ਸਮਰਾਲਾ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਇਥੋਂ ਨਜ਼ਦੀਕੀ ਪਿੰਡ ਮੁਸ਼ਕਾਬਾਦ ਵਿੱਚ ਇੱਕ ਬਾਇਓ ਗੈਸ ਫੈਕਟਰੀ ਦਾ ਕੰਮ ਤਕਰੀਬਨ ਸਾਲ ਤੋਂ ਉੱਪਰ ਸਮੇਂ ਤੋਂ ਚੱਲਣਾ ਸ਼ੁਰੂ ਹੋਇਆ ਜਦੋਂ ਲੋਕਾਂ ਨੂੰ ਇਸ ਬਾਇਓ ਗੈਸ ਫੈਕਟਰੀ ਬਾਰੇ ਪਤਾ ਲੱਗਾ ਤਾਂ ਇਲਾਕੇ ਦੇ ਪਿੰਡਾਂ ਨੇ ਇਕੱਤਰ ਹੋ ਕੇ ਇੱਕ ਧਰਨਾ ਪ੍ਰਦਰਸ਼ਨ ਉਸ ਵੇਲੇ ਤੋਂ ਸ਼ੁਰੂ ਕੀਤਾ ਹੋਇਆ ਹੈ। ਜਿੱਥੇ ਫੈਕਟਰੀ ਬਣ ਰਹੀ ਹੈ ਬਿਲਕੁਲ ਉਸ ਦੇ ਸਾਹਮਣੇ ਹੀ ਪੱਕਾ ਧਰਨਾ ਤਕਰੀਬਨ ਸਾਲ ਤੋਂ ਚੱਲ ਰਿਹਾ ਹੈ। ਜਿਸ ਵਿੱਚ ਇਲਾਕੇ ਦੇ ਲੋਕ ਆ ਕੇ ਧਰਨਾ ਪ੍ਰਦਰਸ਼ਨ ਵਿੱਚ ਸ਼ਾਮਿਲ ਹੁੰਦੇ ਹਨ ਨੇੜਲੇ ਸ਼ਹਿਰ ਸਮਰਾਲਾ ਵਿੱਚ ਵੀ ਇਸ ਬਾਇਓਗੈਸ ਫੈਕਟਰੀ ਦੇ ਵਿਰੁੱਧ ਧਰਨਾ ਲੱਗਿਆ ਰਿਹਾ ਤੇ ਇਹ ਸਾਰਾ ਮਾਮਲਾ ਅਦਾਲਤੀ ਪ੍ਰਕਿਰਿਆ ਵਿੱਚ ਵੀ ਹੈ।
ਅੱਜ ਸਵੇਰ ਵੇਲੇ ਹੀ ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ ਦੇ ਵਿੱਚ ਇਸ ਫੈਕਟਰੀ ਵਿੱਚ ਪੁੱਜਾ ਤਾਂ ਕਿ ਫੈਕਟਰੀ ਦਾ ਕੰਮ ਚਲਾਇਆ ਜਾ ਸਕੇ ਇਸ ਸਬੰਧੀ ਪੁਲਿਸ ਪ੍ਰਸ਼ਾਸਨ ਨੇ ਇਲਾਕੇ ਦੇ ਉਹ ਆਗੂ ਜੋ ਇਸ ਫੈਕਟਰੀ ਵਿਰੁੱਧ ਧਰਨਾ ਪ੍ਰਦਰਸ਼ਨ ਵਿੱਚ ਪ੍ਰਮੁੱਖ ਤੌਰ ਤੇ ਸ਼ਾਮਿਲ ਹਨ ਉਹਨਾਂ ਦੀ ਫੜੋ ਫੜੀ ਲਈ ਵੀ ਛਾਪੇਮਾਰੀ ਕੀਤੀ। ਜਦੋਂ ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ ਦੇ ਵਿੱਚ ਇਸ ਫੈਕਟਰੀ ਦੇ ਵਿੱਚ ਪੁੱਜਿਆ ਤਾਂ ਇਲਾਕੇ ਦੇ ਲੋਕ ਵੀ ਧਰਨਾ ਪ੍ਰਦਰਸ਼ਨ ਵਾਲੀ ਥਾਂ ਉੱਪਰ ਇਕੱਤਰ ਹੋਣੇ ਸ਼ੁਰੂ ਹੋ ਗਏ। ਇਸ ਧਰਨੇ ਦੇ ਵਿੱਚ ਬੀਬੀਆਂ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ ਮੌਕੇ ਉੱਤੇ ਜੋ ਰਿਪੋਰਟਾਂ ਮਿਲੀਆਂ ਕਿ ਕੱਲ ਨੂੰ ਇਸ ਫੈਕਟਰੀ ਨਾਲ ਸੰਬੰਧਿਤ ਅਦਾਲਤ ਵਿੱਚ ਤਾਰੀਕ ਹੈ ਉਸ ਸਬੰਧ ਵਿੱਚ ਹੀ ਪੁਲਿਸ ਪ੍ਰਸ਼ਾਸਨ ਨੇ ਇਸ ਫੈਕਟਰੀ ਦਾ ਕੰਮ ਚਾਲੂ ਕਰਾਉਣ ਦਾ ਯਤਨ ਕੀਤਾ ਤੇ ਇਕੱਤਰ ਹੋਏ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਇਹ ਬਾਇਓਗੈਸ ਬਿਮਾਰੀਆਂ ਦਾ ਘਰ ਹੈ ਸਾਡੇ ਸ਼ਾਂਤ ਵਾਤਾਵਰਨ ਦੇ ਵਿੱਚ ਜੇਕਰ ਇਹ ਫੈਕਟਰੀ ਲੱਗਦੀ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਮਨੁੱਖੀ ਤੇ ਹੋਰ ਵੱਡਾ ਨੁਕਸਾਨ ਹੋਵੇਗਾ ਇਸ ਲਈ ਇਹ ਫੈਕਟਰੀ ਅਸੀਂ ਕਿਸੇ ਵੀ ਹੀਲੇ ਚੱਲਣ ਨਹੀਂ ਦੇਵਾਂਗੇ ਬੇਸ਼ਕ ਸਾਨੂੰ ਆਪਣੀਆਂ ਜਾਨਾਂ ਵੀ ਲਾਉਣੀਆਂ ਪੈ ਜਾਣ।
ਇਸ ਮੌਕੇ ਸਮਰਾਲਾ ਤੋਂ ਡੀਐਸਪੀ ਤਰਲੋਚਨ ਸਿੰਘ ਪੁੱਜੇ ਉਹਨਾਂ ਨੇ ਦੱਸਿਆ ਕਿ ਇਹ ਸਭ ਕੁਝ ਲੋਕਾਂ ਤੇ ਫੈਕਟਰੀ ਦੇ ਆਪਸ ਵਿੱਚ ਚੱਲ ਰਹੇ ਧਰਨਾ ਪ੍ਰਦਰਸ਼ਨ ਕਾਰਨ ਕੀਤਾ ਗਿਆ ਹੈ ਤਾਂ ਕਿ ਕੋਈ ਅਣਸਖਾਵੀ ਘਟਨਾ ਨਾ ਵਾਪਰ ਸਕੇ। ਇੱਥੇ ਇਹ ਵੀ ਵਰਨਣਯੋਗ ਹੈ ਕਿ ਜਿਲਾ ਲੁਧਿਆਣਾ ਦੇ ਵਿੱਚ ਸਮਰਾਲਾ ਨਜ਼ਦੀਕ ਮੁਸ਼ਕਾਬਾਦ ਪਿੰਡ, ਜਗਰਾਉ ਨਜਦੀਕ ਅਖਾੜਾ ਤੇ ਭੂੰਦੜੀ ਪਿੰਡਾਂ ਦੇ ਵਿੱਚ ਵੀ ਇਹੋ ਜਿਹੀਆਂ ਬਾਇਓਗੈਸ ਫੈਕਟਰੀਆਂ ਲੱਗਣ ਜਾ ਰਹੀਆਂ ਹਨ ਤੇ ਤਿੰਨਾਂ ਥਾਵਾਂ ਉੱਪਰ ਹੀ ਲੋਕ ਵਿਰੋਧ ਕਰ ਰਹੇ ਹਨ। ਜਿਸ ਤਰ੍ਹਾਂ ਸਮਰਾਲਾ ਨੇੜੇ ਮੁਸ਼ਕਾਬਾਦ ਪਿੰਡ ਵਿੱਚ ਪੁਲਿਸ ਪ੍ਰਸ਼ਾਸਨ ਪੁੱਜਿਆ ਹੈ ਇਸੇ ਤਰ੍ਹਾਂ ਹੀ ਜਗਰਾਓ ਨਜ਼ਦੀਕ ਅਖਾੜਾ ਤੇ ਭੂੰਦੜੀ ਪਿੰਡਾਂ ਵਿੱਚ ਵੀ ਪੁਲਿਸ ਪ੍ਰਸ਼ਾਸਨ ਦੇ ਪੁੱਜਣ ਦੀਆਂ ਖਬਰਾਂ ਆਈਆਂ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj