ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸੀਡੀਪੀਓ ਹੁਸ਼ਿਆਰਪੁਰ-1 ਰਵਿੰਦਰ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਹਰਦੀਪ ਕੌਰ ਦੀ ਅਗਵਾਈ ਹੇਠ ਪਿੰਡ ਭੀਖੋਵਾਲ ਵਿਖੇ ਪੋਸ਼ਣ ਮਹੀਨੇ ਦਾ ਸਮਾਪਨ ਸਮਾਰੋਹ ਮਨਾਇਆ ਗਿਆ। ਇਸ ਮੌਕੇ ਰਵਿੰਦਰ ਕੌਰ ਨੇ ਦੱਸਿਆ ਕਿ ਪੋਸ਼ਣ ਮਾਹ 1 ਸਤੰਬਰ ਤੋਂ 30 ਸਤੰਬਰ ਤੱਕ ਪੂਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ ਅਤੇ ਇਹ ਇਸ ਸਾਲ ਸੱਤਵਾਂ ਪੋਸ਼ਨ ਮਾਹ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਸੰਤੁਲਿਤ ਭੋਜਨ ਸ਼ਾਮਿਲ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਅੌਰਤਾਂ ਅਤੇ ਬੱਚਿਆਂ ਨੂੰ ਪੋਸ਼ਣ ਮਹੀਨੇ ਸਬੰਧੀ ਜਾਣਕਾਰੀ ਦਿੰਦਿਆਂ ਪੌਸ਼ਟਿਕ ਆਹਾਰ ਲੈਣ ਲਈ ਪ੍ਰੇਰਿਤ ਕੀਤਾ ਅਤੇ ਅਨੀਮੀਆ ਨੂੰ ਦੂਰ ਕਰਨ ਲਈ ਹਰੀਆਂ ਸਬਜ਼ੀਆਂ, ਦਾਲਾਂ, ਛੋਲੇ, ਗੁੜ, ਪਨੀਰ, ਰਾਗੀ ਆਦਿ ਨੂੰ ਰੋਜ਼ਾਨਾ ਖੁਰਾਕ ਵਿੱਚ ਸ਼ਾਮਲ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇਸ ਮੌਕੇ ਆਂਗਣਵਾੜੀ ਵਰਕਰਾਂ ਵੱਲੋਂ ਘੱਟ ਕੀਮਤ ਵਾਲੇ ਪੌਸ਼ਟਿਕ ਪਕਵਾਨ ਜਿਵੇਂ ਪੌਸ਼ਟਿਕ ਖਿਚੜੀ, ਪੌਸ਼ਟਿਕ ਪੋਹਾ, ਦਲੀਆ, ਨਾਰੀਅਲ ਦੇ ਲੱਡੂ, ਸਰ੍ਹੋਂ ਦਾ ਸਾਗ ਅਤੇ ਮੱਕੀ ਦੀਆਂ ਰੋਟੀਆਂ, ਮਿਸੀਆਂ ਦੀ ਰੋਟੀ, ਮੱਖਣ, ਸੂਜੀ ਦਾ ਹਲਵਾ, ਖੀਰ ਆਦਿ ਤਿਆਰ ਕੀਤੇ ਗਏ, ਜਿਨ੍ਹਾਂ ਨੇ ਸਭ ਦਾ ਧਿਆਨ ਖਿੱਚਿਆ। ਮੌਜੂਦ ਲੋਕ ਇਸ ਤੋਂ ਇਲਾਵਾ ਪੋਸ਼ਣ ਮਹੀਨੇ ਨਾਲ ਸਬੰਧਤ ਰੰਗੋਲੀ ਵੀ ਬਣਾਈ ਗਈ। ਜਿਸ ਨੂੰ ਸਾਰਿਆਂ ਨੇ ਬਹੁਤ ਪਸੰਦ ਕੀਤਾ। ਆਂਗਣਵਾੜੀ ਵਰਕਰ ਅਲਕਾ ਰਾਣੀ ਅਤੇ ਸਰਕਲ ਦੀਆਂ ਹੋਰ ਵਰਕਰਾਂ ਵੱਲੋਂ ‘ਪੋਸ਼ਣ ਮਟਕਾ’ ਤਿਆਰ ਕੀਤਾ ਗਿਆ ਅਤੇ ਪੋਸ਼ਣ ਸੰਬੰਧੀ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਦੌਰਾਨ ਸੁਪਰਵਾਈਜ਼ਰ ਰਜਿੰਦਰ ਕੌਰ ਨੇ ਆਂਗਣਵਾੜੀ ਵਰਕਰਾਂ ਵੱਲੋਂ ਤਿਆਰ ਕੀਤੇ ਪਕਵਾਨਾਂ ਦੀ ਸ਼ਲਾਘਾ ਕੀਤੀ। ਸੁਪਰਵਾਈਜ਼ਰ ਅਰਸ਼ਦੀਪ ਕੌਰ ਨੇ ਦੱਸਿਆ ਕਿ ਇਸ ਸਾਲ ਪੂਰੇ ਭਾਰਤ ਵਿੱਚ ਇੱਕ ਪੇੜ ਮਾਂ ਕਾ ਨਾਮ ਡਰਾਈਵ ਨਾਲ ਪੋਸ਼ਣ ਮਹੀਨਾ 2024 ਦੀ ਸ਼ੁਰੂਆਤ ਕੀਤੀ ਗਈ ਹੈ। ਸੁਪਰਵਾਈਜ਼ਰ ਸੰਦੀਪ ਕੌਰ ਨੇ ਬੂਟੇ ਲਗਾਉਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਰੇਕ ਵਿਅਕਤੀ ਨੂੰ ਘੱਟੋ-ਘੱਟ 5 ਰੁੱਖ ਜ਼ਰੂਰ ਲਗਾਉਣੇ ਚਾਹੀਦੇ ਹਨ। ਇਸ ਦੇ ਨਾਲ ਹੀ ਪਾਣੀ ਦੀ ਬੱਚਤ ਦੀ ਮਹੱਤਤਾ ਬਾਰੇ ਵਿਸ਼ੇਸ਼ ਤੌਰ ‘ਤੇ ਚਰਚਾ ਕੀਤੀ ਗਈ। ਇਸ ਮੌਕੇ ਆਂਗਣਵਾੜੀ ਵਰਕਰ ਅਲਕਾ ਰਾਣੀ ਨੇ ਪੋਸ਼ਣ ਸਬੰਧੀ ਕਵਿਤਾ ਪੇਸ਼ ਕੀਤੀ, ਜਦਕਿ ਆਂਗਣਵਾੜੀ ਹੈਲਪਰਾਂ ਚਰਨ ਕੌਰ ਅਤੇ ਕਿਰਪਾਲ ਕੌਰ ਨੇ ਵੀ ਸੰਬੋਧਨ ਕੀਤਾ। ਸਰਕਲ ਸੁਪਰਵਾਈਜ਼ਰ ਮਨਜੀਤ ਕੌਰ ਨੇ ਸਮਾਗਮ ਵਿੱਚ ਹਾਜ਼ਰ ਸਮੂਹ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ, ਬੱਚੇ ਅਤੇ ਆਂਗਣਵਾੜੀ ਵਰਕਰਾਂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly