ਸਾਨੂੰ ਤੇਰੇ (ਹਾਕਮਾ) ਸ਼ਹਿਰ ਦਿਆਂ ਗੇੜਿਆਂ ਨੇ ਖਾ ਲਿਆ

(ਅਜੋਕੇ ਅਧਿਆਪਕ ਸੰਘਰਸ਼ ਚੋਂ)

(ਸਮਾਜ ਵੀਕਲੀ) ਅੱਜ ਤੋਂ ਲੱਗਭਗ ਦੋ-ਢਾਈ ਦਹਾਕੇ ਪਹਿਲਾਂ ਦੇਬੀ ਮਖਸੂਸਪੁਰੀ ਦਾ ਲਿਖਿਆ ਹੋਇਆ ਤੇ ਪੰਜਾਬ ਦੇ ਰਾਜ ਗਾਇਕ ਦੁਆਰਾ ਗਾਇਆ ਗੀਤ
“ਸਾਨੂੰ ਤੇਰੇ ਸ਼ਹਿਰ ਦਿਆਂ ਗੇੜਿਆਂ ਨੇ ਖਾ ਲਿਆ ”
ਕਾਫੀ ਪ੍ਰਚੱਲਿਤ ਹੋਇਆ ਸੀ। ਉਸ ਗੀਤ ਵਿੱਚ ਬੇਸ਼ੱਕ ਆਪਣੀ ਪ੍ਰੇਮਿਕਾ ਦੇ ਲਾਰਿਆਂ ਤੋਂ ਅੱਕਿਆ ਹੋਇਆ ਇੱਕ ਅਵਾਰਾ ਪ੍ਰੇਮੀ ਆਪਣੇ ਮਨ ਦੇ ਭਾਵ ਵਿਅਕਤ ਕਰਦਾ ਹੈ ਪਰ ਅੱਜ ਸਮੇਂ ਦੇ ਹਾਕਮਾਂ ਦੁਆਰਾ ਬੇਰੁਜ਼ਗਾਰ,ਕੱਚੇ ਤੇ ਵੱਖ ਵੱਖ ਸੁਸਾਇਟੀਆਂ ਅਧੀਨ ਕੰਮ ਕਰ ਰਹੇ ਅਧਿਆਪਕਾਂ ਨਾਲ ਵੀ ਉਹੋ ਜਿਹਾ ਪਿਆਰ /ਸਲੂਕ ਦਿਖਾਇਆ ਜਾ ਰਿਹਾ ਹੈ। ਪਿਛਲੇ ਲੰਮੇ ਸਮਿਆਂ ਤੋਂ ਵੱਖ ਵੱਖ ਅਧਿਆਪਕ ਜੱਥੇਬੰਦੀਆਂ ,ਜਿਹਨਾਂ ਵਿੱਚ ਟੈੱਟ ਪਾਸ ਬੇਰੁਜ਼ਗਾਰ ਈ ਟੀ ਟੀ, ਟੈੱਟ ਪਾਸ ਬੇਰੁਜ਼ਗਾਰ ਬੀ ਐੱਡ ਅਧਿਆਪਕ ਜੱਥੇਬੰਦੀ, ਠੇਕਾ ਅਧਾਰਿਤ ਕੱਚੇ ਅਧਿਆਪਕ ਜੱਥੇਬੰਦੀ (ਜਿਸ ਵਿੱਚ ਪਿਛਲੇ ਪੰਦਰਾਂ-ਪੰਦਰਾਂ ਸਾਲਾਂ ਤੋਂ ਨਿਗੁਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਨ),ਐਨ ਐਸ ਕਿਊ ਐਫ ਅਧਿਆਪਕ ਜੱਥੇਬੰਦੀ, ਕੰਪਿਊਟਰ ਅਧਿਆਪਕ(ਜਿਹਨਾਂ ਵਿੱਚ ਐੱਮ ਏ, ਐੱਮ ਐੱਸ ਸੀ,ਬੀ ਸੀ ਏ, ਐੱਮ ਸੀ ਏ, ਬੀ ਐੱਡ ,ਐੱਮ ਐੱਡ,ਬੀ ਟੈੱਕ, ਪੀ ਐੱਚ ਡੀ, ਵਰਗੀਆਂ ਡਿਗਰੀਆਂ ਪ੍ਰਾਪਤ ਅਧਿਆਪਕ ਹਨ)ਜੱਥੇਬੰਦੀਆਂ ਨੇ ਆਪੋ ਆਪਣੇ ਰੁਜਗਾਰ ਨੂੰ ਪੈਰਾਂ ਸਿਰ ਕਰਨ ਲਈ ਸਮੇਂ-ਸਮੇਂ ਤੇ ਹਾਕਮਾਂ ਦੇ ਸ਼ਹਿਰਾਂ ਵੱਲ ਸੰਘਰਸ਼ੀ ਗੇੜੇ ਵਿੱਢੇ ਸਨ। ਗੀਤ ਦੇ ਬੋਲਾਂ ,
“ਖੜੇ ਤੈਨੂੰ ਪਿੱਟ ਦਿਆਂ ਸੱਪ ਦੀਏ ਲੀਕੇ ਨੀ,
ਫੌਜਦਾਰੀ ਕੇਸ ਵਿੱਚ ਪੈਂਦੀਏ ਤਰੀਕੇ ਨੀ,
ਜਦੋਂ ਦਿਲ ਕੀਤਾ ਘੱਲ ਸੰਮਨ ਬੁਲਾ ਲਿਆ,,,
ਸਾਨੂੰ ਤੇਰੇ ਸ਼ਹਿਰ ਦਿਆਂ,,,,, , ,,,,,” ਮੁਤਾਬਿਕ ਜਿੱਥੇ-ਜਿੱਥੇ ਵੀ ( ਚਾਹੇ ਉਹ ਸ਼ੁਰੂਆਤ ਪਟਿਆਲੇ ਤੋਂ ਹੋ ਕੇ ਕਦੇ ਬਠਿੰਡਾ, ਕਦੇ ਮੁਹਾਲੀ, ਕਦੇ ਸੰਗਰੂਰ ਤੋਂ ਹੁੰਦਿਆਂ ਹੁਣ ਰੁਖ ਖਰੜ ਤੇ ਜਲੰਧਰ ਵੱਲ ਕੀਤਾ ਹੋਇਆ ਹੈ,,,,)ਇਹਨਾਂ ਨੇ ਆਪਣੀਆਂ ਮੰਗਾਂ ਖਾਤਰ ਹਾਕਮ ਦੇ ਘੱਲੇ ਸੁਨੇਹੇ ਨੂੰ ਸੰਮਨ ਮੰਨ ਕੇ ਪੱਕੇ ਮੋਰਚੇ ਛੱਡ ਕੇ ਜਿਰਹਾ(ਬਹਿਸ)ਵਿੱਚ ਪੈਣ ਦੀ ਕੋਸ਼ਿਸ਼ਾਂ ਵੀ ਕੀਤੀਆਂ, ਪਰ ਇਹਨਾਂ ਵਿਚਾਰਿਆਂ ਦੇ ਪੱਲੇ ਹਮੇਸ਼ਾ ਨਿਰਾਸ਼ਾ ਹੀ ਪਈ। ਪਰ ਬਾਵਜੂਦ ਇਸਦੇ ਇਹਨਾਂ ਨੇ ਨਾਲੋ-ਨਾਲ ਲੋੜਵੰਦ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਭਵਿੱਖ ਖਾਤਰ ਆਪਣੇ ਕਰਮ ਨੂੰ ਧਰਮ ਚ ਬਦਲਣਾ ਜਾਰੀ ਰੱਖਿਆ।
“ਦੱਸ ਸਾਥੋਂ ਕਿਹੜੀਆਂ ਵਗਾਰਾਂ ਤੂੰ ਕਰਾਈਆਂ ਨੀ,
ਤੇਰੇ ਸੱਦਿਆਂ ਨੇ ਪੈਰੀਂ ਜੁੱਤੀਆਂ ਨਾਂ ਪਾਈਆਂ ਨੀ,
ਤੇਰੇ ਰੋੜ ਸਾਡੇ ਪੈਰਾਂ ਵਾਲੀਆਂ ਬਿਆਈਆਂ ਨੀ,
ਤੋਰਿਆ ਤੂੰ ਭਾਵੇਂ ਏਨਾ ਰਿਸ਼ਤਾ ਨਿਭਾ ਲਿਆ
ਸਾਨੂੰ ਤੇਰੇ ਸ਼ਹਿਰ ਦਿਆਂ,,,,,,,,,,
ਆਪਣੇ ਹੱਕਾਂ ਖਾਤਰ ਲੜਦੇ -ਲੜਦੇ ਇਹ ਆਪਣੇ ਸਾਰੇ ਫਰਜ ਵੀ ਨਾਲੋਂ -ਨਾਲ ਨਿਭਾਉਂਦੇ ਰਹੇ, ਚਾਹੇ ਉਹ ਪੜ੍ਹਾਈ ਤੋਂ ਇਲਾਵਾ ਦਾਖਲੇ ਵਧਾਉਣ, ਵੱਖ-ਵੱਖ ਸਰਵੇ ਕਰਨ, ਵੋਟਾਂ ਕੱਟਣ-ਬਣਾਉਣ ਆਦਿ ਹੀ ਕਿਉਂ ਨਹੀਂ ਸਨ?ਸਾਰੀਆਂ ਵਗਾਰਾਂ ਪੂਰੀਆਂ ਕਰਦੇ ਰਹੇ। ਉਹਨਾਂ ਨੂੰ ਸਫਲ ਬਣਾਉਣ ਲਈ ਇਹ ਇੱਕੋ ਹਾਕ ਤੇ ਸਾਰੇ ਕੰਮ,( ਘੱਟ ਵੇਤਨ ਦੇ ਪੈਰਾਂ ਚ ਚੁਭਦੇ ਰੋੜਾਂ ਦੇ ਬਾਵਜੂਦ ਵੀ)ਸਫਲਤਾਪੂਰਵਕ ਸਿਰੇ ਚਾੜ੍ਹਦੇ ਰਹੇ, ਲੰਮੀਆਂ ਵਾਟਾਂ ਚੱਲ ਕੇ ਆਪਣਾ ਵਿਭਾਗ ਨਾਲ ਰਿਸ਼ਤਾ ਨਿਭਾਉਂਦੇ ਰਹੇ।
ਪਰ ਹਾਕਮ ਦੇ ਵਾਅਦੇ ਇਹਨਾਂ ਲਈ ਰੇਤ ਉੱਤੇ ਪੈੜਾਂ ਹੀ ਸਾਬਤ ਹੁੰਦੇ ਰਹੇ। ਵਾਅਦਿਆਂ ਤੋਂ ਨਿਰਾਸ਼ ਕਈਆਂ ਨੇ, ਜਿੰਦਗੀ ਨਾਲ ਰੁੱਸਦੇ ਹੋਇਆਂ ਨੇ , ਮੌਤ ਨੂੰ ਵੀ ਗਲੇ ਲਾਉਣ ਦੀ ਕੋਸ਼ਿਸ਼ ਕੀਤੀ। ਪਰ ਹਾਕਮ ਦੇ ਕੰਨਾਂ ਤੇ ਕਦੇ ਜੂੰ ਨਾ ਸਰਕੀ।
“ਬਦਲੀ ਤੂੰ ਝੂਠਿਆਂ ਗਵਾਹਾਂ ਦੇ ਬਿਆਨਾਂ ਵਾਂਗ
,,,,,,,,ਮਖਸੂਸਪੁਰੀ ਲੁੱਟੇ ਅਰਮਾਨਾਂ ਵਾਂਗ
ਲੰਘੇ ਹੋਏ ਮਿਆਦ ਤੋਂ ਪੁਰਾਣਿਆਂ ਮਕਾਨਾਂ ਵਾਂਗ
ਬੁੱਲ੍ਹਾਂ ਉੱਤੇ ਚੁੱਪ ਵਾਲਾ ਜਿੰਦਾ ਮਰਵਾ ਲਿਆ
ਸਾਨੂੰ ਤੇਰੇ ਸ਼ਹਿਰ ਦਿਆਂ,,,,,,,,,,,,,,,
ਬੇਸ਼ੱਕ ਦੀ ਹਾਕਮ ਇਹਨਾਂ ਨਾਲ ਕੀਤੇ ਹੋਏ ਵਾਅਦਿਆਂ/ਮੀਟਿੰਗਾਂ ਤੋਂ ਝੂਠੇ ਗਵਾਹਾਂ ਵਾਂਗ ਭੱਜਦੇ ਰਹੇ ਪਰ ਨਿੱਤ ਦਿਹਾੜੇ ਹੁੰਦੀ ਬੇਪਤੀ, ਪਾਣੀ ਦੀਆਂ ਬੁਛਾੜਾਂ,ਪੁਲਿਸ ਦੀਆਂ ਡਾਂਗਾਂ ਤੇ ਹਾਲ ਹੀ ਵਿੱਚ ਮੁਹਾਲੀ ਵਿੱਚ ਪਈ ਛੱਲੀਆਂ ਵਾਲੀ ਹਾਕਮ ਦੀ ਕੁੱਟ ਝੱਲਦੇ ਹੋਏ ਇਹ ਹੋਰ ਤਕੜੇ ਹੁੰਦੇ ਪ੍ਰਤੀਤ ਹੋ ਰਹੇ ਹਨ ਤੇ ਭਰਾਤਰੀ ਸਾਥ ਇਹਨਾਂ ਨੂੰ ਦੁੱਗਣਾ-ਚੌਗਣਾ ਹੌਸਲਾ ਬਖਸ਼ ਰਿਹਾ ਹੈ। ਹੁਣ ਲੱਗਦੈ ਆਪਣੇ ਹੱਕਾਂ ਖਾਤਰ ਇਹਨਾਂ ਨੇ ਮੂੰਹ ਉੱਤੇ ਚੁੱਪ ਵਾਲਾ ਜਿੰਦਾ ਨਾ ਲਵਾਉਣ ਦੀਆਂ ਕਸਮਾਂ ਖਾ ਲਈਆਂ ਹਨ ਤੇ ਕਿਸਾਨ-ਮਜ਼ਦੂਰ ਸੰਘਰਸ਼ ਵਾਂਗ ਇੱਕ ਦਿਨ ਜਿੱਤ ਕੇ ਘਰਾਂ ਨੂੰ ਮੁੜਨਗੇ।ਆਉ ਇਹਨਾਂ ਨਾਲ ਡਟਣ ਦਾ ਤਹੱਈਆ ਕਰੀਏ। ਤਾਂ ਜੋ ਫਿਰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਰਹੇ ,
“ਸਾਨੂੰ ਤੇਰੇ ਸ਼ਹਿਰ ਦਿਆਂ ਗੇੜਿਆਂ ਨੇ ਖਾ ਲਿਆ ,,, ,,,,,,,,।”

ਬਲਵੀਰ ਸਿੰਘ ਬਾਸੀਆਂ
ਪਿੰਡ ਤੇ ਡਾਕ ਬਾਸੀਆਂ ਬੇਟ (ਲੁਧਿ:)
8437600371

 

          ‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ   https://play.google.com/store/apps/details?id=in.yourhost.samajweekly

Previous articleਕਿਸਾਨੀ ਸੰਘਰਸ਼ ਦੀ ਫ਼ਤਹਿ;
Next articleਸਰਗਮ ਰਾਓ ਤੇ ਜਸਟ ਸੰਗੀਤ “ਬ੍ਰੋਕਨ ਹਾਰਟ” ਟਰੈਕ ਨਾਲ ਹੋਏ ਹਾਜ਼ਰ