ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸ਼ੂਧਨ ਉਤਪਾਦਨ ਪ੍ਰਬੰਧਨ ਵਿਭਾਗ ਨੇ ਸੂਖਮ, ਛੋਟੇ ਅਤੇ ਦਰਮਿਆਨੇ ਉਦਮ ਮੰਤਰਾਲੇ ਤੋਂ ਇੱਕ ਪ੍ਰਾਜੈਕਟ ਹਾਸਲ ਕੀਤਾ ਹੈ। ਇਸ ਦਾ ਵਿਸ਼ਾ ਹੈ ‘ਕਿਸਾਨਾਂ ਦੀ ਆਮਦਨ ਵਧਾਉਣ ਲਈ ਡੇਅਰੀ ਫਾਰਮਿੰਗ, ਗੁਣਵੱਤਾ ਭਰਪੂਰ ਉਤਪਾਦ ਅਤੇ ਮੰਡੀਕਾਰੀ ਵਿੱਚ ਉਦਮੀ ਅਤੇ ਕੌਸ਼ਲ ਵਿਕਾਸ ਸਿਖਲਾਈ’। ਇਸ ਪ੍ਰਾਜੈਕਟ ਰਾਹੀਂ ਕਿਸਾਨਾਂ ਨੂੰ ਇਸ ਵਿਸ਼ੇ ਵਿੱਚ ਵਿਗਿਆਨਕ ਢੰਗ ਨਾਲ ਕਿੱਤਾ ਕਰਨ ਅਤੇ ਮੰਡੀਕਾਰੀ ਬਾਰੇ ਸਿੱਖਿਅਤ ਕੀਤਾ ਜਾਏਗਾ। ਡਾ: ਜਤਿੰਦਰਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਪ੍ਰਾਜੈਕਟ ਪ੍ਰਾਪਤ ਕਰਨ ਵਾਲੀ ਟੀਮ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਇਸ ਉਪਰਾਲੇ ਦੇ ਤਹਿਤ ਅਸੀਂ ਕਿਸਾਨਾਂ ਨੂੰ ਬਿਹਤਰ ਢੰਗ ਨਾਲ ਡੇਅਰੀ ਕਿੱਤਾ ਕਰਨ ਲਈ ਸਮਰੱਥ ਬਣਾ ਸਕਾਂਗੇ। ਇਸ ਨਾਲ ਜਿੱਥੇ ਉਨ੍ਹਾਂ ਦੀ ਸਮਰੱਥਾ ਉਸਾਰੀ ਹੋਵੇਗੀ ਉਥੇ ਸੂਬੇ ਨੂੰ ਇਸ ਦਾ ਲਾਭ ਮਿਲੇਗਾ। ਡਾ: ਅਨਿਲ ਕੁਮਾਰ ਅਰੋੜਾ, ਨਿਰਦੇਸ਼ਕ ਖੋਜ, ਡਾ: ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਅਤੇ ਡਾ: ਸਰਵਪ੍ਰੀਤ ਸਿੰਘ ਘੁੰਮਣ, ਡੀਨ, ਵੈਟਨਰੀ ਸਾਇੰਸ ਕਾਲਜ ਨੇ ਟੀਮ ਦੀ ਇਸ ਪ੍ਰਾਪਤੀ ਲਈ ਸ਼ਲਾਘਾ ਕਰਦਿਆਂ ਆਪਣਾ ਪੂਰਨ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ। ਡਾ: ਯਸ਼ਪਾਲ ਸਿੰਘ, ਵਿਭਾਗ ਮੁਖੀ ਨੇ ਕਿਹਾ ਕਿ ਸੂਖਮ, ਛੋਟੇ ਅਤੇ ਦਰਮਿਆਨੇ ਉਦਮ ਵਿਭਾਗ ਵੱਲੋਂ 2030 ਸੰਬੰਧੀ ਟੀਚਾ ਮਿੱਥਿਆ ਗਿਆ ਹੈ ਜਿਸ ਤਹਿਤ ਟਿਕਾਊ ਵਿਕਾਸ ਸੰਬੰਧੀ ਉਦੇਸ਼ ਨਿਰਧਾਰਿਤ ਕੀਤੇ ਗਏ ਹਨ। ਇਸ ਟੀਚੇ ਤਹਿਤ ਗਰੀਬੀ ਘਟਾਉਣ, ਰੁਜ਼ਗਾਰ ਵਧਾਉਣ ਅਤੇ ਆਰਥਿਕ ਗਤੀ ਬਿਹਤਰ ਕਰਕੇ ਢੁੱਕਵੇਂ ਰੁਜ਼ਗਾਰ ਪੈਦਾ ਕਰਕੇ ਪੰਜਾਬ ਦੀਆਂ ਔਰਤਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਨਵੇਂ ਉਦਮੀ ਮੌਕੇ ਪ੍ਰਦਾਨ ਕੀਤੇ ਜਾਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj