HOME ਅਸੀਂ ਹਾਂ ਸੇਵਾ ਮੁਕਤ ਮੁਲਾਜ਼ਮ 

ਅਸੀਂ ਹਾਂ ਸੇਵਾ ਮੁਕਤ ਮੁਲਾਜ਼ਮ 

ਮੂਲ ਚੰਦ ਸ਼ਰਮਾ
 (ਸਮਾਜ ਵੀਕਲੀ) 
ਅਸੀਂ ਸੇਵਾ ਮੁਕਤ ਸਾਥੀ , ਸ਼ਾਨਾਂ ਨਾਲ਼ ਜਿਉਂਨੇਂ ਆਂ।
ਅਪਣੇ ਕੰਮ ਮੁਕਾ ਲਏ ਨੇ , ਕੰਮ ਹੋਰਾਂ ਦੇ ਆਉਂਨੇਂ ਆਂ।
ਅਸੀਂ ਜੋ ਕੁੱਝ ਚਾਹੁੰਦੇ ਸੀ ਸਭ ਹਾਸਿਲ ਕਰ ਲਿਆ ਏ।
ਅਪਣਾ ਦਿਲੋ ਦਿਮਾਗ਼ ਅਸੀਂ ਖ਼ੁਸ਼ੀਆਂ ਨਾਲ਼ ਭਰ ਲਿਆ ਏ।
ਮਰਜ਼ੀ ਦਾ ਖਾਨੇਂ ਆਂ ਮਰਜ਼ੀ ਦਾ ਹੰਢਾਉਂਨੇਂ ਆਂ।
ਬੱਚੇ ਕੰਮਾਂ ‘ਤੇ ਲਾ ਦਿੱਤੇ ਨਾਲ਼ੇ ਵਿਆਹ ‘ਤੇ ਵਰ ਦਿੱਤੇ।
ਜਿੱਥੇ ਖ਼ੁਦ ਨਈਂ ਪਹੁੰਚ ਸਕੇ ਪਹੁੰਚਣ ਜੋਗੇ ਕਰ ਦਿੱਤੇ।
ਹੁਣ ਅਸੀਂ ਉਨ੍ਹਾਂ ਦੇ ਸਿਰ ‘ਤੇ ਪੂਰੀ ਐਸ਼ ਉਡਾਉਂਨੇਂ ਆਂ।
ਅਪਣੀ ਨੀਂਦਰ ਸੌਂਦੇ ਹਾਂ ਅਪਣੀ ਮਰਜ਼ੀ ਉਠਦੇ ਹਾਂ।
ਬਾਜ ਉਕਾਬਾਂ ਤੋਂ ਉੱਚੇ ਬਿਨਾਂ ਖੰਭਾਂ ਤੋਂ ਉਡਦੇ ਹਾਂ।
ਜਦੋਂ ਅਪਣਿਆਂ ਖ਼ਿਆਲਾਂ ਦਾ ਕੋਈ ਜਹਾਜ਼ ਬਣਾਉਨੇਂ ਆਂ।
ਇੱਕ ਜਥੇਬੰਦੀ ਸਾਡੀ ਸਾਂਝੇ ਕੰਮ ਵੀ ਕਰਦੀ ਹੈ।
ਜੇ ਕੋਈ ਮੰਗਾਂ ‘ਨੀਂ ਮਨਦਾ ਗਲ਼ ‘ਤੇ ਗੂਠਾ ਧਰਦੀ ਹੈ।
ਵੱਡੇ ਖੱਬੀ ਖਾਨਾਂ ਨੂੰ ਏਕੇ ਨਾਲ਼ ਝੁਕਾਉਨੇਂ ਆਂ।
ਜ਼ਿੰਦਗੀ ਦੇ ਤਜ਼ਰਬਿਆਂ ਨੂੰ ਸਾਂਝੇ ਕਰਦੇ ਰਹਿੰਨੇਂ ਆਂ।
ਕਦੇ ਬੱਚੇ , ਗੱਭਰੂ ਤੇ ਸਿਆਣਿਆਂ ਵਿੱਚ ਬਹਿੰਨੇਂ ਆਂ।
ਸਭ ਨੂੰ ਜੀ ਜੀ ਕਹਿੰਨੇਂ ਆਂ ਸਭ ਤੋਂ ਜੀ ਅਖਵਾਉਂਨੇਂ ਆਂ।
ਸਿੱਖਿਆ ਗੁਰਬਾਣੀ ਦੀ ਅਮਲਾਂ ਵਿੱਚ ਢਾਲ਼ ਲਈ।
ਗੱਲ ਗੁਰੂਆਂ ਤੇ ਪੀਰਾਂ ਦੀ ਮਨਾਂ ਵਿੱਚ ਸੰਭਾਲ਼ ਲਈ।
ਜਿਹੜੇ ਰਾਹ ‘ਤੇ ਖ਼ੁਦ ਚੱਲੀਏ ਹੋਰਾਂ ਨੂੰ ਵੀ ਚਲਾਉਨੇਂ ਆਂ।
ਸ਼ਰਮਾ ਪਿੰਡ ਰੰਚਣਾਂ ਦਾ ਚੜ੍ਹਦੀ ਕਲਾ ‘ਚ ਰੱਖਦਾ ਏ।
ਜਿਸ ਦਾ ਅਪਣਾ ਮੱਥਾ ਵੀ ਸੂਰਜ ਵਾਂਗੂੰ ਭੱਖਦਾ ਏ।
ਜਿਹੜੇ ਗੀਤ ਉਹ ਲਿਖਦਾ ਏ ਰਲ਼ ਮਿਲ਼ ਕੇ ਗਾਉਂਨੇਂ ਆਂ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜ਼ਿਲ੍ਹਾ ਸੰਗਰੂਰ ।
9914836037
Previous articleਬਲਾਕ ਸੰਮਤੀ ਜੋਨ ਬਣਾਂ ਤੋ ਕਾਂਗਰਸ ਨੇ ਖਾਤਾ ਖੋਲਿਆ, ਕੇਵਲ ਰਾਮ 106 ਵੋਟਾਂ ਨਾਲ ਜਿੱਤੇ
Next articleਚੋਣ ਡਿਊਟੀ ਦੀ ਰਾਤ