ਬੇਹੱਦ ਦੁਖਦਾਈ ਖ਼ਬਰ

ਕੋਟਕਪੂਰਾ ਵਿਖੇ ਛੱਤ ਡਿੱਗਣ ਨਾਲ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ
ਮ੍ਰਿਤਕ ਕਮਲਜੀਤ ਕੌਰ ਸੀ 8 ਮਹੀਨਿਆਂ ਦੀ ਗਰਭਵਤੀ
ਕੋਟਕਪੂਰਾ/ ਫਰੀਦਕੋਟ 12 ਜੁਲਾਈ (ਬੇਅੰਤ ਗਿੱਲ ਭਲੂਰ)-ਅੱਜ ਤੜਕਸਾਰ ਕੋਟਕਪੂਰਾ ਦੇਵੀ ਵਾਲਾ ਸੜਕ ’ਤੇ ਸਥਿਤ ਬਿਜਲੀ ਗਰਿੱਡ ਦੇ ਸਾਹਮਣੇ ਵਾਲੀ ਗਲੀ ’ਚ ਇਕ ਦਲਿਤ ਪਰਿਵਾਰ ਦੇ ਮਕਾਨ ਦੀ  ਅਚਾਨਕ ਛੱਤ ਡਿੱਗਣ ਕਾਰਨ ਦਰਦਨਾਕ ਹਾਦਸਾ ਵਾਪਰਿਆ ਹੈ। ਪਤਾ ਲੱਗਾ ਹੈ ਕਿ ਸੁੱਤੇ ਹੋਏ ਪਰਿਵਾਰ ਦੇ ਮੁਖੀ ਸਮੇਤ 3 ਜਣਿਆਂ ਦੀ ਮੌਤ ਹੋ ਗਈ ਹੈ ਅਤੇ ਇਕ ਲੜਕੀ ਜ਼ਖ਼ਮੀ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਕਾਨ ਦੀ ਛੱਤ ਹੇਠ ਘਰ ਦਾ ਮੁਖੀ ਗਗਨਦੀਪ ਸਿੰਘ (30) ਆਪਣੀ ਪਤਨੀ ਕਮਲਜੀਤ ਕੌਰ ਕਮਲ (25), ਬੇਟੇ ਗੈਵੀ (4) ਅਤੇ ਇਕ ਗੁਆਂਢੀਆਂ ਦੀ ਲੜਕੀ ਇੰਦਰਜੀਤ ਕੌਰ (15) ਪੁੱਤਰੀ ਨਿੱਕਾ ਸਿੰਘ ਸਮੇਤ ਸੁੱਤਾ ਹੋਇਆ ਸੀ। ਅਚਾਨਕ ਛੱਤ ਡਿੱਗਣ ਕਾਰਨ ਇਹ ਸਾਰੇ ਭਾਰੀ ਮਲਬੇ ਹੇਠ ਆ ਕੇ ਦਬ ਗਏ।
ਮੌਕੇ ’ਤੇ ਆਸ-ਪਾਸ ਦੇ ਲੋਕਾਂ ਵੱਲੋਂ ਇਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਕਿ ਡਾਕਟਰਾਂ ਨੇ ਉਕਤ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ, ਜਦ ਕਿ ਇੰਦਰਜੀਤ ਕੌਰ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਵਿਖੇ ਰੈਫ਼ਰ ਕਰ ਦਿੱਤਾ ਗਿਆ। ਇਸ ਦੁਖਦਾਈ ਘਟਨਾ ਕਾਰਨ ਸਾਰਾ ਦਿਨ  ਸ਼ਹਿਰ ’ਚ ਸੋਗ ਦਾ ਮਾਹੌਲ ਰਿਹਾ ਅਤੇ ਲੋਕ ਬੇਹੱਦ ਪ੍ਰੇਸ਼ਾਨ ਨਜ਼ਰ ਆਏ। ਇੱਥੇ ਇਕ ਗੱਲ ਹੋਰ ਵੀ ਬੇਹੱਦ ਪ੍ਰੇਸ਼ਾਨ ਕਰਨ ਵਾਲੀ ਹੈ ਕਿ ਮ੍ਰਿਤਕ ਕਮਲਜੀਤ ਕੌਰ ਇਸ ਸਮੇਂ ਅੱਠ ਮਹੀਨਿਆਂ ਦੀ ਗਰਭਵਤੀ ਸੀ। ਇਸ ਮੌਕੇ ਹਾਜ਼ਰ ਲੋਕਾਂ ਨੇ ਕਿਹਾ ਕਿ ਹਾਲੇ ਸਾਡੇ ਮੁਲਕ ਵਿੱਚ ਕੁੱਲੀ ਗੁੱਲੀ ਤੇ ਜੁੱਲੀ ਦੇ ਹੀ ਠੋਸ ਪ੍ਰਬੰਧ ਨਹੀਂ ਹੋ ਸਕੇ। ਪਿਛਲੇ ਪਝੱਤਰ ਵਰ੍ਹਿਆਂ ਤੋਂ ਦੇਸ਼ ਦੀ ਆਜ਼ਾਦੀ ਲੋਕਾਂ ਦੀ ਜਾਨ ਹੀ ਲੈ ਰਹੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਜੇਲ੍ਹ ਫਰੀਦਕੋਟ
Next articleਤੂੰ ਮੈਨੂੰ ਖ਼ਤ ਲਿਖੀ