ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਫਾਈਨਲ ’ਚ ਪੁੱਜੀ

ਟੋਕੀਓ (ਸਮਾਜ ਵੀਕਲੀ): ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਨੇ ਟੋਕੀਓ ਓਲੰਪਿਕ ’ਚ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁਆਲੀਫਿਕੇਸ਼ਨ ਦੌਰ ’ਚ ਦੂਜੀ ਥਾਵੇਂ ਰਹਿ ਕੇ ਫਾਈਨਲ ’ਚ ਜਗ੍ਹਾ ਬਣਾ ਲਈ ਹੈ ਜਦਕਿ ਤਜਰਬੇਕਾਰ ਸੀਮਾ ਪੂਨੀਆ ਕੁਆਲੀਫਾਈ ਨਹੀਂ ਕਰ ਸਕੀ।

ਕਮਲਪ੍ਰੀਤ ਕੌਰ ਨੇ ਤੀਜੀ ਕੋਸ਼ਿਸ਼ ’ਚ 64 ਮੀਟਰ ਦੂੁਰ ਡਿਸਕਸ ਸੁੱਟੀ, ਜੋ ਕਿ ਕੁਆਲੀਫਿਕੇਸ਼ਨ ਮਾਰਕ ਵੀ ਸੀ। ਕੁਆਲੀਫਿਕੇਸ਼ਨ ਵਿੱਚ ਸਿਖਰ ’ਤੇ ਰਹਿਣ ਵਾਲੀ ਅਮਰੀਕਾ ਦੀ ਵੇਲੇਰੀ ਆਲਮੈਨ ਤੋਂ ਇਲਾਵਾ ਉਹ 64 ਮੀਟਰ ਜਾਂ ਇਸ ਤੋਂ ਵੱਧ ਦੂਰੀ ਤੱਕ ਡਿਸਕਸ ਸੁੱਟਣ ਵਾਲੀ ਇਕਲੌਤੀ ਖਿਡਾਰਨ ਰਹੀ। ਫਾਈਨਲ ਮੁਕਾਬਲਾ 2 ਅਗਸਤ ਨੂੰ ਹੋਵੇਗਾ। ਕਮਲਪ੍ਰੀਤ ਕੌਰ ਮੌਜੂਦਾ ਚੈਂਪੀਅਨ ਕ੍ਰੋਏਸ਼ੀਆ ਦੀ ਸੈਂਡਰਾ ਪੇਰਕੋਵਿਚ (63.75 ਮੀਟਰ) ਅਤੇ ਵਿਸ਼ਵ ਚੈਂਪੀਅਨ ਕਿਊਬਾ ਦੀ ਯੇਮ ਪੇਰੇਜ਼ (63.18 ਮੀਟਰ) ਤੋਂ ਮੋਹਰੀ ਰਹੀ।

ਪੂਲ-ਬੀ ਵਿੱਚ ਕਮਲਪ੍ਰੀਤ ਕੌਰ ਨੇ ਪਹਿਲੀ ਕੋਸ਼ਿਸ਼ ’ਚ 60.29 ਮੀਟਰ ਜਦਕਿ ਦੂਜੀ ਤੇ ਤੀਜੀ ’ਚ ਕ੍ਰਮਵਾਰ 63.97 ਮੀਟਰ ਅਤੇ 64 ਮੀਟਰ ਡਿਸਕਸ ਸੁੱਟੀ। ਸ਼ਾਨਦਾਰ ਲੈਅ ’ਚ ਚੱਲ ਰਹੀ ਪੰਜਾਬ ਨਾਲ ਸਬੰਧਤ ਕਮਲਪ੍ਰੀਤ ਨੇ ਇਸ ਸਾਲ ਦੋ ਵਾਰ 65 ਮੀਟਰ ਤੋਂ ਵੱਧ ਡਿਸਕਸ ਸੁੱਟੀ ਹੈ। ਉਸ ਨੇ ਮਾਰਚ ਮਹੀਨੇ ਫੈਡਰੇਸ਼ਨ ਕੱਪ ’ਚ 65.06 ਮੀਟਰ ਡਿਸਕਸ ਸੁੱਟ ਕੇ ਕੌਮੀ ਰਿਕਾਰਡ ਤੋੜਿਆ ਸੀ। ਉਹ 65 ਮੀਟਰ ਤੋਂ ਵੱਧ ਦੂਰੀ ਤੱਕ ਡਿਸਕਸ ਸੁੱਟਣ ਵਾਲੀ ਪਹਿਲੀ ਭਾਰਤੀ ਮਹਿਲਾ ਹੈ। ਇਸ ਮਗਰੋਂ ਜੂਨ ਮਹੀਨੇ ਇੰਡੀਅਨ ਗਰੈਂਡ ਪ੍ਰਿਕਸ-4 ’ਚ ਆਪਣਾ ਹੀ ਰਿਕਾਰਡ ਬਿਹਤਰ ਕਰਦਿਆਂ ਉਸ ਨੇ 66.59 ਮੀਟਰ ਡਿਸਕਸ ਸੁੱਟੀ ਸੀ। ਕਮਲਪ੍ਰੀਤ ਕੌਰ ਪੰਜਾਬ ’ਚ ਮਲੋਟ-ਅਬੋਹਰ ਕੌਮੀ ਮਾਰਗ ’ਤੇ ਪੈਂਦੇ ਪਿੰਡ ਕਬਰਵਾਲਾ, ਜ਼ਿਲ੍ਹਾ ਮੁਕਤਸਰ ਦੀ ਰਹਿਣ ਵਾਲੀ ਹੈ ਅਤੇ ਕਿਸਾਨ ਪਰਿਵਾਰ ਨਾਲ ਸਬੰਧਤ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSecond terrorist killed in Kashmir encounter identified
Next articleਬਿਰਧ ਅਥਲੀਟ ਬੇਬੇ ਮਾਨ ਕੌਰ ਦਾ ਦੇਹਾਂਤ