(ਸਮਾਜ ਵੀਕਲੀ) ਖਾਸ ਕਰ ਪੰਜਾਬ ਵਿੱਚ ਗਰੀਬ ਲੋਕ ਖੇਤਾਂ ਵਿੱਚ ਸੀਰੀ ਦਾ ਕੰਮ ਕਰਦੇ ਸੀ। ਉਹਨਾਂ ਨੂੰ ਉੱਥੇ ਮਾਲਕ ਵਲੋਂ ਮਜ਼ਦੂਰੀ ਦੇ ਨਾਲ ਨਾਲ ਰੋਟੀ ਵੀ ਮਿਲਦੀ ਸੀ। ਸੱਭ ਤੋਂ ਪਹਿਲਾਂ ਪੰਜਾਬ ਦੇ ਦੁਆਬਾ ਇਲਾਕੇ ਚ ਲੋਕ ਜਾਗਰੂਕ ਹੋਏ ਅਤੇ ਉਹਨਾ ਨੇ ਖੇਤਾਂ ਵਿਚ ਸੀਰੀ ਦਾ ਕੰਮ ਕਰਨਾ ਬੰਦ ਕਰ ਦਿੱਤਾ। ਕੋਈ ਨਜ਼ਦੀਕੀ ਸ਼ਹਿਰ ਜਾ ਕੇ ਮਜ਼ਦੂਰੀ ਕਰਨ ਲੱਗ ਪਿਆ, ਕੋਈ ਫੈਕਟਰੀ ਵਿਚ ਲੱਗ ਗਿਆ। ਇਸ ਤਰ੍ਹਾਂ ਉਹਨਾਂ ਦੀ ਆਰਥਿਕ ਹਾਲਤ ਵਿੱਚ ਹੌਲੀ ਹੌਲੀ ਸੁਧਾਰ ਹੁੰਦਾ ਗਿਆ। ਫਿਰ ਪੰਜਾਬੀਆਂ ਦੀ ਥਾਂ ਸੀਰੀ ਦੇ ਕੰਮ ਲਈ ਪ੍ਰਵਾਸੀ ਆ ਗਏ। ਇੱਥੇ ਮਸਲਾ ਇਹ ਹੈ ਕਿ ਪੰਜਾਬੀਆਂ ਨੇ ਸੀਰੀ ਦਾ ਕੰਮ ਕਰਨਾ ਬੰਦ ਕਰ ਦਿੱਤਾ ਪਰ ਹੁਣ ਲੋਕ ਸੀਰੀ ਦਾ ਕੰਮ ਛੱਡਕੇ ਬੰਧੂਆ ਮਜ਼ਦੂਰੀ ਕਰਨ ਲੱਗ ਪਏ। ਮੇਰੇ ਕਹਿਣ ਦਾ ਭਾਵ ਹੈ ਕਿ ਲੋਕ ਵੱਖ ਵੱਖ ਡੇਰਿਆਂ ਤੇ ਜਾ ਕੇ ਸੇਵਾ ਦੇ ਨਾਂ ਤੇ ਮੁਫਤ ਵਿੱਚ ਮਜ਼ਦੂਰੀ ਕਰਨ ਲੱਗ ਪਏ। ਖੇਤਾਂ ਵਿਚ ਕੰਮ ਕਰਨ ਵਾਲੇ ਸੀਰੀ ਨੂੰ ਤਾਂ ਮਜ਼ਦੂਰੀ ਮਿਲਦੀ ਹੀ ਸੀ, ਭਾਵੇਂ ਘੱਟ ਹੀ ਮਿਲਦੀ ਸੀ। ਪਰ ਹੁਣ ਮੁਕਤੀ ਦੇ ਲਾਲਚ ਵਿੱਚ ਲੋਕ ਆਪਣਾ ਕੰਮ ਛੱਡਕੇ ਡੇਰਿਆਂ ਵਿੱਚ ਸੇਵਾ ਕਰਨ ਜਾਂਦੇ ਹਨ। ਆਪੋ ਆਪਣੇ ਤਜਰਬੇ ਮੁਤਾਬਕ ਉੱਥੇ ਹਰ ਤਰ੍ਹਾਂ ਦਾ ਕੰਮ ਬਿਨਾ ਪੈਸੇ ਤੋਂ ਕਰਦੇ ਹਨ। ਇਸ ਲਈ ਉਹਨਾਂ ਦਾ ਸਮਾਜਿਕ ਬਰਾਬਰੀ ਦਾ ਵਿਕਾਸ ਹੋਣਾ ਕਾਫੀ ਹੌਲੀ ਹੋ ਗਿਆ। ਲੋੜ ਹੈ ਜਾਗਰੂਕ ਹੋਣ ਦੀ ਪਰ ਇਹ ਡੇਰਿਆਂ ਤੇ ਸੇਵਾ ਕਰਨ ਵਾਲੇ ਲੋਕ ਆਪਣੇ ਸੰਵਿਧਾਨਕ ਹੱਕਾਂ ਲਈ ਸੰਘਰਸ਼ ਕਰਨ ਦੀ ਬਜਾਏ ਡੇਰਿਆਂ ਤੇ ਬੈਠੇ ਗੁਰੂਆਂ ਦੇ ਗੁਲਾਮ ਹੋ ਗਏ। ਉਹਨਾਂ ਲੋਕਾਂ ਦੇ ਦਿਮਾਗ ਵਿਚ ਇਹ ਅੰਧਵਿਸ਼ਵਾਸ ਫਸਿਆ ਹੋਇਆ ਹੈ ਕਿ ਸਾਡਾ ਡੇਰੇ ਵਾਲਾ ਗੁਰੂ ਹੀ ਸਾਡੇ ਸਾਰੇ ਕੰਮ ਸਵਾਰੇਗਾ। ਉਹਨਾਂ ਲੋਕਾਂ ਨੂੰ ਇਹ ਗੱਲ ਭੁੱਲ ਗਈ ਕਿ ਡੇਰੇ ਤਾਂ ਸੰਵਿਧਾਨ ਦੇ ਲਾਗੂ ਹੋਣ ਤੋਂ ਪਹਿਲਾਂ ਵੀ ਮੌਜੂਦ ਸਨ ਪਰ ਤੁਹਾਡੀ ਹਾਲਤ ਜੋ ਸੁਧਰੀ ਹੈ ਉਹ ਸਿਰਫ ਸੰਵਿਧਾਨ ਕਰਕੇ ਹੀ ਸੁਧਰੀ ਹੈ। ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਹਰ ਧਰਮ, ਪੰਥ ਜਾਂ ਡੇਰੇ ਨੂੰ ਆਪਣਾ ਪ੍ਰਚਾਰ ਪ੍ਰਸਾਰ ਕਰਨ ਦਾ ਹੱਕ ਵੀ ਸਵਿੰਧਾਨ ਨੇ ਹੀ ਦਿੱਤਾ ਹੈ। ਅੰਤ ਵਿੱਚ ਮੈਂ ਅਜੇਹੇ ਸੇਵਾ ਕਰਨ ਵਾਲੇ ਲੋਕਾਂ ਨੂੰ ਮਜ਼ਦੂਰ ਵੀ ਨਹੀਂ ਕਹਾਂਗਾ ਅਤੇ ਬੰਧੂਆ ਮਜ਼ਦੂਰ ਵੀ ਨਹੀਂ ਕਹਾਂਗਾ। ਬਲਕਿ ਮੈਂ ਇਹਨਾਂ ਨੂੰ ਮਾਨਸਿਕ ਬੰਧੂਆ ਮਜ਼ਦੂਰ ਕਹਾਂਗਾ।
Harish kumar
9465023000
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


