ਦਿੱਲੀ ਦੇ ਨੇੜੇ ਬੜੇ …ਪਰ … ਬੇਬੇ-ਬੋਲੀ ਤੋਂ ਦਿਲੋਂ ਨੇ ਦੂਰ!

(ਸਮਾਜ ਵੀਕਲੀ)

 *ਆਮ ਆਦਮੀ ਦੀ ਆਵਾਜ਼44*

ਸ੍ਰੀ ਮ. ਸ. ਸਿਰਸਾ ਨੂੰ ਗੁਰਮੁਖੀ ਲਿਪੀ ਨਹੀਂ ਪੜ੍ਹਨੀ ਆਈ। ਓਹ ਜਿਹੜਾ ਟੈਸਟ ਲਿਆ ਐ, ਓਹਦੇ ਨਤੀਜੇ ਨੇ ਸਾਰਾ ਹੀਜ ਪਿਆਜ਼ ਖੋਲ੍ਹ ਦਿੱਤਾ ਏ। ਲਿਹਾਜ਼ਾ, ਹੁਣ ਉਨ੍ਹਾਂ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਕੋ ਆਪਟ ਮੈਂਬਰ ਦੇ ਤੌਰ ਉੱਤੇ ਨਹੀਂ ਲਿਆ ਜਾ ਸਕੇਗਾ, I mean ਨਈਂ ਲੈ ਪਾਉਣਗੇ!! ਪ੍ਰਧਾਨਗੀ ਵੀ ਜਾਂਦੀ ਲੱਗੀ..!

ਇਹ ਅਸਲ ਵਿਚ ਕਿਸੇ ਇਕ ਅੱਧੇ ਟੱਬਰ ਦੀ ਹੋਣੀ ਨਹੀਂ ਐ, ਬਹੁਤਿਆਂ ਘਰਾਂ ਦਾ ਓਥੇ ਇਹੀ ਹਾਲ ਬਣਿਆ ਹੋਇਆ ਐ। ਦਿੱਲੀ, ਯੂ. ਪੀ., ਉੱਤਰਾਖੰਡ ਵਗੈਰਾ ਹਰ ਥਾਈਂ ਇਹੋ ਰੋਣਾ ਹੈ।
ਸੱਚ ਆਖੀਏ ਤਾਂ ਪੰਜਾਬੋਂ ਦੂਰ ਰਹਿੰਦੇ ਗੈਰ ਗੰਭੀਰ ਪੰਜਾਬੀਆਂ ਦਾ ਇਹੀ ਦੁਖਾਂਤ ਏ। ਵਪਾਰ ਵੱਡੇ ਵੱਡੇ ਨੇ, ਖੇਤੀ ਜੋਗੀ ਜ਼ਮੀਨ ਵੀ ਵਾਹਵਾ ਹੁੰਦੀ ਐ ਕੋਲ ਪਰ… ਸਾਹਿਤਕ/ਸਮਾਜੀ ਸੋਝੀ ਊਣੀ ਈ ਰਹਿ ਗਈ।
ਸਾਡੇ ਇਹ ਭਰਾ, ਧਾਰਮਕ ਕਰਮ ਕਾਂਡ ਦੇ ਸ਼ੋਅਬੇ ਵਿਚ ਸਭ ਤੋਂ ਅੱਗੇ ਦਿਸਣਗੇ ਪਰ, ਇਲਮ, ਅਧਿਐਨ, ਗਿਆਨ ਪ੍ਰਾਪਤੀ ਲਈ ਯਤਨਾਂ ਦੀ ਗੱਲ ਕਰੀਏ ਤਾਂ ਨਾ ਬਾਬੇ ਨਾ..। ਸੁੱਖਣਾ ਸੁੱਖ ਲਈ ਤੇ ਸੁੱਖਣਾ ਲਾਹੁਣ ਚੱਲੇ ਹਾਂ, ਏਸੇ ਗੇੜ ਵਿਚ ਜ਼ਿੰਦਗੀ ਕੱਢ ਦਿੰਦੇ ਨੇ ਬਹੁਤੇ ਤਾਂ।

ਖਵਰੇ ਸਰਕਾਰ ਨੇ ਇਹੋ ਜਿਹੇ ਘੜ੍ਹ ਦਿੱਤੇ ਨੇ ਜਾਂ ਜਿਸਮਾਂ ਅੰਦਰ ਗਸ਼ਤ ਕਰ ਰਿਹਾ ਲਹੂ ਆਪਣਾ ਅਸਰ ਵਖਾ ਰਿਹੈ। …ਆਪਣੀ ਬੇਬੇ ਬੋਲੀ ਨਾਲ ਏਨੀ ਬੇ-ਤਲੱਕੀ। ਏਨਾ ਬੇਗਾਨਾਪਣ, ਤੌਵਾ, ਤੌਵਾ।
***
ਦੂਜੇ ਪਾਸੇ, ਲਹਿੰਦਾ ਪੰਜਾਬ ਦੇਖ ਲਓ। ਕਰਾਚੀ ਦੇ ਹਮ ਕੋ, ਤੁਮ ਕੋ ਬੋਲਦੇ ਹਾਕ਼ਮ ਕਹਿੰਦੇ ਨੇ “ਹਮਾਰੀ ਤਰਹ ਉਰਦੂ ਬੋਲੋ ਨਾ”… ਕਿਆ ਗਵਾਰੋ ਕੀ ਜ਼ੁਬਾਨ ਬੋਲਤੇ ਹੋ?”
ਲਹਿੰਦੇ ਪੰਜਾਬ ਵਾਲੇ ਫੇਰ ਵੀ ਪੰਜਾਬੀ ਬੋਲਦੇ ਨੇ। “ਹਿੰਦਜਾਬੀ” ਨਹੀਂ ਬੋਲਦੇ ਸੁਹਣੀ ਪੰਜਾਬੀ ਬੋਲਦੇ ਨੇ।
… ਤੇ ਆਪਾਂ ਪੰਜਾਬੋਂ ਬਾਹਰ ਜਾਂਦਿਆਂ ਈ …ਪੰਜਾਬੀ ਨੂੰ ਪਿੱਠ ਵਖਾਉਣ ਵੇਲੇ ਦੇਰ ਨਹੀਂ ਲਾਉਂਦੇ।

ਸਿਰਸਾ ਹੁਰਾਂ ਬਾਰੇ ਸੋਚ ਲਓ, ਜਿਹੜੇ ਖ਼ੁਦ ਪੰਜਾਬੀ ਜ਼ੁਬਾਨ ਨਹੀਂ ਪੜ੍ਹ ਸਕੇ, ਉਨ੍ਹਾਂ ਨੇ ਅਗਲੀ ਨਸਲ ਨੂੰ ਕਿਹੜੀ ਪੰਜਾਬੀ ਸਖਾਈ ਹੋਏਗੀ? ਠੀਕ ਐ ਕਿ ਜਿਹਾ ਦੇਸ, ਤੇਹਾ ਵੇਸ ਵਾਲਾ ਵਰਤਾਰਾ ਵੀ ਹੁੰਦੈ ਪਰ …ਆਹ ਕੀ? ਜੇ ਪ੍ਰਧਾਨਗੀ ਮਿਆਰ ਦੇ ਬੰਦੇ ਇਹੋ ਜਿਹੇ ਨੇ ਤਾਂ ਆਮ ਜਿਹੇ ਕਿੱਦਾਂ ਦੇ ਹੋਣਗੇ!+?

*ਜ਼ਿਹਨੀ ਗ਼ਰੀਬੀ ਦਾ ਮੁਜ਼ਾਹਰਾ*
ਕੀ ਵਪਾਰਕ ਤੇ ਪਦਾਰਥਕ ਅਮੀਰੀ, ਮਾਨਸਕ ਗ਼ਰੀਬੀ ਨੂੰ ਕੱਜ ਸਕਦੀ ਏ? ਰਤਾ ਦੱਸੋ ਖਾਂ!
ਸਾਡੇ ਬਹੁਤੇ ਪੰਜਾਬੀ ਭਾਈਵੰਦ ਏਸ ਗੱਲ ਦੀ ਬੜੀ ਡੌਂਡੀ ਪਿੱਟਦੇ ਰਹਿੰਦੇ ਨੇ, ਬਈ, ਅਸੀਂ ਪੰਜਾਬੋਂ ਬਾਹਰ ਰਹਿੰਦਿਆਂ ਹੋਇਆਂ ਵੀ ਆਹ ਕਰ’ਤਾ, ਓਹ ਕਰ’ਤਾ। ਮਹਿਲਾਂ ਅਰਗੇ ਘਰ ਉਸਾਰ ਲਏ, ਗੱਡੀਆਂ ਵਿਚ ਸਫ਼ਰ ਕਰਦੇ ਹਾਂ। …ਪਰ ਸਭਿਆਚਾਰ ਦਾ ਕੀਤਾ? ਨਵੀਆਂ ਨਸਲਾਂ ਨੂੰ ਬੇਬੇ ਬੋਲੀ ਨਾਲ ਜੋੜਿਆ? ਪੁੱਛ ਕੇ ਵੇਖ ਲਿਓ..!

*ਵਿਦਵਾਨੋ, ਕੀ ਭਾਲਦੇ ਓ?*
ਸਾਡੇ ਕਈ ਆਲਮ ਫਾਜ਼ਲ ਤੇ ਵਿਦਵਾਨ, ਕਥਾਵਾਚਕ ਬੜਾ ਹੇਜ ਕਰਦੇ ਰਹਿੰਦੇ ਨੇ, ਬਈ ਦਿੱਲੀ ਚਲੇ ਜਾਨੇ ਆ। ਉੱਤਰਾਖੰਡ ਚਲੇ ਜਾਨੇ ਆ। ਓਥੇ ਮਿਹਨਤ ਕਰਾਂਗੇ, ਗ਼ਰੀਬੀ ਚੱਕੀ ਜਾਊਗੀ!
ਸੂਰਤੇਹਾਲ ਦੀ ਹਕੀਕਤ ਵੇਖੀਏ ਤਾਂ ਕਚਿਆਣ ਆਉਂਦੀ ਹੈ ਕਿ ਜਿਹੜੇ ਧਾਰਮਕ ਥਾਵਾਂ ਨਾਲ ਸਬੰਧਤ ਇੰਤਜ਼ਾਮੀਆ ਕਮੇਟੀਆਂ ਦੇ ਪ੍ਰਧਾਨ ਤੇ ਹੋਰ ਮੋਹਤਬਰ ਆਪਣੀ ਬੇਬੇ-ਬੋਲੀ ਨਹੀਂ ਪੜ੍ਹ ਸਕਦੇ, ਉਨ੍ਹਾਂ ਨੇ ਕਿਸੇ ਪੰਜਾਬੀ ਪਿਆਰੇ ਦਾ ਕੋਈ ਸੁਲੇਖ ਪੜ੍ਹਿਆ ਹੋਊਗਾ?
ਇਹ ਕਿਸੇ ਪੰਥਕ ਵਿਦਵਾਨ ਦੀ ਸ਼ਨਾਖਤ ਕਰ ਕੇ ਓਹਦਾ ਮਾਣ ਤਾਣ ਕਰਣਗੇ?

ਜਦੋਂ ਆਪਾਂ ਨੂੰ ਪੰਜਾਬੀ ਬੋਲੀ ਦੀ ਲਿਪੀ ਨਹੀਂ ਪੜ੍ਹਨੀ ਆਉਂਦੀ, ਸਿੱਖਣ ਲਈ ਆਪਾਂ ਤਾਂਘ ਨਹੀਂ ਰੱਖਦੇ, ਫੇਰ ਪੰਜਾਬੀ ਸਾਹਿਤ ਦੇ ਗਿਆਨੀਆਂ ਨੂੰ ਕਿਵੇਂ ਲੱਭ ਲਾ’ਗੇ? ਜੇ ਕੋਈ ਵਿਦਵਾਨ ਮਦਦ ਦੀ ਉਡੀਕ ਵਿਚ ਹੋਊਗਾ, ਓਹਨੂੰ ਬਣਦਾ ਹਕ਼ ਕਿਵੇਂ ਦਿਆਂਗੇ?
ਫੇਰ, ਕਿਉਂ ਪਿੱਟ ਸਿਆਪਾ ਪਾਉਂਦੇ ਹਾਂ ਕਿ ਧੀ ਨੇ ਪੰਜਾਬੀ ਕੌਮ ਤੋਂ ਬਾਹਰਲਾ ਵਰ੍ਹ ਲੱਭ ਲਿਆ ਏ।
ਫੇਰ ਕਿਉਂ ਕੁੜ੍ਹਦੇ ਰਹਿੰਦੇ ਆ ਕਿ ਧੀਆਂ ਪੁੱਤ ਵਿਰਸੇ ਦੀ ਕ਼ਦਰ ਨਹੀਂ ਕਰਦੇ!
ਆਪਾਂ ਕੀ ਕਰਦੇ ਹਾਂ?

*ਆਖ਼ਰੀ ਗੱਲ*
ਰਸੂਲ ਹਮਜ਼ਾਤੋਵ ਲਿਖਾਰੀ ਹੋਇਆ ਵੱਡਾ। ਰੂਸ ਦੇਸ ਵਿਚ ਦਾਗੇਸਤਾਨ ਓਹਦਾ ਪਿਤਰੀ ਖਿੱਤਾ ਸੀ। ਹਮਜ਼ਾਤੋਵ ਦੀ ਏਸ ਬਿਰਤਾਂਤਕ ਕਤਾਬ ਵਿਚ ਰਮਜ਼ੀਆ ਜ਼ਿਕਰ ਆਉਂਦਾ ਹੈ। ਓਹ ਜ਼ਿਕਰ ਇਹ ਹੈ ਕਿ ਮਾਂ, ਪਰਦੇਸ ਤੋਂ ਮੁੜੇ ਬੰਦੇ ਨੂੰ ਪੁੱਛਦੀ ਹੈ ਕਿ ਮੇਰਾ ਪੁੱਤ ਤਗੜਾ ਐ? ਮਿਲਦਾ ਗਿਲਦਾ ਹੁੰਦੈ? ਕਿਹੜੀ ਬੋਲੀ ਬੋਲਦਾ ਓਥੇ ਓਹ ਅੱਜਕਲ੍ਹ? ਓਹ ਪ੍ਰਦੇਸੋਂ ਪਰਤਿਆ ਬੰਦਾ ਕਹਿ ਦਿੰਦੈ ਕਿ “ਅਵਾਰ” ਨਹੀਂ ਬੋਲਦਾ। ਓਥੇ ਮਾਈ ਤੇਰਾ ਪੁੱਤ ਓਧਰਲੀ ਬੋਲੀ ਬੋਲਦਾ ਰਹਿੰਦੈ। (ਅਵਾਰ ਉਨ੍ਹਾਂ ਦੀ ਬੇਬੇ-ਬੋਲੀ ਹੁੰਦੀ ਐ)

ਓਹ ਜਜ਼ਬਾਤੀ ਔਰਤ ਅੱਗਿਓਂ ਕਹਿੰਦੀ, ਫੇਰ ਓਹ ਹੁਣ ਤੋਂ ਮੇਰਾ ਜਾਇਆ ਈ ਨਈ। ਓਹ ਮੇਰਾ ਪੁੱਤ ਈ ਨਹੀਂ।

ਦਾਗੇਸਤਾਨ ਵਾਲੇ ਰੁੱਸ ਕੇ ਬਦ ਦੁਆ ਵੀ ਇਹੀ ਦੇਣਗੇ, “ਜਾਹ, ਤੈਨੂੰ ਤੇਰੀ ਮਾਂ ਬੋਲੀ ਵਿੱਸਰ ਜਾਏ”।
ਹਾਏ ਓ ਰੱਬਾ! ‘ਹਨੇਰ ਹੋ ਗਿਆ। ਓ ਜਿੰਨ੍ਹੇ ਬੇਬੇ ਬੋਲੀ ਵਿਸਾਰ ਦਿੱਤੀ, ਓਹ ਆਪਣੇ ਪਿਤਰੀ ਵਸੇਬ ਨੂੰ ਕਿਵੇਂ ਸਮਝੇਗਾ?
ਆਪਣੇ ਪੁਰਖਿਆਂ ਦੇ ਜਿਊਣ ਚੱਜ ਨੂੰ ਕਿਵੇਂ ਮਾਣੇਗਾ? ਪਕਰੋੜ੍ਹ ਕਿਵੇਂ ਹੋਏਗਾ?

ਹੱਦ ਹੋ ਗੀ ਯਾਰ..! ਵਪਾਰਾਂ ਦੀ ਹਿਰਸ ਨੇ ਪੰਜਾਬੀਆਂ ਨੂੰ ਕੀ ਬਣਾ ਦਿੱਤਾ। …ਕਿ ਆਪ ਈ ਬਣ ਗਏ ਨੇ?

ਯਾਦਵਿੰਦਰ

ਸੰਪਰਕ : ਓ, ਅ, ਈ ਬੁਰਜ, ਸਰੂਪ ਨਗਰ ਗਲੀ

ਗਰਾਂ : ਰਾਓਵਾਲੀ, ਜਲੰਧਰ ਦਿਹਾਤ।
+916284336773, 9465329617

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੁਸੈਨਪੁਰ ਦੇ ਸਾਬਕਾ ਸਰਪੰਚ ਦੇ ਘਰ ਤੋਂ ਚੋਰਾਂ ਦੁਆਰਾ ਕੀਮਤੀ ਸਮਾਨ ਚੋਰੀ
Next articleਮੁਖ਼ਤਿਆਰ ਸਿੰਘ ਸੁੰਡਾ ਭਰਾਵਾਂ ਨੂੰ ਸਦਮਾਂ ਪਿਤਾ ਸ: ਹਰੀ ਸਿੰਘ ਸੁੰਡਾ ਜੀ ਸਦੀਵੀ ਵਿਛੋੜਾ ਦੇ ਗਏ।