ਉੱਤਰੀ ਕੋਰੀਆ ਤੋਂ ਗੱਲਬਾਤ ਬਾਰੇ ਹਾਂ-ਪੱਖੀ ਹੁੰਗਾਰੇ ਦੀ ਆਸ: ਸੁੰਗ ਕਿਮ

ਸਿਓਲ (ਸਮਾਜ ਵੀਕਲੀ): ਉੱਤਰੀ ਕੋਰੀਆ ਸਬੰਧੀ ਮਾਮਲਿਆਂ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਵਿਸ਼ੇਸ਼ ਦੂਤ ਨੇ ਅੱਜ ਉਮੀਦ ਪ੍ਰਗਟਾਈ ਕਿ ਗੱਲਬਾਤ ਦੇ ਅਮਰੀਕੀ ਸੱਦੇ ’ਤੇ ਉੱਤਰੀ ਕੋਰੀਆ ਜਲਦੀ ਹੀ ਹਾਂ ਪੱਖੀ ਪ੍ਰਤੀਕਿਰਿਆ ਦੇਵੇਗਾ। ਇਸ ਤੋਂ ਪਹਿਲਾਂ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਆਪਣੇ ਅਧਿਕਾਰੀਆਂ ਨੂੰ ਅਮਰੀਕਾ ਨਾਲ ਗੱਲਬਾਤ ਅਤੇ ਟਕਰਾਅ ਦੋਵਾਂ ਵਾਸਤੇ ਤਿਆਰ ਰਹਿਣ ਲਈ ਕਿਹਾ ਸੀ।

ਉੱਤਰੀ ਕੋਰੀਆ ਲਈ ਬਾਇਡਨ ਦੇ ਵਿਸ਼ੇਸ਼ ਨੁਮਾਇੰਦੇ ਸੁੰਗ ਕਿਮ ਦੱਖਣੀ ਕੋਰੀਆ ਅਤੇ ਜਾਪਾਨ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਵਾਸਤੇ ਸਿਓਲ ਵਿੱਚ ਹਨ। ਉੱਤਰੀ ਕੋਰੀਆ ਦੇ ਪ੍ਰਮਾਣੂ ਪ੍ਰੋਗਰਾਮ ਅਤੇ ਅਮਰੀਕਾ ਦੀ ਅਗਵਾਈ ਵਿੱਚ ਉਸ ’ਤੇ ਲਾਈਆਂ ਗਈਆਂ ਪਾਬੰਦੀਆਂ ਕਾਰਨ ਦੋਵਾਂ ਵਿਚਾਲੇ ਕੂਟਨੀਤਕ ਤਲਖ਼ੀ ਪੈਦਾ ਹੋ ਗਈ ਹੈ ਅਤੇ ਸੁੰਗ ਇਸੇ ਮਾਮਲੇ ਨੂੰ ਲੈ ਕੇ ਗੱਲਬਾਤ ਕਰਨ ਵਾਸਤੇ ਸਿਓਲ ਵਿੱਚ ਹਨ।

ਸਿਓਲ ਵਿੱਚ ਇਸ ਤਿੰਨ-ਪੱਖੀ ਗੱਲਬਾਤ ਤੋਂ ਪਹਿਲਾਂ ਉੱਤਰੀ ਕੋਰੀਆ ’ਚ ਪਿਛਲੇ ਹਫ਼ਤੇ ਕੂਟਨੀਤਕ ਸੰਮੇਲਨ ਹੋਇਆ ਸੀ, ਜਿੱਥੇ ਕਿਮ ਜੋਂਗ ਉਨ ਨੇ ਆਪਣੇ ਦੇਸ਼ ’ਚ ਖਾਧ ਪਦਾਰਥਾਂ ਦੀ ਘਾਟ ਹੋਣ ਦੀ ਗੱਲ ਕਬੂਲੀ ਸੀ ਅਤੇ ਗੰਭੀਰ ਹੁੰਦੀਆਂ ਵਿੱਤੀ ਸਮੱਸਿਆਵਾਂ ਵਿਚੋਂ ਬਾਹਰ ਨਿਕਲਣ ਦਾ ਅਹਿਦ ਕੀਤਾ ਸੀ।

ਅਮਰੀਕੀ ਦੂਤ ਸੁੰਗ ਕਿਮ ਨੇ ਕਿਹਾ ਕਿ ਅਮਰੀਕਾ ਦੇ ਸਹਿਯੋਗੀਆਂ ਨੇ ਉੱਤਰੀ ਕੋਰਿਆਈ ਨੇਤਾ ਦੀਆਂ ਟਿੱਪਣੀਆਂ ’ਤੇ ਗੌਰ ਕੀਤਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉੱਤਰੀ ਕੋਰੀਆ ਮੀਟਿੰਗ ਦੇ ਸੱਦੇ ’ਤੇ ਹਾਂ-ਪੱਖੀ ਹੁੰਗਾਰਾ ਦੇਵੇਗਾ।

ਕਿਮ ਸੁੰਗ ਨੇ ਦੱਖਣੀ ਕੋਰੀਆ ਦੇ ਪ੍ਰਮਾਣੂ ਦੂਤ ਨੋਹ ਕਯੂ-ਦੁਕ ਅਤੇ ਜਾਪਾਨ ਦੇ ਪ੍ਰਮਾਣੂ ਦੂਤ ਤਾਕੋਹਿਰੋ ਫੁਨਾਕੋਸ਼ੀ ਨਾਲ ਬੈਠਕ ਦੌਰਾਨ ਕਿਹਾ, ‘ਅਸੀਂ ਉਮੀਦ ਕਰਦੇ ਹਾਂ ਕਿ ਡੀਪੀਆਰਕੇ (ਉੱਤਰੀ ਕੋਰੀਆ) ਬਿਨਾਂ ਕਿਸੇ ਪੁਰਾਣੀ ਸ਼ਰਤ ਤੋਂ ਕਿਤੇ ਵੀ, ਕਦੇ ਵੀ ਮਿਲਣ ਲਈ ਸਾਡੇ ਪ੍ਰਸਤਾਵ ’ਤੇ ਸਕਾਰਾਤਮਕ ਹੁੰਗਾਰਾ ਦੇਵੇਗਾ।’

ਦੱਖਣੀ ਕੋਰੀਆ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਤਿੰਨੋਂ ਦੇਸ਼ਾਂ ਦੇ ਅਧਿਕਾਰੀਆਂ ਨੇ ਉੱਤਰੀ ਕੋਰੀਆ ਪ੍ਰਤੀ ਇੱਕ ਤਾਲਮੇਲ ਵਾਲੇ ਨਜ਼ਰੀਏ ਦੀ ਪੁਸ਼ਟੀ ਕੀਤੀ ਅਤੇ ਗੱਲਬਾਤ ਨੂੰ ਦੁਬਾਰਾ ਸ਼ੁਰੂ ਕਰਨ ਦੀ ਦਿਸ਼ਾ ’ਚ ਕੰਮ ਕਰਨ ਦੀ ਵਚਨਬੱਧਤਾ ਦੁਹਰਾਈ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਧਾਨ ਮੰਤਰੀ ਵੱਲੋਂ ਸੱਦੀ ਮੀਟਿੰਗ ’ਚ ਸ਼ਾਮਲ ਹੋਣਗੇ ਪੀਏਜੀਡੀ ਨੇਤਾ
Next articleਅਮਰੀਕਾ: ਤੂਫ਼ਾਨ ਕਾਰਨ ਅਲਬਾਮਾ ’ਚ 13 ਮੌਤਾਂ