ਅਮਰੀਕਾ: ਤੂਫ਼ਾਨ ਕਾਰਨ ਅਲਬਾਮਾ ’ਚ 13 ਮੌਤਾਂ

ਐਟਲਾਂਟਾ (ਸਮਾਜ ਵੀਕਲੀ): ਅਮਰੀਕਾ ਦੇ ਅਲਬਾਮਾ ਸੂਬੇ ’ਚ ਤਬਾਹੀ ਮਚਾਉਣ ਮਗਰੋਂ ਉੱਤਰੀ ਅਤੇ ਦੱਖਣੀ ਕੈਰੋਲੀਨਾ ਦੇ ਤੱਟ ਵੱਲ ਵਧ ਰਿਹਾ ‘ਕਟਾਊਡੇਟ ਤੂਫ਼ਾਨ ਅੱਜ ਤੜਕੇ ਹੋਰ ਮਜ਼ਬੂਤ ਹੋ ਗਿਆ ਅਤੇ ਇਸ ਦੇ ਦੁਬਾਰਾ ਊਸ਼ਣ ਕਟੀਬੰਧ ਤੂਫ਼ਾਨ ’ਚ ਬਦਲਣ ਦਾ ਖ਼ਦਸ਼ਾ ਹੈ। ਇਸ ਤੋਂ ਪਹਿਲਾਂ ਇਸ ਚੱਕਰਵਾਤੀ ਤੂਫ਼ਾਨ ਕਾਰਨ ਸ਼ਨਿਚਰਵਾਰ ਨੂੰ ਵਾਪਰੇ ਹਾਦਸਿਆਂ ’ਚ 13 ਲੋਕਾਂ ਦੀ ਮੌਤ ਹੋ ਗਈ ਅਤੇ ਤੂਫ਼ਾਨ ਮਗਰੋਂ ਆਏ ਹੜ ਕਾਰਨ ਦਰਜਨਾਂ ਘਰ ਤਬਾਹ ਹੋ ਗਏ ਹਨ।

ਹਾਦਸਿਆਂ ’ਚ ਮਰਨ ਵਾਲੇ ਲੋਕਾਂ ਵਿੱਚ ਇੱਕ ਵੈਨ ’ਚ ਸਵਾਰ 8 ਬੱਚੇ ਵੀ ਸ਼ਾਮਲ ਹਨ। ਅਲਬਾਮਾ ਸੂਬੇ ਦੀ ਬਟਲਰ ਕਾਊਂਟੀ ਦੇ ਕੋਰੋਨਰ ਵੇਨ ਗਾਰਲੌਕ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਦੱਖਣ ਵੱਲ ਲੱਗਪਗ 55 ਕਿਲੋਮੀਟਰ ਦੂਰ ਇੰਟਰਸਟੇਟ 65 ’ਤੇ ਕਈ ਵਾਹਨ ਆਪਸ ’ਚ ਟਕਰਾ ਗਏ, ਜਿਸ ਕਾਰਨ 9 ਬੱਚਿਆਂ ਸਣੇ 10 ਲੋਕਾਂ ਦੀ ਮੌਤ ਹੋ ਗਈ। ਬੱਚਿਆਂ ਦੀ ਉਮਰ 4 ਤੋਂ 17 ਸਾਲ ਦੱਸੀ ਜਾ ਰਹੀ ਹੈ। ਉਨ੍ਹਾਂ ਮੁਤਾਬਕ ਇਹ ਹਾਦਸਾ ਸੜਕਾਂ ’ਤੇ ਤਿਲਕਣ ਹੋਣ ਕਾਰਨ ਵਾਪਰਿਆ ਹੋ ਸਕਦਾ ਹੈ।

ਇਸ ਤੋਂ ਇਲਾਵਾ ਇਕ ਹੋਰ ਵਾਹਨ ਵਿੱਚ ਇੱਕ ਵਿਅਕਤੀ ਅਤੇ ਉਸ ਦੀ 9 ਮਹੀਨਿਆਂ ਦੀ ਬੱਚੀ ਦੀ ਮੌਤ ਹੋ ਗਈ। ਹਾਦਸੇ ’ਚ ਕਈ ਲੋਕ ਜ਼ਖ਼ਮੀ ਵੀ ਹੋਏ ਹਨ। ਇਸੇ ਦੌਰਾਨ ਟਕਸਲੋਸਾ ਸ਼ਹਿਰ ਵਿੱਚ ਇੱਕ ਘਰ ’ਤੇ ਦਰੱਖ਼ਤ ਡਿੱਗਣ ਕਾਰਨ ਇੱਕ ਵਿਅਕਤੀ ਅਤੇ ਤਿੰਨ ਸਾਲਾਂ ਦੇ ਬੱਚੇ ਦੀ ਮੌਤ ਹੋ ਗਈ। ਤੂਫ਼ਾਨ ਕਾਰਨ ਵਰ੍ਹੇ ਮੋਹਲੇਧਾਰ ਮੀਂਹ ਕਾਰਨ ਉੱਤਰੀ ਜਾਰਜੀਆ, ਦੱਖਣੀ ਕੈਰੋਲੀਨਾ ਦੇ ਜ਼ਿਆਦਾਤਰ ਹਿੱਸਿਆਂ, ਉੱਤਰੀ ਕੈਰੋਲੀਨਾ ਤੱਟ ਅਤੇ ਦੱਖਣ-ਪੂਰਬੀ ਅਲਬਾਮਾ ਦੇ ਕੁਝ ਹਿੱਸਿਆਂ ਅਤੇ ਫਲੋਰਿਡਾ ਪੈਨਹੈਂਡਲ ਵਿੱਚ ਐਤਵਾਰ ਨੂੰ ਅਚਾਨਕ ਹੜ੍ਹ ਆ ਗਿਆ, ਜਿਸ ਕਾਰਨ ਘਰਾਂ ਦਾ ਭਾਰੀ ਨੁਕਸਾਨ ਹੋਇਆ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉੱਤਰੀ ਕੋਰੀਆ ਤੋਂ ਗੱਲਬਾਤ ਬਾਰੇ ਹਾਂ-ਪੱਖੀ ਹੁੰਗਾਰੇ ਦੀ ਆਸ: ਸੁੰਗ ਕਿਮ
Next articleਮੁੰਬਈ ਹਮਲੇ: ਰਾਣਾ ਦੀ ਹਵਾਲਗੀ ਦੇ ਮਾਮਲੇ ’ਚ ਅਮਰੀਕੀ ਅਦਾਲਤ ’ਚ ਸੁਣਵਾਈ ਵੀਰਵਾਰ ਨੂੰ