ਆਮ ਆਦਮੀ ਨੇ ਜਿੱਤਿਆ ਪੰਜਾਬ

ਚੰਡੀਗੜ੍ਹ (ਸਮਾਜ ਵੀਕਲੀ):  ਪੰਜਾਬ ਦੇ ਲੋਕਾਂ ਨੇ ਵਿਧਾਨ ਸਭਾ ’ਚ ਇੱਕੋ ਪਾਰਟੀ ਨੂੰ ਬਹੁਮੱਤ ਦੇਣ ਦੀ ਰਵਾਇਤ ਕਾਇਮ ਰੱਖਦਿਆਂ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ 92 ਸੀਟਾਂ ਪਾ ਦਿੱਤੀਆਂ ਹਨ। ਸੂਬੇ ਦੇ ਰਾਜਨੀਤਕ ਇਤਿਹਾਸ ਵਿੱਚ ਪਹਿਲੀ ਵਾਰੀ ਕਿਸੇ ਇੱਕ ਧਿਰ ਵੱਲੋਂ ਰਵਾਇਤੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ਠਿੱਬੀ ਲਾ ਕੇ ਹੂੰਝਾ ਫੇਰੂ ਜਿੱਤ ਦਰਜ ਕੀਤੀ ਗਈ ਹੈ। ਪੰਜਾਬੀ ਸੂਬੇ ਦੇ ਹੋਂਦ ’ਚ ਆਉਣ ਮਗਰੋਂ ਪਹਿਲੀ ਵਾਰੀ ਕਿਸੇ ਧਿਰ ਨੂੰ ਰਿਕਾਰਡ ਬਹੁਮੱਤ ਮਿਲਿਆ ਹੈ। ‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਵੀਂ ਸਰਕਾਰ ਦੇ ਗਠਨ ਦਾ ਰਾਹ ਸਾਫ਼ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਤੋਂ ਬਿਨਾਂ ਸੂਬੇ ਵਿੱਚ ਪਹਿਲੀ ਵਾਰੀ ਕਿਸੇ ਤੀਜੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਈ ਹੈ। ਵੋਟਾਂ ਪੈਣ ਤੋਂ ਐਨ ਪਹਿਲਾਂ ਕੁਝ ਸਿਆਸੀ ਧਿਰਾਂ ਨੇ ਸੂਬੇ ਵਿੱਚ ਪ੍ਰਭਾਵਸ਼ਾਲੀ ਪ੍ਰਮੁੱਖ ਡੇਰਿਆਂ ਦੀ ਵੋਟ ਹਾਸਲ ਕਰਕੇ ਚੋਣ ਰਣਨੀਤੀ ਖੇਡੀ ਸੀ ਪਰ ਨਤੀਜਿਆਂ ਤੋਂ ਸਾਫ ਝਲਕਦਾ ਹੈ ਕਿ ਡੇਰਾਵਾਦ ਬੇਅਸਰ ਹੋ ਗਿਆ।

ਪੰਜਾਬ ਚੋਣਾਂ ਦੌਰਾਨ ਮੈਦਾਨ ’ਚ ਨਿੱਤਰੇ ਦੋ ਗੱਠਜੋੜ ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਗੱਠਜੋੜ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ। ‘ਆਪ’ ਦੇ ਪੱਖ ਵਿੱਚ ਝੁੱਲੀ ਇਸ ਹਨੇਰੀ ਦੌਰਾਨ ਜਿਹੜੇ ਵੱਡੇ ਸਿਆਸੀ ਥੰਮ੍ਹ ਡਿੱਗੇ ਹਨ ਉਨ੍ਹਾਂ ਵਿੱਚ ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ, ਬਿਕਰਮ ਸਿੰਘ ਮਜੀਠੀਆ ਆਦਿ ਸ਼ਾਮਲ ਹਨ। ਲੰਮੇ ਸਮੇਂ ਬਾਅਦ ਬਹੁਜਨ ਸਮਾਜ ਪਾਰਟੀ ਖਾਤਾ ਖੋਲ੍ਹਣ ’ਚ ਕਾਮਯਾਬ ਰਹੀ। ਪਾਰਟੀ ਉਮੀਦਵਾਰ ਨਛੱਤਰ ਪਾਲ ਨਵਾਂਸ਼ਹਿਰ ਤੋਂ ਸੀਟ ਕੱਢਣ ਵਿੱਚ ਸਫ਼ਲ ਰਿਹਾ। ਕਿਸਾਨ ਜਥੇਬੰਦੀਆਂ ’ਤੇ ਅਧਾਰਿਤ ਸੰਯੁਕਤ ਸਮਾਜ ਮੋਰਚਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਖਾਤਾ ਨਾ ਖੁੱਲ੍ਹਣ ਕਾਰਨ ਦੋਹਾਂ ਪਾਰਟੀਆਂ ਦੇ ਪੱਲੇ ਨਿਰਾਸ਼ਾ ਪਈ ਹੈ। ਅਕਾਲੀ ਦਲ ਦੇ ਹਿੱਸੇ ਮਹਿਜ਼ 3 ਸੀਟਾਂ ਆਈਆਂ ਤੇ ਭਾਜਪਾ ਨੂੰ ਦੋ ਸੀਟਾਂ ਨਾਲ ਹੀ ਸਬਰ ਕਰਨਾ ਪੈ ਰਿਹਾ ਹੈ।

ਪੰਜਾਬ ਦੀ ਸਭ ਤੋਂ ਪੁਰਾਣੀ ਪਾਰਟੀ ਅਕਾਲੀ ਦਲ ਦੀ ਵਿਧਾਨ ਸਭਾ ’ਚ ਦੂਜੀ ਵੱਡੀ ਹਾਰ ਹੈ। ਇਸ ਤੋਂ ਪਹਿਲਾਂ 2017 ਵਿੱਚ ਵੀ ਪਾਰਟੀ ਨੂੰ ਬੁਰੀ ਹਾਰ ਦਾ ਮੂੰਹ ਦੇਖਣਾ ਪਿਆ ਸੀ। ਐਤਕੀਂ ਇੱਕੋ ਆਜ਼ਾਦ ਉਮੀਦਵਾਰ ਰਾਣਾ ਇੰਦਰਪ੍ਰਤਾਪ ਸਿੰਘ ਨੇ ਸੁਲਤਾਨਪੁਰ ਲੋਧੀ ਤੋਂ ਜਿੱਤ ਹਾਸਲ ਕੀਤੀ। ਲੁਧਿਆਣਾ ਸ਼ਹਿਰ ਵਿੱਚ ਬੈਂਸ ਭਰਾਵਾਂ ਨੂੰ ਸਿਕਸ਼ਤ ਦੇ ਕੇ ਲੋਕਾਂ ਨੇ ਇੱਕ ਵੱਖਰਾ ਰੂਪ ਦਿਖਾਇਆ ਹੈ। ਜੇਤੂ ਪਾਰਟੀ ਦਾ ਇਤਿਹਾਸ ਦੇਖਿਆ ਜਾਵੇ ਤਾਂ ‘ਆਪ’ ਨੂੰ 2014 ਦੀਆਂ ਸੰਸਦੀ ਚੋਣਾਂ ’ਚ ਪੰਜਾਬੀਆਂ ਵੱਲੋਂ ਮਿਲੇ ਜ਼ਬਰਦਸਤ ਹੁੰਗਾਰੇ ਮਗਰੋਂ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਮਹਿਜ਼ 20 ਸੀਟਾਂ ਨਾਲ ਗੁਜ਼ਾਰਾ ਕਰਨਾ ਪਿਆ ਸੀ। ਉਸ ਤੋਂ ਬਾਅਦ ਸਾਲ 2019 ਦੀਆਂ ਲੋਕ ਸਭਾ ਚੋਣਾਂ ’ਚ ਵੀ ਭਗਵੰਤ ਮਾਨ ਹੀ ਜਿੱਤ ਸਕਿਆ ਸੀ। ਵਿਧਾਨ ਸਭਾ ਚੋਣਾਂ ਦੇ ਤਾਜ਼ਾ ਨਤੀਜੇ ਸਾਬਤ ਕਰਦੇ ਹਨ ਕਿ ਲੋਕਾਂ ਨੇ ਰਵਾਇਤੀ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੂੰ ਬੁਰੀ ਤਰ੍ਹਾਂ ਰੱਦ ਕਰਕੇ ਸਪੱਸ਼ਟ ਫਤਵਾ ਦਿੱਤਾ ਹੈ।

ਸੂਬੇ ਵਿੱਚ ਰਵਾਇਤੀ ਸਿਆਸੀ ਧਿਰਾਂ ਵੱਲੋਂ ਚੋਣਾਂ ਜਿੱਤਣ ਲਈ ਧਰਮ ਅਤੇ ਜਾਤ ਦੇ ਆਧਾਰ ’ਤੇ ਲੋਕਾਂ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਵੀ ‘ਆਪ’ ਦੇ ਪੱਖ ’ਚ ਚੱਲੀ ਹਵਾ ਨੂੰ ਕਿਸੇ ਵੀ ਤਰ੍ਹਾਂ ਠੱਲ ਨਹੀਂ ਸਕੀਆਂ। ਪੰਜਾਬ ਦੇ ਲੋਕਾਂ ਨੇ ‘ਆਪ’ ਦੇ ਜਿਨ੍ਹਾਂ ਵੱਡੇ ਆਗੂਆਂ ਨੂੰ ਜਿੱਤ ਬਖਸ਼ੀ ਹੈ ਉਨ੍ਹਾਂ ਵਿੱਚ ਧੂਰੀ ਤੋਂ ਭਗਵੰਤ ਮਾਨ, ਦਿੜ੍ਹਬਾ ਤੋਂ ਹਰਪਾਲ ਸਿੰਘ ਚੀਮਾ, ਕੋਟਕਪੂਰਾ ਤੋਂ ਕੁਲਤਾਰ ਸਿੰਘ ਸੰਧਵਾਂ, ਬੁਢਲਾਡਾ ਤੋਂ ਪ੍ਰਿੰਸੀਪਲ ਬੁੱਧ ਰਾਮ, ਸੁਨਾਮ ਤੋਂ ਅਮਨ ਅਰੋੜਾ, ਬਰਨਾਲਾ ਤੋਂ ਗੁਰਮੀਤ ਸਿੰਘ ਮੀਤ ਹੇਅਰ, ਜਗਰਾਓਂ ਤੋਂ ਸਰਬਜੀਤ ਕੌਰ ਮਾਣੂੰਕੇ, ਪਟਿਆਲਾ ਦਿਹਾਤੀ ਤੋਂ ਡਾ. ਬਲਬੀਰ ਸਿੰਘ, ਅੰਮ੍ਰਿਤਸਰ (ਉੱਤਰੀ) ਤੋਂ ਡਾ. ਨਿੱਝਰ, ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ, ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ, ਆਨੰਦਪੁਰ ਸਾਹਿਬ ਤੋਂ ਹਰਜੋਤ ਸਿੰਘ ਬੈਂਸ, ਸਾਬਕਾ ਆਈਪੀਐੱਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਆਦਿ ਸ਼ਾਮਲ ਹਨ। ਆਮ ਆਦਮੀ ਪਾਰਟੀ ਦੇ ਜੇਤੂ ਰਹਿਣ ਵਾਲੇ ਜ਼ਿਆਦਾਤਰ ਚਿਹਰੇ ਨਵੇਂ ਹਨ ਜਦੋਂ ਕਿ 10 ਦੇ ਕਰੀਬ ਆਗੂ ਦੂਜੀ ਵਾਰ ਵਿਧਾਨ ਸਭਾ ਲਈ ਚੁਣੇ ਗਏ ਹਨ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਕਾਂਗਰਸ ਦੇ ਜ਼ਿਆਦਾਤਰ ਮੰਤਰੀਆਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਪਰਗਟ ਸਿੰਘ, ਰਾਣਾ ਗੁਰਜੀਤ ਸਿੰਘ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਅਰੁਣਾ ਚੌਧਰੀ, ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ, ਸੁਖਪਾਲ ਸਿੰਘ ਖਹਿਰਾ ਸਮੇਤ 17 ਉਮੀਦਵਾਰਾਂ ਨੇ ਜਿੱਤ ਹਾਸਲ ਕਰਕੇ ਕਾਂਗਰਸ ਦੀ ਲਾਜ ਰੱਖੀ ਹੈ। ਨਵਜੋਤ ਸਿੰਘ ਸਿੱਧੂ, ਰਾਜਿੰਦਰ ਕੌਰ ਭੱਠਲ, ਮਨਪ੍ਰੀਤ ਸਿੰਘ ਬਾਦਲ, ਭਾਰਤ ਭੂਸ਼ਨ ਆਸ਼ੂ, ਸਪੀਕਰ ਰਾਣਾ ਕੇ.ਪੀ. ਸਿੰਘ, ਸੰਗਤ ਸਿੰਘ ਗਿਲਜ਼ੀਆਂ, ਰਣਦੀਪ ਸਿੰਘ ਕਾਕਾ, ਵਿਜੈ ਇੰਦਰ ਸਿੰਗਲਾ, ਗੁਰਪ੍ਰੀਤ ਸਿੰਘ ਕਾਂਗੜ, ਸੁੰਦਰ ਸ਼ਾਮ ਅਰੋੜਾ, ਬਲਬੀਰ ਸਿੰਘ ਸਿੱਧੂ ਨੂੰ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ। ਸਾਧੂ ਸਿੰਘ ਧਰਮਸੋਤ ਦੀ ਤਾਂ ਜ਼ਮਾਨਤ ਹੀ ਜ਼ਬਤ ਹੋ ਗਈ।

ਅਕਾਲੀ ਦਲ ਤੇ ਭਾਜਪਾ ਦੇ ਜਿਨ੍ਹਾਂ ਵੱਡੇ ਆਗੂਆਂ ਨੂੰ ਹਾਰ ਨਸੀਬ ਹੋਈ, ਉਨ੍ਹਾਂ ਵਿੱਚ ਬਿਕਰਮ ਸਿੰਘ ਮਜੀਠੀਆ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਬੀਬੀ ਜਗੀਰ ਕੌਰ, ਗੋਬਿੰਦ ਸਿੰਘ ਲੌਂਗੋਵਾਲ, ਸਿਕੰਦਰ ਸਿੰਘ ਮਲੂਕਾ, ਜਥੇਦਾਰ ਤੋਤਾ ਸਿੰਘ, ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਸ਼ਰਨਜੀਤ ਸਿੰਘ ਢਿੱਲੋਂ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਜਨਮੇਜਾ ਸਿੰਘ ਸੇਖੋਂ, ਜਗਮੀਤ ਸਿੰਘ ਬਰਾੜ, ਮਨੋਰੰਜਨ ਕਾਲੀਆ, ਤੀਕਸ਼ਣ ਸੂਦ, ਰਾਣਾ ਗੁਰਮੀਤ ਸਿੰਘ ਸੋਢੀ, ਫਤਿਹਜੰਗ ਸਿੰਘ ਬਾਜਵਾ, ਪਰਮਿੰਦਰ ਸਿੰਘ ਢੀਂਡਸਾ ਆਦਿ ਸ਼ਾਮਲ ਹਨ।

ਲੰਘੀ ਰਾਤ ਤੱਕ ਸਰਕਾਰ ਦੇ ਗਠਨ ਦੇ ਸੁਪਨੇ ਲੈਣ ਵਾਲੀ ਕਾਂਗਰਸ ਦੇ ਹਿੱਸੇ ਕੁੱਲ 18 ਸੀਟਾਂ ਆਈਆਂ ਸਨ। ਪੰਜਾਬ ਵਿੱਚ 20 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਅੱਜ ਸਵੇਰੇ ਅੱਠ ਵਜੇ ਸ਼ੁਰੂ ਹੋਈ ਤਾਂ ਮੁੱਢਲੇ ਰੁਝਾਨਾਂ ਦੌਰਾਨ ਹੀ ‘ਆਪ’ ਨੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਪਛਾੜਨਾ ਸ਼ੁਰੂ ਕਰ ਦਿੱਤਾ ਸੀ। ਗਿਣਤੀ ਕੇਂਦਰਾਂ ’ਤੇ ਜਿਵੇਂ ਜਿਵੇਂ ਵੋਟਾਂ ਦੀ ਗਿਣਤੀ ਦੇ ਗੇੜ ਵਧਦੇ ਗਏ, ‘ਆਪ’ ਵਿਧਾਇਕਾਂ ਦੀ ਜੇਤੂ ਗਿਣਤੀ ਵੀ ਵਧ ਲੱਗ ਗਈ। ਦੁਪਹਿਰ ਤੱਕ ਤਸਵੀਰ ਪੂਰੀ ਤਰ੍ਹਾਂ ਸਾਫ਼ ਹੋ ਗਈ ਸੀ ਕਿ ਪੰਜਾਬੀਆਂ ਨੇ ਅਗਲੇ ਪੰਜ ਸਾਲਾਂ ਲਈ ਹਕੂਮਤ ਦੀ ਵਾਗਡੋਰ ਭਗਵੰਤ ਮਾਨ ਦੇ ਹੱਥ ਫੜਾ ਦਿੱਤੀ ਹੈ।

ਉਧਰ ਕਾਂਗਰਸ ਪਾਰਟੀ ਨੂੰ ਦਲਿਤ ਪੱਤਾ ਖੇਡਣਾ ਰਾਸ ਨਾ ਆਇਆ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੋਹਾਂ ਹਲਕਿਆਂ ਭਦੌੜ ਅਤੇ ਚਮਕੌਰ ਸਾਹਿਬ ਤੋਂ ਹਾਰ ਗਏ। ਇਨ੍ਹਾਂ ਚੋਣਾਂ ਦੀ ਸਭ ਤੋਂ ਵੱਡੀ ਵਿਲੱਖਣਤਾ ਇਹ ਰਹੀ ਕਿ ਛੇ ਦਹਾਕਿਆਂ ਤੋਂ ਸਰਗਰਮ ਤੇ ਪੰਜ ਵਾਰੀ ਮੁੱਖ ਮੰਤਰੀ ਰਹੇ ਸੂਬੇ ਦੇ ਬਜ਼ੁਰਗ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ ਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਟਿਆਲਾ ਸ਼ਹਿਰ ਦੇ ਲੋਕਾਂ ਨੇ ਮਾਣ ਨਹੀਂ ਬਖਸ਼ਿਆ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੱਥੋਂ ਵੱਡੀ ਹਾਰ ਮਿਲੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਲੁਧਿਆਣਾ ਤੋਂ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਵੀ ਹਾਰ ਗਏ।

ਮਾਝੇ ਦੇ ਕਾਂਗਰਸੀ ਆਗੂ ਓਮ ਪ੍ਰਕਾਸ਼ ਸੋਨੀ ਤੇ ਸੁਖਬਿੰਦਰ ਸਿੰਘ ਸਰਕਾਰੀਆ, ਜੋ ਲਗਾਤਾਰ ਜਿੱਤ ਹਾਸਲ ਕਰਦੇ ਆ ਰਹੇ ਸਨ, ਐਤਕੀਂ ਆਪਣੀ ਸੀਟ ਨਹੀਂ ਬਚਾ ਸਕੇ। ਰੋਚਕ ਤੱਥ ਇਹ ਵੀ ਹੈ ਕਿ ਬਾਦਲਾਂ, ਕੈਪਟਨ, ਸਿੱਧੂ ਅਤੇ ਮਜੀਠੀਆ ਨੂੰ ਪਹਿਲੀ ਵਾਰੀ ‘ਆਪ’ ਦੀ ਟਿਕਟ ’ਤੇ ਚੋਣ ਲੜ ਰਹੇ ਉਮੀਦਵਾਰਾਂ ਨੇ ਹਰਾ ਕੇ ਇਤਿਹਾਸ ਸਿਰਜਿਆ ਹੈ। ਪੰਜਾਬ ਵਿਧਾਨ ਸਭਾ ਵਿੱਚ ਪਹੁੰਚੇ ਜ਼ਿਆਦਾਤਰ ਚਿਹਰੇ ਨਵੇਂ ਹਨ। ਅਕਾਲੀ ਦਲ ਦੀ ਗਨੀਵ ਮਜੀਠੀਆ ਇੱਕ ਅਜਿਹੀ ਵਿਧਾਇਕ ਹੈ, ਜੋ ਮਜੀਠਾ ਪਰਿਵਾਰ ਵਿੱਚੋਂ ਪਹਿਲੀ ਮਹਿਲਾ ਹੈ, ਜੋ ਰਾਜਨੀਤੀ ਵਿੱਚ ਆਈ ਹੈ। ਪਰਿਵਾਰਵਾਦ ’ਚੋਂ ਉਠੇ ਵਿਧਾਇਕਾਂ ਦੀ ਗਿਣਤੀ ਵਿੱਚ ਇਸ ਵਾਰੀ ਗਿਰਾਵਟ ਆਈ ਹੈ। ਕਾਂਗਰਸ ਦੇ ਰਾਣਾ ਗੁਰਜੀਤ ਸਿੰਘ ਅਤੇ ਆਜ਼ਾਦ ਜਿੱਤੇ ਉਨ੍ਹਾਂ ਦੇ ਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ ਜ਼ਰੂਰ ਇੱਕੋ ਪਰਿਵਾਰ ਵਿੱਚੋਂ ਦੋ ਵਿਧਾਇਕ ਮੰਨੇ ਜਾ ਸਕਦੇ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਸਲਾਮਾਬਾਦ: ਪਾਕਿ ਨੇ ਆਪਣੇ ਹਵਾਈ ਖੇਤਰ ਦੀ ਉਲੰਘਣਾ ਕਰਨ ’ਤੇ ਭਾਰਤੀ ਸਫ਼ਾਰਤੀ ਅਧਿਕਾਰੀ ਤਲਬ ਕੀਤਾ
Next articleਪੰਜਾਬ ਵਰਗਾ ਇਨਕਲਾਬ ਸਾਰੇ ਦੇਸ਼ ’ਚ ਲਿਆਵਾਂਗੇ: ਕੇਜਰੀਵਾਲ