ਹਿਜਾਬ ਵਿਵਾਦ: ਸੁਪਰੀਮ ਕੋਰਟ ’ਚ ਹੋਲੀ ਦੀਆਂ ਛੁੱਟੀਆਂ ਮਗਰੋਂ ਹੋਵੇਗੀ ਸੁਣਵਾਈ

ਨਵੀਂ ਦਿੱਲੀ (ਸਮਾਜ ਵੀਕਲੀ):  ਜਮਾਤਾਂ ’ਚ ਹਿਜਾਬ ਪਹਿਨਣ ਦੀ ਕਰਨਾਟਕ ਹਾਈ ਕੋਰਟ ਵੱਲੋਂ ਇਜਾਜ਼ਤ ਨਾ ਦੇਣ ਦੇ ਫ਼ੈਸਲੇ ਖ਼ਿਲਾਫ਼ ਦਾਖ਼ਲ ਅਰਜ਼ੀਆਂ ’ਤੇ ਸੁਪਰੀਮ ਕੋਰਟ ਵੱਲੋਂ ਹੋਲੀ ਦੀਆਂ ਛੁੱਟੀਆਂ ਮਗਰੋਂ ਸੁਣਵਾਈ ਕੀਤੀ ਜਾਵੇਗੀ। ਚੀਫ਼ ਜਸਟਿਸ ਐੱਨ ਵੀ ਰਾਮੰਨਾ ਦੀ ਅਗਵਾਈ ਹੇਠਲੇ ਬੈਂਚ ਨੇ ਕੁਝ ਵਿਦਿਆਰਥੀਆਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਸੰਜੈ ਹੇਗੜੇ ਦੀ ਉਸ ਦਲੀਲ ਦਾ ਨੋਟਿਸ ਲਿਆ ਕਿ ਆਉਂਦੀਆਂ ਪ੍ਰੀਖਿਆਵਾਂ ਨੂੰ ਦੇਖਦਿਆਂ ਇਸ ਮੁੱਦੇ ’ਤੇ ਫੌਰੀ ਸੁਣਵਾਈ ਦੀ ਲੋੜ ਹੈ।

ਚੀਫ਼ ਜਸਟਿਸ ਨੇ ਕਿਹਾ ਕਿ ਹੋਰਾਂ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਅਤੇ ਉਹ ਛੁੱਟੀਆਂ ਮਗਰੋਂ ਇਸ ਨੂੰ ਸੂਚੀਬੱਧ ਕਰਨਗੇ। ਕੁਝ ਪਟੀਸ਼ਨਾਂ ਹਾਈ ਕੋਰਟ ਦੇ ਫੁੱਲ ਬੈਂਚ ਵੱਲੋਂ ਸੁਣਾਏ ਗਏ ਫ਼ੈਸਲੇ ਖ਼ਿਲਾਫ਼ ਦਾਖ਼ਲ ਕੀਤੀਆਂ ਗਈਆਂ ਹਨ ਜਿਸ ’ਚ ਕਿਹਾ ਗਿਆ ਹੈ ਕਿ ਸੰਵਿਧਾਨ ਦੀ ਧਾਰਾ 25 ਤਹਿਤ ਇਸਲਾਮ ’ਚ ਹਿਜਾਬ ਪਹਿਨਣਾ ਧਾਰਮਿਕ ਪ੍ਰਥਾ ਦਾ ਜ਼ਰੂਰੀ ਹਿੱਸਾ ਨਹੀਂ ਹੈ। ਹਾਈ ਕੋਰਟ ਨੇ ਉਡੁਪੀ ਦੇ ਸਰਕਾਰੀ ਪ੍ਰੀ-ਯੂਨੀਵਰਸਿਟੀ ਗਰਲਜ਼ ਕਾਲਜ ਦੀਆਂ ਕੁਝ ਮੁਸਲਿਮ ਵਿਦਿਆਰਥਣਾਂ ਵੱਲੋਂ ਜਮਾਤਾਂ ਅੰਦਰ ਹਿਜਾਬ ਪਹਿਨਣ ਦੀ ਇਜਾਜ਼ਤ ਦੇਣ ਦੀ ਮੰਗ ਵਾਲੀਆਂ ਅਰਜ਼ੀਆਂ ਨੂੰ ਖਾਰਜ ਕਰ ਦਿੱਤਾ ਸੀ। ਸਿਖਰਲੀ ਅਦਾਲਤ ’ਚ ਦਾਖ਼ਲ ਅਰਜ਼ੀ ’ਚ ਕਿਹਾ ਗਿਆ ਹੈ ਕਿ ਹਾਈ ਕੋਰਟ ਨੇ ਧਰਮ ਦੀ ਆਜ਼ਾਦੀ ਅਤੇ ਅੰਤਰ-ਆਤਮਾ ਦੀ ਆਜ਼ਾਦੀ ਨੂੰ ਵੰਡਣ ’ਚ ਗਲਤੀ ਕੀਤੀ ਹੈ।

ਅਦਾਲਤ ਨੇ ਕਿਹਾ ਹੈ ਕਿ ਜਿਹੜੇ ਲੋਕ ਧਰਮ ਦਾ ਪਾਲਣ ਕਰਦੇ ਹਨ, ਉਨ੍ਹਾਂ ਨੂੰ ਅੰਤਰ-ਆਤਮਾ ਦੀ ਆਵਾਜ਼ ਸੁਣਨ ਦਾ ਹੱਕ ਨਹੀਂ ਹੈ। ਅਰਜ਼ੀ ’ਚ ਕਿਹਾ ਗਿਆ ਹੈ ਕਿ ਹਾਈ ਕੋਰਟ ਇਸ ਗੱਲ ਨੂੰ ਸਮਝਣ ’ਚ ਨਾਕਾਮ ਰਿਹਾ ਕਿ ਹਿਜਾਬ ਪਹਿਨਣ ਦਾ ਹੱਕ ਸੰਵਿਧਾਨ ਦੀ ਧਾਰਾ 21 ਤਹਿਤ ਨਿਜੱਤਾ ਦੇ ਹੱਕ ਦੇ ਘੇੇਰੇ ’ਚ ਆਉਂਦਾ ਹੈ ਅਤੇ ਅੰਤਰ-ਆਤਮਾ ਦੀ ਆਜ਼ਾਦੀ ਨਿੱਜਤਾ ਦੇ ਹੱਕ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਹਾਈ ਕੋਰਟ ਇਸ ਗੱਲ ਦਾ ਵੀ ਨੋਟਿਸ ਲੈਣ ’ਚ ਨਾਕਾਮ ਰਹੀ ਕਿ ਨੇਮਾਂ ’ਚ ਵਿਦਿਆਰਥੀਆਂ ਨੂੰ ਕਿਸੇ ਵਰਦੀ ਨੂੰ ਲਾਜ਼ਮੀ ਤੌਰ ’ਤੇ ਪਹਿਨਣ ਲਈ ਨਹੀਂ ਆਖਿਆ ਗਿਆ ਹੈ। ਇਸ ਦੌਰਾਨ ਇਕ ਹੋਰ ਵਿਅਕਤੀ ਵੱਲੋਂ ਸੁਪਰੀਮ ਕੋਰਟ ’ਚ ਕੈਵੀਏਟ ਦਾਖ਼ਲ ਕੀਤੀ ਗਈ ਹੈ ਜੋ ਹਾਈ ਕੋਰਟ ’ਚ ਇਕ ਧਿਰ ਸੀ। ਉਸ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ’ਚ ਕੋਈ ਹੁਕਮ ਦਿੱਤੇ ਜਾਣ ਤੋਂ ਪਹਿਲਾਂ ਉਸ ਦੇ ਪੱਖ ਨੂੰ ਵੀ ਸੁਣਿਆ ਜਾਵੇ।

ਸਿੱਖਾਂ ਨੂੰ ਮਿਲੀ ਛੋਟ ਦਾ ਦਿੱਤਾ ਹਵਾਲਾ

ਸੁਪਰੀਮ ਕੋਰਟ ’ਚ ਦਾਖਲ ਅਰਜ਼ੀ ’ਚ ਮੋਟਰ ਵਹੀਕਲ ਐਕਟ, 1988 ਦੀ ਧਾਰਾ 129 ਤਹਿਤ ਦਸਤਾਰਧਾਰੀ ਸਿੱਖਾਂ ਨੂੰ ਹੈਲਮਟ ਪਹਿਨਣ ਤੋਂ ਛੋਟ ਦੇਣ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਬਣਾਏ ਗਏ ਨੇਮਾਂ ਤਹਿਤ ਸਿੱਖਾਂ ਨੂੰ ਜਹਾਜ਼ਾਂ ’ਚ ਕਿਰਪਾਨ ਲਿਜਾਣ ਦੀ ਇਜਾਜ਼ਤ ਦੇਣ ਦਾ ਹਵਾਲਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਹੁਕਮ ਧਾਰਮਿਕ ਘੱਟ ਗਿਣਤੀਆਂ ਖਾਸ ਕਰਕੇ ਇਸਲਾਮ ਧਰਮ ਨੂੰ ਮੰਨਣ ਵਾਲੇ ਲੋਕਾਂ ’ਤੇ ਅਸਿੱਧੇ ਤੌਰ ’ਤੇ ਹਮਲਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਨੂੰ ਇਸ ਵੇਲੇ ਅਮਰੀਕਾ ਦੀ ਵੱਡੀ ਲੋੜ: ਜ਼ੇਲੈਂਸਕੀ
Next articleਸੋਸ਼ਲ ਮੀਡੀਆ ਦੀ ਦੁਰਵਰਤੋਂ ਦੇਸ਼ ਲਈ ਘਾਤਕ: ਸੋਨੀਆ