ਹੁਬਲੀ (ਕਰਨਾਟਕ) (ਸਮਾਜ ਵੀਕਲੀ): ਕਰਨਾਟਕ ਦੇ ਪੁਰਾਣੇ ਹੁਬਲੀ ਸ਼ਹਿਰ ’ਚ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਅੱਜ ਤੜਕੇ ਵੱਡੀ ਗਿਣਤੀ ’ਚ ਲੋਕਾਂ ਨੇ ਹਿੰਸਾ ਕੀਤੀ। ਉਨ੍ਹਾਂ ਪੁਲੀਸ ਦੀਆਂ ਕਈ ਗੱਡੀਆਂ ਭੰਨ ਦਿੱਤੀਆਂ ਅਤੇ ਨੇੜੇ ਸਥਿਤ ਇੱਕ ਹਸਪਤਾਲ ਤੇ ਇੱਕ ਹਨੂੰਮਾਨ ਮੰਦਰ ਨੂੰ ਵੀ ਨੁਕਸਾਨ ਪਹੁੰਚਾਇਆ। ਇਸ ਘਟਨਾ ’ਚ ਕੁਝ ਪੁਲੀਸ ਅਧਿਕਾਰੀ ਵੀ ਜ਼ਖ਼ਮੀ ਹੋਏ ਹਨ। ਪੁਲੀਸ ਨੇ ਦੱਸਿਆ ਕਿ ਹੁਬਲੀ ਸ਼ਹਿਰ ’ਚ ਧਾਰਾ 144 ਲਗਾ ਦਿੱਤੀ ਗਈ ਹੈ। ਹੁਬਲੀ-ਧਾਰਵਾੜ ਦੇ ਪੁਲੀਸ ਕਮਿਸ਼ਨਰ ਲੱਭੂ ਰਾਮ ਨੇ ਪੱਤਰਕਾਰਾਂ ਨੂੰ ਦੱਸਿਆ, ‘ਤਕਰੀਬਨ 40 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਕੁਝ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ।
ਡਿਊਟੀ ’ਤੇ ਤਾਇਨਾਤ ਸਾਡੇ 12 ਅਧਿਕਾਰੀ ਜ਼ਖ਼ਮੀ ਹੋ ਗਏ ਹਨ ਤੇ ਪੁਲੀਸ ਦੇ ਕੁਝ ਵਾਹਨ ਵੀ ਨੁਕਸਾਨੇ ਗਏ ਹਨ।’ ਉਨ੍ਹਾਂ ਕਿਹਾ ਕਿ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ, ਇਸ ਲਈ ਕੁਝ ਇਹਤਿਆਤੀ ਕਦਮ ਚੁੱਕੇ ਗਏ ਹਨ। ਜਿਨ੍ਹਾਂ ਨੇ ਕਾਨੂੰਨ ਆਪਣੇ ਹੱਥ ’ਚ ਲਿਆ ਹੈ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਕਿਸੇ ਵਿਅਕਤੀ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾਈ ਸੀ ਜਿਸ ’ਤੇ ਕਈ ਲੋਕਾਂ ਨੇ ਇਤਰਾਜ਼ ਕੀਤਾ ਤੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ। ਇਸ ਤੋਂ ਬਾਅਦ ਕੇਸ ਦਰਜ ਕਰਕੇ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਪੁਲੀਸ ਦੀ ਕਾਰਵਾਈ ਤੋਂ ਸੰਤੁਸ਼ਟ ਨਾ ਹੋਣ ’ਤੇ ਕੁਝ ਲੋਕ ਥਾਣੇ ਨੇੜੇ ਇਕੱਠੇ ਹੋਣ ਲੱਗੇ। ਉਨ੍ਹਾਂ ਨੂੰ ਸਮਝਾਇਆ ਗਿਆ ਤੇ ਬਾਅਦ ਵਿੱਚ ਉੱਥੋਂ ਹਟਾ ਦਿੱਤਾ ਗਿਆ। ਕੁਝ ਦੇਰ ਬਾਅਦ ਲੋਕ ਫਿਰ ਇਕੱਠੇ ਹੋ ਗੲੇ ਤੇ ਉਨ੍ਹਾਂ ਹਿੰਸਾ ਸ਼ੁਰੂ ਕਰ ਦਿੱਤੀ। ਰਾਜ ਦੇ ਗ੍ਰਹਿ ਮੰਤਰੀ ਅਰਾਗਾ ਗਿਆਨੇਂਦਰ ਨੇ ਕਿਹਾ ਕਿ ਪੁਰਾਣਾ ਸ਼ਹਿਰ ਥਾਣੇ ਦੇ ਇੰਚਾਰਜ ਸਮੇਤ ਪੁਲੀਸ ਦੇ ਕੁਝ ਅਧਿਕਾਰੀ ਜ਼ਖ਼ਮੀ ਹੋਏ ਹਨ ਜਿਨ੍ਹਾਂ ’ਚੋਂ ਇੱਕ ਦੀ ਹਾਲਤ ਗੰਭੀਰ ਹੈ। ਮੁੱਖ ਮੰਤਰੀ ਬਸਵਰਾਜ ਬੋਮਈ ਨੇ ਕਿਹਾ ਕਿ ਇਹ ਯੋਜਨਾਬੱਧ ਢੰਗ ਨਾਲ ਕੀਤਾ ਗਿਆ ਹਮਲਾ ਸੀ। ਉਨ੍ਹਾਂ ਨਾਲ ਹੀ ਲੋਕਾਂ ਨੂੰ ਅਮਨ ਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਦੀ ਅਪੀਲ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly