀ-ਭਗਤ ਸਨ।ਜਾਂ ਉਸ ਸ਼੍ਰੇਣੀ ਵਿੱਚੋਂ ਆਉਂਦੇ ਸਨ, ਪਰ ਗੁਰੂ ਜੀ ਦੀ ਸੰਗਤ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਕਦੇ ਦੇਵੀ ਵੱਲ ਨਹੀਂ ਤੱਕਿਆ।ਸਗੋਂ ਖਾਲਸਾ ਧਰਮ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਇੱਕ ਅਕਾਲ ਪੁਰਖ ਦੇ ਸਿਮਰਨ ਵਿੱਚ ਹੀ ਮਸਤ ਰਹੇ ਜਾਂ ਉਸਦੀ ਆਰਾਧਨਾ ਕੀਤੀ।
     ਮਗਰ ਜਨਮ ਸਾਖੀਆਂ ਲਿਖਣ ਵਾਲਿਆਂ ਨੇ ਏਹੀ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਗੁਰੂ ਜੀ ਨੇ ਦੁਰਗਾ ਦੇਵੀ ਨੂੰ ਸਿਮਰਿਆ ਏ ਜਾਂ ਉਹ ਦੇਵੀ ਭਗਤ ਸਨ।ਅਜਿਹੀਆਂ ਸਾਖੀਆਂ ਲਿਖਣ ਵਾਲੇ ਮਨਘੜਤ ਕਹਾਣੀਆਂ ਲਿਖ ਕੇ ਅਨੰਦ ਲੈਣ ਵਾਲੀ ਸ਼੍ਰੇਣੀ ਦੇ ਪ੍ਰਤੀਨਿਧ ਸਨ, ਜੋ ਹਮੇਸ਼ਾਂ ਬੇਤੁਕੀਆਂ ਤੇ ਸਾਬੂਤ ਰਹਿਤ ਗੱਲਾਂ ਕਹਿ ਕੇ ਜਾਂ ਲਿਖ ਕੇ ਖੁਸ਼ੀ ਲੈਂਦੇ ਸਨ।ਨਸ਼ੇ ਦੀ ਲੋਰ  ਵਿੱਚ ਜੋ ਮਨ ਆਇਆ-ਲਿਖ ਮਾਰਿਆ।ਗੁਰੂ ਗੋਬਿੰਦ ਸਿੰਘ ਜੀ ਦੁਆਰਾ ਪੰਥ ਸਾਜਨ ਤੋਂ ਪਹਿਲਾਂ ਦੇਵੀ ਪ੍ਰਗਟ ਕਰਨ ਦਾ ਪ੍ਰਸੰਗ ਅਨੇਕਾਂ ਜਨਮ ਸਾਖੀਆਂ ਦਾ ਸ਼ਿੰਗਾਰ ਏ ਕਿ ਗੁਰੂ ਜੀ ਨੇ ਕੇਸੋਦਾਸ ਪੰਡਿਤ ਦੁਆਰਾ ਦੁਰਗਾ ਦੇਵੀ ਪ੍ਰਗਟ ਕੀਤੀ ਏ।ਪੰਥ ਸਾਜਨ ਵਾਸਤੇ ਉਸ ਦੀ ਸਿਮਰਨ-ਪੂਜਾ ਕੀਤੀ ਏ।ਅਜਿਹੀਆਂ ਸਾਖੀਆਂ ਪੜ੍ਹ ਕੇ ਕਈ ਭੁੱਲੜ ਲੋਕ ਜ਼ਿਦ ਕਰਦੇ ਹਨ ਕਿ ਦਸਮ ਪਿਤਾ ਜੀ ਨੇ ਦੁਰਗਾ ਦੇਵੀ ਨੂੰ ਇਸ਼ਟ ਮੰਨ ਕੇ ਸਿਮਰਿਆ ਹੈ।ਪੰਥ ਸਾਜਨ ਲਈ ਪ੍ਰਗਟ ਕਰਕੇ ਵਰ ਲਿਆ ਏ।ਭਾਵੇਂ ਇਸ ਹੱਠਵਾਦ ਦੀ ਪੁਸ਼ਟੀ ਹੇਠ ਲਿਖੇ ਦੋਹਰੇ ਤੋਂ ਹੀ ਹੋ ਜਾਂਦੀ ਏ ਕਿ-
   ਆਗਿਆ ਭਈ ਅਕਾਲ ਕੀ,
   ਤਬੈ ਚਲਾਇਓ ਪੰਥ।
   ਸਭ ਸਿੱਖਨ ਕੋ ਹੁਕਮ ਹੈ,
   ਗੁਰੂ ਮਾਨਿਓ ਗ੍ਰੰਥ।
    ਇਸ ਤੋਂ ਸਪੱਸ਼ਟ ਹੋ ਜਾਂਦਾ ਏ ਕਿ ਗੁਰੂ ਜੀ ਨੇ ਖਾਲਸਾ ਪੰਥ ਅਕਾਲ ਪੁਰਖ ਦੀ ਆਗਿਆ ਨਾਲ ਪ੍ਰਗਟ ਕੀਤਾ ਏ।ਹੋਰ ਕਿਸੇ ਦੇਵੀ-ਦੇਵਤੇ ਨੂੰ ਸਿਮਰਿਆ ਜਾਂ ਉਸ ਤੋਂ ਸਹਾਇਤਾ ਨਹੀਂ ਲਈ।ਦਸ਼ਮੇਸ਼ ਪਿਤਾ ਜੀ ਨੇ ਸਿਰਫ ਇੱਕ ਵਾਹਿਗੁਰੂ ਬਿਨਾਂ ਕਿਸੇ ਦਾ ਸਿਮਰਨ ਨਹੀਂ ਕੀਤਾ ਤੇ ਨਾ ਹੀ ਕਿਸੇ ਦੇਵੀ-ਦੇਵਤੇ ਦੀ ਪੂਜਾ ਕਰਨ ਲਈ ਆਪਣੇ ਸਿੱਖਾਂ ਨੂੰ ਕਿਹਾ ਏ।ਗੁਰਮਤਿ ਵਿੱਚ ਦੇਵੀ-ਦੇਵਤਿਆਂ ਦੀ ਪੂਜਾ ਦਾ ਨਿਸ਼ੇਧ ਕੀਤਾ ਗਿਆ ਏ।ਇੱਕ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਸਾਰੀਆਂ ਪੂਜਾ ਫੋਕਟ ਕਰਮ ਦੱਸੀਆਂ ਹਨ।ਗੁਰਬਾਣੀ ਨੂੰ ਜਰਾ ਸੋਚ-ਵਿਚਾਰ  ਕੇ ਪੜ੍ਹੇ ਤੋਂ ਪਤਾ ਲੱਗ ਜਾਂਦਾ ਹੈ ਕਿ ਗੁਰੂ ਜੀ ਕਿਸੇ ਦੇਵੀ-ਦੇਵਤੇ ਨੂੰ ਨਹੀਂ ਸੀ ਮੰਨਦੇ।ਬਾਣੀ ਗੁਰੂ ਦਾ ਸਪੱਸ਼ਟ ਫੈਸਲਾ ਹੈ-
   ਮਾਇਆ ਮੋਹੇ ਦੇਵੀ ਸਭਿ ਦੇਵਾ॥
   ਕਾਲੁ ਨ ਛੋਡੈ ਬਿਨੁ ਗੁਰ ਕੀ ਸੇਵਾ॥
   ਓਹ ਅਬਿਨਾਸੀ ਅਲਖ ਅਭੇਵਾ॥
          (ਗਉੜੀ ਰਾਗ, ਅੰਗ-227)
  ਭਰਮੇ ਸੁਰਿ ਨਰ ਦੇਵੀ ਦੇਵਾ॥
  ਭਰਮੇ ਸਿਧ ਸਾਧਿਕ ਬ੍ਰਹਮੇਵਾ॥
         (ਬਾਵਨ ਅਖਰੀ  ਅੰਗ-258)
  ਦੇਵੀ ਦੇਵਾ ਪੂਜੀਐ
  ਕਿਆ ਮਾਗਉ ਕਿਆ ਦੇਹਿ॥
  ਪਾਹੁਣੁ ਨੀਰਿ ਪਖਾਲੀਐ ਭਾਈ
  ਜਲ ਮਹਿ ਬੂਡਹਿ ਤੇਹਿ॥
         (ਸੋਰਠਿ ਰਾਗ,ਅੰਗ-637)
   ਮਹਾਮਾਈ ਕੀ ਪੂਜਾ ਕਰੈ॥
   ਨਰ ਸੈ ਨਾਰਿ ਹੋਇ ਅਉਤਰੈ॥
   ਤੂ ਕਹੀਅਤ ਹੀ ਆਦਿ ਭਵਾਨੀ॥
  ਮੁਕਤਿ ਕੀ ਬਰੀਆ ਕਹਾ ਛੁਪਾਨੀ॥
      (ਗੋਂਡ ਨਾਮਦੇਵ ਜੀ,ਅੰਗ-874)
   ਬਾਣੀ ਗੁਰੂ ਨੇ ਦੱਸਿਆ ਏ ਕਿ ਦੇਵੀ ਦੇਵਤੇ ਸਭ ਮਾਇਆ ਨੇ ਮੋਹੇ ਹਨ।ਸਭ ਮਾਇਆ ਦੇ ਜਾਲ ਵਿੱਚ ਭਰਮੇ ਹੋਏ ਨੇ।ਦੇਵੀ-ਦੇਵਤਿਆਂ ਆਦਿ ਸਭ ਤੋਂ ਉੱਪਰ ਅਕਾਲ ਪੁਰਖ ਹੈ, ਜਿਸ ਦੇ ਸਿਮਰਨ ਦੀ ਗੁਰਮਤਿ ਨੇ ਤਾਕੀਦ ਕੀਤੀ ਏ।ਬਾਣੀ ਗੁਰੂ ਦਾ ਕਥਨ ਏ-
   ਸਾਹਿਬ ਮੇਰਾ ਏਕੋ ਹੈ ॥
   ਏਕੋ ਹੈ ਭਾਈ ਏਕੋ ਹੈ॥
                    (ਅੰਗ-350)
  ਨ ਦੇਵ ਦਾਨਵਾ ਨਰਾ॥
  ਨ ਸਿਧ ਸਾਧਿਕਾ ਧਰਾ॥
  ਅਸਤਿ ਏਕ ਦਿਗਰ ਕੁਈ॥
  ਏਕ ਤੁਈ ਏਕ ਤੁਈ॥(ਅੰਗ-143)
   ਇੱਕ ਅਕਾਲ ਪੁਰਖ ਤੋਂ ਸਿਵਾਇ ਕਿਸੇ ਦੇਵੀ-ਦੇਵਤੇ ਦੀ ਪੂਜਾ ਜਾਂ ਸਿਮਰਨ ਕਰਨ ਤੋਂ ਦਸ਼ਮੇਸ਼ ਪਿਤਾ ਜੀ ਖੁਦ ਰੋਕਦੇ ਹੋਏ ਆਖਦੇ ਹਨ-
  ਕੋਊ ਦਿਜੇਸ ਕੌ ਮਾਨਤ ਹੈ
  ਅਰ ਕੋਊ ਮਹੇਸ ਕੌ ਏਸ ਬਤੈ ਹੈ॥
  ਕੋਊ ਕਹੈ ਬਿਸਨੋ ਬਿਸਨਾਇਕ
  ਜਾਹਿ ਭਜੇ ਅਘ ਓਘ ਕਟੈ ਹੈ॥
  ਬਾਰ ਹਜਾਰ ਬਿਚਾਰ ਅਰੇ ਜੜ
  ਅੰਤ ਸਮੈ ਸਭਹੀ ਤਜਿ ਜੈ ਹੈ॥
  ਤਾ ਹੀ ਕੋ ਧਯਾਨ ਪ੍ਰਮਾਨਿ ਹੀਏ ਜੋਊ ਥੇ
  ਅਬ ਹੈ ਅਰੁ ਆਗੈ ਊ ਹਵੈ ਹੈ॥
        (ਸਵਈਏ ਪਾਤਸ਼ਾਹੀ-10ਵੀਂ)
   ਸੁਖਦੇਵ ਸਿੰਘ ‘ਭੁੱਲੜ’ 
   ਸੁਰਜੀਤ ਪੁਰਾ ਬਠਿੰਡਾ 
   9417046117

Previous article*ਮੀਂਹ ਰੁੱਖ ਤੇ ਪੰਛੀ*
Next articleEmergency: Declared versus Undeclared