ਸਵਾਗਤੀ ਗੇਟ

ਰੋਮੀ ਘੜਾਮੇਂ ਵਾਲਾ

(ਸਮਾਜ ਵੀਕਲੀ)

ਇਕ ਪਿੰਡ ਦੇ ਕੁਝ ਪਤਵੰਤੇ ਅਤੇ ਧਨਾਢ ਸੱਜਣਾਂ ਨੇ ਸਲਾਹ ਕੀਤੀ ਕਿ ਪਿੰਡ ਦੇ ਬਾਹਰ ਇਕ ਸਵਾਗਤੀ ਗੇਟ ਬਣਾਇਆ ਜਾਵੇ ਤੇ ਸਲਾਹ ਮਸ਼ਵਰਾ ਕਰਨ ਖਾਤਰ ਇੱਕਠ ਕਰਨ ਲਈ ਚੁਣਿਆ ਪਿੰਡ ਦਾ ਸਕੂਲ।

ਪਰ ਜਿਉਂ ਹੀ ਸਕੂਲ ਪਹੁੰਚੇ ਤਾਂ ਮੁੱਖ ਗੇਟ ਦੇ ਅੰਦਰਲੇ ਪਾਸੇ ਪਿਛਲੇ ਦਿਨੀਂ ਹੋਈ ਬਰਸਾਤ ਦਾ ਗਿੱਟੇ-ਗਿੱਟੇ ਪਾਣੀ ਖੜਿਆ ਸੀ। ਸੋ ਸਕੂਲ ਵਿੱਚ ਪੜ੍ਹਦੇ ਵੱਡੀ ਉਮਰ ਦੇ ਵਿਦਿਆਰਥੀਆਂ ਨੇ ਕਿਧਰੋਂ ਇੱਟਾਂ ਲਿਆ ਕੇ ਫੁੱਟ-ਫੂੱਟ ਦੀ ਦੂਰੀ ਤੇ ਰੱਖ ਆਰਜੀ ਜਿਹਾ ਰਾਹ ਬਣਾ ਦਿੱਤਾ ਤੇ ਇੱਕਠ ਗੋਡਿਆਂ ਕੋਲ਼ੋਂ ਪੈਂਟਾ ਜਾਂ ਪਜਾਮੇ ਮੁੱਠੀਆਂ ਵਿੱਚ ਘੁੱਟ ਉਹਨਾਂ ਦੇ ਉੱਪਰ ਤੁਰ ਕੇ ਚੋਣਵੇਂ ਕਮਰੇ ਤੱਕ ਪਹੁੰਚਿਆ।

ਕਮਰਾ-ਬੰਦ ਮੀਟਿੰਗ ਵਿੱਚ ਸਵਾਗਤੀ ਗੇਟ ਲਈ ਵਿੱਤੀ ਖਰਚ ਵਿਚਾਰਿਆ ਗਿਆ ਤੇ ਪਾਸ ਕਰ ਦਿੱਤਾ ਗਿਆ ਪੂਰਾ ਚਾਰ ਲੱਖ। ਹਾਜ਼ਰੀਨ ਨੇ ਆਪੋ ਆਪਣੀ ਸਮਰੱਥਾ ਅਨੁਸਾਰ ਹਾਮੀ ਭਰੀ ਤੇ ਚਾਰ ਲੱਖ ਦਾ ਪ੍ਰਬੰਧ ਹੋ ਗਿਆ। ਗੂੰਜਵੀਆਂ ਤਾੜੀਆਂ ਨਾਲ ਸਮਾਪਤੀ ਹੋਈ ਤੇ ਸਾਰੇ ਵਾਪਿਸ ਘਰਾਂ ਨੂੰ ਤੁਰਨ ਲੱਗੇ ਪਰ ਪੰਦਰਾ ਵੀਹ ਮਿੰਟ ਹੋਰ ਰੁਕਣਾ ਪਿਆ।

ਕਿਉਂਕਿ ਪਾਣੀ ਵਿੱਚ ਰੱਖੀਆਂ ਪਹਿਲੀਆਂ ਇੱਟਾਂ ਡੁੱਬ ਚੁੱਕੀਆਂ ਸਨ ਤੇ ਵਿਦਿਆਰਥੀ ਹੋਰ ਇੱਟਾਂ ਲੈਣ ਗਏ ਹੋਏ ਸਨ ਤਾਂ ਕਿ ਉਹਨਾਂ ਉੱਪਰ ਇਕ ਇਕ ਇੱਟ ਹੋਰ ਟਿਕਾਈ ਜਾ ਸਕੇ ਤੇ ਦਾਨੀ ਸੱਜਣ ਆਰਾਮ ਨਾਲ ਨਿਕਲ ਸਕਣ। ਬਿਨਾਂ ਪੈਂਟਾਂ ਜਾਂ ਪਜਾਮਿਆਂ ਦੀਆਂ ਮੂਹਰੀਆਂ ਭਿੱਜੇ।

ਰੋਮੀ ਘੜਾਮੇਂ ਵਾਲਾ
98552-81105

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਜੀਬੋ-ਗਰੀਬ ਧਾਰਨਾਵਾਂ!
Next articleਮੰਜ਼ਿਲ ਮੇਰੀ