ਉਹ ਸੋਚਦੀ…

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਪਹਿਲਾਂ ਪਹਿਲ ਉਹ ਸੋਚਦੀ ਹੁੰਦੀ ਸੀ ਕਿ ਮੈਂ ਕਿੰਨੀ ਮਹਾਨ ਹਾਂ ਜਿਸ ਨੇ ਇਹੋ ਜਿਹੇ ਸ਼ਰਾਬੀ ਬੰਦੇ ਦੇ ਅੱਤਿਆਚਾਰ ਸਹਿੰਦੇ ਹੋਏ ਆਪਣਾ ਘਰ ਵਸਾਇਆ ।ਉਹ ਸੋਚਦੀ ਕਿ ਉਸ ਨੂੰ ਸਾਰੇ ਲੋਕ ਸ਼ਾਬਾਸ਼ੀ ਦਿੰਦੇ ਹੋਣਗੇ ਕਿ ਇਹ ਹਰ ਕਿਸੇ ਦੇ ਵੱਸ ਦੀ ਗੱਲ ਤਾਂ ਨਹੀਂ ਹੁੰਦੀ ਜੋ ਇਸ ਨੇ ਕਿੰਨਾ ਵੱਡਾ ਜਿਗਰਾ ਰੱਖਿਆ ਤੇ ਇਹੋ ਜਿਹੇ ਮਾੜੇ ਸ਼ਰਾਬੀ-ਕਬਾਬੀ ਬੰਦੇ ਨਾਲ ਸਾਰੀ ਉਮਰ ਵੀ ਕੱਟੀ ਤੇ ਆਪਣੇ ਬੱਚੇ ਨੂੰ ਵੀ ਪੜ੍ਹਾ ਕੇ ਵਿਆਹ ਦਿੱਤਾ। ਕਈ ਸਮਝਦਾਰ ਔਰਤਾਂ ਉਸ ਨੂੰ ਥਾਪੀ ਦਿੰਦੇ ਹੋਏ ਕਹਿ ਹੀ ਦਿੰਦੀਆਂ,” ਭਾਈ ,ਸ਼ਾਬਾਸ਼ੇ ਆ ਤੇਰੇ ਜੋ ਇਹੋ ਜਿਹੇ ਬੰਦੇ ਨਾਲ ਸਾਰੀ ਉਮਰ ਕੱਟੀ। ਕੋਈ ਘਰਾਣੇ ਘਰ ਦੀ ਧੀ ਹੀ ਇਸ ਤਰ੍ਹਾਂ ਦੇ ਬੰਦੇ ਨਾਲ ਜ਼ਿੰਦਗੀ ਕੱਟਦੀ ਹੈ ਨਹੀਂ ਤਾਂ ਅਗਲੀਆਂ ਠੁੱਡ ਮਾਰ ਕੇ ਭੱਜ ਜਾਂਦੀਆਂ ਹਨ। ਕੋਈ ਨੀ ਇੰਨੇ ਅੱਤਿਆਚਾਰ ਸਹਿੰਦਾ।” ਇਹੋ ਜਿਹੀਆਂ ਹੌਸਲੇ ਭਰੀਆਂ ਗੱਲਾਂ ਸਤਬੀਰ ਦੇ ਦੁੱਖ ਨੂੰ ਥੋੜ੍ਹਾ ਜਿਹਾ ਘੱਟ ਕਰ ਦਿੰਦੀਆਂ ਤੇ ਸਖ਼ਤ ਹਾਲਾਤਾਂ ਨਾਲ ਲੜਨ ਦੀ ਹਿੰਮਤ ਵੱਧ ਜਾਂਦੀ।

ਪਰ ਅੱਜ ਅਚਾਨਕ ਉਸ ਦੀ ਸੋਚ ਬਦਲ ਗਈ ਸੀ। ਉਹ ਸੋਚਦੀ ਮੈਂ ਆਪਣੀ ਜ਼ਿੰਦਗੀ ਦੇ ਤੇਤੀ ਸਾਲ ਬਰਬਾਦ ਕਰ ਦਿੱਤੇ ਹਨ । ਉਹ ਸੋਚਦੀ ,”ਮੈਂ ਪਹਿਲਾਂ ਹੀ ਕਿਉਂ ਨਾ ਏਸ ਬੰਦੇ ਤੋਂ ਖਹਿੜਾ ਛੁਡਾਇਆ….. , ਮੈਂ ਆਪਣੀ ਸਾਰੀ ਜ਼ਿੰਦਗੀ ਕਿਉਂ ਬਰਬਾਦ ਕੀਤੀ ਹੈ…..? ਅਕਸਰ ਮੇਰੇ ਵੀ ਤਾਂ ਜ਼ਿੰਦਗੀ ਦੇ ਚਾਅ ਮਲ੍ਹਾਰ ਸਨ ,ਮੈਂ ਉਨ੍ਹਾਂ ਦਾ ਗਲਾ ਕਿਉਂ ਘੁੱਟਿਆ? ਮੈਂ ਆਪਣੇ ਆਪ ਨਾਲ ਕਿਉਂ ਬੇਇਨਸਾਫੀ ਕੀਤੀ ਹੈ…..? ਹੋਰ ਕਿੰਨਾ ਚਿਰ ਮੈਂ ਇਸ ਬੰਦੇ ਦੇ ਅੱਤਿਆਚਾਰ ਸਹੂੰਗੀ….? ਜੇ ਮੈਂ ਹੁਣ ਵੀ ਇਸਨੂੰ ਛੱਡ ਦੇਵਾਂ ਤਾਂ ਮੈਂ ਕੁਝ ਵਰ੍ਹੇ ਆਪਣੀ ਜ਼ਿੰਦਗੀ ਨਾਲ ਇਨਸਾਫ਼ ਕਰ ਸਕਾਂਗੀ।”

ਇਹ ਸੋਚ ਬਦਲਣ ਪਿੱਛੇ ਬੀਤੀਆਂ ਤਿੰਨ ਚਾਰ ਇਹੋ ਜਿਹੀਆਂ ਘਟਨਾਵਾਂ ਸਨ ਜੋ ਹੁਣ ਉਸ ਦੇ ਪਤੀ ਵੱਲੋਂ ਕੀਤੇ ਜਾਂਦੇ ਅੱਤਿਆਚਾਰ ਘਰ ਦੀ ਚਾਰਦੀਵਾਰੀ ਤੋਂ ਨਿਕਲ ਕੇ ਬਾਹਰ ਗਲ਼ੀਆਂ ਮੁਹੱਲਿਆਂ ਵਿੱਚ ਇੱਜ਼ਤ ਰੋਲਣ ਲੱਗ ਪਏ ਸਨ। ਹੁਣ ਉਹ ਉਸ ਨੂੰ ਘਰ ਤੋਂ ਬਾਹਰ ਕੱਢ ਦਿੰਦਾ ਤੇ ਉਸ ਨਾਲ ਧੱਫਾ-ਮੁੱਕੀ ਕਰਕੇ ਖ਼ੂਬ ਰੌਲਾ ਪਾਉਂਦਾ, ਘਰਵਾਲੀ ਅਤੇ ਉਸ ਦੇ ਪੇਕਿਆਂ ਨੂੰ ਗਾਲ਼ਾਂ ਕੱਢਦਾ । ਗਲੀ ਮੁਹੱਲੇ ਵਾਲਿਆਂ ਨੂੰ ਗੰਦੀਆਂ ਗੰਦੀਆਂ ਗਾਲਾਂ ਕੱਢਦਾ ਤੇ ਆਪਣੇ-ਆਪ ਨੂੰ ਸਭ ਤੋਂ ਉੱਚਾ ਤੇ ਮਹਾਨ ਕਹਿੰਦਾ। ਆਪਣੇ ਆਪ ਨੂੰ ਕਹਿੰਦਾ,” ਅਸੀਂ ਪੇਂਡੂ ਲੋਕ ਇਹਨਾਂ ਸ਼ਹਿਰੀਆਂ ਨੂੰ ਕੀ ਸਮਝਦੇ ਆਂ, ਥਾਂ ਥਾਂ ਦੀ ਠੀਕਰੀ ਕੱਠੀ ਹੋਈ ਹੋਈ ਆ….।”ਤੇ ਏਸ ਤੋਂ ਵੀ ਵੱਧ ਹੋਰ ਬਹੁਤ ਕੁਝ ਬੋਲਦਾ।

ਉਹ ਸੋਚਦੀ ਪੇਂਡੂ ਲੋਕ ਤਾਂ ਕਿੰਨੇ ਚੰਗੇ ਅਤੇ ਭੋਲ਼ੇ ਭਾਲ਼ੇ ਹੁੰਦੇ ਹਨ। ਗਲੀ ਮੁਹੱਲੇ ਵਾਲੇ ਲੋਕ ਵੀ ਚੰਗੇ ਕੰਮਾਂ ਕਾਰਾਂ ਵਾਲੇ ਸ਼ਰੀਫ਼ ਲੋਕ ਸਨ। ਇਸ ਸ਼ਰਾਬੀ ਨਾਲ ਮੂੰਹ ਨਹੀਂ ਲਾਉਣਾ ਚਾਹੁੰਦੇ ਸਨ। ਸਾਰਿਆਂ ਦੀ ਇਹ ਸੋਚ ਸੀ ਕਿ ਇਸ ਚਿੱਕੜ ਨੂੰ ਛੇੜ ਕੇ ਆਪਣੇ ਉੱਪਰ ਛਿੱਟੇ ਪਾਉਣ ਵਾਲੀ ਗੱਲ ਹੈ ,ਜਿਹੜਾ ਬੇਵਕੂਫ਼ ਇਨਸਾਨ ਆਪਣੀ ਪੜ੍ਹੀ-ਲਿਖੀ ਪਤਨੀ ਦੀ ਪੱਤ ਗਲੀਆਂ ਵਿਚ ਰੋਲ਼ ਰਿਹਾ ਹੈ ,ਇਸ ਤੋਂ ਘਟੀਆ ਇਨਸਾਨ ਹੋਰ ਕੌਣ ਹੋ ਸਕਦਾ ਹੈ ! ਇਹ ਸੋਚ ਕੇ ਸਾਰੇ ਚੁੱਪ ਕਰ ਰਹਿੰਦੇ।

ਉਹ ਸੋਚਦੀ ਜਦ ਉਹ ਵਿਆਹੀ ਗਈ ਸੀ ਤਾਂ ਉਸ ਦਿਨ ਵੀ ਉਸ ਨੇ ਕਿੰਨੀ ਸ਼ਰਾਬ ਪੀਤੀ ਹੋਈ ਸੀ। ਉਸ ਨੂੰ ਬਹੁਤ ਅਜੀਬ ਲੱਗਦਾ ਸੀ। ਉਸ ਦੀ ਮਾਂ ਅਤੇ ਉਸ ਨੇ ਵਿਆਹ ਤੋਂ ਦੂਜੇ ਦਿਨ ਹੀ ਫਰਮਾਨ ਜਾਰੀ ਕਰ ਦਿੱਤਾ ਸੀ,” ਤੈਨੂੰ ਹੁਣ ਅਸੀਂ ਬਚੋਲਣ ਨਾਲ ਵਰਤਣ ਨਹੀਂ ਦੇਣਾ, ਨਾ ਤੂੰ ਉਹਦੇ ਘਰੇ ਜਾਏਂਗੀ ਤੇ ਨਾ ਉਹ ਆਪਣੇ ਘਰੇ ਆਊਗੀ ।” ਅਸਲ ਵਿੱਚ ਬਚੋਲਣ ਸਤਬੀਰ ਦੀ ਭੂਆ ਦੀ ਧੀ ਸੀ ਪਰ ਉਮਰ ਵਿਚ ਉਸ ਤੋਂ ਬਹੁਤ ਵੱਡੀ ਸੀ ਉਸ ਦੀ ਵੱਡੀ ਕੁੜੀ ਲਗਪਗ ਉਸੇ ਦੀ ਉਮਰ ਦੀ ਸੀ। ਉਸ ਨੂੰ ਗੱਲ ਤਾਂ ਕੁਝ ਸਮਝ ਨਾ ਆਈ ਪਰ ਉਹ ਸੋਚਦੀ ਸ਼ਾਇਦ ਸ਼ਰੀਕੇ ਕਰਕੇ ਕੋਈ ਗੱਲ ਬਾਤ ਹੋਣੀ ਆ ਇਸ ਲਈ ਉਸ ਨੇ ਇਹ ਪ੍ਰਵਾਨ ਕਰ ਲਿਆ।

ਉਹ ਸੋਚਦੀ ਜਦ ਉਸ ਨੂੰ ਸਾਰੇ ਟੱਬਰ ਵੱਲੋਂ ਦਾਜ ਪਿੱਛੇ, ਘੱਟ ਸੰਧਾਰੇ ਪਿੱਛੇ ਜਾਂ ਹੋਰ ਘਰ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਪਿੱਛੇ ਬਹੁਤ ਦੁਖੀ ਕੀਤਾ ਜਾਂਦਾ ਸੀ ਤਾਂ ਉਹ ਪੇਕੇ ਆ ਜਾਂਦੀ ਸੀ। ਬਹੁਤਾ ਤੰਗ ਕਰਨ ਕਰਕੇ ਇਕ ਦੋ ਵਾਰ ਸਤਬੀਰ ਦਾ ਪਿਉ ਆਪਣੇ ਦੋ ਚਾਰ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਗੱਲ ਕਰਨ ਵੀ ਗਿਆ ਪਰ ਇਸ ਸ਼ਰਾਬੀ ਨੇ ਉਨ੍ਹਾਂ ਨੂੰ ਵੀ ਗਾਲ਼ਾਂ ਕੱਢੀਆਂ। ਪਿਓ- ਭਰਾਵਾਂ ਨੇ ਆਪਣੀ ਧੀ ਵਿਆਹੀ ਸੀ ਉਸ ਨੂੰ ਕੋਈ ਗੁਨਾਹ ਤਾਂ ਨਹੀਂ ਕੀਤਾ ਸੀ। ਉਸ ਨੂੰ ਆਪਣੀ ਪਤਨੀ ਦੇ ਉਸ ਤੋਂ ਵੱਧ ਪੜ੍ਹੇ ਹੋਣ ਤੇ ਜਲਣ ਹੁੰਦੀ ਸੀ, ਉਸ ਨੂੰ ਨੀਵਾਂ ਦਿਖਾਉਣ ਅਤੇ ਦਬਾਉਣ ਲਈ ਹੀ ਤਾਂ ਇਹ ਸਭ ਕੁਝ ਕਰਦਾ ਸੀ।ਉਹ ਉਸ ਦੇ ਮਾਪਿਆਂ ਨੂੰ ਹਰ ਸਮੇਂ ਨੰਗ-ਮਲੰਗ ਦਾ ਤਾਜ ਦੇ ਕੇ ਨਿਵਾਜਦਾ ਸੀ ਜਦ ਕਿ ਉਹਨਾਂ ਨੇ ਆਪਣੀ ਹੈਸੀਅਤ ਤੋਂ ਕਿਤੇ ਜ਼ਿਆਦਾ ਵਧੀਆ ਵਿਆਹ ਕੀਤਾ ਸੀ, ਦੋ-ਤਿੰਨ ਸੌ ਬਰਾਤੀਆਂ ਨੂੰ ਚੰਗੀ ਰੋਟੀ ਖਵਾ ਕੇ ਵਧੀਆ ਬਣਦਾ ਫਰਨੀਚਰ ਟੀ ਵੀ ਤੇ ਹੋਰ ਦਾਜ ਦਿੱਤਾ ਸੀ ।ਉਹ ਸੋਚਦੀ ਇਹ ਸਾਰਾ ਟੱਬਰ ਤਾਂ ਉਸ ਸਭ ਤੋਂ ਵੀ ਖੁਸ਼ ਨਹੀਂ ਸੀ।ਉਸ ਲਈ ਹੁਣ ਤੱਕ ਮਿਹਣੇ ਮਾਰਦਾ ਤੇ ਉਸ ਨੂੰ ਨੰਗਾ-ਮਲੰਗਾਂ ਦੀ ਧੀ ਕਹਿਕੇ ਬੁਲਾਉਂਦਾ ਸੀ।

ਇਸ ਸ਼ਰਾਬੀ ਦਾ ਸਭ ਤੋਂ ਵੱਡਾ ਹਥਿਆਰ ਗਾਲ਼ਾਂ ਸਨ। ਉਸ ਨੂੰ ਪਤਾ ਸੀ ਕਿ ਜੋ ਰਿਸ਼ਤੇਦਾਰ ਵੀ ਉਸ ਦੀ ਮਦਦ ਕਰਦਾ ਸੀ ਉਸ ਨੂੰ ਗੰਦੀਆਂ ਗੰਦੀਆਂ ਗਾਲਾਂ ਕੱਢਦਾ ਤੇ ਉਹੀ ਰਿਸ਼ਤੇਦਾਰ ਸਕੇ ਸਬੰਧੀ ਉਸ ਦੀ ਮਦਦ ਕਰਨ ਤੋਂ ਪਿੱਛੇ ਹਟ ਜਾਂਦਾ । ਉਹ ਸੋਚਦੀ ਕਿ ਬਚੋਲਣ ਤੋਂ ਲੈ ਕੇ ਉਸ ਦੇ ਮਾਂ-ਬਪ ਭਰਾ ਭੈਣਾਂ ,ਸਾਰੇ ਰਿਸ਼ਤੇਦਾਰ, ਸਾਰੇ ਜਾਣ ਪਛਾਣ ਵਾਲੇ ਤੇ ਹੁਣ ਆਂਢ-ਗੁਆਂਢ ਇੱਕ ਇੱਕ ਕਰਕੇ ਉਸ ਦੀ ਮਦਦ ਕਰਨ ਵਾਲੇ ਸਾਰੇ ਲੋਕ ਗਾਲ਼ਾਂ ਦੇ ਹਥਿਆਰ ਨਾਲ ਦੂਰ ਭਜਾ ਦਿੱਤੇ ਸਨ। ਉਹ ਆਪਣੇ ਆਪ ਨੂੰ ਬਹੁਤ ਇਕੱਲਾ ਮਹਿਸੂਸ ਕਰਦੀ ਸੋਚਦੀ ਸੀ, “ਫਿਰ ਕੀ ਹੋਇਆ ਜੇ….. ਸਾਰੇ ਇਨਸਾਨ ਉਸ ਦੀਆਂ ਗਾਲ਼ਾਂ ਤੋਂ ਡਰਦੇ ਉਸ ਦੀ ਮਦਦ ਲਈ ਅੱਗੇ ਨਹੀਂ ਆਉਂਦੇ ।”ਇਹ ਸੋਚਦੀ ਸੋਚਦੀ ਉਹ ਥੋੜ੍ਹੀ ਜਿਹੀ ਨਿਰਾਸ਼ਾ ਵਿਚ ਚਲੀ ਗਈ ਫਿਰ ਪਤਾ ਨਹੀਂ ਕੀ ਉਸਦੇ ਅੰਦਰ ਇਕ ਆਸ ਦੀ ਕਿਰਨ ਜਾਗੀ ਉਹ ਸੋਚਦੀ,” ਪਰਮਾਤਮਾ ਤਾਂ ਮੇਰੇ ਨਾਲ ਹੈ, ਉਹ ਤਾਂ ਇਸ ਦੀਆਂ ਗਾਲ਼ਾਂ ਤੋਂ ਨਹੀਂ ਡਰਦਾ …..ਮੇਰੀ ਮਦਦ ਕਰਨ ਲਈ ਜ਼ਰੂਰ ਪਹੁੰਚੇਗਾ… ਮੇਰੇ ਅੰਦਰਲਾ ਹੌਸਲਾ ਤਾਂ ਇਸ ਦੀਆਂ ਗਾਲ਼ਾਂ ਤੋਂ ਨਹੀਂ ਡਰਦਾ … ਮੇਰੇ ਅੰਦਰਲਾ ਜੋਸ਼ ਤਾਂ ਇਸ ਦੀਆਂ ਗਾਲ਼ਾਂ ਤੋਂ ਨਹੀਂ ਡਰਦਾ…।” ਸੋਚਦੇ ਸੋਚਦੇ ਉਸ ਦੀ ਸਾਰੀ ਰਾਤ ਨਿਕਲ ਗਈ ਤੇ ਖਿੜਕੀ ਵਿੱਚੋਂ ਚੜ੍ਹਦੇ ਦਿਨ ਦੀ ਰੋਸ਼ਨੀ ਦਿਸਣ ਲੱਗੀ ਤੇ ਚਿੜੀਆਂ ਚਹਿਕਣ ਲੱਗੀਆਂ।ਗਹਿਰੀ ਨਿਰਾਸ਼ਾ ਕਾਰਨ ਚਾਹੇ ਉਸ ਦੇ ਸਰੀਰ ਦਾ ਅੰਗ ਅੰਗ ਦੁੱਖ ਰਿਹਾ ਸੀ ਪਰ ਉਹ ਸੋਚਦੀ ਇਹ ਸਵੇਰ ਦੇ ਚਾਨਣ ਦੀ ਕਿਰਨ ਜਿਵੇਂ ਇੱਕ ਨਵੇਂ ਦਿਨ ਦੀ ਸ਼ੁਰੂਆਤ ਕਰ ਰਹੀ ਹੈ ਉਸ ਦੇ ਅੰਦਰ ਦੀ ਹੌਸਲੇ ਅਤੇ ਆਸ ਦੀ ਕਿਰਨ ਵੀ ਉਸ ਦੀ ਜ਼ਿੰਦਗੀ ਵਿੱਚ ਰੌਸ਼ਨੀ ਲੈ ਕੇ ‌‌‌‌ਆਈ ਹੈ।ਉਹ ਇੱਕ ਵਾਰ ਫਿਰ ਹਾਲਾਤਾਂ ਦਾ ਸਾਹਮਣਾ ਕਰਨ ਲਈ ਉੱਦਮ ਨਾਲ ਉੱਠ ਖੜ੍ਹੀ ਹੋਈ ਅਤੇ ਨਵੇਂ ਦਿਨ ਦੀ ਰੋਸ਼ਨੀ ਦੀ ਉਡੀਕ ਕਰਨ ਲੱਗੀ।

ਬਰਜਿੰਦਰ ਕੌਰ ਬਿਸਰਾਓ
9988901324

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਸੀਂ ਸੰਸਕਾਰ ਵੀ ਨਹੀਂ ਸੰਭਾਲੇ ਅਤੇ ਸਿਸਟਮ ਵੀ ਨਹੀਂ ਬਣਾਇਆ: ਡਾ. ਕੁਲਦੀਪ ਸਿੰਘ ਦੀਪ
Next articleਗ਼ਜ਼ਲ