
ਬਰਜਿੰਦਰ ਕੌਰ ਬਿਸਰਾਓ
(ਸਮਾਜ ਵੀਕਲੀ) ਸਾਡੀ ਸੱਭਿਅਤਾ ਵਿੱਚ ਵਿਆਹ ਸ਼ਾਦੀਆਂ ਦੇ ਮੌਕੇ ਨੱਚਣਾ ਟੱਪਣਾ ਇੱਕ ਸੁਭਾਵਿਕ ਜਿਹੀ ਗੱਲ ਹੈ। ਜਦੋਂ ਖੁਸ਼ੀ ਦਾ ਮੌਕਾ ਹੋਵੇ ਤਾਂ ਦਿਲ ਅੰਦਰ ਉਮੰਗ , ਮੂੰਹੋਂ ਆਪ ਮੁਹਾਰੇ ਸੰਗੀਤ ,ਕੰਨਾਂ ਵਿੱਚ ਉਸ ਦਾ ਭਿੰਨਾਂ ਭਿੰਨਾਂ ਰਸ ਤੇ ਪੈਰਾਂ ਵਿੱਚ ਥਿੜਕਣ ਸਹਿਜ ਸੁਭਾਅ ਹੀ ਉਪਜਣ ਲੱਗਦੇ ਹਨ। ਪਹਿਲੇ ਸਮਿਆਂ ਵਿੱਚ ਲੜਕੀ ਜਾਂ ਲੜਕੇ ਦੇ ਵਿਆਹ ਵਾਲੇ ਘਰਾਂ ਵਿੱਚ ਗਿਆਰਾਂ ਜਾਂ ਇੱਕੀ ਦਿਨ ਪਹਿਲਾਂ ਹੀ ਰਾਤ ਦੇ ਸਮੇਂ ਪਿੰਡ ਦੀਆਂ ਅਤੇ ਆਂਢ ਗੁਆਂਢ ਦੀਆਂ ਬਜ਼ੁਰਗ ਔਰਤਾਂ ਵੱਲੋਂ ਵਿਆਹ ਵਾਲੇ ਘਰ ਗਾਉਣ ਬਿਠਾਉਣ ਦੀ ਰਸਮ ਵਿੱਚ ਲੰਮੀ ਹੇਕ ਨਾਲ ਪੰਜ ਜਾਂ ਸੱਤ ਘੋੜੀਆਂ ਸੁਹਾਗ ਗਾਉਣ ਦੀ ਰੀਤ ਸੀ ਤੇ ਉਸ ਤੋਂ ਮਗਰੋਂ ਕੁੜੀਆਂ ਚਿੜੀਆਂ ਬੋਲੀਆਂ ਪਾ ਕੇ ਗਿੱਧੇ ਵਿੱਚ ਖ਼ੂਬ ਨੱਚਦੀਆਂ। ਉਹਨਾਂ ਨੂੰ ਜਾਂਦੇ ਹੋਏ ਸ਼ਗਨ ਵਜੋਂ ਉਹਨਾਂ ਦੀ ਝੋਲੀ ਵਿੱਚ ਬੁੱਕ ਬੁੱਕ ਪਤਾਸੇ ਦੇ ਕੇ ਤੋਰਿਆ ਜਾਂਦਾ ਸੀ। ਇਸੇ ਤਰ੍ਹਾਂ ਮੁੰਡਿਆਂ ਵੱਲੋਂ ਵੀ ਕੋਈ ਢੋਲਚੀ ਮੰਗਵਾ ਕੇ ਢੋਲ ਦੀ ਥਾਪ ਤੇ ਬੋਲੀਆਂ ਪਾ ਕੇ ਤੇ ਭੰਗੜਾ ਪਾ ਕੇ ਖੁਸ਼ੀ ਮਨਾਈ ਜਾਂਦੀ ਸੀ। ਨਾਨਕਿਆਂ ਤੇ ਦਾਦਕਿਆਂ ਵੱਲੋਂ ਸਿੱਠਣੀਆਂ ਗਾਉਣੀਆਂ, ਵਿਆਹ ਵਾਲੇ ਦਿਨ ਕੁੜੀਆਂ ਵੱਲੋਂ ਸਿੱਖਿਆ ਪੜ੍ਹੀ ਜਾਣੀ,ਜੰਝ ਬੰਨ੍ਹਣਾ ਤੇ ਖੋਲ੍ਹਣਾ, ਰਵਾਇਤੀ ਬੈਂਡ ਵਾਜਿਆਂ ਨਾਲ ਬਰਾਤ ਦਾ ਆਗਮਨ ਤੇ ਕੁੜੀ ਦੀ ਵਿਦਾਈ ਕੀਤੀ ਜਾਂਦੀ ਸੀ। ਵਹੁਟੀ ਵਿਆਹ ਕੇ ਲਿਆਉਣੀ ਤਾਂ ਮੇਲ਼ ਅਤੇ ਪਿੰਡ ਦੀਆਂ ਕੁੜੀਆਂ ਚਿੜੀਆਂ ਵੱਲੋਂ ਫਿਰ ਗਿੱਧਾ ਪਾਕੇ ਖੁਸ਼ੀ ਮਨਾਈ ਜਾਂਦੀ ਸੀ। ਸੰਗੀਤ ਦਾ ਵਿਆਹਾਂ ਨਾਲ਼ ਇਹੀ ਨਾਤਾ ਸੀ। ਇਸੇ ਤਰ੍ਹਾਂ ਕਈ ਕਈ ਦਿਨ ਵਿਆਹ ਵਾਲੇ ਘਰ ਦੀਆਂ ਰੌਣਕਾਂ ਬਣੀਆਂ ਰਹਿੰਦੀਆਂ ਸਨ ਤੇ ਭਿੰਨਾਂ ਜਿਹਾ ਸੰਗੀਤ ਦਿਮਾਗ ਵਿੱਚ ਗੂੰਜਦਾ ਰਹਿੰਦਾ ਸੀ। ਇਸੇ ਤਰ੍ਹਾਂ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਸੀ। ਇੱਥੋਂ ਤੱਕ ਕਿ ਸਕੂਲਾਂ, ਕਾਲਜਾਂ ਵਿੱਚ ਵਿਦਾਇਗੀ ਸਮਾਰੋਹ ਵਿਦਿਆਰਥੀਆਂ ਵੱਲੋਂ ਛੋਟੀਆਂ ਛੋਟੀਆਂ ਖੇਡਾਂ ਖੇਡ ਕੇ,ਗੀਤ ਗਾ ਕੇ,ਸਕਿੱਟ ਪੇਸ਼ ਕਰਕੇ, ਨਕਲਾਂ ਕਰਕੇ, ਕਵਿਤਾਵਾਂ ਪੜ੍ਹਕੇ ਜਸ਼ਨ ਮਨਾਉਣ ਦਾ ਰਿਵਾਜ ਸੀ।
ਸਮੇਂ ਨੇ ਐਸੀ ਤੇਜ਼ ਰਫ਼ਤਾਰੀ ਫੜੀ ਕਿ ਦੇਖਦਿਆਂ ਹੀ ਦੇਖਦਿਆਂ ਵਿਆਹਾਂ ਅਤੇ ਪਾਰਟੀਆਂ ਦੀ ਰੂਪ ਰੇਖਾ ਹੀ ਬਦਲ ਗਈ। ਵਿਆਹ ਘਰਾਂ ਵਿੱਚੋਂ ਨਿਕਲ ਕੇ ਪੈਲੇਸਾਂ ਵਿੱਚ ਚਲੇ ਗਏ ਹਨ । ਸਾਰੇ ਰੀਤੀ ਰਿਵਾਜ ਵਟਣਾ ਮਲਣਾ, ਮਹਿੰਦੀ ਲਾਉਣਾ,ਜਾਗੋ ਕੱਢਣੀ, ਵਿਆਹ ਸਮਾਗਮ,ਰਿਸੈਪਸ਼ਨ ਕਰਨੀ ਆਦਿ ਸਭ ਕੁਝ ਪੈਲੇਸਾਂ ਵਿੱਚ ਹੋਣ ਲੱਗ ਪਿਆ ਹੈ। ਉੱਥੇ ਰਸਮਾਂ ਤਾਂ ਕੁਝ ਕੁ ਸਮੇਂ ਦਾ ਮਹਿਜ਼ ਇੱਕ ਦਿਖਾਵਾ ਹੀ ਹੁੰਦੀਆਂ ਹਨ ਬਾਕੀ ਸਭ ਕੁਝ ਤਾਂ ਇੱਕੋ ਜਿਹਾ ਹੀ ਹੁੰਦਾ ਹੈ ਜਿਵੇਂ ਮਹਿਮਾਨਾਂ ਦਾ ਆਉਣਾ, ਸਟਾਲਾਂ ਤੇ ਖਾਣਾ ਪੀਣਾ,ਡੀ ਜੇ ਤੇ ਨੱਚਣਾ ਤੇ ਆਪੋ ਆਪਣੇ ਘਰਾਂ ਨੂੰ ਤੁਰ ਜਾਣਾ। ਜੇ ਕੋਈ ਇਹ ਸਾਰੇ ਪ੍ਰੋਗਰਾਮ ਘਰ ਵਿੱਚ ਵੀ ਆਯੋਜਿਤ ਕਰਦਾ ਹੈ ਤਾਂ ਡੀ ਜੇ ਲਗਾਉਣਾ ਤਾਂ ਮੁੱਢਲੀ ਜ਼ਰੂਰਤ ਬਣ ਗਈ ਹੈ। ਅੱਜ ਕੱਲ੍ਹ ਦੇ ਕੁੜੀਆਂ ਮੁੰਡੇ, ਮਾਂ ਪਿਓ ਤੇ ਰਿਸ਼ਤੇਦਾਰ ਸਭ ਡੀ ਜੇ ਦੀ ਉੱਚੀ ਅਵਾਜ਼ ਤੇ ਇਸ ਤਰ੍ਹਾਂ ਨੱਚ ਰਹੇ ਹੁੰਦੇ ਹਨ ਕਿ ਮਾਨੋ ਰਿਸ਼ਤਿਆਂ ਦੀ ਸ਼ਰਮ ਹਯਾ ਬਿਲਕੁਲ ਖੰਭ ਲਾ ਕੇ ਉਡ ਗਈ ਹੁੰਦੀ ਹੈ। ਡੀ ਜੇ ਦੀ ਉੱਚੀ ਅਵਾਜ਼ ਨੇੜੇ ਤੇੜੇ ਦੇ ਘਰਾਂ ਦੀਆਂ ਖਿੜਕੀਆਂ ਦਰਵਾਜ਼ੇ ਤੱਕ ਹਿਲਾ ਰਹੀ ਹੁੰਦੀ ਹੈ, ਕਿਸੇ ਨੂੰ ਕਿਸੇ ਦੀ ਕੋਈ ਅਵਾਜ਼ ਸਮਝ ਨਹੀਂ ਆ ਰਹੀ ਹੁੰਦੀ,ਸਰੀਰ ਦੇ ਅੰਦਰੂਨੀ ਅੰਗਾਂ ਵਿੱਚ ਵੀ ਖਿੜਕੀਆਂ ਦਰਵਾਜ਼ਿਆਂ ਵਾਂਗ ਹੀ ਕੰਪਨ ਜਿਹੀ ਹੋ ਰਹੀ ਹੁੰਦੀ ਹੈ। ਅੱਜ ਕੱਲ੍ਹ ਨਵੀਂ ਪੀੜ੍ਹੀ ਦੇ ਯੁਵਕ ਯੁਵਤੀਆਂ ਵੱਲੋਂ ਡੀ ਜੇ ਬਿਨਾਂ ਕੋਈ ਫੰਕਸ਼ਨ ਸੰਪੂਰਨ ਮੰਨਿਆ ਹੀ ਨਹੀਂ ਜਾਂਦਾ। ਇੱਥੋਂ ਤੱਕ ਕਿ ਸਕੂਲਾਂ ਕਾਲਜਾਂ ਦੀਆਂ ਵਿਦਾਇਗੀ ਪਾਰਟੀਆਂ ਵਿੱਚ ਵੀ ਡੀ ਜੇ ਦੀ ਸ਼ਮੂਲੀਅਤ ਕੀਤੀ ਜਾਂਦੀ ਹੈ ਅਤੇ ਕਈ ਵਾਰ ਤਾਂ ਡੀ ਜੇ ਦੀ ਲੋਰ ਤੇ ਨੱਚਦੇ ਟੱਪਦੇ ਗੁਰੂ ਸ਼ਿਸ਼ ਦੀ ਮਰਿਆਦਾ ਵੀ ਛਿੱਕੂ ਵਿੱਚ ਪਾ ਕੇ ਟੰਗੀ ਜਾਂਦੀ ਹੈ।
ਅੱਜ ਕੱਲ੍ਹ ਦੀਆਂ ਖਬਰਾਂ ਵਿੱਚ ਵਿਆਹ ਸ਼ਾਦੀਆਂ ਦੇ ਮੌਕੇ ਦੁਲਹਨ ਦੀ ਮੌਤ,ਲਾੜੇ ਦੀ ਮੌਤ ਜਾਂ ਬਰਾਤ ਵਿੱਚ ਨੱਚਦੇ ਹੋਏ ਕਿਸੇ ਨਜ਼ਦੀਕੀ ਦੀ ਮੌਤ ਹੋਣ ਦੀਆਂ ਮੰਦਭਾਗੀ ਖ਼ਬਰਾਂ ਵਿੱਚ ਦਿਨੋ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਆਏ ਦਿਨ ਇਹੋ ਜਿਹੀਆਂ ਕੋਈ ਨਾ ਕੋਈ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਐਥੋਂ ਤੱਕ ਕਿ ਕੁਝ ਕੁ ਸਮਾਂ ਪਹਿਲਾਂ ਕਰਵਾ ਚੌਥ ਵਾਲੇ ਦਿਨ ਵੀ ਵਰਤ ਖੋਲ੍ਹਣ ਤੋਂ ਕੁਝ ਮਿੰਟ ਪਹਿਲਾਂ ਕਿਸੇ ਔਰਤ ਦੀ ਡੀ ਜੇ ਤੇ ਨੱਚਦੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਹ ਤਾਂ ਸੁਣ ਕੇ ਵੀ ਹੈਰਾਨੀ ਹੋਈ ਕਿ ਸਾਰੇ ਦਿਨ ਦੀਆਂ ਭੁੱਖੀਆਂ ਭਾਣੀਆਂ ਔਰਤਾਂ ਨੂੰ ਉੱਚੀ ਅਵਾਜ਼ ਵਿੱਚ ਡੀ ਜੇ ਲਗਾ ਕੇ ਨੱਚਣ ਦੀ ਕੀ ਲੋੜ ਪੈ ਗਈ ਸੀ? ਇਹ ਕਿਹੋ ਜਿਹਾ ਜਸ਼ਨ ਹੋਇਆ ਜਿਸ ਵਿੱਚ ਆਪਣੀ ਸਿਹਤ ਨਾਲ ਸਿੱਧੇ ਤੌਰ ਤੇ ਆਪ ਹੀ ਖਿਲਵਾੜ ਕੀਤਾ ਜਾਂਦਾ ਹੈ। ਆਮ ਲੋਕ ਇਹੋ ਜਿਹੀਆਂ ਮੌਤਾਂ ਨੂੰ ਕਲਯੁਗ ਦੀ ਨਿਸ਼ਾਨੀ ਆਖ ਕੇ ਗੱਲ ਨਿਬੇੜ ਦਿੰਦੇ ਹਨ। ਇਸ ਦੀ ਅਸਲ ਤਹਿ ਤੱਕ ਕੋਈ ਪਹੁੰਚਣ ਦੀ ਗੱਲ ਹੀ ਨਹੀਂ ਕਰਦਾ। ਕਿਉਂ ਕਿ ਇਹੋ ਜਿਹੀਆਂ ਘਟਨਾਵਾਂ ਪਿੱਛੇ ਕਿਤੇ ਨਾ ਕਿਤੇ ਮਨੁੱਖ ਆਪ ਹੀ ਜ਼ਿੰਮੇਵਾਰ ਨਜ਼ਰ ਆਉਂਦੇ ਹਨ।
ਅਸਲ ਵਿੱਚ ਅਤਿ ਉੱਚੀ ਅਵਾਜ਼ ਵਿੱਚ ਲੱਗਿਆ ਡੀ ਜੇ ਹੀ ਇਸ ਸਭ ਕੁਝ ਦਾ ਮੁੱਖ ਕਾਰਨ ਬਣਦਾ ਹੈ। ਇਸ ਦੀ ਧਮਕ ਸਿੱਧੇ ਤੌਰ ਤੇ ਮਨੁੱਖੀ ਦਿਲ ਅਤੇ ਦਿਮਾਗ ਉੱਤੇ ਅਸਰ ਕਰਦੀ ਹੈ। ਸਮਾਗਮਾਂ ਦੌਰਾਨ ਤਲਿਆ ਅਤੇ ਭਾਰਾ ਖਾਣਾ ਖਾ ਕੇ ਤੇ ਉੱਤੋਂ ਨੱਚ ਟੱਪ ਕੇ ਇੱਕ ਤਾਂ ਪਹਿਲਾਂ ਹੀ ਮਨੁੱਖੀ ਰਕਤਚਾਪ ਉੱਚੇ ਸਤਰ ਤੇ ਪਹੁੰਚ ਜਾਂਦਾ ਹੈ ਤੇ ਉੱਪਰੋਂ ਕੰਨ ਪਾੜਵੀਆਂ ਡੀ ਜੇ ਦੀਆਂ ਅਵਾਜ਼ਾਂ ਨਾਲ ਕਈਆਂ ਨੂੰ ਸਿਰ ਦਰਦ, ਘਬਰਾਹਟ,ਉਲਟੀ ਵਾਂਗ ਮਹਿਸੂਸ ਹੋਣ ਲੱਗਦਾ ਹੈ। ਜਿਸ ਕਾਰਨ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਵਧ ਜਾਂਦੀ ਹੈ। ਬਾਹਰਲੇ ਮੁਲਕਾਂ ਵਿੱਚ ਅੰਗਰੇਜ਼ਾਂ ਦੇ ਵਿਆਹਾਂ ਵਿੱਚ ਹਲਕਾ ਮਿਊਜ਼ਿਕ ਚਲਾਇਆ ਜਾਂਦਾ ਹੈ ਜੋ ਕੰਨਾਂ ਨੂੰ ਸੁਰੀਲਾ ਲੱਗਦਾ ਹੈ ਤੇ ਮਨ ਨੂੰ ਸਕੂਨ ਦਿੰਦਾ ਹੈ ਜਿਸ ਨਾਲ ਖ਼ੁਸ਼ੀ ਦੁੱਗਣੀ ਹੋ ਜਾਂਦੀ ਹੈ।ਸਾਡੇ ਕਿਤੇ ਪੈਲੇਸ ਵਿੱਚੋਂ ਬਾਹਰ ਆਉਂਦੇ ਮਹਿਮਾਨਾਂ ਵੱਲ ਨੂੰ ਗਹੁ ਨਾਲ ਝਾਤੀ ਮਾਰੀਏ ਤਾਂ ਬਹੁਤੇ ਲੋਕ ਬੌਂਦਲੇ ਬੌਂਦਲੇ ਦਿਖਾਈ ਦਿੰਦੇ ਹਨ। ਐਨੀ ਉੱਚੀ ਅਵਾਜ਼ ਵਿੱਚ ਲਾਇਆ ਮਿਊਜ਼ਿਕ ਸਕੂਨ ਦੇਣ ਦੀ ਥਾਂ ਘਬਰਾਹਟ ਹੀ ਪੈਦਾ ਕਰਦਾ ਹੈ। ਇਸ ਦੀ ਉਚੇਚੇ ਤੌਰ ਤੇ ਵਧਾਈ ਹੋਈ ਧਮਕ ਸਾਡੇ ਅੰਦਰੂਨੀ ਅੰਗਾਂ ਤੇ ਬਹੁਤ ਬੁਰਾ ਪ੍ਰਭਾਵ ਪਾਉਂਦੀ ਹੈ। ਇਸ ਸਬੰਧੀ ਸਾਡੇ ਪ੍ਰਦੂਸ਼ਣ ਕੰਟਰੋਲ ਬੋਰਡ ਵਾਲਿਆਂ ਨੂੰ ਧਿਆਨ ਦੇਣ ਦੀ ਲੋੜ ਹੈ। ਉਹਨਾਂ ਵੱਲੋਂ ਉੱਚੀ ਅਵਾਜ਼ ਵਿੱਚ ਤੇਜ਼ ਧਮਕ ਵਾਲੇ ਡੀ ਜੇ ਲਾਉਣ ਤੇ ਪਾਬੰਦੀ ਲਗਾਉਣੀ ਚਾਹੀਦੀ ਹੈ। ਪੈਲੇਸ ਮਾਲਕਾਂ ਨੂੰ ਜਾਂ ਘਰਾਂ ਵਿੱਚ ਵੀ ਡੀ ਜੇ ਦੀ ਵੱਖਰੀ ਕਿਸਮ ਦੀ ਤੇਜ਼ ਧਮਕ ਨਾ ਲਗਾਉਣ ਅਤੇ ਅਵਾਜ਼ ਨੂੰ ਸੀਮਤ ਹੱਦ ਤੱਕ ਰੱਖਣ ਲਈ ਹਦਾਇਤਾਂ ਜਾਰੀ ਕਰਨ ਦੀ ਲੋੜ ਹੈ ਤਾਂ ਜੋ ਧੁਨੀ ਪ੍ਰਦੂਸ਼ਣ ‘ਤੇ ਕੰਟਰੋਲ ਕਰਨ ਦੇ ਨਾਲ ਨਾਲ ਕੀਮਤੀ ਜਾਨਾਂ ਨੂੰ ਵੀ ਬਚਾਇਆ ਜਾ ਸਕੇ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj