(ਸਮਾਜ ਵੀਕਲੀ)
ਕੀ ਵਰਤਿਆ ਭਾਣਾ, ਕੀ ਹੋ ਗਿਆ ਕਹਿਰ,
ਪਾਣੀ-ਪਾਣੀ ਹੋ ਗਿਆ ਹਰ ਪਿੰਡ, ਹਰ ਸ਼ਹਿਰ…
ਮੰਨਿਆ ਪੁੰਨ ਘਟੇ ਤੇ ਵਧ ਗਏ ਪਾਪ,
ਪਰ ਨਹੀਂ ਝੱਲਿਆ ਜਾਂਦਾ ਇਹ ਸੰਤਾਪ।
ਕੀ ਸਾਂਭੀਏ, ਕੀ ਛੱਡੀਏ, ਚਿੰਤਾ ਅੱਠੋ-ਪਹਿਰ,
ਪਾਣੀ-ਪਾਣੀ ਹੋ ਗਿਆ…
ਭਾਵੇਂ ਚੰਨ ਤੇ ਅਸੀਂ ਅੱਜ ਪੈਰ ਹਾਂ ਧਰਦੇ,
ਪਰ ਕੁਦਰਤ ਨਾਲ ਮੁਕਾਬਲਾ ਨਹੀਂ ਕਰ ਸਕਦੇ।
ਕੋਈ ਕਰੋ ਉਪਾਅ, ਇਹ ਵਿਪਦਾ ਜਾਵੇ ਠਹਿਰ,
ਪਾਣੀ-ਪਾਣੀ ਹੋ ਗਿਆ…
ਮਹਫ਼ੂਜ਼ ਨਹੀਂ ਰਹੇ ਸੜਕਾਂ ਤੇ ਪੁਲ,
ਕਈ ਗਏ ਨਾ-ਵਿਚਾਰੇ ਰੁਲ।
ਕੀਲ ਗਈਆਂ ਕਈ ਜ਼ਿੰਦਗੀਆਂ, ਪਾਣੀ ਦੀ ਲਹਿਰ,
ਪਾਣੀ-ਪਾਣੀ ਹੋ ਗਿਆ…
ਮਨੁੱਖਤਾ ਤੇ ਹੁਣ ਕੁਝ ਕਰਮ ਕਮਾਓ,
ਫੇਰ ਕਦੋਂ ਆਉਣਾ ਰੱਬ ਜੀ, ਜਲਦੀ ਆਓ।
ਅਰਜ਼ੋਈ ਕਰੇ ਸ਼ੌਂਕੀ, ਸ਼ਾਮੋ-ਸਹਿਰ,
ਪਾਣੀ-ਪਾਣੀ ਹੋ ਗਿਆ…
ਰਮੇਸ਼ ਸ਼ੌਂਕੀ ਜਲੰਧਰ



