(ਸਮਾਜ ਵੀਕਲੀ) ਦੁਨੀਆ ਵਿੱਚ ਹਰ ਸਾਲ ਲੱਖਾਂ ਬੱਚਿਆਂ ਅਤੇ ਕਿਸ਼ੋਰਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਸਰੀਰਕ ਸਜਾ ਦਾ ਸਾਹਮਣਾ ਕਰਨਾ ਪੈਦਾ ਹੈ।ਜਿਸ ਨੂੰ ਅਕਸਰ ਹੀ ‘ਅਨੁਸ਼ਾਸਨ’ ਜਾਂ ‘ਸੁਧਾਰ’ ਦਾ ਨਾਮ ਦਿੱਤਾ ਜਾਂਦਾ ਹੈ।ਪਰ ਅਸਲ ਸੱਚਾਈ ਇਹ ਹੈ ਕਿ ਅਜਿਹੇ ਕੰਮ ਬੱਚਿਆਂ ਦੇ ਲਈ ਦਰਦ, ਅਪਮਾਨ ਅਤੇ ਮਾਨਸਿਕ ਸਦਮੇ ਦਾ ਕਾਰਨ ਬਣਦੇ ਹਨ।ਵਿਸ਼ਵ ਸਿਹਤ ਸੰਗਠਨ ਦੀ ਇਕ ਤਾਜ਼ਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੱਚਿਆਂ ਦੇ ਪ੍ਰਤੀ ਹਮਲਾਵਰ ਹੋਣਾ ਕਿਸੇ ਵੀ ਪਾਸਿਓ ਸਹੀ ਨਹੀ ਨਹੀ ਹੇ।ਇਸ ਦੇ ਨਾ ਤਾਂ ਬੱਚਿਆਂ ਦੇ ਵਿਵਹਾਰ ਵਿੱਚ ਕੋਈ ਬਦਲਾਓ ਆਉਦਾ ਹੈ ਅਤੇ ਨਾ ਹੀ ਉਨਾਂ ਦੀ ਜਿੰਦਗੀ ਵਿੱਚ ਕੋਈ ਸੁਧਾਰ ਆਉਦਾ ਹੈ।ਬਲਕਿ ਇਹ ਉਨਾਂ ਦੀ ਸ਼ਖਸੀਅਤ,ਮਾਨਸਿਕ ਸਿਹਤ ਅਤੇ ਸਮਾਜਿਕ ਵਿਕਾਸ ਨੂੰ ਬਹੁਤ ਹੀ ਗੰਭੀਰਤਾ ਨਾਲ ਪ੍ਰਭਾਵਿਤ ਕਰਦਾ ਹੈ।ਭਾਰਤ ਵਿੱਚ ਵੀ ਬੱਚਿਆਂ ਨੂੰ ਸਰੀਰਕ ਸਜਾ ਇਕ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ।ਬੱਚਿਆਂ ਵਿੱਚ ਘਰ ਤੋਂ ਲੈ ਕੇ ਸਕੂਲ ਤੱਕ ਹਮਲਾਵਰ ਵਿਵਹਾਰ ਇਕ ਆਮ ਗੱਲ ਬਣ ਗਈ ਹੈ।ਬਹੁਤ ਸਾਰੇ ਲੋਕਾਂ ਨੂੰ ਇਸ ਵਿੱਚ ਕੁਝ ਵੀ ਆਸਧਾਰਨ ਨਹੀ ਲੱਗਦਾ।ਪਰ ਵੱਡਾ ਸਵਾਲ ਇਹ ਹੈ ਕਿ ਕੀ ਸੱਚਮੁੱਚ ਇਸ ਤਰਾਂ ਦੇ ਵਿਵਹਾਰ ਨਾਲ ਬੱਚਿਆਂ ਵਿੱਚ ਸੁਧਾਰ ਆਉਦਾ ਹੈ,ਜਾਂ ਕਿ ਇਹ ਬੱਚਿਆਂ ਵਿੱਚ ਹੀਣਤਾ ਦੀ ਭਾਵਨਾ ਅਤੇ ਹਿੰਸਾ ਦੀ ਮਾਨਸਿਕਤਾ ਪੈਦਾ ਕਰਦਾ ਹੈ?
ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਵਿੱਚ ਇਸ ਸਵਾਲ ਦਾ ਸਪੱਸ਼ਟ ਜਵਾਬ ਦਿੱਤਾ ਗਿਆ ਹੈ।ਉਸ ਵਿੱਚ ਇਹ ਕਿਹਾ ਗਿਆ ਹੈ ਕਿ ਦੁਨੀਆ ਭਰ ਵਿੱਚ ਆਠਾਰਾਂ ਸਾਲ ਤੋਂ ਘੱਟ ਉਮਰ ਦੇ ਅੱਧੇ ਤੋਂ ਵੱਧ ਬੱਚੇ ਹਰ ਸਾਲ ਕਿਸੇ ਨਾ ਕਿਸੇ ਰੂਪ ਵਿੱਚ ਸਰੀਰਕ ਸਜ਼ਾ ਦਾ ਸ਼ਿਕਾਰ ਹੁੰਦੇ ਹਨ।ਮਨੋਵਿਗਿਆਨੀਆ ਦੇ ਅਨੁਸਾਰ ਅਸੀ ਸਰੀਰਕ ਸਜਾ ਨੂੰ ਸਿਰਫ਼ ਕੁੱਟਮਾਰ ਤੱਕ ਹੀ ਸੀਮਿਤ ਮੰਨਦੇ ਹਾਂ,ਪਰ ਇਸ ਦੀ ਪਰੀਭਾਸ਼ਾਂ ਬਹੁਤ ਵਿਆਪਕ ਹੈ।ਬੱਚਿਆਂ ਦੇ ਕੰਨ ਖਿਚਣਾ,ਉਨਾਂ ਨੂੰ ਗੋਡਿਆਂ ਭਾਰ ਬਿਠਾਉਣਾ,ਉਨਾਂ ਨੂੰ ਘੰਟਿਆਂਬੱਧੀ ਖੜੇ ਰੱਖਣਾ,ਉਨਾਂ ਦਾ ਅਪਮਾਨ ਕਰਨਾ,ਉਨਾਂ ਨੂੰ ਭੁੱਖੇ ਰੱਖਣਾ ਜਾਂ ਕੋਈ ਵੀ ਇਹੋ ਜਿਹੀ ਸਜਾ ਜਿਸ ਨਾਲ ਉਨਾਂ ਨੂੰ ਸਰੀਰਕ ਜਾਂ ਮਾਨਸਿਕ ਦਰਦ ਹੋਵੇ,ਇਹ ਸੱਭ ਇਸ ਸ਼੍ਰੈਣੀ ਵਿੱਚ ਆਉਦੇ ਹਨ।ਬੱਚਿਆਂ ਤੇ ਹੱਥ ਚੁੱਕਣ ਦਾ ਮਤਲਬ ਉਨਾਂ ਦੀ ਇੱਜ਼ਤ ਨੂੰ ਠੇਸ ਪਹੁੰਚਾਉਣਾ ਵੀ ਹੈ।ਇਹ ਬਦਕਿਸਮਤੀ ਦੀ ਗੱਲ ਹੈ ਕਿ ਇਹ ਸੱਭ ਕੁਝ ਸਿਰਫ਼ ਘਰਾਂ ਵਿੱਚ ਹੀ ਨਹੀ ਹੁੰਦਾ,ਸਗੋਂ ‘ਅਨੁਸਾਸਨ’ ਦੇ ਨਾਮ ਤੇ ਸਕੂਲਾਂ ਅਤੇ ਹੋਸਟਲਾਂ ਵਿੱਚ ਅਕਸਰ ਅਜਿਹਾ ਹਮਲਾ ਦੇਖਿਆ ਜਾਂਦਾ ਹੈ।
ਸਰੀਰਕ ਸਜਾ ਨਾ ਸਿਰਫ਼ ਦਰਦ ਦਿੰਦੀ ਹੈ,ਸਗੋਂ ਇਹ ਬੱਚਿਆਂ ਦੇ ਦਿਲਾਂ ਅਤੇ ਦਿਮਾਗ਼ ‘ਤੇ ਇਕ ਗੂੜਾ ਦਾਗ ਵੀ ਛੱਡਦੀ ਹੈ।ਮਾਹਰਾਂ ਦਾ ਮੰਨਣਾ ਹੈ ਕਿ ਜਿੰਨਾਂ ਬੱਚਿਆਂ ਨੂੰ ਸਰੀਰਕ ਸਜਾ ਦਾ ਸਾਹਮਣਾ ਕਰਨਾ ਪੈਦਾ ਹੈ,ਉਨਾਂ ਦੇ ਆਪਣੇ ਸਾਥੀਆਂ ਦੇ ਮੁਕਾਬਲੇ ਵਿਕਾਸ ਦੇ ਰਾਹ ‘ਤੇ ਅੱਗੇ ਵਧਣ ਦੀ ਸੰਭਾਵਨਾ 24% ਘੱਟ ਹੁੰਦੀ ਹੈ।ਵਿਗਿਆਨਕ ਖੋਜ਼ ਦਰਸਾਉਦੀ ਹੈ ਕਿ ਕੁੱਟਮਾਰ ਬੱਚਿਆਂ ਦੇ ਤਣਾਅ ਨੂੰ ਵਧਾਉਦੀ ਹੈ,ਜੋ ਦਿਮਾਗ਼ ਦੀ ਬਣਤਰ ਅਤੇ ਕਾਰਜ਼ਾਂ ਨੂੰ ਪ੍ਰਭਾਵਤ ਕਰਦਾ ਹੈ।ਇਹ ਨਾ ਸਿਰਫ਼ ਉਨਾਂ ਦੀ ਪੜ੍ਹਾਈ ਨੂੰ ਪ੍ਰਭਾਵਤ ਕਰਦਾ ਹੈ ਸਗੋਂ ਉਨਾਂ ਦੇ ਆਤਮ-ਵਿਸ਼ਵਾਸ਼ ਅਤੇ ਸਮਾਜਿਕ ਵਿਵਹਾਰ ਨੂੰ ਵੀ ਪ੍ਰਭਾਵਤ ਕਰਦਾ ਹੈ।ਅਜਿਹੇ ਬੱਚੇ ਅਕਸਰ ਹੀ ਚੁੱਪ-ਚਾਪ ਅਤੇ ਡਰੇ-ਡਰੇ ਜਿਹੇ ਰਹਿੰਦੇ ਹਨ।ਉਹ ਆਪਣੀ ਗੱਲ ਕਹਿਣ ਤੋਂ ਵੀ ਡਰਦੇ ਹਨ ਅਤੇ ਉਨਾਂ ਵਿੱਚ ਚਿੰਤਾਂ ਅਤੇ ਉਦਾਸੀ ਗਹਿਰੀ ਹੋਣ ਲੱਗਦੀ ਹੈ।
ਇਹ ਇਕ ਹੋਰ ਵੀ ਮਹੱਤਵਪੂਰਨ ਪਹਿਲੂ ਨੂੰ ਉਜਾਗਰ ਕਰਦਾ ਹੈ ਕਿ ਸਰੀਰਕ ਸਜਾ ਸਮਾਜ ਵਿੱਚ ਹਿੰਸਾਂ ਨੂੰ ਆਮ ਬਣਾਉਦੀ ਹੈ।ਬਚਪਨ ਵਿੱਚ ਹਮਲਾਵਰ ਵਿਵਹਾਰ ਦਾ ਸਾਹਮਣਾ ਕਰਨ ਵਾਲੇ ਬੱਚੇ ਵੱਡੇ ਹੋਣ ਤੇ ਉਹੀ ਵਿਵਹਾਰ ਅਪਣਾਉਦੇ ਹਨ।ਇਸ ਦਾ ਮਤਲਬ ਇਹ ਹੈ ਕਿ ਇਹ ਸਿਲਸਿਲਾ ਪੀੜ੍ਹੀਆਂ ਤੱਕ ਜਾਰੀ ਰਹਿੰਦਾ ਹੈ।ਜਦੋਂ ਅਜਿਹੇ ਬੱਚੇ ਵੱਡੇ ਹੁੰਦੇ ਹਨ ਅਤੇ ਖੁਦ ਮਾਂ ਪਿਓ ਬਣ ਜਾਂਦੇ ਹਨ ਤਾਂ ਉਹ ਆਪਣੇ ਬੱਚਿਆਂ ਨਾਲ ਵੀ ਇਸੇ ਤਰਾਂ ਵਿਵਹਾਰ ਕਰਦੇ ਹਨ।ਕਈ ਵਾਰ ਇਹ ਬੱਚੇ ਹਿੰਸਾਂ ਪ੍ਰਵਿਰਤੀਆਂ ਪੈਦਾ ਕਰਦੇ ਹਨ ਅਤੇ ਸਮਾਜ ਵਿੱਚ ਅਪਰਾਧ ਵੱਲ ਵੱਧਦੇ ਹਨ। ਸਰੀਰਕ ਸਜਾ ਵੀ ਬੱਚਿਆਂ ਦੇ ਅਧਿਕਾਰਾਂ ਦੀ ਇਕ ਗੰਭੀਰ ਉਲੰਘਣਾ ਹੈ।ਸੰਯੁਕਤ ਰਾਸ਼ਟਰ ਦੀ ਬਾਲ ਅਧਿਕਾਰ ਕਮੇਟੀ ਇਸ ਨੂੰ ਸਜਾ ਦੇ ਰੂਪ ਵਿੱਚ ਲੈ ਰਹੀ ਹੈ,ਜੋ ਕਿ ਬੱਚਿਆਂ ਨੂੰ ਸਰੀਰਕ ਤਾਕਤ ਦੀ ਵਰਤੋਂ ਕਰਕੇ ਦਰਦ ਜਾਂ ਬੇਸ਼ਰਮੀ ਦਾ ਕਾਰਨ ਬਣਦੀ ਹੈ,ਭਾਵੇਂ ਕਿੰਨੀ ਵੀ ਹਲਕੀ ਕਿਊਂ ਨਾ ਹੋਵੇ।ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਦੁਨੀਆਂ ਭਰ ਵਿੱਚ ਚੌਦਾ ਸਾਲ ਦੀ ਉਮਰ ਦੇ ਲੱਗਭਗ 60% ਬੱਚਿਆਂ ਨੂੰ ਘਰ ਅਤੇ ਸਕੂਲ ਵਿੱਚ ਨਿਯਮਿਤ ਤੌਰ ‘ਤੇ ਸਰੀਰਕ ਸਜਾ ਦਿੱਤੀ ਜਾਦੀ ਹੈ।ਭਾਰਤ ਵਿੱਚ ਬਾਲ ਅਧਿਕਾਰ ਦੀ ਸੁਰੱਖਿਆ ਲਈ ਰਾਸ਼ਟਰੀ ਕਮਿਸ਼ਨ ਨੇ ਸਰੀਰਕ ਸਜਾ ਦੀ ਰੂਪ ਰੇਖਾ ਨੂੰ ਸੂਚੀਬੱਧ ਕੀਤਾ ਹੈ।ਇਹਨਾਂ ਵਿੱਚ ਬੱਚਿਆਂ ਨੂੰ ਬੇਆਰਾਮ ਮੁਦਰਾ ਵਿੱਚ ਖੜੇ ਕਰਨਾ,ਸਿਰਾਂ ਤੇ ਬੈਗ ਲੈ ਕੇ ਬੈਠਣਾ,ਗੋਡਿਆਂ ਭਾਰ ਬੈਠਣਾ ਆਦਿ ਸ਼ਾਮਲ ਹੈ।
ਦਰਆਸਲ ਬੱਚਿਆਂ ਨੂੰ ਕੁੱਟਣਾ ਮਾਰਨਾ ਕੋਈ ਇਕ ਘਰ ਜਾਂ ਇਕ ਕਬੀਲੇ ਦੀ ਸਮੱਸਿਆ ਨਹੀ ਹੈ।ਇਹ ਸਮਾਜ ਦੇ ਅੰਦਰ ਇਕ ਜੜ੍ਹ ਤੋਂ ਪੈਦਾ ਹੋਏ ਦਾ ਹੀ ਨਤੀਜਾ ਹੁੰਦਾ ਹੈ।ਦੁਨੀਆਂ ਵਿੱਚ ਬਹੁਤ ਸਾਰੇ ਦੇਸ਼ਾਂ ਵਿੱਚ ਸਰੀਰਕ ਸਜਾ ਤੇ ਪਾਬੰਧੀ ਹੈ।ਭਾਰਤ ਵਿੱਚ ਵੀ ਸਿੱਖਿਆ ਦੇ ਅਧਿਕਾਰ ਐਕਟ 2009 ਦੇ ਤਹਿਤ ਸਕੂਲਾਂ ਵਿੱਚ ਬੱਚਿਆਂ ਨੂੰ ਮਾਰਨਾ ਕੁੱਟਣਾ ਸਖਤ ਮਨ੍ਹਾ (ਗੈਰ ਕਾਨੂੰਨੀ) ਹੈ।ਪਰ ਸਾਡੇ ਦੇਸ਼ ਵਿੱਚ ਕਾਨੂੰਨ ਅਤੇ ਹਕੀਕਤ ਵਿੱਚ ਬਹੁਤ ਵੱਡਾ ਪਾੜਾ ਹੈ।ਇਸ ਦਾ ਸਬੁੂਤ ਹਰ ਰੋਜ਼ ਸਕੂਲਾਂ ਅੰਦਰ ਬੱਚਿਆਂ ਨਾਲ ਹੋਰ ਰਹੀ ਕੁੱਟ ਮਾਰ ਹੈ।ਕਈ ਮਾਮਲਿਆਂ ਵਿੱਚ ਬੱਚਿਆਂ ਨੇ ਆਪਣੀਆਂ ਜਾਨਾਂ ਵੀ ਗੁਆ ਦਿੱਤੀਆਂ ਹਨ।ਇਸ ਸਾਲ ਵਿੱਚ ਮਈ ਮਹੀਨੇ ਦੇ ਅੰਦਰ ਪ੍ਰਯਾਗਰਾਜ ਦੇ ਇਕ ਸਕੂਲ ਵਿੱਚ ਇਕ ਨਰਸਰੀ ਵਿੱਚ ਪੜ੍ਹ ਰਹੇ ਬੱਚੇ ਨੂੰ ਅਧਿਆਪਕ ਨੇ ਏਨਾ ਕੁੱਟਿਆ ਕਿ ਉਸ ਦੀ ਮੌਤ ਹੋ ਗਈ।ਏਹੋ ਜਿਹੀਆਂ ਬਹੁਤ ਸਾਰੀ ਹੋਰ ਵੀ ਘਟਨਾਵਾਂ ਹਨ ਜਿੰਨਾਂ ਵਿੱਚ ਬੱਚਿਆਂ ਦੀਆਂ ਜਾਂਨਾਂ ਤੱਕ ਚਲੀਆ ਗਈਆਂ।
ਪਿੰਡਾਂ ਵਿੱਚ ਅਤੇ ਆਮ ਕਸਬਿਆਂ ਵਿੱਚ ਅਜੇ ਅਧਿਆਪਕਾਂਵਾਂ ਵਲੋ ਬੱਚਿਆਂ ਦੀ ਕੁੱਟਮਾਰ ਕੀਤੀ ਜਾਦੀ ਹੈ।ਇਹ ਬੜੇ ਦੁੱਖ ਦੀ ਗੱਲ ਹੈ ਕਿ ਘਰਾਂ ਵਿੱਚ ਮਾਪੇ ਵੀ ਬੱਚਿਆਂ ਨਾਲ ਕੁੱਟਮਾਰ ਕਰਦੇ ਹਨ।ਅਸੀ ਅਕਸਰ ਇਹਨਾਂ ਗੱਲਾਂ ਨੂੰ ਆਮ ਗੱਲਾਂ ਕਹਿ ਕੇ ਅਣਗੌਹਲਿਆਂ ਕਰ ਦਿੰਦੇ ਹਾਂ।ਇਸ ਲਈ ਜਦੋਂ ਤੱਕ ਸਮਾਜ ਦੀ ਸੋਚ ਨਹੀ ਬਦਲਦੀ ਤਾਂ ਕਾਗਜ਼ਾਂ ਵਿੱਚ ਲਿਖੇ ਕਾਨੂੰਨ ਕੋਈ ਬਦਲਾਓ ਨਹੀ ਲਿਆ ਸਕਦੇ।ਕਈ ਵਾਰ ਆਪਾਂ ਸੋਚ ਲੈਦੇ ਹਾਂ ਕਿ ਅਨੁਸਾਸਨ ਹੀ ਸੱਭ ਕੁਝ ਕਰੇਗਾ,ਜਾਂ ਇਹ ਸੋਚ ਲੈਦੇ ਹਾਂ ਕਿ ਕੁੱਟਮਾਰ ਕਰਨ ਨਾਲ ਹੀ ਬਦਲਾਓ ਆਉਦਾ ਹੈ,ਨਹੀ ਇਹ ਧਾਰਨਾ ਬਿਲਕੁਲ ਗਲਤ ਹੈ ਜੇਕਰ ਅਸੀ ਉਪਰਾਲਾ ਨਹੀ ਕਰਾਂਗੇ ਇਹ ਬਦਲਾਓ ਨਹੀ ਆਉਣ ਵਾਲਾ।ਕਿਉਕਿ ਬੱਚਿਆਂ ਨੂੰ ਕੁੱਟਮਾਰ ਕਰਨ ਤੋਂ ਇਲਾਵਾ ਹੋਰ ਵੀ ਬਹੁਤ ਸਾਰੀ ਸਜਾਵਾਂ ਹਨ ਜਿੰਨਾਂ ਨਾਲ ਅਸੀ ਬੱਚਿਆਂ ਵਿੱਚ ਸੁਧਾਰ ਲਿਆ ਸਕਦੇ ਹਾਂ।ਪਿਆਰ ਨਾਲ ਅਸੀ ਬੱਚਿਆਂ ਦੀ ਜਿੰਦਗੀ ਵਿੱਚ ਸੌਖਿਆ ਹੀ ਬਦਲਾਓ ਲਿਆ ਸਕਦੇ ਹਾਂ।ਆਪਾਂ ਉਹ ਕਰੀਏ ਜਿਸ ਨਾਲ ਬੱਚਿਆਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਤੇ ਉਹ ਪਿਆਰ ਦੀ ਭਾਸ਼ਾਂ ਵੀ ਸਮਝ ਸਕਣ।ਬੱਚਿਆਂ ਨਾਲ ਸਤਿਕਾਰ ਨਾਲ ਪੇਸ਼ ਆਓ।ਬੱਚਿਆਂ ਨਾਲ ਦੋਸਤ ਦੀ ਤਰਾਂ ਵਰਤਾਓ ਕਰੋ।ਬੱਚੇ ਅਗਿਆਨਤਾ ਕਰਕੇ ਹੀ ਗਲਤੀਆਂ ਕਰਦੇ ਹਨ, ਇਸ ਕਰਕੇ ਉਹਨਾਂ ਨੂੰ ਝਿੜਕਣ ਦੀ ਬਜਾਇ ਪਿਆਰ ਨਾਲ ਸਮਝਾਇਆ ਜਾਂ ਸਕਦਾ ਹੈ।
ਸਾਡੇ ਲਈ ਇਹ ਸਮਝਣਾ ਬਹੁਤ ਜਰੂਰੀ ਹੈ ਕਿ ਬੱਚੇ ਜੋ ਦੇਖਦੇ ਹਨ ਉਹੀ ਕੁਝ ਸਿੱਖਦੇ ਹਨ।ਜੇਕਰ ਉਨਾਂ ਨੂੰ ਘਰ ਵਿੱਚ ਅਤੇ ਸਕੂਲ ਵਿੱਚ ਸਤਿਕਾਰ,ਪਿਆਰ ਮਿਲਦਾ ਰਹੇ,ਉਹ ਕਦੇ ਵੀ ਗਲਤ ਦਿਸ਼ਾਂ ਵੱਲ ਨਹੀ ਜਾ ਸਕਦੇ।ਚੰਗੇ ਵਿਵਹਾਰ ਦੀ ਪ੍ਰਸੰਸਾਂ ਅਤੇ ਵਧੀਆਂ ਵਿਵਹਾਰ ਬੱਚਿਆਂ ਦੀ ਜਿੰਦਗੀ ਬਣਾਉਣ ਵਿੱਚ ਬਹੁਤ ਸਹਾਈ ਹੁੰਦਾ ਹੈ।ਸਕੂਲ ਵਿੱਚ ਸੀਮਾਵਾਂ ਅਤੇ ਨਿਯਮ ਬਹੁਤ ਜਰੂਰੀ ਹਨ,ਲੋੜ ਹੈ ਉਹਨਾਂ ਨੂੰ ਸਮਝਦਾਰੀ ਨਾਲ ਲਾਗੂ ਕਰਾਉਣ ਦੀ,ਬੱਚਿਆਂ ਨੂੰ ਡਰਾ ਕੇ ਨਹੀ,ਪਿਆਰ ਨਾਲ।ਬੱਚਿਆਂ ਦਾ ਵਿਵਹਾਰ ਸਾਡੇ ਘਰ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਜੋ ਸਾਡੇ ਘਰ ਦਾ ਮਹੌਲ ਹੈ ਬੱਚਾ ਉਹੀ ਮਹੌਲ ਅਪਣਾਉਦਾ ਹੈ,ਸਾਨੂੰ ਵੀ ਚਾਹੀਦਾ ਹੈ ਕਿ ਅਸੀ ਆਪਣੇ ਘਰ ਦਾ ਮਹੌਲ ਠੀਕ ਰੱਖੀਏ।ਬੱਚਾ ਤਾਂ ਕੋਮਲ ਹੈ ਜੋ ਬੱਚੇ ਦੇ ਦਿਮਾਗ ਵਿੱਚ ਪੈ ਗਿਅ ਬੱਚਾ ਤਾਂ ਉਹੀ ਸਿੱਖਦਾ ਹੈ।ਇਸ ਕਰਕੇ ਬੱਚਿਆਂ ਜਿੰਨਾਂ ਵੀ ਹੋ ਸਕੇ ਪਿਆਰ ਨਾ ਸਮਝਾਓ ਤਾਂ ਕਿ ਬੱਚਿਆਂ ਦੀ ਜਿੰਦਗੀ ਵਿੱਚ ਕੋਈ ਅੜਚਣ ਨਾ ਆਵੇ।ਬੱਚਿਆਂ ਦੀ ਜਿੰਦਗੀ ਵਧੀਆਂ ਬਣੇਗੀ ਤਾਂ ਤੁਹਾਡਾ ਸਿਰ ਆਪਣੇ ਆਪ ਹੀ ਉਚਾ ਹੋ ਜਾਵੇਗਾ।
ਅਮਰਜੀਤ ਚੰਦਰ 9417600014


