ਪੰਜਾਬ ਵਰਗਾ ਇਨਕਲਾਬ ਸਾਰੇ ਦੇਸ਼ ’ਚ ਲਿਆਵਾਂਗੇ: ਕੇਜਰੀਵਾਲ

ਨਵੀਂ ਦਿੱਲੀ (ਸਮਾਜ ਵੀਕਲੀ):  ਪੰਜਾਬ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਇਹ ‘ਇਨਕਲਾਬ’ ਪਹਿਲਾਂ ਦਿੱਲੀ ’ਚ ਹੋਇਆ ਸੀ ਤੇ ਹੁਣ ਪੰਜਾਬ ’ਚ ਹੋਇਆ ਤੇ ਇਸ ਨੂੰ ਸਾਰੇ ਦੇਸ਼ ’ਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਵੱਡੀ ਹਮਾਇਤ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਕੇਜਰੀਵਾਲ ਕੋਈ ਅਤਿਵਾਦੀ ਨਹੀਂ ਹੈ। ਉਹ ਪਾਰਟੀ ਦੇ ਸਾਬਕਾ ਆਗੂ ਕੁਮਾਰ ਵਿਸ਼ਵਾਸ ਵੱਲੋਂ ਪਿੱਛੇ ਜਿਹੇ ਲਾਏ ਗਏ ਦੋਸ਼ਾਂ ਕਿ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਬਣਨ ਲਈ ਵੱਖਵਾਦੀਆਂ ਦੀ ਹਮਾਇਤ ਲੈਣ ਨੂੰ ਤਿਆਰ ਹਨ, ਦਾ ਜਵਾਬ ਦੇ ਰਹੇ ਸਨ। ਇੱਥੇ ਪਾਰਟੀ ਹੈੱਡਕੁਆਰਟਰ ’ਤੇ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਵਿਰੋਧੀ ਧਿਰਾਂ ਵੱਲੋਂ ਚੋਣਾਂ ਜਿੱਤਣ ਲਈ ਰਚੀਆਂ ਗਈਆਂ ਸਾਜ਼ਿਸ਼ਾਂ ਦੇ ਬਾਵਜੂਦ ਪੰਜਾਬ ਦੇ ਲੋਕਾਂ ਨੇ ‘ਆਪ’ ਨੂੰ ਵੱਡੀ ਗਿਣਤੀ ’ਚ ਵੋਟ ਪਾਈ ਹੈ।

ਉਨ੍ਹਾਂ ਕਿਹਾ, ‘ਉਹ ਸਾਰੇ ਇਕੱਠੇ ਹੋ ਗਏ ਤੇ ਕਹਿਣ ਲੱਗੇ ਕਿ ਕੇਜਰੀਵਾਲ ਇੱਕ ਅਤਿਵਾਦੀ ਹੈ। ਅੱਜ ਇਨ੍ਹਾਂ ਚੋਣਾਂ ਦੇ ਨਤੀਜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਕੇਜਰੀਵਾਲ ਕੋਈ ਅਤਿਵਾਦੀ ਨਹੀਂ ਹੈ ਬਲਕਿ ਭਾਰਤ ਦਾ ਸੱਚਾ ਪੁੱਤਰ ਹੈ ਤੇ ਦੇਸ਼ ਭਗਤ ਹੈ। ਲੋਕਾਂ ਨੇ ਵਿਰੋਧੀਆਂ ਨੂੰ ਆਪਣਾ ਫ਼ੈਸਲਾ ਸੁਣਾ ਦਿੱਤਾ ਕਿ ਕੇਜਰੀਵਾਲ ਅਤਿਵਾਦੀ ਨਹੀਂ ਬਲਕਿ ਤੁਸੀਂ ਸਾਰੇ ਅਤਿਵਾਦੀ ਹੋ ਜੋ ਦੇਸ਼ ਨੂੰ ਬਰਬਾਦ ਕਰ ਰਹੇ ਹੋ।’ ਉਨ੍ਹਾਂ ਪੰਜਾਬ ’ਚ ‘ਆਪ’ ਦੀ ਵੱਡੀ ਜਿੱਤ ਲਈ ਸੂਬੇ ਦੇ ਲੋਕਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਉਨ੍ਹਾਂ ਵੱਡੇ ਵੱਡੇ ਸਿਆਸੀ ਭਲਵਾਨਾਂ ਨੂੰ ਧੂੜ ਚਟਾ ਦਿੱਤੀ ਹੈ। ਉਨ੍ਹਾਂ ਕਿਹਾ, ‘ਪੰਜਾਬ ਚੋਣਾਂ ਦੇ ਇਹ ਨਤੀਜੇ ਅੱਜ ਵੱਡਾ ‘ਇਨਕਲਾਬ’ ਬਣ ਕੇ ਆਏ ਹਨ ਤੇ ਇਸ ਨੇ ਪੰਜਾਬ ’ਚ ਕਈ ਵੱਡੀਆਂ ਕੁਰਸੀਆਂ ਹਿਲਾ ਦਿੱਤੀਆਂ ਹਨ। ਪਹਿਲਾ ਇਨਕਲਾਬ ਦਿੱਲੀ ’ਚ ਹੋਇਆ, ਫਿਰ ਪੰਜਾਬ ’ਚ ਅਤੇ ਇਹ ਹੁਣ ਸਾਰੇ ਮੁਲਕ ’ਚ ਲਿਆਂਦਾ ਜਾਵੇਗਾ।’ ਉਨ੍ਹਾਂ ਦੇਸ਼ ਦੇ ਲੋਕਾਂ ਨੂੰ ‘ਆਪ’ ਨਾਲ ਜੁੜਨ ਦਾ ਸੱਦਾ ਦਿੱਤਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਮ ਆਦਮੀ ਨੇ ਜਿੱਤਿਆ ਪੰਜਾਬ
Next articleKarzai claims ‘troubles’ with travelling abroad