ਬਾਰਾਬੰਕੀ(ਯੂਪੀ) (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਮਾਜਵਾਦੀ ਪਾਟੀ ਦੇ ਮੁਖੀ ਅਖਿਲੇਸ਼ ਯਾਦਵ ’ਤੇ ਤਨਜ਼ ਕਸਦਿਆਂ ਕਿਹਾ ਕਿ ‘ਵੱਡੇ ਪਰਿਵਾਰਵਾਦੀਆਂ’ ਨੇ ਵੋਟ ਬੈਂਕ ਲਈ ਮੁਸਲਿਮ ਧੀਆਂ ਦੇ ਦਰਦ ਨੂੰ ਨਜ਼ਰਅੰਦਾਜ਼ ਕੀਤਾ ਜਦੋਂਕਿ ਉਨ੍ਹਾਂ ਦੀ ਸਰਕਾਰ ਨੇ ਤਿੰਨ ਤਲਾਕ ਵਿਰੋਧੀ ਕਾਨੂੰਨ ਬਣਾਇਆ। ਸ੍ਰੀ ਮੋਦੀ ਨੇ ਕਿਹਾ ਕਿ ‘ਉਹ ਭਾਵੇਂ ਪਰਿਵਾਰ ਵਾਲੇ ਨਹੀਂ, ਪਰ ਹਰ ਪਰਿਵਾਰ ਦੇ ਦਰਦ ਨੂੰ ਸਮਝਦੇ ਹਨ।’ ਉਨ੍ਹਾਂ ਕਿਹਾ ਕਿ ਯੂਪੀ ਵਿੱਚ ਰਵਾਇਤੀ ਵਿਰੋਧੀ ਪਾਰਟੀਆਂ ਦੀ ਸਿਆਸਤ ਸਿਰਫ਼ ‘ਵੋਟ ਬੈਂਕ’ ਤੱਕ ਹੀ ਸੀਮਤ ਹੈ ਜਦੋਂਕਿ ਤਿੰਨ ਤਲਾਕ ਦਾ ਸੰਤਾਪ ਹੰਢਾ ਰਹੀਆਂ ਮੁਸਲਿਮ ਮਹਿਲਾਵਾਂ ਦੀ ਉਨ੍ਹਾਂ ਨੂੰ ਕੋਈ ਫ਼ਿਕਰ ਨਹੀਂ। ਉਨ੍ਹਾਂ ਕਿਹਾ ਕਿ ਯੂਪੀ ਤੇ ਪੂਰਾ ਦੇਸ਼ ਉਨ੍ਹਾਂ ਦਾ ਪਰਿਵਾਰ ਹੈ।
ਬਾਰਾਬੰਕੀ ਤੇ ਅਯੁੱਧਿਆ ਜ਼ਿਲ੍ਹਿਆਂ ਦੇ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ‘ਸਪਾ’ ਮੁਖੀ ਅਖਿਲੇਸ਼ ਯਾਦਵ ਦੇ ਅਸਿੱਧੇ ਹਵਾਲੇ ਨਾਲ ਤਨਜ਼ ਕਸਦਿਆਂ ਕਿਹਾ, ‘‘ਜਿਹੜੇ ਦਾਅਵਾ ਕਰਦੇ ਹਨ ਕਿ ਉਹ ਪਰਿਵਾਰ ਵਾਲੇ ਹਨ, ਪਰ ਉਨ੍ਹਾਂ ਨੂੰ ਤਿੰਨ ਤਲਾਕ ਪੀੜਤਾਂ ਦਾ ਦਰਦ ਕਿਉਂ ਨਹੀਂ ਦਿਸਿਆ।’’ ਉਨ੍ਹਾਂ ਕਿਹਾ, ‘‘ਮੇਰੀਆਂ ਮੁਸਲਿਮ ਭੈਣਾਂ ਤੇ ਧੀਆਂ ਨੂੰ ਛੋਟੇ-ਛੋਟੇ ਬੱਚੇ ਲੈ ਕੇ ਪਿਤਾ ਦੇ ਘਰ ਮੁੜਨਾ ਪੈਂਦਾ ਸੀ, ਉਦੋਂ ਤੁਹਾਨੂੰ ਪਰਿਵਾਰ ਦਾ ਦਰਦ ਕਿਉਂ ਨਹੀਂ ਸਮਝ ਆਇਆ। ਅਸੀਂ ਪਰਿਵਾਰ ਵਾਲੇ ਨਹੀਂ, ਪਰ ਹਰ ਪਰਿਵਾਰ ਦੇ ਦਰਦ ਨੂੰ ਪਛਾਣਦੇ ਹਾਂ।’ ਕਿਸਾਨਾਂ ਦੀ ਗੱਲ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਛੋਟੇ ਕਿਸਾਨਾਂ ਦੀਆਂ ਲੋੜਾਂ ਨੂੰ ਧਿਆਨ ’ਚ ਰੱਖ ਕੇ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਯੂਪੀ ਪੁਲੀਸ ਤੇ ਫੌਜ ਵਿੱਚ ਵੱਡੀ ਗਿਣਤੀ ਮਹਿਲਾਵਾਂ ਦੀ ਭਰਤੀ ਨੂੰ ਵੀ ਜ਼ੋਰਦਾਰ ਢੰਗ ਨਾਲ ਉਭਾਰਿਆ। ਸ੍ਰੀ ਮੋਦੀ ਨੇ ਜਾਨਵਰਾਂ ਲਈ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਤੇ ਸੀਮਾਂਤਕ ਕਿਸਾਨਾਂ ਦੇ ਸਿੱਧੇ ਖਾਤਿਆਂ ਵਿੱਚ ਪੈਸਾ ਪਾਉਣ ਦੀ ਗੱਲ ਵੀ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly