ਅਸੀਂ ਸੰਸਕਾਰ ਵੀ ਨਹੀਂ ਸੰਭਾਲੇ ਅਤੇ ਸਿਸਟਮ ਵੀ ਨਹੀਂ ਬਣਾਇਆ: ਡਾ. ਕੁਲਦੀਪ ਸਿੰਘ ਦੀਪ

ਸੰਗਰੂਰ (ਸਮਾਜ ਵੀਕਲੀ) (ਰਮੇਸ਼ਵਰ ਸਿੰਘ)- ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਸੁਤੰਤਰ ਭਵਨ ਸੰਗਰੂਰ ਵਿਖੇ ਡਾ. ਨਰਵਿੰਦਰ ਸਿੰਘ ਕੌਸ਼ਲ ਸਾਬਕਾ ਡੀਨ ਕੁਰੂਕਸ਼ੇਤਰ ਯੂਨੀਵਰਸਿਟੀ ਦੀ ਪ੍ਰਧਾਨਗੀ ਵਿੱਚ ਕਰਵਾਏ ਗਏ ਆਪਣੇ ਰੂ-ਬ-ਰੂ ਸਮਾਗਮ ਵਿੱਚ ਬੋਲਦਿਆਂ ਉੱਘੇ ਨਾਟਕਕਾਰ ਅਤੇ ਚਿੰਤਕ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਦੁਨਿਆਵੀ ਵਰਤਾਰੇ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਸਾਡੇ ਕੋਲ ਸੰਸਕਾਰ ਸਨ ਅਤੇ ਵਿਦੇਸ਼ਾਂ ਕੋਲ ਸਿਸਟਮ ਸੀ ਪਰ ਸਾਡਾ ਅਜੋਕੇ ਦੌਰ ਦਾ ਦੁਖਾਂਤ ਹੀ ਇਹ ਹੈ ਕਿ ਅਸੀਂ ਸੰਸਕਾਰ ਵੀ ਨਹੀਂ ਬਚਾ ਸਕੇ ਅਤੇ ਸਿਸਟਮ ਵੀ ਨਹੀਂ ਬਣਾ ਸਕੇ, ਜਿਸ ਕਰਕੇ ਸਾਡੇ ਬਜ਼ੁਰਗ ਅਤੇ ਬੱਚੇ ਹਾਸ਼ੀਏ ’ਤੇ ਜਾ ਰਹੇ ਹਨ।

ਰੂਸ-ਯੂਕਰੇਨ ਜੰਗ ਬਾਰੇ ਚਰਚਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵੀ ਇੱਕ ਹਮਲਾ ਸੀ ਅਤੇ ਅਜਿਹੇ ਹਮਲੇ ਅੱਗੇ ਵੀ ਜਾਰੀ ਰਹਿਣੇ ਹਨ। ਉਨ੍ਹਾਂ ਨੇ ਆਪਣੇ ਜੀਵਨ ਅਤੇ ਲਿਖਣ ਪ੍ਰਕਿਰਿਆ ਸਬੰਧੀ ਯਾਦਾਂ ਸਾਂਝੀਆਂ ਕਰਦਿਆਂ ਸਰੋਤਿਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਬੜੇ ਤਸੱਲੀਬਖ਼ਸ਼ ਢੰਗ ਨਾਲ ਦਿੱਤੇ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ. ਕੁਲਦੀਪ ਸਿੰਘ ਦੀਪ ਬਾਰੇ ਚਰਚਾ ਕਰਦਿਆਂ ਡਾ. ਨਰਵਿੰਦਰ ਸਿੰਘ ਕੌਸ਼ਲ ਨੇ ਕਿਹਾ ਕਿ ਲੇਖਕ ਜਾਂ ਕਵੀ ਹੋਣ ਦੇ ਨਾਲ-ਨਾਲ ਇੱਕ ਸੁਚੇਤ ਚਿੰਤਕ ਹੋਣਾ ਵੀ ਲਾਜ਼ਮੀ ਹੁੰਦਾ ਹੈ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਰਾਸ਼ਟਰੀ ਸਾਹਿਤ ਅਕਾਡਮੀ ਐਵਾਰਡੀ ਸ਼ਾਇਰ ਤਰਸੇਮ ਨੇ ਕਿਹਾ ਕਿ ਵਿੱਦਿਆਰਥੀ ਦੀ ਸਫ਼ਲਤਾ ਹੀ ਅਧਿਆਪਕ ਦਾ ਸਭ ਤੋਂ ਵੱਡਾ ਸਨਮਾਨ ਹੁੰਦਾ ਹੈ।

ਡਾ. ਮੀਤ ਖਟੜਾ ਨੇ ਕਿਹਾ ਕਿ ਜਾਤੀ ਸੰਘਰਸ਼ ਦੀ ਬਜਾਇ ਜਮਾਤੀ ਸੰਘਰਸ਼ ਹੀ ਮਨੁੱਖਤਾ ਲਈ ਕਲਿਆਣਕਾਰੀ ਸਾਬਤ ਹੋ ਸਕਦਾ ਹੈ। ਐਡਵੋਕੇਟ ਸੰਪੂਰਨ ਸਿੰਘ ਛਾਜਲੀ ਨੇ ਕਿਹਾ ਕਿ ਅਜੋਕੇ ਪਦਾਰਥਵਾਦੀ ਵਰਤਾਰੇ ਦੀ ਦਲਦਲ ਤੋਂ ਬਚਣ ਲਈ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਨਾਲ ਜੁੜਨ ਦੀ ਲੋੜ ਹੈ। ਸਮਾਗਮ ਦੇ ਆਰੰਭ ਵਿੱਚ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਈਆਂ ਨਾਮਵਰ ਸ਼ਖ਼ਸੀਅਤਾਂ ਰਜਨੀਸ਼ ਬਹਾਦਰ, ਸਾਕ ਮੁਹੰਮਦ, ਦੇਵ ਥਰੀਕੇ, ਅਮਰਜੀਤ ਗੁਰਦਾਸਪੁਰੀ, ਲਤਾ ਮੰਗੇਸ਼ਕਰ ਅਤੇ ਭੱਪੀ ਲਹਿਰੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਰੋਤਿਆਂ ਨਾਲ ਰਸਮੀ ਜਾਣ-ਪਛਾਣ ਕਰਵਾਉਂਦਿਆਂ ਪ੍ਰੋ. ਨਰਿੰਦਰ ਸਿੰਘ ਨੇ ਕਿਹਾ ਕਿ ਡਾ. ਕੁਲਦੀਪ ਸਿੰਘ ਦੀਪ ਵਿਵਸਥਾਵਾਂ ਅਤੇ ਸਰੋਕਾਰਾਂ ਦਾ ਵਿਸ਼ਲੇਸ਼ਣ ਕਰ ਕੇ ਲੁਕਵਾਂ ਸੱਚ ਪੇਸ਼ ਕਰਨ ਵਾਲਾ ਅਤੇ ਹੱਲ ਲੱਭਣ ਵਾਲਾ ਸਮਰੱਥ ਸਾਹਿਤਕਾਰ ਹੈ। ਇਸ ਮੌਕੇ ਡਾ. ਕੁਲਦੀਪ ਸਿੰਘ ਦੀਪ ਦਾ ਨਾਟਕ ‘ਛੱਲਾ’ ਲੋਕ ਅਰਪਣ ਕੀਤਾ ਗਿਆ ਅਤੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਪਾਏ ਵਡਮੁੱਲੇ ਯੋਗਦਾਨ ਲਈ ਉਨ੍ਹਾਂ ਨੂੰ ਸਭਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਬੋਤਲਾਂ ਵਿੱਚ ਕਵਿਤਾਵਾਂ ਲਿਖਣ ਵਾਲੇ ਵਿਸ਼ਵ ਦੇ ਪਹਿਲੇ ਕਵੀ ਸੁਖਵਿੰਦਰ ਸਿੰਘ ਲੋਟੇ ਦੀ ਖ਼ੂਬਸੂਰਤ ਗ਼ਜ਼ਲ ਨਾਲ ਸ਼ੁਰੂ ਹੋਏ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਵਿੱਚ ਰਣਜੀਤ ਆਜ਼ਾਦ ਕਾਂਝਲਾ, ਜਸਵੰਤ ਸਿੰਘ ਅਸਮਾਨੀ, ਦਲਬਾਰ ਸਿੰਘ ਚੱਠੇ ਸੇਖਵਾਂ, ਮੂਲ ਚੰਦ ਸ਼ਰਮਾ, ਜੰਗੀਰ ਸਿੰਘ ਰਤਨ, ਰਜਿੰਦਰ ਸਿੰਘ ਰਾਜਨ, ਜਸਵਿੰਦਰ ਸਿੰਘ ਜੌਲੀ, ਪਰਵਾਜ਼, ਚਰਨਜੀਤ ਕੌਰ, ਹਨੀ ਸੰਗਰਾਮੀ, ਕੁਲਵੰਤ ਖਨੌਰੀ, ਕਰਮ ਸਿੰਘ ਜ਼ਖ਼ਮੀ, ਲਛਮਣ ਸਿੰਘ, ਜਸਪਾਲ ਸਿੰਘ ਸੰਧੂ, ਭੁਪਿੰਦਰ ਸਿੰਘ ਜੱਸੀ, ਭੋਲਾ ਸਿੰਘ ਸੰਗਰਾਮੀ, ਬਲਵੀਰ ਸਿੰਘ, ਜੀਤ ਹਰਜੀਤ, ਪੂਜਾ ਪੁੰਡਰਕ, ਅਸ਼ੋਕ ਦੀਪਕ, ਅਮਰ ਗਰਗ ਕਲਮਦਾਨ, ਮੇਵਾ ਸਿੰਘ, ਜਗਜੀਤ ਸਿੰਘ ਲੱਡਾ, ਮੀਤ ਸਕਰੌਦੀ, ਭੁਪਿੰਦਰ ਨਾਗਪਾਲ, ਦੇਸ਼ ਭੂਸ਼ਨ, ਰਣਜੀਤ ਕੌਰ ਸਵੀ, ਪਰਮਜੀਤ ਕੌਰ, ਗੁਰਮੀਤ ਸਿੰਘ ਸੋਹੀ, ਨਵਜੀਤ ਸਿੰਘ, ਸਰਬਜੀਤ ਸਿੰਘ ਸੰਗਰੂਰਵੀ, ਸਤਪਾਲ ਸਿੰਘ ਲੌਂਗੋਵਾਲ, ਗੋਬਿੰਦ ਸਿੰਘ ਤੂਰਬਨਜਾਰਾ, ਰਾਜ ਕੁਮਾਰ ਅਰੋੜਾ, ਰਵਿੰਦਰ ਸਿੰਘ ਨੋਨੀ, ਜਸਪ੍ਰੀਤ ਕੌਰ ਗੁਰਨਾ, ਹਰਬੰਸ ਰਾਣੀ, ਹਰਕੀਰਤ ਕੌਰ, ਪੰਥਕ ਕਵੀ ਲਾਭ ਸਿੰਘ ਝੱਮਟ, ਮਹਿੰਦਰਜੀਤ ਸਿੰਘ, ਨਿਰਮਲ ਸਿੰਘ ਬਟੜਿਆਣਾ, ਲਵਲੀ ਬਡਰੁੱਖਾਂ ਅਤੇ ਰਘਬੀਰ ਸਿੰਘ ਪ੍ਰਿੰਸ ਆਦਿ ਕਵੀਆਂ ਨੇ ਹਿੱਸਾ ਲਿਆ। ਅਖੀਰ ਵਿੱਚ ਕਰਮ ਸਿੰਘ ਜ਼ਖ਼ਮੀ ਨੇ ਸਾਰੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਅਤੇ ਮੰਚ ਸੰਚਾਲਨ ਦੀ ਰਜਿੰਦਰ ਸਿੰਘ ਰਾਜਨ ਨੇ ਬੜੇ ਖ਼ੂਬਸੂਰਤ ਢੰਗ ਨਾਲ ਨਿਭਾਈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘Death of Dalit Twenty 20 activist not due to liver cirrhosis, but attack on head’
Next articleਉਹ ਸੋਚਦੀ…