ਵਾਸ਼ਿੰਗਟਨ (ਸਮਾਜ ਵੀਕਲੀ): ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਅੱਜ ਅਮਰੀਕੀ ਸੰਸਦ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਵੇਲੇ ਅਮਰੀਕਾ ਦੀ ਵੱਡੀ ਲੋੜ ਹੈ। ਜ਼ੇਲੈਂਸਕੀ ਨੇ ਆਪਣੀ ਤਕਰੀਰ ਦੌਰਾਨ ਪਰਲ ਹਾਰਬਰ ਤੇ 9/11 ਦਹਿਸ਼ਤੀ ਹਮਲੇ ਦਾ ਵੀ ਹਵਾਲਾ ਦਿੱਤਾ। ਉਨ੍ਹਾਂ ਅਮਰੀਕੀ ਕਾਂਗਰਸ ਨੂੰ ਅਪੀਲ ਕੀਤੀ ਕਿ ਰੂਸੀ ਕਾਨੂੰਨਘਾੜਿਆਂ ’ਤੇ ਹੋਰ ਪਾਬੰਦੀਆਂ ਲਾਉਣ ਤੋਂ ਇਲਾਵਾ ਦਰਾਮਦਾਂ ’ਤੇ ਰੋਕ ਲੱਗੇ। ਉਨ੍ਹਾਂ ਅਮਰੀਕੀ ਕਾਨੂੰਨਸਾਜ਼ਾਂ ਨੂੰ ਰੂਸੀ ਹਮਲੇ ਕਰਕੇ ਹੋਏ ਨੁਕਸਾਨ ਤੇ ਤਬਾਹੀ ਦਾ ਮੰਜ਼ਰ ਪੇਸ਼ ਕਰਦਾ ਭਾਵੁਕ ਵੀਡੀਓ ਵੀ ਦਿਖਾਇਆ।
ਇਸੇ ਦੌਰਾਨ ਅਮਰੀਕਾ ਦੇ ਹੇਠਲੇ ਸਦਨ (ਸੈਨੇਟ) ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਖ਼ਿਲਾਫ਼ ਇਕ ਮਤਾ ਪਾਸ ਕਰ ਦਿੱਤਾ ਹੈ। ਸਰਬਸੰਮਤੀ ਨਾਲ ਪਾਸ ਕੀਤੇ ਗਏ ਮਤੇ ਮੁਤਾਬਕ ਪੂਤਿਨ ਦੀ ਜੰਗੀ ਅਪਰਾਧਾਂ ਵਿਚ ਸ਼ਮੂਲੀਅਤ ਦੀ ਜਾਂਚ ਕੀਤੀ ਜਾਵੇਗੀ। ਸੈਨੇਟ ਨੇ ਮਤੇ ਵਿਚ ਪੂਤਿਨ ਦੀ ਨਿਖੇਧੀ ਕੀਤੀ ਹੈ।
ਯੂਕਰੇਨੀ ਸਦਰ ਨੇ ਕਿਹਾ,‘‘ਇਸ ਵੇਲੇ ਸਾਨੂੰ ਤੁਹਾਡੀ ਵੱਡੀ ਲੋੜ ਹੈ। ਮੈਂ ਚਾਹੁੰਦਾ ਹਾਂ ਕਿ ਰੂਸ ਖਿਲਾਫ਼ ਹੋਰ ਪਾਬੰਦੀਆਂ ਲਾਈਆਂ ਜਾਣ।’’ ਉਨ੍ਹਾਂ ਆਰਥਿਕ ਪੱਖੋਂ ਰੂਸ ਨੂੰ ਗੁੱਝੀ ਸੱਟ ਮਾਰਨ ਦਾ ਸੱਦਾ ਦਿੰਦਿਆਂ ਕਿਹਾ, ‘‘ਆਮਦਨ ਨਾਲੋਂ ਅਮਨ ਜ਼ਿਆਦਾ ਮਹੱਤਵ ਰੱਖਦਾ ਹੈ।’’
ਉਨ੍ਹਾਂ ਅਮਰੀਕੀ ਸਦਰ ਜੋਅ ਬਾਇਡਨ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਧਿਕਾਰਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ। ਉਨ੍ਹਾਂ ਕਿਹਾ, ‘‘ਤੁਸੀਂ ਆਪਣੇ ਦੇਸ਼ ਦੇ ਆਗੂ ਹੋ। ਮੈਂ ਕਾਮਨਾ ਕਰਦਾ ਹਾਂ ਕਿ ਤੁਸੀਂ ਵਿਸ਼ਵ ਦੇ ਆਗੂ ਬਣੋ।’’ ਜ਼ਿਕਰਯੋਗ ਹੈ ਕਿ ਜ਼ੇਲੈਂਸਕੀ ਰੂਸ ਵੱਲੋਂ ਮੁਲਕ ’ਤੇ ਕੀਤੀ ਚੜ੍ਹਾਈ ਮਗਰੋਂ ਪੱਛਮੀ ਜਗਤ ਦੇ ਵੱਖ-ਵੱਖ ਵੱਡੇ ਮੰਚਾਂ ਤੋਂ ਰੂਸ ਖ਼ਿਲਾਫ਼ ਸਮਰਥਨ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜ਼ੇਲੈਂਸਕੀ ਦੇ ਭਾਸ਼ਣ ਨੂੰ ਅਮਰੀਕੀ ‘ਕੈਪੀਟਲ’ ਵਿਚ ਲਾਈਵ ਪ੍ਰਸਾਰਿਤ ਕੀਤਾ ਗਿਆ। ਵਲੋਦੀਮੀਰ ਇਸ ਤੋਂ ਪਹਿਲਾਂ ਰੂਸੀ ਹਵਾਈ ਹਮਲਿਆਂ ਨੂੰ ਰੋਕਣ ਲਈ ਪੱਛਮੀ ਮੁਲਕਾਂ ਤੋਂ ਯੂਕਰੇਨ ਨੂੰ ‘ਨੋ-ਫਲਾਈ’ ਜ਼ੋਨ ਐਲਾਨਣ ਦੀ ਮੰਗ ਵੀ ਕਰ ਚੁੱਕੇ ਹਨ। ਪਰ ਅਮਰੀਕਾ ਤੇ ਹੋਰਾਂ ਮੁਲਕਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਯੂਕਰੇਨੀ ਰਾਸ਼ਟਰਪਤੀ ਨੇ ਭਾਸ਼ਣ ਦੌਰਾਨ ਅਮਰੀਕਾ ਤੋਂ ਹੋਰ ਮਦਦ ਮੰਗੀ। ਅਮਰੀਕਾ ਤੇ ਯੂਰੋਪੀ ਮੁਲਕ ਪਹਿਲਾਂ ਹੀ ਫ਼ੌਜੀ ਪੱਧਰ ਉਤੇ ਯੂਕਰੇਨ ਦੀ ਮਦਦ ਕਰ ਰਹੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly