(ਸਮਾਜ ਵੀਕਲੀ)
ਧੁੱਖਦਾ ਹਿਰਦਾ ਠਾਰਨ ਗਈ ਸੀ,
ਪਿੰਡ ਗੇੜਾ ਅੱਜ ਮਾਰਨ ਗਈ ਸੀ।
ਇੰਞ ਲੱਗਿਆ ਕਿ ਮਾਂ ਬੁਲਾਇਆ,
ਬੇਸ਼ਕ ਕਿਸੇ ਵੀ ਕਾਰਨ ਗਈ ਸੀ।
ਪਿੰਡ ਗੇੜਾ….
ਅਮਰੂਦ ਮੇਰੇ ਨੂੰ ਫ਼ਲ ਲੱਗੇ ਜੋ,
ਹੱਸ ਕੇ ਮੇਰੇ ਗਲ਼ ਲੱਗੇ ਉਹ ।
ਯਾਦਾਂ ਦੇ ਵਿੱਚ ਸੀ ਬਿਤਾ ਲਏ,
ਸਭ ਤੋਂ ਸੋਹਣੇ ਪਲ਼ ਲੱਗੇ ਉਹ।
ਸੀਨੇ ‘ਚ ਫੁੱਲ ਸਾਂਭ ਰੱਖੇ ਕਦੋਂ ਦੇ,
ਆਪਣੇ ਹੱਥੀਂ ਤਾਰਨ ਗਈ ਸੀ।
ਪਿੰਡ ਗੇੜਾ….
ਘਾਹ ਫੂਸ ਨੂੰ ਪੈਰੀਂ ਲਿਤਾੜ ਕੇ,
ਅੰਦਰ ਵੜੀ ਮੈਂ ਜੁੱਤੀ ਝਾੜ ਕੇ।
ਲੱਗਿਆ ਇਉਂ ਕਿ ਸੁਪਨਾ ਹੋਣਾ,
ਗਹੁ ਨਾਲ ਤੱਕਿਆ ਅੱਖਾਂ ਗਾੜ੍ਹ ਕੇ।
ਸਾਰੀਆਂ ਖ਼ੁਸ਼ੀਆਂ ‘ਕੱਠੀਆਂ ਕਰਕੇ,
ਗ਼ਮਾਂ ਦੇ ਉੱਤੋਂ ਵਾਰਨ ਗਈ ਸੀ,
ਪਿੰਡ ਗੇੜਾ…..
ਪੁਰਾਣੇ ਜਿਹੇ ਕੁਝ ਕਾਗ਼ਜ਼ ਪਏ,
ਮਿੱਟੀ ਦੇ ਨਾਲ਼ ਲੱਥਪੱਥ ਜਹੇ।
ਜੰਦਰੇ ਖੋਲ੍ਹ ਕੇ ਪਾਸੇ ਰੱਖ ‘ਤੇ,
ਖੱਲਾਂ ਖੂੰਜੇ ਸਾਫ ਮੈਂ ਕਰ ਲਏ।
ਫੋਟੋਆਂ ਉੱਤੇ ਲਮਕਣ ਜਿਹੜੇ ,
ਜਾਲੇ ਕੁਝ ਕੁ ਝਾੜਨ ਗਈ ਸੀ।
ਪਿੰਡ ਗੇੜਾ….
ਹੰਝੂਆਂ ਦੇ ਨਾਲ਼ ਸਾਂਝ ਵੀ ਪਾਈ,
‘ਕੱਲਿਆ ਬਹਿ ਕੇ ਰੂਹ ਕੁਰਲਾਈ।
ਹੱਸਦਾ ਵੱਸਦਾ ਘਰ ਹੁੰਦਾ ਸੀ,
ਮਾਂ ਦੇ ਨਾਲ਼ ਰਹਿੰਦੇ ਸੀ ਭਾਈ।
ਸਾਡੇ ਵਿਹੜੇ ਪੈਰ ਨਾ ਪਾਇਓ,
ਲਾਲਚੀਆਂ ਨੂੰ ਤਾੜਨ ਗਈ ਸੀ।
ਪਿੰਡ ਗੇੜਾ…..
ਮਨਜੀਤ ਕੌਰ ਧੀਮਾਨ,
ਸ਼ੇਰਪੁਰ, ਲੁਧਿਆਣਾ।
ਸੰ:9464633059
One attachment • Scanned by Gmail