ਸਮੇਂ ਅਤੇ ਪੈਸੇ ਦੀ ਕਦਰ ਕਰੋ

ਪ੍ਰਭਜੋਤ ਕੌਰ ਢਿੱਲੋਂ ਮੁਹਾਲੀ

(ਸਮਾਜ ਵੀਕਲੀ)

ਬਜ਼ੁਰਗ ਹਮੇਸ਼ਾਂ ਕਹਿੰਦੇ ਹਨ ਕਿ ਜਿਸਨੇ ਸਮੇਂ ਦੀ ਅਤੇ ਪੈਸੇ ਦੀ ਕਦਰ ਕਰਨੀ ਸਿਖ ਲਈ ਤੇ ਕੀਤੀ ਉਹ ਕਦੇ ਮਾਰ ਨਹੀਂ ਖਾਂਦਾ। ਲੰਘਿਆ ਹੋਇਆ ਸਮਾਂ,ਉਜਾੜਿਆ ਹੋਇਆ ਪੈਸਾ ਅਤੇ ਪੁੱਲਾਂ ਹੇਠੋਂ ਲੰਘਿਆ ਪਾਣੀ ਕਦੇ ਵਾਪਸ ਨਹੀਂ ਆਉਂਦੇ।ਜਿਹੜੇ ਇੰਨਾਂ ਗੱਲਾਂ ਨੂੰ ਸੁਣਕੇ,ਇੰਨਾਂ ਤੇ ਅਮਲ ਕਰਦੇ ਹਨ ਉਹ ਜ਼ਿੰਦਗੀ ਵਿੱਚ ਸਫਲ ਹੋ ਜਾਂਦੇ ਹਨ ਅਤੇ ਜਿਹੜੇ ਅਜਿਹਾ ਨਹੀਂ ਕਰਦੇ ਉਹ ਦਰ ਦਰ ਦੀਆਂ ਠੋਕਰਾਂ ਖਾਂਦੇ ਹਨ।ਉਹ ਸਾਰਾ ਕੁੱਝ ਗੁਆ ਲੈਣ ਤੋਂ ਬਾਅਦ ਦੂਸਰਿਆਂ ਨੂੰ ਦੋਸ਼ੀ ਸਾਬਿਤ ਕਰਨ ਲੱਗ ਜਾਂਦੇ ਹਨ।ਉਹ ਆਪਣੀ ਗਲਤੀ ਕਦੇ ਵੀ ਨਹੀਂ ਮੰਨਦੇ।ਹਾਂ, ਜਿਹੜੇ ਗਲਤੀ ਮੰਨਕੇ ਕੁੱਝ ਕਰਨ ਲੱਗਦੇ ਹਨ,ਉਹ ਕੁੱਝ ਤਾਂ ਹਾਸਿਲ ਕਰ ਸਕਦੇ ਹਨ।ਸਿਆਣੇ ਅਜਿਹੇ ਲੋਕਾਂ ਲਈ ਕਹਿੰਦੇ ਹਨ “ਵੇਲੇ ਦੀ ਨਮਾਜ਼,ਕੁਵੇਲੇ ਦੀਆਂ ਟੱਕਰਾਂ।”

ਜੇਕਰ ਪੈਸਾ ਹੈ ਤਾਂ ਉਸਨੂੰ ਸੰਭਾਲ ਕੇ ਅਤੇ ਬਹੁਤ ਸਮਝਦਾਰੀ ਨਾਲ ਵਰਤੋ।ਬਹੁਤ ਵਾਰ ਅਸੀਂ ਫਜ਼ੂਲ ਖਰਚੀ ਅਤੇ ਵਿਖਾਵੇ ਲਈ ਪੈਸਾ ਬਿੰਨਾ ਸੋਚੇ ਸਮਝੇ ਖਰਚਦੇ ਹਾਂ। ਇਹ ਪੈਸੇ ਦੀ ਬੇਕਦਰੀ ਹੈ।ਪੈਸੇ ਦੇ ਨਾਲ ਮਿਹਨਤ ਕਰੋ ਅਤੇ ਪੈਸਾ ਕਮਾਉਣ ਨਾਲ ਹੀ ਬਰਕਤ ਪੈਂਦੀ ਹੈ।ਵਿਹਲੇ ਬੈਠਕੇ ਖਾਧਿਆਂ ਤਾਂ ਖੂਹ ਵੀ ਖਾਲੀ ਹੋ ਜਾਂਦੇ ਹਨ।ਸਿਆਣੇ ਤੇ ਸਮਝਦਾਰ ਉਹ ਹੀ ਹਨ ਜਿਹੜੇ ਇਕ ਰੁਪਿਆ ਕਮਾਉਂਦੇ ਹਨ ਤਾਂ ਵਿੱਚੋਂ ਕੁੱਝ ਨਾ ਕੁੱਝ ਮਾੜੇ ਦਿਨਾਂ ਲਈ ਔਖੇ ਹੋਕੇ ਜ਼ਰੂਰ ਬਚਾਉਂਦੇ ਹਨ। ਬੂੰਦ ਬੂੰਦ ਨਾਲ ਗਲਾਸ ਭਰ ਜਾਂਦਾ ਹੈ।ਜੇਕਰ ਤੁਹਾਡੇ ਕੋਲ ਕੁੱਝ ਪੈਸਾ ਸੰਭਾਲਿਆ ਹੈ ਤਾਂ ਮੁਸੀਬਤ ਵੇਲੇ ਕੁੱਝ ਦੂਸਰੇ ਤੋਂ ਫੜਕੇ ਕੰਮ ਚਲਾਇਆ ਜਾ ਸਕਦਾ ਹੈ।ਪਰ ਜੇਕਰ ਆਪਣੇ ਪੱਲੇ ਕੁੱਝ ਨਹੀਂ ਤਾਂ ਦੂਸਰੇ ਵੀ ਕਿੰਨੀ ਕੁ ਅਤੇ ਕਦੋਂ ਤੱਕ ਮਦਦ ਕਰਨਗੇ।

ਹਕੀਕਤ ਇਹ ਹੈ ਕਿ ਜਿੰਨਾਂ ਨੇ ਸਮੇਂ ਦੀ ਕਦਰ ਕਰਕੇ ਮਿਹਨਤ ਕੀਤੀ,ਉਨ੍ਹਾਂ ਦਾ ਜ਼ਿੰਦਗੀ ਦਾ ਸਫਰ ਕੁੱਝ ਸੌਖਾ ਚੱਲਦਾ ਰਹਿੰਦਾ ਹੈ ਅਤੇ ਇਜ਼ੱਤ ਵੀ ਬਣੀ ਰਹਿੰਦੀ ਹੈ।ਜੇਕਰ ਪੜ੍ਹਨ ਵੇਲੇ ਸਕੂਲ ਕਾਲਜ ਵਿੱਚ ਮਸਤੀ ਮਾਰੀ,ਨੰਬਰ ਚੰਗੇ ਨਹੀਂ ਆਏ ਤਾਂ ਅੱਗੋਂ ਬਹੁਤ ਸਾਰੇ ਰਸਤੇ ਬੰਦ ਹੋ ਜਾਂਦੇ ਹਨ।ਉਸਤੋਂ ਬਾਅਦ ਸਿਰਫ਼ ਪਛਤਾਵਾ ਹੀ ਹੱਥ ਲੱਗਦਾ ਹੈ।ਜੇਕਰ ਅਜੋਕੇ ਵੇਲੇ ਦੀ ਗੱਲ ਕਰੀਏ ਤਾਂ ਨਸ਼ਿਆਂ ਵਿੱਚ ਲੱਗੇ ਲੋਕ ਨਾ ਸਮੇਂ ਦੀ ਕਦਰ ਕਰ ਰਹੇ ਹਨ ਅਤੇ ਨਾ ਪੈਸੇ ਦੀ।ਘਰਾਂ ਦਾ,ਪਰਿਵਾਰਾਂ ਦਾ ਬੁਰਾ ਹਾਲ ਹੋ ਰਿਹਾ ਹੈ।ਆਪ ਵੀ ਨਰਕ ਭਰੀ ਜ਼ਿੰਦਗੀ ਜਿਊਂਦੇ ਹਨ ਅਤੇ ਪਰਿਵਾਰ ਨੂੰ ਵੀ ਨਰਕ ਵਿੱਚ ਝੋਕ ਦਿੰਦੇ ਹਨ।ਆਪ ਕਮਾਉਣ ਜੋਗੇ ਰਹਿੰਦੇ ਨਹੀਂ ਅਤੇ ਦੂਸਰਿਆਂ ਦੇ ਪੈਸੇ ਟਿਕਣ ਨਹੀਂ ਦਿੰਦੇ।ਘਰਦੇ ਵੀ ਮਜ਼ਬੂਰ ਹੋ ਜਾਂਦੇ ਹਨ,ਕਿੰਨੀ ਦੇਰ ਇਲਾਜ ਕਰਵਾਉਣ ਅਤੇ ਬੈਠਿਆਂ ਨੂੰ ਖਵਾਉਣ।

ਉਨਾਂ ਵਾਸਤੇ ਸਿਰਫ਼ ਨਸ਼ਾ ਜ਼ਰੂਰੀ ਹੁੰਦਾ ਹੈ।ਜੇਕਰ ਘਰਦੇ ਆਪਣੀ ਮਜ਼ਬੂਰੀ ਦੱਸਦੇ ਹਨ ਤਾਂ ਕੁੱਟਦੇ ਮਾਰਦੇ ਹਨ।ਨਸ਼ੇ ਕਰਨ ਵਿੱਚ ਸਮਾਂ ਵੀ ਬਰਬਾਦ ਕੀਤਾ ਅਤੇ ਪੈਸਾ ਵੀ,ਉਸਤੋਂ ਬਾਅਦ ਆਪ ਵੀ ਪ੍ਰੇਸ਼ਾਨ ਹੁੰਦੇ ਹਨ ਅਤੇ ਪਰਿਵਾਰ ਨੂੰ ਵੀ ਪ੍ਰੇਸ਼ਾਨ ਕਰਦੇ ਹਨ।ਜਦੋਂ ਅਜਿਹੇ ਲੋਕ ਨਸ਼ੇ ਵਿੱਚ ਪੈਸੇ ਤੇ ਸਮੇਂ ਨੂੰ ਬਰਬਾਦ ਕਰਦੇ ਹਨ,ਉਦੋਂ ਵੀ ਜਿਹੜਾ ਰੋਕਦਾ ਜਾਂ ਸਮਝਾਉਂਦਾ ਹੈ ਉਸਦੇ ਗਲ ਪੈਂਦੇ ਹਨ।ਬਹੁਤ ਥਾਵਾਂ ਤੇ ਮਾਪਿਆਂ ਦੀ ਕੁੱਟਮਾਰ ਕਰਦੇ ਹਨ,ਮਾਪਿਆਂ ਦਾ ਕਤਲ ਤੱਕ ਕਰ ਦਿੰਦੇ ਹਨ।ਬੱਚਿਆਂ ਅਤੇ ਪਤਨੀ ਦਾ ਜਿਊਣਾ ਔਖਾ ਹੋ ਜਾਂਦਾ ਹੈ।ਬੱਚਿਆਂ ਦਾ ਭਵਿੱਖ ਵੀ ਕਈ ਵਾਰ ਤਬਾਹ ਹੋ ਜਾਂਦਾ ਹੈ।ਸਭ ਕੁੱਝ ਖਤਮ ਕਰਨ ਤੋਂ ਬਾਅਦ ਜੇਕਰ ਹੋਸ਼ ਆਵੇ ਵੀ ਤਾਂ ਕੀ ਫਾਇਦਾ,ਅਬ ਪਛਤਾਇਆਂ ਕਿਆ ਹੋਤ,ਜਬ ਚਿੜੀਆਂ ਚੁੱਗ ਗਈ ਖੇਤ।”

ਬੱਚਿਆਂ ਨੂੰ ਸਮੇਂ ਤੇ ਪੈਸੇ ਦੀ ਕਦਰ ਕਰਨੀ ਜ਼ਰੂਰ ਸਮਝਾਉ।ਵੈਸੇ ਉਹ ਘਰਦੇ ਮਾਹੌਲ ਤੋਂ ਬਹੁਤ ਕੁੱਝ ਸਿਖ ਵੀ ਜਾਂਦੇ ਹਨ।ਲੋਕਾਂ ਨੂੰ ਵਿਖਾਉਣ ਅਤੇ ਪ੍ਰਭਾਵਿਤ ਕਰਨ ਲਈ ਪੈਸੇ ਨੂੰ ਫਜ਼ੂਲ ਖਰਚੀ ਨਾ ਕਰੋ।ਔਖੇ ਵੇਲੇ ਕਿਸੇ ਨੇ ਸਾਥ ਨਹੀਂ ਦੇਣਾ, ਜੋ ਤੁਹਾਡੇ ਕੋਲ ਬਚਾਇਆ ਹੋਇਆ ਹੋਏਗਾ ਉਹ ਹੀ ਮਦਦਗਾਰ ਸਿੱਧ ਹੋਏਗਾ।ਸਮੇਂ ਨੂੰ ਬਰਬਾਦ ਕਰਨ ਵਾਲਿਆਂ ਨੂੰ ਕੋਈ ਵੀ ਬਚਾ ਨਹੀਂ ਸਕਦਾ।ਸਮਾਂ ਬਹੁਤ ਕੀਮਤੀ ਵੀ ਹੈ,ਬਲਵਾਨ ਵੀ ਹੈ ਅਤੇ ਬੇਕਦਰੀ ਦਾ ਸਬਕ ਬਹੁਤ ਚੰਗੀ ਤਰ੍ਹਾਂ ਸਿਖਾ ਦਿੰਦਾ ਹੈ।ਜੇਕਰ ਸਮੇਂ ਤੇ ਪੈਸੇ ਦੀ ਬੇਕਦਰੀ ਕਰੋਗੇ ਤਾਂ ਆਪਣੀ ਬੇਕਦਰੀ ਲਈ ਤਿਆਰ ਰਹਿਣਾ ਚਾਹੀਦਾ ਹੈ।

ਪ੍ਰਭਜੋਤ ਕੌਰ ਢਿੱਲੋਂ ਮੁਹਾਲੀ

ਮੋਬਾਈਲ ਨੰਬਰ 9815030221

 

Previous articleਗੱਲ
Next article” ਅਦਾਰਾ ਅਦਬੀ ਸ਼ਾਮ” ਦੁਆਰਾ ਪੰਜਾਬੀ ਭਾਸ਼ਾ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ