ਡੇਰਾਬਸੀ (ਸਮਾਜ ਵੀਕਲੀ): ਇਥੇ ਪਿੰਡ ਦੇਵੀ ਨਗਰ ਸਥਿਤ ਸ਼ੁੱਧੀ ਆਯੁਰਵੈਦਿਕ ਹਸਪਤਾਲ ਵਿੱਚ ਜ਼ੇਰੇ ਇਲਾਜ ਬਿਰਧ ਅਥਲੀਟ ਬੀਬੀ ਮਾਨ ਕੌਰ ਦਾ ਅੱਜ ਦੇਹਾਂਤ ਹੋ ਗਿਆ। ਉਹ 105 ਸਾਲਾਂ ਦੇ ਸਨ। ਉਹ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ਤੇ ਉਨ੍ਹਾਂ ਦੁਪਹਿਰ ਇਕ ਵਜੇ ਆਖਰੀ ਸਾਹ ਲਏ। ਉਨ੍ਹਾਂ ਦਾ ਸਸਕਾਰ ਭਲਕੇ ਚੰਡੀਗੜ੍ਹ ਵਿਚ ਕੀਤਾ ਜਾਵੇਗਾ। ਬੀਬੀ ਮਾਨ ਕੌਰ ਨੇ 93 ਸਾਲ ਦੀ ਉਮਰ ਵਿੱਚ ਦੌੜਨਾ ਸ਼ੁਰੂ ਕੀਤਾ ਸੀ। ਉਨ੍ਹਾਂ ਦੇ ਨਾਂ ਕਈ ਕੌਮੀ ਅਤੇ ਕੌਮਾਂਤਰੀ ਰਿਕਾਰਡ ਸਨ।
ਲੰਘੇ ਸਾਲ ਉਨ੍ਹਾਂ ਨੂੰ ਰਾਸ਼ਟਰਪਤੀ ਵੱਲੋਂ ਨਾਰੀ ਸ਼ਕਤੀ ਸਨਮਾਨ ਨਾਲ ਨਿਵਾਜਿਆ ਗਿਆ ਸੀ। ਬਿਰਧ ਅਥਲੀਟ ਦੇ ਲੜਕੇ ਗੁਰਦੇਵ ਸਿੰਘ ਨੇ ਦੱਸਿਆ ਕਿ ਬੀਬੀ ਮਾਨ ਕੌਰ ਪਿੱਤੇ ਦੇ ਕੈਂਸਰ ਨਾਲ ਪੀੜਤ ਸੀ। ਉਮਰ ਜ਼ਿਆਦਾ ਹੋਣ ਕਾਰਨ ਡਾਕਟਰਾਂ ਨੇ ਅਪਰੇਸ਼ਨ ਨਾ ਕਰਨ ਦੀ ਸਲਾਹ ਦਿੱਤੀ ਸੀ। ਉਨ੍ਹਾਂ ਨੂੰ ਲਗਪਗ ਇਕ ਮਹੀਨੇ ਪਹਿਲਾਂ ਆਯੁਰਵੈਦਿਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਬੀਬੀ ਮਾਨ ਕੌਰ ਦੀ ਸਿਹਤ ਵਿੱਚ ਪਹਿਲਾਂ ਤਾਂ ਸੁਧਾਰ ਹੋ ਰਿਹਾ ਸੀ, ਪਰ ਸ਼ੁੱਕਰਵਾਰ ਰਾਤ ਨੂੰ ਅਚਾਨਕ ਤਬੀਅਤ ਜ਼ਿਆਦਾ ਵਿਗੜ ਗਈ। ਉਂਜ ਉਹ ਸਰੀਰਕ ਪਖੋਂ ਕਾਫ਼ੀ ਕਮਜ਼ੋਰ ਹੋ ਗੲੇ ਸਨ।
ਮ੍ਰਿਤਕ ਦੇਹ ਨੂੰ ਚੰਡੀਗੜ੍ਹ ਵਿੱਚ ਸੈਕਟਰ 40 ਸਥਿਤ ਉਨ੍ਹਾਂ ਦੀ ਰਿਹਾਇਸ਼ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਦਾ ਐਤਵਾਰ ਨੂੰ ਚੰਡੀਗੜ੍ਹ ਦੇ ਸੈਕਟਰ 25 ਵਿਚਲੇ ਸ਼ਮਸ਼ਾਨਘਾਟ ਵਿੱਚ ਸਸਕਾਰ ਕੀਤਾ ਜਾਵੇਗਾ। ਮਾਤਾ ਮਾਨ ਕੌਰ ਨੂੰ ਇਲਾਜ ਲਈ ਪੰਜ ਲੱਖ ਰੁਪਏ ਦਾ ਚੈੱਕ ਪੰਜਾਬ ਸਰਕਾਰ ਵੱਲੋਂ ਅਤੇ ਇਕ ਲੱਖ ਰੁਪਏ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਗਏ ਸਨ। ਸਮਾਜ ਸੇਵੀ ਦਵਿੰਦਰ ਸਿੰਘ ਬਾਜਵਾ ਵੱਲੋਂ ਵੀ ਬਿਮਾਰੀ ਦੌਰਾਨ ਵਿੱਤੀ ਮਦਦ ਕੀਤੀ ਗਈ ਸੀ। ਉਨ੍ਹਾਂ ਦੀ ਮੌਤ ’ਤੇ ਵਾਤਾਵਰਨ ਕਾਰਕੁਨ ਬਲਬੀਰ ਸਿੰਘ ਸੀਚੇਵਾਲ, ਹਲਕਾ ਵਿਧਾਇਕ ਐਨ.ਕੇ. ਸ਼ਰਮਾ, ਸਮਾਜ ਸੇਵੀ ਦਵਿੰਦਰ ਸਿੰਘ ਬਾਜਵਾ, ਪਹਿਲਵਾਨ ਕਰਤਾਰ ਸਿੰਘ ਤੇ ਖੇਡ ਪ੍ਰਮੋਰਟਰ ਨਰਿੰਦਰ ਕੰਗ ਨੇ ਦੁੱਖ ਪ੍ਰਗਟਾਇਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly