ਜੰਗ- ਮੈਂ ਦੀ ਮੈਂ ਸੰਗ

ਚਰਨਜੀਤ ਸਿੰਘ ਰਾਜੌਰ

(ਸਮਾਜ ਵੀਕਲੀ)

ਜੰਗ ਲਗ ਗਈ ਹੈ
ਬੜੀ ਭਿਆਨਕ ਹੈ,
ਸੁਣਿਆ ਹੈ ਸਾਰੀ ਦੁਨੀਆਂ
ਤਬਾਹ ਹੋ ਜਾਵੇਗੀ।

ਕੀ ਕਾਰਨ ਹੋ ਸਕਦਾ ਹੈ
ਇਸ ਲੜਾਈ ਦਾ,
ਕੁਝ ਪਤਾ ਲੱਗਿਆ?
ਕਹਿੰਦੇ ‘ਮੈਂ’ ਹੀ
ਮੁੱਖ ਵਜ੍ਹਾ ਹੈ,
ਇਸ ਨਾ ਮੁਰਾਦ
ਯੁੱਧ ਦੀ ਸ਼ੁਰੂਆਤ ਦੀ।

ਹਾਂ ਇਹ ਹੀ ਹੋ ਸਕਦਾ ਹੈ,
ਪਰ ਇਸ ‘ਮੈਂ’ ਨੂੰ
ਰਤਾ ਤਰਸ ਨਹੀਂ ਆਇਆ
ਉਹਨਾਂ ਮਾਸੂਮ ਬੱਚਿਆਂ ਤੇ
ਜਿਹੜੇ ਆਪਣੀਆਂ ਅੱਖਾਂ ਸਾਹਮਣੇ
ਆਪਣੇ ਮਾਂ-ਬਾਪ ਨੂੰ ਤੜਫਦਿਆਂ
ਮਰਦਿਆਂ ਵੇਖ ਰਹੇ ਹਨ।

ਕੀ ਰਤਾ ਤਰਸ ਨਹੀਂ ਆਇਆ
ਇਸ ‘ਮੈਂ’ ਨੂੰ
ਉਹਨਾਂ ਮਾਪਿਆਂ ਤੇ
ਜਿਹੜੇ ਆਪਣੇ ਛੋਟੇ-ਛੋਟੇ ਬੱਚਿਆਂ ਨੂੰ
ਮਰਦਾਂ ਵੇਖਣ ਤੋਂ ਪਹਿਲਾਂ ਹੀ
ਤਿਲ਼ ਤਿਲ਼ ਮਰਣ ਵੀ ਲੱਗ ਪਏ ਹਨ।

ਐਨੀ ਹੰਕਾਰੀ ਹੋਈ
ਕਿਵੇਂ ਹੋ ਸਕਦੀ ਹੈ ਇਹ ‘ਮੈਂ’,
ਆਪਣੇ ਹੰਕਾਰ ਨੂੰ ਉੱਚਾ ਰੱਖਣ ਲਈ
ਕਿਓਂ ਇਹ ਸੱਤਾ ਤੇ ਕਾਬਜ਼ ‘ਮੈਂ’
ਆਮ ਲੋਕਾਂ ਨੂੰ ਬਲੀ ਦਾ ਬੱਕਰਾ
ਬਣਾ ਰਹੀ ਹੈ।

ਰੱਬ ਕਰਕੇ ‘ਰੱਬਾ’ ਇਹ
ਚੰਦਰੀ ‘ਮੈਂ’ ਨੂੰ ਕਰੋਨਾ ਹੋ ਜਾਵੇ,
ਆਕਸੀਜਨ ਨਾ ਮਿਲੇ
ਇਸ ਤਬਾਹਕੁੰਨ ‘ਮੈਂ’ ਨੂੰ ,

ਤੇ ਕੋਈ ਦੂਜੀ ਜਨਮੀ ‘ਮੈਂ’
ਸੰਪਰਕ ਵਿੱਚ ਹੀ ਨਾ ਆਵੇ
ਇਸ ਕਰੋਨਾ ਮਾਰੀ ‘ਮੈਂ’ ਦੇ,,

ਤੇ ਤੜਫਦੀ ਮਰਦੀ ਵੇਖ
ਨਵੀਂ ਜਨਮ ਰਹੀ ਹਰ ਇੱਕ ‘ਮੈਂ’
ਇੱਕ ਵਾਰ ਜਰੂਰ ਸੋਚੇ ਤੇ
ਆਪਣੇ ਅੰਦਰਲੀ
‘ਮੈਂ’ ਨੂੰ ਤਿਆਗ ਕੇ
‘ਅਸੀਂ’ ਹੋ ਜਾਵੇ।

ਚਰਨਜੀਤ ਸਿੰਘ ਰਾਜੌਰ
8427929558

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIslamic Emirate of Afghanistan calls for restraint in Ukraine
Next articleरेल कोच फैक्ट्री,कपूरथला में ऑल इंडिया रेलवे वेट लिफटिंग चैंपियनशिप (महिला और पुरूष वर्ग ) प्रारंभ