HOME “ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਪੜਾਅ ਦੂਜਾ ” ਮਿਸ਼ਨ ‘ਸੰਪਰਕ’ ਤਹਿਤ ਮਾਲੇਰਕੋਟਲਾ ‘ਚ...

“ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਪੜਾਅ ਦੂਜਾ ” ਮਿਸ਼ਨ ‘ਸੰਪਰਕ’ ਤਹਿਤ ਮਾਲੇਰਕੋਟਲਾ ‘ਚ ਪੁਲਿਸ ਮੀਟਿੰਗ ਦਾ ਆਯੋਜਨ

1

ਸਮਾਜ ਵੀਕਲੀ ਯੂ ਕੇ

ਮਾਲੇਰਕੋਟਲਾ (ਕੁਲਵੰਤ ਸਿੰਘ ਮੁਹਾਲੀ)- ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਪੜਾਅ ਦੂਜੇ, ਮਿਸ਼ਨ ‘ਸੰਪਰਕ’ ਅਧੀਨ ਸਥਾਨਕ ਊਰਦੂ ਅਕੈਡਮੀ ਮਾਲੇਰਕੋਟਲਾ ਵਿਖੇ ਜ਼ਿਲ੍ਹਾ ਪੁਲਿਸ ਵੱਲੋਂ ਐਸ. ਐਸ ਪੀ ਗਗਨ ਅਜੀਤ ਸਿੰਘ ਦੀ ਅਗਵਾਈ ਚ ਇੱਕ ਪਬਲਿਕ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪਿੰਡਾਂ ਅਤੇ ਵਾਰਡਾਂ ਦੇ ਵੀ.ਡੀ.ਸੀ.ਮੈਂਬਰਾਂ ਨੇ ਗਰਮਜੋਸ਼ੀ ਨਾਲ ਭਾਗ ਲਿਆ,ਜਦਕਿ ਵੱਖ-2 ਪਿੰਡਾਂ ਦੇ ਮੋਹਤਬਰ ਵਿਅਕਤੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਨਸ਼ਿਆਂ ਵਿਰੁੱਧ ਚਲ ਰਹੀ ਇਸ ਮੁਹਿੰਮ ਦੀ ਭਰਪੂਰ ਸ਼ਲਾਘਾ ਕੀਤੀ।ਇਸ ਮੌਕੇ ਆਈ.ਜੀ. (ਜੀ.ਆਰ.ਪੀ.) ਬਲਜੋਤ ਸਿੰਘ ਰਾਠੌਰ ਵਿਸ਼ੇਸ ਤੌਰ ਸ਼ਿਰਕਤ ਕਰਦਿਆਂ, ਆਪਣੇ ਸੰਬੋਧਨ ਦੌਰਾਨ ਕਿਹਾ ਕਿ ਆਮ ਲੋਕਾਂ ਦਾ ਸਹਿਯੋਗ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ।ਉਨ੍ਹਾਂ ਕਿਹਾ ਕਿ ਜਦ ਤੱਕ ਸਮਾਜ ਦਾ ਹਰ ਵਰਗ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਨਹੀਂ ਕਰੇਗਾ, ਤਦ ਤੱਕ ਨਸ਼ਿਆਂ ਖ਼ਿਲਾਫ਼ ਲੜਾਈ ਨੂੰ ਪੂਰੀ ਤਰ੍ਹਾਂ ਜਿੱਤਿਆ ਨਹੀਂ ਜਾ ਸਕਦਾ।ਉਨ੍ਹਾਂ ਨੇ ਕਿਹਾ ਕਿ ਮਿਸ਼ਨ ‘ਸੰਪਰਕ’ ਦਾ ਮੁੱਖ ਮਕਸਦ ਪੁਲਿਸ ਅਤੇ ਆਮ ਲੋਕਾਂ ਦਰਮਿਆਨ ਭਰੋਸੇ ਦਾ ਮਜ਼ਬੂਤ ਪੁਲ ਬਣਾਉਣਾ ਹੈ, ਤਾਂ ਜੋ ਨਸ਼ਿਆਂ ਨਾਲ ਜੁੜੀ ਹਰ ਗਤੀਵਿਧੀ ਬਾਰੇ ਸਮੇਂ ਸਿਰ ਜਾਣਕਾਰੀ ਮਿਲ ਸਕੇ।

ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਗਲਤ ਰਾਹ ’ਤੇ ਪੈ ਰਹੇ ਹਨ, ਉਨ੍ਹਾਂ ਨੂੰ ਸਜ਼ਾ ਦੇਣ ਦੀ ਬਜਾਏ ਸਹੀ ਦਿਸ਼ਾ ਵੱਲ ਮੋੜਨਾ ਸਮਾਜ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ।ਇਸ ਮੌਕੇ ਐੱਸ.ਐੱਸ.ਪੀ. ਗਗਨ ਅਜੀਤ ਸਿੰਘ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਨਾਲ ਸਬੰਧਿਤ ਕਿਸੇ ਵੀ ਕਿਸਮ ਦੀ ਜਾਣਕਾਰੀ ਬਿਨਾਂ ਡਰ ਦੇ ਪੁਲਿਸ ਨਾਲ ਸਾਂਝੀ ਕੀਤੀ ਜਾਵੇ, ਜਾਣਕਾਰੀ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਇਸ ਉਪਰੰਤ ਉਹਨਾਂ ਵੱਲੋਂ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਾਰੇ ਪਿੰਡ ਅਤੇ ਵਾਰਡ ਪੱਧਰੀ ਨੁਮਾਇੰਦਿਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ।ਇਸ ਮੀਟਿੰਗ ਵਿੱਚ ਐੱਸ.ਪੀ (ਐਚ) ਗੁਰਸ਼ਰਨਜੀਤ ਸਿੰਘ ਸੰਧੂ, ਡੀ.ਐਸ.ਪੀ ਮਾਲੇਰਕੋਟਲਾ ਸ.ਮਾਨਵਜੀਤ ਸਿੰਘ, ਥਾਣਾ ਮੁਖੀ ਬਲਜੀਤ ਸਿੰਘ,ਮੈਡਮ ਗੁਰਪ੍ਰੀਤ ਕੌਰ ਸਮੇਤ ਜ਼ਿਲ੍ਹਾ ਪੁਲਿਸ ਫੋਰਸ ਦੇ ਹੋਰ ਅਧਿਕਾਰੀ ਵੀ ਹਾਜ਼ਰ ਰਹੇ।

Previous articleਮਜੀਠਾ ਰੈਲੀ ‘ਚ ਸ਼ਾਮਿਲ ਹੋਣ ਲਈ ਇੰਗਲੈਂਡ ਤੋਂ ਆਪ ਵਰਕਰਾਂ ਦਾ ਜਥਾ ਜਾਵੇਗਾ ਪੰਜਾਬ
Next articleरोजगार एवं सामाजिक अधिकार अभियान की समता भवन रामकटोरा में हुई बैठक