ਫਰਾਂਸ ਦੇ ਸਾਬਕਾ ਰਾਸ਼ਟਰਪਤੀ ਸਰਕੋਜ਼ੀ ਨੂੰ ਇਕ ਸਾਲ ਦੀ ਸਜ਼ਾ

Former French President Nicolas Sarkozy

ਪੈਰਿਸ, (ਸਮਾਜ ਵੀਕਲੀ):  ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ (66) ਨੂੰ 2012 ’ਚ ਚੋਣ ਲੜਨ ਦੌਰਾਨ ਪ੍ਰਚਾਰ ’ਤੇ ਤੈਅਸ਼ੁਦਾ ਰਕਮ ਤੋਂ ਜ਼ਿਆਦਾ ਪੈਸਾ ਖ਼ਰਚ ਕਰਨ ਦਾ ਦੋਸ਼ੀ ਪਾਇਆ ਗਿਆ ਹੈ ਅਤੇ ਉਸ ਨੂੰ ਇਕ ਸਾਲ ਲਈ ਘਰ ’ਚ ਨਜ਼ਰਬੰਦ ਰਹਿਣ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਉਸ ਨੂੰ ਇਕ ਇਲੈਕਟ੍ਰਾਨਿਕ ਨਿਗਰਾਨੀ ਬ੍ਰੈਸਲੈੱਟ ਪਹਿਨ ਕੇ ਘਰ ’ਚ ਸਜ਼ਾ ਕੱਟਣ ਦੀ ਮਨਜ਼ੂਰੀ ਦੇਵੇਗੀ। ਸਰਕੋਜ਼ੀ ’ਤੇ ਦੁਬਾਰਾ ਚੋਣ ਲੜਨ ਲਈ ਖ਼ਰਚ ਕੀਤੀ ਜਾਣ ਵਾਲੀ ਜਾਇਜ਼ ਰਕਮ 2.25 ਕਰੋੜ ਯੂਰੋ (2.75 ਕਰੋੜ ਡਾਲਰ) ਤੋਂ ਤਕਰੀਬਨ ਦੁਗਣਾ ਪੈਸਾ ਖ਼ਰਚ ਕਰਨ ਦਾ ਦੋਸ਼ ਹੈ।

ਉਂਜ ਉਹ ਸਮਾਜਵਾਦੀ ਆਗੂ ਫਰਾਂਸਵਾ ਓਲਾਂਦ ਤੋਂ ਚੋਣ ਹਾਰ ਗਏ ਸਨ। ਸਰਕੋਜ਼ੀ 2007 ਤੋਂ 2012 ਤੱਕ ਫਰਾਂਸ ਦੇ ਰਾਸ਼ਟਰਪਤੀ ਰਹੇ ਅਤੇ ਉਹ ਦੋਸ਼ਾਂ ਤੋਂ ਇਨਕਾਰ ਕਰਦੇ ਰਹੇ ਸਨ। ਉਨ੍ਹਾਂ ਕੋਲ ਸਜ਼ਾ ਖ਼ਿਲਾਫ਼ ਅਪੀਲ ਦਾਖ਼ਲ ਕਰਨ ਦੀ ਗੁੰਜਾਇਸ਼ ਹੈ ਜਿਸ ਕਾਰਨ ਸਜ਼ਾ ਮੁਲਤਵੀ ਹੋ ਸਕਦੀ ਹੈ। ਸਜ਼ਾ ਸੁਣਾਉਣ ਸਮੇਂ ਸਰਕੋਜ਼ੀ ਅਦਾਲਤ ’ਚ ਹਾਜ਼ਰ ਨਹੀਂ ਸਨ। ਅਦਾਲਤ ਨੇ ਕਿਹਾ ਕਿ ਸਰਕੋਜ਼ੀ ਨਿਯਮਾਂ ਨੂੰ ਜਾਣਦੇ ਸਨ ਪਰ ਫਿਰ ਵੀ ਉਨ੍ਹਾਂ ਪ੍ਰਚਾਰ ਦੌਰਾਨ ਦੁਗਣੀ ਰਕਮ ਖ਼ਰਚੀ। ਉਸ ਦੇ ਵਕੀਲਾਂ ਨੇ ਛੇ ਮਹੀਨੇ ਦੀ ਸਜ਼ਾ ਅਤੇ 3750 ਯੂਰੋ ਜੁਰਮਾਨੇ ਦੇ ਆਦੇਸ਼ ਸੁਣਾਉਣ ਦੀ ਮੰਗ ਕੀਤੀ ਸੀ। ਸਰਕੋਜ਼ੀ ਨੂੰ ਭ੍ਰਿਸ਼ਟਾਚਾਰ ਦੇ ਇਕ ਹੋਰ ਮਾਮਲੇ ’ਚ ਪਹਿਲੀ ਮਾਰਚ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਪਰ ਅਪੀਲ ਬਕਾਇਆ ਹੋਣ ਕਰਕੇ ਉਹ ਆਜ਼ਾਦ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਰਹਿਣਗੇ ਨਵਜੋਤ ਸਿੰਘ ਸਿੱਧੂ
Next articleਮੁੱਖ ਮੰਤਰੀ ਅਹੁਦੇ ਦੇ ਚਿਹਰੇ ਬਾਰੇ ਸਵਾਲ ਨੂੰ ਕੇਜਰੀਵਾਲ ਨੇ ਟਾਲਿਆ