ਸਿੱਖਿਆ ਤੇ ਸਿਹਤ ਵਿੱਚ ਦਿੱਲੀ ਮਾਡਲ ਅਪਣਾਵਾਂਗੇ: ਭਗਵੰਤ ਮਾਨ

ਨਵੀਂ ਦਿੱਲੀ (ਸਮਾਜ ਵੀਕਲੀ) : ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਕਿਹਾ ਹੈ ਕਿ ਪੰਜਾਬ ਸਰਕਾਰ ਸੂਬੇ ਵਿੱਚ ਸਿੱਖਿਆ ਅਤੇ ਸਿਹਤ ’ਚ ‘ਦਿੱਲੀ ਮਾਡਲ’ ਅਪਣਾਉਣ ਲਈ ਤਿਆਰ ਹੈ ਜਿੱਥੇ ਕਮਜ਼ੋਰ ਆਰਥਿਕ ਪਿਛੋਕੜ ਵਾਲੇ ਸਾਰੇ ਵਿਦਿਆਰਥੀਆਂ ਨੂੰ ਵੀ ਮਿਆਰੀ ਸਿੱਖਿਆ ਹਾਸਲ ਕਰਨ ਦਾ ਬਰਾਬਰ ਦਾ ਅਧਿਕਾਰ ਹੋਵੇਗਾ।  ਭਗਵੰਤ ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਇਥੋਂ ਦੇ ਵਿਦਿਅਕ ਅਦਾਰਿਆਂ ਅਤੇ ਸਿਹਤ ਸੰਸਥਾਵਾਂ ਦਾ ਦੌਰਾ ਕਰਕੇ ‘ਦਿੱਲੀ ਮਾਡਲ’ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨਾਲ ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ, ਸਿਹਤ ਮੰਤਰੀ ਡਾਕਟਰ ਵਿਜੈ ਸਿੰਗਲਾ ਅਤੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਇਸ ਮੌਕੇ ਪੰਜਾਬ ਤੋਂ ਰਾਜ ਸਭਾ ਲਈ ਚੁਣੇ ਗਏ ਆਗੂ ਰਾਘਵ ਚੱਢਾ ਵੀ ਮੌਜੂਦ ਸਨ।

ਭਗਵੰਤ ਮਾਨ ਨੇ ਕਾਲਕਾਜੀ ਵਿਖੇ ਡਾ. ਅੰਬੇਡਕਰ ਇੰਸਟੀਚਿਊਟ ਆਫ਼ ਐਕਸੀਲੈਂਸ ਦਾ ਦੌਰਾ ਕੀਤਾ। ਉਨ੍ਹਾਂ ਚਿਰਾਗ ਐਨਕਲੇਵ ਸਥਿਤ ਦਿੱਲੀ ਦੇ ਸਰਕਾਰੀ ਸਕੂਲ ਦਾ ਦੌਰਾ ਵੀ ਕੀਤਾ। ਦਿੱਲੀ ਦੇ ਸਿੱਖਿਆ ਮਾਡਲ ਦੀ ਸ਼ਲਾਘਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਹ ਅਗਲੇ ਪੱਧਰ ਦੀ ਸਿੱਖਿਆ ਹੈ ਜਿਸ ਬਾਰੇ ਵੱਡੇ ਸਕੂਲ ਸੋਚ ਵੀ ਨਹੀਂ ਸਕਦੇ, ਉਹ ਸਰਕਾਰੀ ਸਕੂਲਾਂ ਨੇ ਲਾਗੂ ਕਰ ਦਿੱਤੀ ਹੈ। ਉਨ੍ਹਾਂ ਕਿਹਾ,‘‘ਦਿੱਲੀ ਦੇ ਸਕੂਲਾਂ ’ਚ ਡਿਜੀਟਲ ਸਿੱਖਿਆ ਹੋ ਰਹੀ ਹੈ। ਵੱਡੀਆਂ ਕੰਪਨੀਆਂ ਨਾਲ ਸਹਿਯੋਗ ਕੀਤਾ ਗਿਆ ਹੈ। ਮੈਂ ਅਮਰੀਕਾ ਅਤੇ ਕੈਨੇਡਾ ਵਿੱਚ ਅਜਿਹੇ ਸਕੂਲ ਦੇਖੇ ਹਨ ਪਰ ਭਾਰਤ ਵਿੱਚ ਇਥੇ ਪਹਿਲੀ ਵਾਰ ਦੇਖ ਰਿਹਾ ਹਾਂ।’’

ਪੰਜਾਬ ਦੇ ਮੁੱਖ ਮੰਤਰੀ ਨੇ ਸਕੂਲਾਂ ਦੇ ਵਿਦਿਆਰਥੀਆਂ ਨਾਲ ਗੱਲਾਂ ਵੀ ਕੀਤੀਆਂ ਅਤੇ ਉਹ ਵਿਦਿਆਰਥੀਆਂ ਦੇ ਉਤਸ਼ਾਹ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ। ਉਨ੍ਹਾਂ ਕਿਹਾ ਕਿ ਇਕ ਕਲਾਸਰੂਮ ਵਿਚ ਕਾਗਜ਼ ਰਹਿਤ ਪੜ੍ਹਾਈ ਹੁੰਦੀ ਦੇਖ ਕੇ ਉਹ ਪ੍ਰਭਾਵਿਤ ਹੋਏ ਹਨ ਜਿੱਥੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਲੈਪਟਾਪ ਰਾਹੀਂ ਪੜ੍ਹਾਇਆ ਜਾ ਰਿਹਾ ਸੀ। ਇਸੇ ਤਰ੍ਹਾਂ ਇਕ ਹੋਰ ਕਲਾਸ ਵਿਚ ਸਾਰੇ ਵਿਦਿਆਰਥੀ ਆਪੋ-ਆਪਣੀ ਪੜ੍ਹਾਈ ਵਿਚ ਪੂਰੀ ਤਰ੍ਹਾਂ ਇਕਾਗਰਚਿੱਤ ਬੈਠੇ ਸਨ ਜਿੱਥੇ ਉਨ੍ਹਾਂ ਨੂੰ ਬਾਹਰੋਂ ਕੁਝ ਮਾਹਿਰ ਆਨਲਾਈਨ ਪੜ੍ਹਾ ਰਹੇ ਸਨ। ਭਗਵੰਤ ਮਾਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਤਾਲੀਮ ਦੇਣ ਵਾਲੇ ਆਧੁਨਿਕ ਤਕਨੀਕਾਂ ਨਾਲ ਲੈਸ ਇਹ ਯੰਤਰ ਪੰਜਾਬ ਦੇ ਸਕੂਲਾਂ ਵਿਚ ਵੀ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਵਿਦਿਆਰਥੀਆਂ ਨੂੰ ਡਿਜੀਟਲ ਢੰਗ ਰਾਹੀਂ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾ ਸਕੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੁਸਤਕ ਸਭਿਆਚਾਰ
Next articleਗੁਜਰਾਤ: ਕਾਂਡਲਾ ਬੰਦਰਗਾਹ ਨੇੜੇ 1439 ਕਰੋੜ ਦੀ ਹੈਰੋਇਨ ਬਰਾਮਦ