ਏਹੁ ਹਮਾਰਾ ਜੀਵਣਾ ਹੈ – 195

ਬਰਜਿੰਦਰ ਕੌਰ ਬਿਸਰਾਓ..

(ਸਮਾਜ ਵੀਕਲੀ)

ਕਮਲਜੀਤ ਦੇ ਪਤੀ ਨੂੰ ਰੱਬ ਕੋਲ਼ ਗਏ ਹਜੇ ਸਾਲ ਹੀ ਹੋਇਆ ਸੀ । ਤਾਜ਼ੀ ਤਾਜ਼ੀ ਸੱਟ ਹੋਣ ਕਰਕੇ ਉਹ ਉਦਾਸ ਜਿਹੀ ਰਹਿੰਦੀ ਸੀ।ਉਸ ਨੂੰ ਹਰ ਗੱਲ ਵਿੱਚ ਉਸ ਦੀ ਕਮੀ ਮਹਿਸੂਸ ਹੁੰਦੀ।ਉਹ ਹਰ ਸਮੇਂ ਅਤੇ ਹਰ ਦਿਨ-ਤਿਉਹਾਰ ਨੂੰ ਯਾਦ ਕਰਦਿਆਂ ਮਨ ਹੀ ਮਨ ਉਸ ਨਾਲ ਗੱਲਾਂ ਕਰਦੀ। ਉਹ ਉਸ ਨੂੰ ਯਾਦ ਕਰ ਕਰ ਕੇ ਅੰਦਰੋਂ ਅੰਦਰ ਖ਼ਾਲੀਪਣ ਜਿਹਾ ਮਹਿਸੂਸ ਕਰਦੀ ਜਿਸ ਨੂੰ ਕੋਈ ਹੋਰ ਨਹੀਂ ਭਰ ਸਕਦਾ ਸੀ। ਚਾਹੇ ਔਲਾਦ ਵੱਲੋਂ ਉਹ ਬਹੁਤ ਸੁਖੀ ਸੀ ਪਰ ਫੇਰ ਵੀ ਜੀਵਨਸਾਥੀ ਨਾਲ ਜੋ ਸਾਂਝ ਹੁੰਦੀ ਹੈ ਉਹ ਤਾਂ ਕਦੇ ਨੀਂ ਭੁਲਾਈ ਜਾ ਸਕਦੀ। ਦੀਵਾਲੀ ਦੀ ਸ਼ਾਮ ਜਿਵੇਂ ਹੀ ਉਹ ਗੁਰਦੁਆਰੇ ਮੱਥਾ ਟੇਕਣ ਲਈ ਗੁਰਦੁਆਰੇ ਦੇ ਵੱਡੇ ਗੇਟ ਅੰਦਰ ਨੂੰ ਜਾਣ ਲੱਗੀ ਤਾਂ ਪਿਛਲੀ ਗਲੀ ਵਿੱਚ ਰਹਿਣ ਵਾਲਾ ਹਰਨੇਕ ਸਿੰਘ ਹੱਥ ਵਿੱਚ ਥਾਲੀ ਫੜੀ ਮੱਥਾ ਟੇਕ ਕੇ ਬਾਹਰ ਨਿਕਲਦਾ ਹੋਇਆ ਹਲਕਾ ਜਿਹਾ ਸਿਰ ਝੁਕਾ ਕੇ ਕਮਲਜੀਤ ਨੂੰ ਕਹਿੰਦਾ ਹੈ,” ਸਤਿ ਸ੍ਰੀ ਆਕਾਲ ਭੈਣ ਜੀ…”।

ਕਮਲਜੀਤ ਵੀ ਦੋਵੇਂ ਹੱਥ ਜੋੜ ਕੇ ਜਵਾਬ ਦਿੰਦੀ ਹੈ,”ਸਤਿ ਸ੍ਰੀ ਆਕਾਲ ਭਾਜੀ… ।” ਇਸ ਤੋਂ ਅੱਗੇ ਉਹ ਬੋਲਦੀ ਬੋਲਦੀ ਚੁੱਪ ਕਰ ਗਈ। ਇਸ ਤੋਂ ਅੱਗੇ ਉਹ ਉਸ ਤੋਂ ਪੁੱਛਦੀ ਵੀ ਕੀ? ਛੋਟਾ ਮੁੰਡਾ ਉਸ ਨਾਲ ਤੁਰਿਆ ਜਾ ਰਿਹਾ ਸੀ,ਹੋਰ ਘਰ ਪਰਿਵਾਰ ਬਾਰੇ ਗੱਲ ਕਰਕੇ ਤਾਂ ਉਸ ਦੇ ਅੱਲ੍ਹੇ ਜ਼ਖ਼ਮਾਂ ਨੂੰ ਛੇੜਨ ਵਾਲੀ ਗੱਲ ਸੀ। ਉਸ ਨੂੰ ਦੇਖਦੇ ਸਾਰ ਕਮਲਜੀਤ ਦਾ ਦਿਮਾਗ ਦੋ ਸਾਲ ਪਿੱਛੇ ਸੋਚਾਂ ਵਿੱਚ ਡੁੱਬ ਗਿਆ ਸੀ ਜਦੋਂ ਦੀਵਾਲੀ ਦੀ ਸ਼ਾਮ ਸਾਰਾ ਟੱਬਰ ਇਕੱਠਾ ਮੱਥਾ ਟੇਕਣ ਆਇਆ ਸੀ ਤੇ ਇੱਥੇ ਹੀ ਖੜ੍ਹ ਕੇ ਉਸ ਦੀ ਘਰਵਾਲ਼ੀ ਨੇ ਕਮਲਜੀਤ ਨੂੰ ਸਭ ਦਾ ਹਾਲ ਚਾਲ ਪੁੱਛਿਆ ਸੀ ।

ਹਰਨੇਕ ਸਿੰਘ ਦੀ ਪਤਨੀ ਕਿੰਨੀ ਸੋਹਣੀ ਉੱਚੀ ਲੰਮੀ ਤੇ ਬੇਹੱਦ ਸੁਨੱਖੀ ਔਰਤ ਸੀ। ਉਹ ਆਪਣੀਆਂ ਦੋਨਾਂ ਜਵਾਨ ਧੀਆਂ ਨਾਲ਼ ਰੋਜ਼ ਸ਼ਾਮ ਨੂੰ ਗੁਰਦੁਆਰੇ ਮੱਥਾ ਟੇਕਣ ਼਼ਆਉਂਦੀ ਹੁੰਦੀ ਸੀ। ਕੁੜੀਆਂ ਵੀ ਪਤਲੀਆਂ ਪਤਲੀਆਂ ਮਾਂ ਵਾਂਗ ਹੀ ਲੰਮੀਆਂ ਜਵਾਨ ਸਨ। ਕਮਲਜੀਤ ਸੋਚਦੀ ਹੈ ਕਿ ਇੰਝ ਲੱਗਦਾ ਹੈ ਕਿ ਜਿਵੇਂ ਕੱਲ‌੍ਹ ਦੀ ਹੀ ਗੱਲ ਹੋਵੇ।ਉਹ ਸੋਚਦੀ ਹੈ ਕਿ ਪਿਛਲੀ ਦਿਵਾਲੀ ਤੋਂ ਦੋ ਕੁ ਮਹੀਨੇ ਪਹਿਲਾਂ ਹੀ ਤਾਂ ਅਚਾਨਕ ਇਸ ਦੀ ਪਤਨੀ ਨੂੰ ਦਿਲ ਦਾ ਦੌਰਾ ਪੈ ਕੇ ਮੌਤ ਹੋ ਗਈ ਸੀ। ਉਹ ਕੋਈ ਛੇਤੀ ਮਰਨ ਵਾਲ਼ੀ ਵੀ ਨਹੀਂ ਸੀ,ਦੇਖਣ ਨੂੰ ਬੜੀ ਵਧੀਆ ਜਵਾਨ ਲੱਗਦੀ ਸੀ। ਪਰ ਪ੍ਰਮਾਤਮਾ ਦੀ ਕਰਨੀ ਨੂੰ ਕੌਣ ਟਾਲ ਸਕਦਾ ਸੀ।

ਹਰਨੇਕ ਸਿੰਘ ਦੀ ਪਤਨੀ ਦੀ ਅਚਾਨਕ ਮੌਤ ਤੋਂ ਬਾਅਦ ਚਾਹੇ ਉਸ ਦਾ ਪਰਿਵਾਰ ਉਸ ਦੀਆਂ ਯਾਦਾਂ ਰਾਹੀਂ ਉਸ ਨੂੰ ਜਿੰਦਾ ਰੱਖ ਰਹੇ ਸਨ ਕੁੜੀਆਂ ਨੇ ਘਰ ਨੂੰ ਸੰਭਾਲ ਲਿਆ ਸੀ। ਉਹਨਾਂ ਨੇ ਆਪਣੇ ਪਿਓ ਅਤੇ ਛੋਟੇ ਭਰਾ ਨੂੰ ਕਦੇ ਮਾਂ ਦੀ ਕਮੀ ਮਹਿਸੂਸ ਨਾ ਹੋਣ ਦਿੱਤੀ । ਉਹ ਉਨ੍ਹਾਂ ਦਾ ਪੂਰਾ ਧਿਆਨ ਰੱਖਦੀਆਂ ਸਨ। ਇੱਕ ਦਿਨ ਵੱਡੀ ਕੁੜੀ ਕਾਲਜ ਤੋਂ ਆਈ ਤਾਂ ਉਸ ਨੂੰ ਹਲਕਾ ਜਿਹਾ ਬੁਖਾਰ ਅਤੇ ਖਾਂਸੀ ਸੀ । ਉਸ ਨੇ ਹਲਕੀ ਫੁਲਕੀ ਦਵਾਈ ਲੈ ਕੇ ਕੰਮ ਸਾਰ ਲਿਆ ਪਰ ਉਸ ਦੀ ਬਿਮਾਰੀ ਅੱਠ ਦਸ ਦਿਨ ਠੀਕ ਨਾ ਹੋਣ ‘ਤੇ ਹਾਲਤ ਵਿਗੜਨ ਤੇ ਚਿੰਤਾ ਹੋਈ ਕਿਉਂ ਕਿ ਅਚਾਨਕ ਦੁਨੀਆ ਵਿੱਚ ਇੱਕ ਨਾ ਮੁਰਾਦ ਬੰਦੇ ਖਾਣੀ ਬੀਮਾਰੀ ਕਰੋਨਾ ਨੇ ਦੁਨੀਆ ਨੂੰ ਘੇਰ ਲਿਆ ਸੀ।

ਹਰਨੇਕ ਸਿੰਘ ਦੀ ਵੱਡੀ ਧੀ ਵੀ ਉਸ ਤੋਂ ਅਛੂਤੀ ਨਾ ਰਹੀ ਉਸ ਨੇ ਜਦ ਡਾਕਟਰ ਤੋਂ ਟੈਸਟ ਕਰਵਾਇਆ ਤਾਂ ਉਹੀ ਬਿਮਾਰੀ ਨਿਕਲੀ । ਛੋਟੀ ਕੁੜੀ ਉਸ ਦੀ ਸੇਵਾ ਕਰਦੀ ਕਰਦੀ ਆਪ ਵੀ ਉਸੇ ਬਿਮਾਰੀ ਦਾ ਸ਼ਿਕਾਰ ਹੋ ਗਈ। ਦੋਹਾਂ ਧੀਆਂ ਦੀ ਪੰਦਰਾਂ ਦਿਨਾਂ ਦੇ ਫ਼ਰਕ ਨਾਲ ਮੌਤ ਹੋ ਗਈ ਸੀ। ਛੇ ਮਹੀਨਿਆਂ ਦੇ ਵਿੱਚ ਹੀ ਤਿੰਨਾਂ ਮਾਵਾਂ ਧੀਆਂ ਦਾ ਇਸ ਜਹਾਨ ਤੋਂ ਤੁਰ ਜਾਣ ਦਾ ਸਦਮਾ ਹਰਨੇਕ ਸਿੰਘ ਲਈ ਕੋਈ ਛੋਟੀ ਗੱਲ ਨਹੀਂ ਸੀ। ਇਸ ਸਦਮੇ ਨੂੰ ਵੇਖਣ ਜਾਂ ਸੁਣਨ ਵਾਲੇ ਦਾ ਵੀ ਦਿਮਾਗ ਹਿੱਲ ਜਾਂਦਾ ਹੈ।

ਕਮਲਜੀਤ ਨੂੰ ਉਸ ਦਾ ਦੁੱਖ ਦੇਖ਼ ਕੇ ਆਪਣਾ ਦੁੱਖ ਬਹੁਤ ਘੱਟ ਲੱਗਣ ਲੱਗ ਪਿਆ ਸੀ ਕਿਉਂਕਿ ਹਰਨੇਕ ਸਿੰਘ ਨੂੰ ਦੇਖ ਕੇ ਉਸ ਨੂੰ ਲੱਗ ਰਿਹਾ ਸੀ ਕਿ ਉਹ ਐਨੇ ਵੱਡੇ ਗ਼ਮਾਂ ਦੇ ਪਹਾੜ ਵਰਗੇ ਬੋਝ ਹੇਠ ਦੱਬਿਆ ਹੋਇਆ ਵੀ ਦੁਨੀਆਂ ਦੇ ਨਾਲ ਨਾਲ ਚੱਲ ਕੇ ਉਸ ਵਿੱਚੋਂ ਬਾਹਰ ਨਿਕਲ਼ਣ ਦੀ ਕੋਸ਼ਿਸ਼ ਵਿੱਚ ਲੱਗਿਆ ਹੋਇਆ ਸੀ ਅਤੇ ਜ਼ਿੰਦਗੀ ਜਿਊਣ ਲਈ ਕਸ਼ਮਕਸ਼ ਕਰ ਰਿਹਾ ਸੀ।ਉਹ ਸੋਚਦੀ ਹੈ ਕਿ ਮਰਿਆਂ ਨਾਲ ਮਰਿਆ ਵੀ ਤਾਂ ਨਹੀਂ ਜਾਂਦਾ ਤੇ ਉਹ ਫਰੀਦ ਜੀ ਦਾ ਸਲੋਕ ਯਾਦ ਕਰਦੇ ਹੋਏ ਠੰਢਾ ਹਉਕਾ ਭਰਦੀ ਹੈ…”ਫਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹਿ ਵਿਛਾਵਣ ਲੇਫੁ ॥
ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ ॥੩੫॥”

ਬਰਜਿੰਦਰ ਕੌਰ ਬਿਸਰਾਓ
9988901324

 

Previous articleਠੁਮਰੀ ਪਿਆਰ ਦੀ
Next articleਉੱਲੂ ਪੰਛੀ