ਪਾਕਿ ਡਰੋਨ ਰਾਹੀਂ ਆਇਆ ਅਸਲਾ ਅਤੇ ਆਰਡੀਐਕਸ ਬਰਾਮਦ

ਰਮਦਾਸ (ਸਮਾਜ ਵੀਕਲੀ):  ਬੀਐੱਸਐੱਫ ਤੇ ਵਿਸ਼ੇਸ਼ ਟਾਸਕ ਫੋਰਸ (ਐੱਸਟੀਐੱਫ) ਨੇ ਅੱਜ ਭਾਰਤ-ਪਾਕਿ ਸਰਹੱਦ ਨੇੜਿਓਂ ਡਰੋਨ ਰਾਹੀਂ ਭੇਜੀ ਧਮਾਕਾਖੇਜ਼ ਸਮੱਗਰੀ ਤੇ ਅਸਲਾ ਬਰਾਮਦ ਕੀਤੇ ਹਨ। ਬੀਐੱਸਐੱਫ ਨੇ ਇਸ ਬਰਾਮਦਗੀ ਨਾਲ ਚੋਣਾਂ ਦੌਰਾਨ ਪੰਜਾਬ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਰੋਕਣ ਦਾ ਦਾਅਵਾ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਥਲ ਸੈਨਾ ਦੇ ਜਵਾਨਾਂ ਦੀ ਚੌਕਸੀ ਤੇ ਉਨ੍ਹਾਂ ਵੱਲੋਂ ਚਲਾਈ ਗੋਲੀ ਕਰਕੇ ਡਰੋਨ ਵਾਪਸ ਸਰਹੱਦ ਪਾਰ ਮੁੜ ਗਿਆ। ਬੀਐੈੱਸਐੱਫ ਜਵਾਨਾਂ ਨੇ ਮਗਰੋਂ ਇਲਾਕੇ ਦੀ ਤਲਾਸ਼ੀ ਦੌਰਾਨ ਆਰਡੀਐੱਕਸ, ਡੈਟੋਨੇਟਰ, ਪਿਸਤੌਲ ਤੇ ਟਿਫ਼ਿਨ ਬੰਬ ਆਦਿ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਹੈ।

ਜਾਣਕਾਰੀ ਅਨੁਸਾਰ ਬੀਤੀ ਅੱਧੀ ਰਾਤ ਦੇ ਕਰੀਬ ਰਮਦਾਸ ਨੇੜੇ ਪੰਜਗਰਾਈਂ ਪੋਸਟ ਨੇੜੇ ਪਾਕਿਸਤਾਨ ਵਲੋਂ ਦੋ ਡਰੋਨਾਂ ਰਾਹੀਂ ਵਿਸਫੋਟਕ ਸਮੱਗਰੀ ਅਤੇ ਇਕ ਪਿਸਤੌਲ ਭਾਰਤ ਵਾਲੇ ਪਾਸੇ ਸੁੱਟਿਆ ਗਿਆ। ਬੀਐੱਸਐੱਫ ਤੇ ਐੱਸਟੀਐੱਫ ਦੀਆਂ ਟੀਮਾਂ ਵਲੋਂ ਕੀਤੀ ਸਾਂਝੀ ਕਾਰਵਾਈ ਤਹਿਤ ਅੱਜ ਸਵੇਰੇ ਵਿਸਫੋਟਕ ਸਮੱਗਰੀ ਦੇ ਦੋ ਪੈਕੇਟ ਤੇ ਇੱਕ ਪਿਸਤੌਲ ਕਣਕ ਦੇ ਖੇਤਾਂ ਵਿੱਚੋਂ ਬਰਾਮਦ ਕੀਤੇ ਗਏ ਹਨ। ਸੁਰੱਖਿਆ ਦਸਤਿਆਂ ਨੇ ਮਗਰੋਂ ਦੋਵੇਂ ਬੰਬ ਨਕਾਰਾ ਕਰ ਦਿੱਤੇ। ਬੀਐੱਸਐਫ ਦੇ ਗੁਰਦਾਸਪੁਰ ਰੇਂਜ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਬੀਤੀ ਰਾਤ ਲਗਪਗ 1 ਵਜੇ ਸਰਹੱਦ ’ਤੇ ਪੰਜਗਰਾਈਆਂ ਪੋੋਸਟ ਨੇੜੇ ਗੱਗੜ ਪਿੰਡ ਕੋਲ ਡਰੋਨ ਦੀ ਆਵਾਜ਼ ਸੁਣੀ ਗਈ, ਜੋ ਪਾਕਿਸਤਾਨ ਵਾਲੇ ਪਾਸਿਉਂ ਭਾਰਤ ਵਿਚ ਦਾਖਲ ਹੋਇਆ ਸੀ। ਡਿਊਟੀ ’ਤੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਨੇ ਇਸ ਆਵਾਜ਼ ਦੀ ਦਿਸ਼ਾ ਵੱਲ ਗੋਲੀ ਵੀ ਚਲਾਈ ਤੇ ਰੋਸ਼ਨੀ ਕਰਨ ਵਾਲੇ ਗੋਲੇ ਦਾਗ਼ੇ।

ਉਨ੍ਹਾਂ ਦੱਸਿਆ ਕਿ ਅੱਜ ਸਵੇੇਰੇ 7 ਵਜੇ ਦੇ ਕਰੀਬ ਇਲਾਕੇ ਵਿਚ ਪਿੰਡ ਸਿੰਘੋਕੇ ਅਤੇ ਘੱਗਰ ਵਿਚ ਕੀਤੀ ਜਾਂਚ ਦੌਰਾਨ ਦੋ ਪੀਲੇ ਰੰਗ ਦੇ ਪੈਕੇਟ ਬਰਾਮਦ ਹੋਏ ਹਨ, ਜਿਨ੍ਹਾਂ ਵਿਚ ਲਗਪਗ ਚਾਰ ਕਿਲੋ 750 ਗਰਾਮ ਆਰਡੀਐਕਸ, 6 ਡੈਟੋਨੇਟਰ, ਲਗਪਗ ਢਾਈ ਕਿਲੋ ਵਜ਼ਨ ਦੀਆਂ ਸਾਈਕਲ ਦੀਆਂ ਸਟੀਲ ਦੀਆਂ ਗੋਲੀਆਂ, ਚੀਨ ਦੀ ਬਣੀ ਇਕ ਪਿਸਤੌਲ, ਦੋ ਮੈਗਜ਼ੀਨ, 22 ਗੋਲੀਆਂ, ਇਕ ਲੱਖ ਰੁਪਏ ਭਾਰਤੀ ਕਰੰਸੀ, ਚਾਰ ਸੈੱਲ, 12 ਕੋਰਡੈਕਸ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਲਗਪਗ ਸੌ ਮੀਟਰ ਲੰਮੀਆਂ ਤਾਰਾਂ ਵੀ ਸ਼ਾਮਲ ਹਨ। ਇਹ ਸਾਰਾ ਸਾਮਾਨ ਅੰਤਰਰਾਸ਼ਟਰੀ ਸਰਹੱਦ ਤੋਂ ਲਗਪਗ 2700 ਮੀਟਰ ਅੰਦਰ ਭਾਰਤ ਵਾਲੇ ਪਾਸਿਉਂ ਬਰਾਮਦ ਹੋਇਆ ਹੈ। ਬੀਐਸਐਫ ਨੇ ਜਾਂਚ ਦੌਰਾਨ ਖੋਜੀ ਕੁੱਤਾ ਦਸਤੇ ਦੀ ਵਰਤੋਂ ਵੀ ਕੀਤੀ। ਉਧਰ ਐੱਸਟੀਐੱਫ ਦੇ ਅਧਿਕਾਰੀ ਰਛਪਾਲ ਸਿੰਘ ਨੇ ਦੱਸਿਆ ਕਿ ਸਵੇਰੇ ਜਾਂਚ ਦੌਰਾਨ ਡੀਐੱਸਪੀ ਵਰਿੰਦਰ ਮਹਾਜਨ ਨੂੰ ਸਭ ਤੋਂ ਪਹਿਲਾਂ ਇੱਕ ਪੈਕੇਟ ਕਣਕ ਦੇ ਖੇਤਾਂ ਵਿਚੋਂ ਮਿਲਿਆ ਅਤੇ ਫਿਰ ਦੂਸਰਾ ਪੈਕੇਟ। ਉਨ੍ਹਾਂ ਕਿਹਾ ਕਿ ਮੌਕੇ ਤੋਂ 4.7 ਕਿਲੋ ਆਰਡੀਐਕਸ, ਇਕ ਪਿਸਤੌਲ, ਦੋ ਮੈਗਜ਼ੀਨ, 22 ਰੌਂਦ, 6 ਡੈਟੋਨੇਟਰ ਤੇ ਇੱਕ ਲੱਖ ਰੁਪਏ ਭਾਰਤੀ ਕਰੰਸੀ ਬਰਾਮਦ ਕੀਤੇ ਗਏ ਹਨ।

ਧਮਾਕਾਖੇਜ਼ ਸਮੱਗਰੀ ਅੰਮ੍ਰਿਤਸਰ ’ਚ ਵਰਤੇ ਜਾਣ ਦਾ ਖ਼ਦਸ਼ਾ ਜਤਾਇਆ

ਪੰਜਾਬ ਵਿੱਚ ਚੋਣਾਂ ਦਾ ਮਾਹੌਲ ਹੋਣ ਕਰਕੇ ਇਹ ਸਮੱਗਰੀ ਅੰਮ੍ਰਿਤਸਰ ਵਿੱਚ ਧਮਾਕੇ ਕਰਨ ਲਈ ਵਰਤੀ ਜਾਣ ਦਾ ਸ਼ੱਕ ਸੀ। ਪੁਲਿਸ ਵਲੋਂ ਇਲਾਕੇ ਵਿੱਚ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਇਹ ਵਿਸਫੋਟਕ ਸਮਗਰੀ ਤੇ ਹਥਿਆਰ ਕਿਥੇ ਸਪਲਾਈ ਕੀਤੇ ਜਾਣੇ ਸਨ ਇਸ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article2nd ODI: Suryakumar, Krishna star in India’s series leading win over West Indies
Next articleCarbon removal capacity of NE India forests may reduce over time